image caption:

ਮਨੀ ਲਾਂਡਰਿੰਗ ਕੇਸ ਵਿੱਚ ਅਭਿਨੇਤਰੀ ਜੈਕਲਿਨ ਫਰਨਾਂਡੀਸ ਕੋਲੋਂ ਵੀ ਪੁੱਛਗਿੱਛ

ਨਵੀਂ ਦਿੱਲੀ- ਇਨਫੋਰਸਮੈਂਟ ਡਇਰੈਕਟੋਰੇਟ (ਈ ਡੀ) ਨੇ ਠੱਗ ਸੁਕੇਸ਼ ਚੰਦਰਸ਼ੇਖਰ ਨਾਲ ਜੁੜੀ ਜਾਂਚ ਦੌਰਾਨ ਮਨੀ ਲਾਂਡਰਿੰਗ ਕੇਸ ਵਿੱਚ ਅਭਿਨੇਤਰੀ ਜੈਕਲਿਨ ਫਰਨਾਂਡੀਜ਼ ਦਾ ਬਿਆਨ ਦਰਜ ਕੀਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ 36 ਸਾਲਾ ਅਭਿਨੇਤਰੀ ਤੋਂ ਗਵਾਹ ਦੇ ਰੂਪ ਵਿੱਚ ਚਾਰ ਘੰਟੇ ਪੁੱਛਗਿੱਛ ਕੀਤੀ ਗਈ ਅਤੇ ਉਨ੍ਹਾਂ ਦਾ ਬਿਆਨ ਮਨੀ ਲਾਂਡਰਿੰਗ ਰੋਕਥਾਮ ਐਕਟ ਦੇ ਨਿਯਮਾਂ ਹੇਠ ਦਰਜ ਕੀਤਾ ਗਿਆ ਹੈ।
ਜੈਕਲਿਨ ਫਰਨਾਂਡੀਜ਼ ਤੋਂ ਪੁੱਛਗਿੱਛ ਕਰੋੜਾਂ ਰੁਪਏ ਦੀ ਠੱਗੀ ਦੇ ਦੋਸ਼ੀ ਸੁਕੇਸ਼ ਚੰਦਰਸ਼ੇਖਰ ਨਾਲ ਜੁੜੇ ਹੋਏ ਮਨੀ ਲਾਂਡਰਿੰਗ ਕੇਸ ਦੇ ਸਿਲਸਿਲੇ ਵਿੱਚ ਕੀਤੀ ਗਈ। ਈ ਡੀ ਨੇ ਪਿਛਲੇ ਹਫਤੇ ਚੰਦਰਸ਼ੇਖਰ ਦੇ ਕੁਝ ਕੰਪਲੈਕਸਾਂ ਉੱਤੇ ਛਾਪੇ ਮਾਰੇ ਅਤੇ ਚੇਨਈ ਵਿੱਚ ਸਮੁੰਦਰ ਦੇ ਨੇੜੇ ਇੱਕ ਬੰਗਲਾ, 82.5 ਲੱਖ ਰੁਪਏਦੀ ਨਕਦੀ ਅਤੇ ਇੱਕ ਦਰਜਨ ਤੋਂ ਵੱਧ ਆਲੀਸ਼ਾਨ ਕਾਰਾਂ ਜ਼ਬਤ ਕੀਤੀਆਂ ਸਨ। ਇਸ ਨੇ ਇੱਕ ਬਿਆਨ ਵਿੱਚ ਦਾਅਵਾ ਕੀਤਾ ਸੀ ਕਿ ਚੰਦਰਸ਼ੇਖਰ ਵੱਡਾ ਠੱਗ ਹੈ ਅਤੇ ਦਿੱਲੀ ਪੁਲਸ ਵੱਲੋਂ ਉਸ ਦੇ ਖਿਲਾਫ ਅਪਰਾਧਕ ਸਾਜ਼ਿਸ਼, ਧੋਖਾਧੜੀ ਅਤੇ ਲਗਭਗ 200 ਕਰੋੜ ਰੁਪਏ ਦੀ ਵਸੂਲੀ ਦੇ ਮਾਮਲੇ ਵਿੱਚ ਜਾਂਚ ਕੀਤੀ ਜਾ ਰਹੀ ਹੈ। ਈ ਡੀ ਨੇ ਕਿਹਾ ਕਿ ਇਸ ਸਮੇਂ ਦਿੱਲੀ ਦੀ ਰੋਹਿਣੀ ਜੇਲ੍ਹ ਵਿੱਚ ਚੰਦਰਸ਼ੇਖਰ 17 ਸਾਲ ਦੀ ਉਮਰ ਤੋਂ ਧੋਖਾਧੜੀ ਦੇ ਕੰਮਾਂ ਵਿੱਚ ਸ਼ਾਮਲ ਰਿਹਾ ਹੈ ਅਤੇ ਉਸ ਦੇ ਖਿਲਾਫ ਕਈ ਕੇਸ ਹਨ। ਇਸ ਨੇ ਕਿਹਾ ਕਿ ਜੇਲ੍ਹ ਵਿੱਚ ਰਹਿਣ ਦੇ ਬਾਵਜੂਦ ਚੰਦਰਸ਼ੇਖਰ ਨੇ ਲੋਕਾਂ ਨੂੰ ਠੱਗਣਾ ਨਹੀਂ ਛੱਡਿਆ। ਸਾਲ 2017 ਵਿੱਚ ਸੁਕੇਸ਼ ਚੰਦਰਸ਼ੇਖਰ ਨੂੰ ਟੀ ਟੀ ਵੀ ਦਿਨਾਕਰਨ ਤੋਂ ਤਾਮਿਲ ਨਾਡੂ ਵਿੱਚ ਆਰ ਕੇ ਨਗਰ ਅਸੈਂਬਲੀ ਸੀਟਾਂਦੀ ਉਪ ਚੋਣ ਵਿੱਚ ਸ਼ਸ਼ੀਕਲਾ ਧੜ੍ਹੇ ਨੂੰ ਅੰਨਾ ਡੀ ਐੱਮ ਕੇ ਦਾ ਦੋ ਪੱਤੀਆਂ ਵਾਲਾ ਚੋਣ ਚਿੰਨ੍ਹ ਦਿਵਾਉਣ ਲਈ ਪੈਸੇ ਲੈਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਦੋਸ਼ ਹੈ ਕਿ ਉਸ ਨੇ ਇਹ ਕਹਿ ਕੇ ਠੱਗੀ ਕੀਤੀ ਸੀ ਕਿ ਦੋ ਪੱਤੀਆਂ ਵਾਲਾ ਚੋਣ ਚਿੰਨ੍ਹ ਦਿਵਾਉਣ ਦੇ ਲਈ ਚੋਣ ਕਮਿਸ਼ਨ ਨੂੰ ਰਿਸ਼ਵਤ ਦੇਣੀ ਪਵੇਗੀ, ਪਰ ਇਹ ਸਾਰੀ ਠੱਗੀ ਸੀ।