image caption: ਫੋਟੋਆਂ: ਪਟਿਆਲਾ ਵਿਖੇ ਭੈਣਾਂ ਕਿਸਾਨ ਅੰਦੋਲਨ ਨਾਲ ਸੰਬੰਧਤ ਬੋਲੀਆਂ ਪਾ ਕੇ ਕਿਸਾਨ ਸੰਘਰਸ਼ ਨੂੰ ਪੂਰਾ ਸਮਰਥਨ ਦਿੰਦੀਆਂ ਹੋਈਆਂ

ਭੈਣਾਂ ਨੂੰ ਚੜ੍ਹਿਆ ਕਿਸਾਨ ਅੰਦੋਲਨ ਦਾ ਰੰਗ ਬੀਬੀਆਂ ਨੇ ਕਿਸਾਨੀ ਸੰਘਰਸ਼ ਲਈ ਘੜ੍ਹੀਆਂ ਨਵੀਆਂ ਬੋਲੀਆਂ ਪਾ ਕੇ ਮਨਾਇਆ ਤੀਆਂ ਦਾ ਤਿਉਹਾਰ ਬੀਬੀਆਂ ਨੇ ਕਿਸਾਨ ਅੰਦੋਲਨ ਨਾਲ ਸੰਬੰਧਤ ਬੋਲੀਆਂ ਪਾ ਕੇ ਕਿਸਾਨ ਮੋਰਚੇ ਨੂੰ ਦਿੱਤਾ ਪੂਰਾ ਸਮਰਥਨ

 ਦਲਜੀਤ ਕੌਰ ਭਵਾਨੀਗੜ੍ਹ

ਪਟਿਆਲਾ, 11 ਅਗਸਤ, 2021 : ਅੱਜ ਨਹਿਰੂ ਪਾਰਕ ਵਿੱਚ ਤੀਆਂ ਦਾ ਤਿਉਹਾਰ ਮਨਾਇਆ ਗਿਆ। ਜਿਸ ਵਿਚ ਬੀਬੀਆਂ ਨੇ ਕਿਸਾਨ ਅੰਦੋਲਨ ਨਾਲ ਸੰਬੰਧਤ ਬੋਲੀਆਂ ਪਾ ਕੇ ਕਿਸਾਨ ਮੋਰਚੇ ਨੂੰ ਪੂਰਾ ਸਮਰਥਨ ਦਿੱਤਾ। ਮੋਦੀ ਸਰਕਾਰ ਦੀ ਵਿਰੋਧਤਾ ਕਰਨ ਦਾ ਇਹ ਸੱਭਿਆਚਾਰਕ ਰੰਗ ਬਹੁਤ ਹੀ ਵਿਲੱਖਣ ਢੰਗ ਨਾਲ ਪੇਸ਼ ਹੋਇਆ। ਬੀਬੀਆਂ ਨੇ ਤਿੰਨ ਕਾਨੂੰਨ ਰੱਦ ਕਰਾਉਣ, ਕਿਸਾਨ ਤੇ ਮਜ਼ਦੂਰਾਂ ਦੇ ਹੱਕ ਅਤੇ ਵੱਧ ਤੋਂ ਵੱਧ ਕਿਸਾਨ ਮੋਰਚੇ ਵਿਚ ਹਿੱਸਾ ਪਾਉਣ ਲਈ ਅਵਾਜ਼ ਬੁਲੰਦ ਕੀਤੀ। ਤੀਆਂ ਦਾ ਬਾਹਰੀ ਪੱਖ ਭਾਵੇਂ ਸਭਿਆਚਾਰਿਕ ਸੀ ਪਰ ਗਿੱਧੇ ਵਿੱਚ ਪਾਈਆਂ ਬੋਲੀਆਂ ਦੀ ਸੁਰ ਕਿਸਾਨ ਅੰਦੋਲਨ ਨਾਲ ਸਬੰਧਤ ਸੀ। ਬੀਬੀਆਂ ਨੇ ਹਾਕਮਾਂ ਦੀਆਂ ਲੋਕ ਵਿਰੋਧੀ ਨੀਤੀਆਂ ਦੀ ਵਿਰੋਧਤਾ ਕੀਤੀ। 
ਇਸ ਸਮਾਗਮ ਦੇ ਕਨਵੀਨਰ ਡਾ.ਅਰਵਿੰਦਰ ਕੌਰ ਕਾਕੜਾ ਨੇ ਕਿਹਾ ਕਿ ਅਦਾਰਾ ਪਰਵਾਜ਼ ਸਮੇਂ-ਸਮੇਂ ਤੇ ਸਾਹਿਤਕ- ਸਭਿਆਚਾਰਕ ਸਮਾਗਮ ਕਰਵਾ ਕੇ ਸਮਾਜ ਅੰਦਰ ਲੋਕ ਪੱਖੀ ਚੇਤਨਾ ਦਾ ਪ੍ਰਸਾਰ ਕਰਨ ਲਈ ਹਮੇਸ਼ਾਂ ਲਈ ਯਤਨਸ਼ੀਲ ਹੈ। ਅੱਜ ਕਿਸਾਨ ਅੰਦੋਲਨ ਕਿਸਾਨਾਂ ਤੱਕ ਸੀਮਤ ਨਾ ਰਹਿ ਕੇ ਲੋਕ ਅੰਦੋਲਨ ਬਣ ਗਿਆ ਹੈ ਇਸ ਦੇ ਵਿਚ ਹਰ ਇੱਕ ਮਨੁੱਖ ਦੀ ਜ਼ਿੰਮੇਵਾਰੀ ਹੈ ਕਿ ਉਹ ਆਪਣੇ ਆਪਣੇ ਢੰਗ ਦੇ ਨਾਲ ਇਸ ਅੰਦੋਲਨ ਦੇ ਹੱਕ ਵਿਚ ਆਵਾਜ਼ ਬੁਲੰਦ ਕਰੇ। ਅੱਜ ਤੀਆਂ ਦਾ ਤਿਉਹਾਰ ਮਨਾ ਕੇ ਭੈਣਾਂ ਨੇ ਵੀ ਅੰਦੋਲਨ ਦੇ ਵਿੱਚ ਆਪਣੀ ਹਾਜ਼ਰੀ ਦਾ ਪ੍ਰਤਖ ਪ੍ਰਗਟਾਵਾ ਕੀਤਾ ਹੈ। ਤੀਆਂ ਮਨਾਉਣ ਦੇ ਲਈ ਏਥੇ ਸਾਡੀਆਂ ਤਾਂ ਕਵਿੱਤਰੀਆਂ, ਮੁਲਾਜ਼ਮ ਅਧਿਆਪਕਾਵਾਂ ਅਤੇ ਬੱਚੀਆਂ ਨੇ ਭਰਪੂਰ ਹਾਜ਼ਰੀ ਭਰੀ। ਗਿੱਧੇ 'ਚ ਧਮਾਲਾਂ ਪਾਉਂਦੀਆਂ ਬੀਬੀਆਂ ਨੇ ਬੋਲੀਆਂ ਵੀ ਸਮੇਂ ਦੇ ਹਾਣ ਦੀਆਂ ਘੜ੍ਹੀਆਂ। ਭੈਣਾਂ ਨੇ ਕਿਸਾਨੀ ਅੰਦੋਲਨ ਨੂੰ ਸਮਰਪਿਤ ਤੀਆਂ ਦੇ ਤਿਉਹਾਰ ਲਈ ਸੰਘਰਸ਼ ਘੜ੍ਹੀਆਂ ਨਿਮਨ ਲਿਖਤ ਲਿਖ਼ਤ ਨਵੀਆਂ ਬੋਲੀਆਂ ਪਾਈਆਂ:-
ਟਿਕਰੀ ਵੀ ਲੰਘ ਆਈ
ਸਿੰਘੂ ਵੀ ਲੰਘ ਆਈ
ਮੋਦੀਆ ਵੇ ਸੱਚੀਆਂ ਸੁਣਾਉਣ ਆਈ ਆਂ
ਤੇਰੀ ਸੰਸਦ ਅੱਗੇ ਸੰਸਦ ਮੈ ਲਾਉਣ ਆਈ ਆਂ
ਰਲ ਮਿਲ ਕੁੜੀਆਂ ਗਿੱਧੇ ਵਿੱਚ ਆਈਆਂ
ਨੱਚ ਨੱਚ ਕੇ ਧਰਤੀ ਹਿਲਾਉਣ ਗੀਆਂ
ਵੇ ਤੈਨੂੰ ਹਾਕਮਾਂ ਲਾਹਨਤਾਂ ਪਾਉਣ ਗੀਆਂ
ਜੇ ਤੈਨੂੰ ਹਾਕਮਾਂ...
ਅਸੀਂ ਗਜਾਂ ਦਾ ਘੱਗਰਾ ਸਿਵਾਉਣੀ ਆਂ
ਸਖ਼ੀਆਂ ਨੂੰ ਜਾ ਜਾ ਕੇ ਮੈਂ ਦਿਖਾਉਣੀ ਆਂ
ਹੱਕਾਂ ਦਾ ਨਾਅਰਾ ਲਾਵਾਂਗੀ
 ਤੇਰੇ ਨਾਲ ਧਰਨੇ ਤੇ ਜਾਵਾਂਗੀ
ਹੋਰਾਂ ਦੇ ਵੀਰੇ ਖੁੰਢਾ ਉੱਤੇ ਬਹਿੰਦੇ 
ਮੇਰਾ ਵੀਰਾ ਸੱਥ ਵਿੱਚ ਨੀ
ਜੀਹਦੇ ਕਿਸਾਨੀ ਦਾ ਝੰਡਾ ਹੱਥ ਵਿਚ ਨੀ
ਜੀਹਦੇ ਏਕਤਾ ਦਾ.....
ਵਾਪਸ ਨਹੀਂ ਮੁੜਨਾ, ਬਿੱਲ ਵਾਪਸ ਕਰਵਾਉਣੇ
ਬੋਲੋ ਵੀਰੋ ਵੇ ਬਾਪੂ, ਕੱਲ੍ਹਾ ਨਾਹਰੇ ਮਾਰਦਾ।