image caption: -ਰਜਿੰਦਰ ਸਿੰਘ ਪੁਰੇਵਾਲ

ਭਾਰਤ ਦੇ ਤਾਲਿਬਾਨ, ਭਗਵੇਂਵਾਦੀ ਤੇ ਜਮਹੂਰੀਅਤ

ਬੀਤੇ ਦਿਨੀਂ ਅਫ਼ਗਾਨਿਸਤਾਨ ਦੇ ਕਾਬੁਲ ਹਵਾਈ ਅੱਡੇ &rsquoਤੇ ਹੋਏ ਬੰਬ ਧਮਾਕਿਆਂ ਵਿੱਚ  ਵੱਡੀ ਗਿਣਤੀ  ਵਿੱਚ ਲੋਕ ਮਾਰੇ ਗਏ| ਇਸਤਰੀਆ ਤੇ ਗੈਰ ਮੁਸਲਮਾਨਾਂ ਉਪਰ ਪਾਬੰਦੀਆਂ ਹਨ| ਤਾਲਿਬਾਨ ਨੇ ਅਮਰੀਕਾ ਦੀ ਗੁਪਤ ਮਦਦ ਨਾਲ ਅਫ਼ਗਾਨਿਸਤਾਨ ਦੀ ਸੱਤਾ ਉੱਤੇ ਕਬਜ਼ਾ ਕੀਤਾ ਹੈ| ਇਹ ਗੁਪਤ ਸਮਝੋਤੇ ਹੁੰਦੇ ਰਹਿੰਦੇ ਹਨ| ਕੀ ਇਹ ਸੱਚ ਨਹੀਂ ਕਿ  ਭਾਰਤੀ ਸਮਾਜ ਵਿੱਚ ਤਾਲਿਬਾਨੀ ਮਾਨਸਿਕਤਾ ਭਗਵੇਂਵਾਦ ਵਿਚ ਮੌਜੂਦ  ਹੈ| ਪਰ ਭਾਰਤੀ ਡਰਦੇ ਮਾਰੇ ਇਹਨਾਂ ਦਾ ਵਿਰੋਧ ਨਹੀਂ ਕਰ ਰਹੇ| ਸਮੁੱਚਾ ਭਾਰਤ ਹਰ ਪੱਧਰ ਉੱਤੇ ਭਾਰਤੀ ਭਗਵੇਂ ਤਾਲਿਬਾਨਾਂ ਦੀ ਦਹਿਸ਼ਤ ਵਿਚ ਘਿਰਿਆ ਹੈ| ਭਾਰਤ ਦੀਆਂ ਸਭ ਲੋਕਤੰਤਰੀ ਸੰਸਥਾਵਾਂ, ਮੀਡੀਆ, ਪੁਲਸਤੰਤਰ, ਕਾਰਜਪਾਲਿਕਾ ਤੇ ਚੋਣ ਕਮਿਸ਼ਨ ਨੂੰ ਡਰਾ-ਧਮਕਾ ਕੇ ਜਾਂ ਲੋਭ-ਲਾਲਚ ਰਾਹੀਂ ਸੱਤਾਧਾਰੀਆਂ ਨੇ ਬੰਧੀ ਬਣਾ ਲਿਆ ਹੈ| 
ਘੱਟ-ਗਿਣਤੀਆਂ, ਦਲਿਤਾਂ ਤੇ ਔਰਤਾਂ ਨਾਲ ਭਾਰਤ  ਵਿੱਚ ਵੀ ਉਹੀ ਕੁਝ ਹੋ ਰਿਹਾ ਹੈ, ਜੋ ਅਫ਼ਗਾਨਿਸਤਾਨ ਵਿੱਚ ਤਾਲਿਬਾਨ ਵਿਰੋਧੀਆਂ ਨਾਲ ਹੋ ਰਿਹਾ ਹੈ| ਝਾਰਖੰਡ ਵਿੱਚ ਜਸੀਮੂਦੀਨ ਨਾਂਅ ਦਾ ਮੁਸਲਿਮ ਵਿਅਕਤੀ ਰੇਲ ਵਿੱਚ ਸਫ਼ਰ ਕਰ ਰਿਹਾ ਸੀ| ਉਹ ਕੰਮ ਦੀ ਭਾਲ ਵਿੱਚ ਕੇਰਲਾ ਗਿਆ ਸੀ, ਪਰ ਕੰਮ ਨਾ ਮਿਲਣ ਕਾਰਨ ਵਾਪਸ ਪਿੰਡ ਨੂੰ ਮੁੜ ਰਿਹਾ ਸੀ| ਜਸੀਮੂਦੀਨ ਮੁਤਾਬਕ ਕੁਝ ਵਿਅਕਤੀਆਂ ਨੇ ਪਹਿਲਾਂ ਉਸ ਦਾ ਨਾਂ ਪੁੱਛਿਆ ਤੇ ਫਿਰ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ| ਉਸ ਦੀ ਕੁੱਟਮਾਰ ਕਰਨ ਤੋਂ ਬਾਅਦ ਉਸ ਨੂੰ ਗੱਡੀ ਵਿੱਚੋਂ ਬਾਹਰ ਸੁੱਟ ਦਿੱਤਾ ਗਿਆ| ਕਿਸੇ ਰਹਿਮ ਦਿਲ ਨੇ ਉਸ ਨੂੰ ਚੁੱਕ ਕੇ ਨੇੜਲੇ ਸਟੇਸ਼ਨ ਉੱਤੇ ਪੁਚਾਇਆ, ਜਿੱਥੇ ਅੱਗੋਂ ਪੁਲਸ ਨੇ ਉਸ ਨੂੰ ਰਾਂਚੀ ਦੇ ਹਸਪਤਾਲ ਵਿੱਚ ਦਾਖ਼ਲ ਕਰਾ ਦਿੱਤਾ|
21 ਅਗਸਤ ਨੂੰ ਰਾਜਸਥਾਨ ਦੇ ਰਾਮਗੰਜ ਥਾਣਾ ਇਲਾਕੇ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਕੁਝ ਵਿਅਕਤੀ ਇੱਕ ਭਿਖਾਰੀ ਤੇ ਉਸ ਦੇ ਦੋ ਬੱਚਿਆਂ ਦੀ  ਕੁੱਟਮਾਰ ਕਰ ਰਹੇ ਹਨ ਤੇ ਕਹਿ ਰਹੇ ਹਨ ਕਿ ਤੂੰ ਪਾਕਿਸਤਾਨ ਚਲਾ ਜਾ, ਉਥੇ ਭੀਖ ਮਿਲੇਗੀ| ਇਸ ਮਾਮਲੇ ਵਿੱਚ 5 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ| ਇਨ੍ਹਾਂ ਦੇ ਨਾਂਅ ਲਲਿਤ ਸ਼ਰਮਾ, ਸ਼ੈਲੇਂਦਰ ਟਾਕ, ਤੇਜਪਾਲ, ਸੁਰੇਂਦਰ ਤੇ ਰੋਹਿਤ ਹਨ|
ਭਾਜਪਾ ਦੀ ਮੱਧ ਪ੍ਰਦੇਸ਼ ਵਾਲੀ ਸਰਕਾਰ ਨੇ ਤਾਂ ਅਮਿਤ ਸ਼ਾਹ ਦਾ ਪੀੜਤ ਨੂੰ ਹੀ ਗੁਨਾਹਗਾਰ ਸਾਬਤ ਕਰਨ ਵਾਲਾ ਨੁਸਖਾ ਵਰਤਣਾ ਸ਼ੁਰੂ ਕਰ ਦਿੱਤਾ ਹੈ| ਪਿਛਲੇ ਦਿਨੀਂ ਇੰਦੌਰ ਵਿੱਚ ਕੁਝ ਭਗਵੇਂ ਤਾਲਿਬਾਨੀ ਗੁੰਡਿਆਂ ਨੇ ਇੱਕ ਚੂੜੀਆਂ ਵੇਚਣ ਵਾਲੇ ਤਸਲੀਮ ਅਲੀ ਦੀ ਕੁੱਟਮਾਰ ਕਰ ਦਿੱਤੀ| ਮਾਮਲਾ ਕਾਫ਼ੀ ਭਖ ਗਿਆ ਤਾਂ 28 ਘੰਟਿਆਂ ਬਾਅਦ ਇੱਕ ਛੇਵੀਂ ਕਲਾਸ ਦੀ ਕੁੜੀ ਦੀ ਸ਼ਿਕਾਇਤ ਉੱਤੇ ਚੂੜੀਵਾਲੇ ਵਿਰੁੱਧ ਕਰੜੀਆਂ ਧਾਰਾਵਾਂ, ਜਿਨ੍ਹਾਂ ਵਿੱਚ ਬੱਚਿਆਂ ਨਾਲ ਜਿਨਸੀ ਅਪਰਾਧ ਤੇ ਛੇੜਛਾੜ ਦੀਆਂ ਧਾਰਾਵਾਂ ਸ਼ਾਮਲ ਹਨ, ਹੇਠ ਮੁਕੱਦਮਾ ਦਰਜ ਕਰ ਲਿਆ ਗਿਆ| ਕੁੜੀ ਮੁਤਾਬਕ ਚੂੜੀ ਵਾਲੇ ਨੇ ਉਸ ਸਮੇਂ ਉਸ ਦੀ ਬਾਂਹ ਫੜ ਲਈ, ਜਦੋਂ ਉਸ ਦੀ ਮਾਂ ਪੈਸੇ ਲੈਣ ਘਰ ਅੰਦਰ ਗਈ ਸੀ| ਇਸ ਸੰਬੰਧੀ ਜਦੋਂ ਪ੍ਰੈੱਸ ਨੇ ਸੂਬੇ ਦੇ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਨੂੰ ਪੁੱਛਿਆ ਤਾਂ ਉਨ੍ਹਾ ਕਿਹਾ ਕਿ ਚੂੜੀ ਤਾਂ ਬਾਂਹ ਫੜ ਕੇ ਹੀ ਪਾਈ ਜਾਣੀ ਹੈ, ਬਾਂਹ ਫੜਨ ਤੋਂ ਮਾਮਲਾ ਛੇੜਛਾੜ ਤੱਕ ਪੁੱਜ ਗਿਆ| ਇਸ ਦੀ ਜਾਂਚ ਕੀਤੀ ਜਾ ਰਹੀ ਹੈ| ਭਾਰਤ ਦੀ ਸਿਆਸਤ ਦਿਨੋ-ਦਿਨ ਨੈਤਿਕਤਾ ਅਤੇ ਸੰਵਿਧਾਨ ਦੀਆਂ ਬੁਨਿਆਦੀ ਭਾਵਨਾਵਾਂ ਤੋਂ ਦੂਰ ਹੋ ਰਹੀ ਹੈ| ਸ਼ੁੱਕਰਵਾਰ ਵਿਸ਼ਵ ਹਿੰਦੂ ਪ੍ਰੀਸ਼ਦ ਦੁਆਰਾ ਗਾਂਧੀਨਗਰ ਦੇ ਇਕ ਮੰਦਰ ਵਿਚ ਭਾਰਤ ਮਾਤਾ ਦੀ ਮੂਰਤੀ ਦੀ ਸਥਾਪਨਾ ਦੇ ਸਮਾਗਮ ਵਿਚ ਗੁਜਰਾਤ ਦੇ ਉੱਪ ਮੁੱਖ ਮੰਤਰੀ ਨਿਤਿਨਭਾਈ ਪਟੇਲ ਨੇ ਕਿਹਾ, &lsquo&lsquoਸੰਵਿਧਾਨ, ਕਾਨੂੰਨ ਅਤੇ ਧਰਮ ਨਿਰਪੱਖਤਾ ਦੀਆਂ ਗੱਲਾਂ ਕਰਨ ਵਾਲੇ ਉਦੋਂ ਤਕ ਹੀ ਇਹ ਗੱਲਾਂ ਕਰ ਸਕਦੇ ਹਨ ਜਦੋਂ ਤਕ ਦੇਸ਼ ਵਿਚ ਹਿੰਦੂ ਬਹੁਗਿਣਤੀ ਵਿਚ ਹਨ ਪਰ ਜੇ 1000-2000 ਸਾਲਾਂ ਵਿਚ ਹਿੰਦੂਆਂ ਦੀ ਗਿਣਤੀ ਘਟ ਗਈ ਅਤੇ ਦੂਸਰੇ ਧਰਮਾਂ ਦੇ ਲੋਕਾਂ ਦੀ ਗਿਣਤੀ ਵਧ ਗਈ ਤਾਂ ਨਾ ਤਾਂ ਅਦਾਲਤਾਂ ਹੋਣਗੀਆਂ, ਨਾ ਲੋਕ ਸਭਾ, ਨਾ ਸੰਵਿਧਾਨ ਸਭ ਹਵਾ ਵਿਚ ਗਾਇਬ ਹੋ ਜਾਣਗੇ, ਕੁਝ ਨਹੀਂ ਬਚੇਗਾ|&rsquo&rsquo 
ਨਿਰਪੱਖ ਦ੍ਰਿਸ਼ਟੀ ਵਾਲਾ ਕੋਈ ਵੀ ਇਨਸਾਨ ਇਨ੍ਹਾਂ ਸ਼ਬਦਾਂ ਪਿਛਲੀ ਸਿਆਸਤ ਨੂੰ ਪ੍ਰਤੱਖ ਦੇਖ ਸਕਦਾ ਹੈ: ਇਹ ਦੂਸਰੇ ਧਰਮਾਂ ਅਤੇ ਉਨ੍ਹਾਂ ਨੂੰ ਮੰਨਣ ਵਾਲਿਆਂ ਦੀ ਮਾਨਸਿਕਤਾ &rsquoਤੇ ਹਮਲਾ ਹੈ| ਉਪਰੋਕਤ ਟਿੱਪਣੀ ਇਹ ਕਹਿਣ ਦਾ ਯਤਨ ਹੈ ਕਿ ਦੂਸਰੇ ਧਰਮ ਜ਼ਿਆਦਾ ਕੱਟੜ ਤੇ ਗ਼ੈਰ-ਜਮਹੂਰੀ ਹਨ| ਜਦੋਂ ਇਕ ਸੂਬੇ ਦਾ ਉੱਪ ਮੁੱਖ ਮੰਤਰੀ ਅਜਿਹੀਆਂ ਟਿੱਪਣੀਆਂ ਕਰ ਰਿਹਾ ਹੋਵੇ ਤਾਂ ਇਹ ਅੰਦਾਜ਼ਾ ਲਗਾਉਣਾ ਮੁਸ਼ਕਿਲ ਨਹੀਂ ਕਿ ਭਾਰਤੀ  ਸਿਆਸਤ ਉਪਰ ਭਗਵੇਂ ਤਾਲਿਬਾਨੀ ਕਾਬਜ਼ ਹਨ|   
ਇਹੀ ਭਗਵੀਂ ਤਾਲਿਬਾਨੀ ਸਿਆਸਤ ਨੌਂ ਮਹੀਨਿਆਂ ਤੋਂ ਜ਼ਿਆਦਾ ਸਮੇਂ ਤੋਂ ਚੱਲ ਰਹੇ ਕਿਸਾਨ ਅੰਦੋਲਨ ਦੇ ਵਿਰੁੱਧ ਖੜ੍ਹੀ ਹੈ ਉਸ ਅੰਦੋਲਨ ਦੇ, ਜਿਸ ਵਿਚ 600 ਤੋਂ ਜ਼ਿਆਦਾ ਕਿਸਾਨਾਂ ਦੀਆਂ ਜਾਨਾਂ ਗਈਆਂ ਹਨ ਅਤੇ  ਹੁਣੇ ਜਿਹੇ ਹਰਿਆਣਾ ਦੇ ਇਕ ਕਿਸਾਨ ਦੀ ਪੁਲੀਸ ਲਾਠੀਚਾਰਜ ਕਾਰਨ ਮੌਤ ਹੋਈ ਹੈ| ਇਸ ਸਿਆਸਤ ਨੂੰ ਪੁਗਾਉਣ ਵਾਲੇ ਘੱਟਗਿਣਤੀ ਫ਼ਿਰਕੇ ਦੇ ਮਜ਼ਦੂਰਾਂ ਤੇ ਕਾਮਿਆਂ ਨੂੰ ਨਿਸ਼ਾਨਾ ਬਣਾ ਰਹੇ ਹਨ ਕਿਤਾਬਾਂ ਦੀਆਂ ਦੁਕਾਨਾਂ &rsquoਤੇ ਹਮਲਾ ਕਰ ਰਹੇ ਹਨ| ਇਸ ਤਰ੍ਹਾਂ ਦੀ ਸਿਆਸਤ ਕਾਰਨ ਭਾਰਤ ਵਿਚ ਕਈ ਦਹਾਕਿਆਂ ਤੋਂ ਫ਼ਿਰਕੂ ਦੰਗੇ ਹੁੰਦੇ ਰਹੇ ਹਨ ਇਸੇ ਤਰਜ਼ ਦੀ ਸਿਆਸਤ ਦੇਸ਼ ਦੀ ਵੰਡ ਦਾ ਕਾਰਨ ਬਣੀ ਸੀ| ਇਹ ਸਿਆਸਤ ਦੇਸ਼ ਦੇ ਮਿਹਨਤਕਸ਼ਾਂ ਦੇ ਵਿਰੁੱਧ ਅਤੇ ਕਾਰਪੋਰੇਟਾਂ ਦੇ ਹੱਕ ਵਿਚ ਖੜ੍ਹੀ ਹੈ| ਭਾਰਤ ਦੀਆਂ ਜਮਹੂਰੀ ਤਾਕਤਾਂ ਨੂੰ ਸੰਵਿਧਾਨਕ ਕਦਰਾਂ-ਕੀਮਤਾਂ ਨੂੰ ਬਚਾਉਣ ਲਈ ਇਕਜੁੱਟ ਹੋ ਕੇ ਅਜਿਹੀ ਸਿਆਸਤ ਦਾ ਵਿਰੋਧ ਕਰਨ ਦੀ ਜ਼ਰੂਰਤ ਹੈ|
ਹੁਣੇ ਜਿਹੇ ਸੁਪਰੀਮ ਕੋਰਟ ਦੇ ਜਸਟਿਸ ਡੀ ਵਾਈ ਚੰਦਰਚੂੜ ਨੇ ਬੀਤੇ ਦਿਨ ਕਿਸੇ ਦਾ ਨਾਂਅ ਲਏ ਬਗੈਰ ਤਾਨਾਸ਼ਾਹ ਹਾਕਮਾਂ ਨੂੰ ਉਹ ਖਰੀਆਂ-ਖਰੀਆਂ ਸੁਣਾਈਆਂ ਹਨ, ਜਿਨ੍ਹਾਂ ਉੱਤੇ ਮਾਣ ਕਰਨਾ ਚਾਹੀਦਾ ਹੈ| ਜਸਟਿਸ ਚੰਦਰਚੂੜ ਬੀਤੇ ਸ਼ਨੀਵਾਰ ਛੇਵੇਂ ਐੱਮ ਸੀ ਛਾਗਲਾ ਯਾਦਗਾਰੀ ਭਾਸ਼ਣ ਮੌਕੇ ਲਾਅ ਕਾਲਜਾਂ ਤੇ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਨੂੰ ਸੰਬੋਧਨ ਕਰ ਰਹੇ ਸਨ| &lsquoਸਪੀਕਿੰਗ ਟਰੁੱਥ ਟੂ ਪਾਵਰ : ਸਿਟੀਜ਼ਨ ਐਂਡ ਦੀ ਲਾਅ&rsquo ਵਿਸ਼ੇ ਉਤੇ ਬੋਲਦਿਆਂ ਉਨ੍ਹਾ ਕਿਹਾ ਕਿ ਤਾਨਾਸ਼ਾਹ ਸਰਕਾਰਾਂ ਆਪਣੀ ਪਕੜ ਮਜ਼ਬੂਤ ਕਰਨ ਲਈ ਲਗਾਤਾਰ ਝੂਠ &rsquoਤੇ ਨਿਰਭਰ ਰਹਿੰਦੀਆਂ ਹਨ| ਫ਼ਰਜ਼ੀ ਖ਼ਬਰਾਂ ਤੇ ਝੂਠ ਦੇ ਮੁਕਾਬਲੇ ਲਈ ਨਾਗਰਿਕਾਂ ਨੂੰ ਇਹ ਪੱਕਾ ਕਰਨ ਦਾ ਜਤਨ ਕਰਨਾ ਚਾਹੀਦਾ ਹੈ ਕਿ ਪ੍ਰੈੱਸ ਕਿਸੇ ਵੀ ਪ੍ਰਭਾਵ ਤੋਂ ਮੁਕਤ ਹੋਵੇ ਤੇ ਨਿਰਪੱਖ ਤਰੀਕੇ ਨਾਲ ਜਾਣਕਾਰੀ ਮੁਹੱਈਆ ਕਰਵਾਏ|
ਉਨ੍ਹਾ ਕਿਹਾ ਕਿ ਸੱਚ ਤੈਅ ਕਰਨ ਦੀ ਜ਼ਿੰਮੇਵਾਰੀ ਸਰਕਾਰ &rsquoਤੇ ਨਹੀਂ ਛੱਡੀ ਜਾ ਸਕਦੀ|ਜਸਟਿਸ ਚੰਦਰਚੂੜ ਨੇ ਕਿਹਾ ਕਿ ਤਾਨਾਸ਼ਾਹ ਸਰਕਾਰਾਂ ਆਪਣੀ ਸੱਤਾ ਕਾਇਮ ਰੱਖਣ ਲਈ ਲਗਾਤਾਰ ਝੂਠ ਉੱਤੇ ਨਿਰਭਰ ਰਹਿੰਦੀਆਂ ਹਨ| ਉਨ੍ਹਾ ਕਿਹਾ ਕਿ ਸਰਕਾਰ ਦੇ ਝੂਠ ਨੂੰ ਨੰਗਾ ਕਰਨਾ ਬੁਧੀਜੀਵੀਆਂ ਦਾ ਫ਼ਰਜ਼ ਹੈ| ਸੱਤਾ ਬਾਰੇ ਸੱਚ ਬੋਲਣਾ ਹਰ ਨਾਗਰਿਕ ਦਾ ਅਧਿਕਾਰ ਤੇ ਕਰੱਤਵ ਹੈ| ਇਹ ਲੋਕਤੰਤਰ ਨੂੰ ਜਿਉਂਦਾ-ਜਾਗਦਾ ਰੱਖਣ ਲਈ ਉਸ ਦਾ ਅਨਿੱਖੜਵਾਂ ਅੰਗ ਹੈ| ਉਨ੍ਹਾ ਕਿਹਾ ਕਿ ਨਾਗਰਿਕਾਂ ਦਾ ਮਤਲਬ ਸਿਰਫ਼ ਖਾਂਦੇ-ਪੀਂਦੇ ਲੋਕ ਹੀ ਨਹੀਂ, ਬਲਕਿ ਔਰਤਾਂ, ਦਲਿਤ ਤੇ ਹਾਸ਼ੀਏ ਉਤੇ ਰਹਿ ਰਹੇ ਵਰਗ ਹਨ, ਜਿਨ੍ਹਾਂ ਕੋਲ ਤਾਕਤ ਨਹੀਂ ਤੇ ਜਿਨ੍ਹਾਂ ਦੀ ਅਵਾਜ਼ ਨੂੰ ਸੱਚਾਈ ਦਾ ਦਰਜਾ ਨਹੀਂ ਦਿੱਤਾ ਜਾਂਦਾ| ਉਨ੍ਹਾਂ ਕੋਲ ਆਪਣੀ ਰਾਇ ਪ੍ਰਗਟ ਕਰਨ ਦਾ ਅਧਿਕਾਰ ਨਹੀਂ, ਇਸ ਲਈ ਉਨ੍ਹਾਂ ਦੇ ਵਿਚਾਰਾਂ ਨੂੰ ਸੀਮਿਤ ਕਰ ਦਿੱਤਾ ਜਾਂਦਾ ਹੈ| ਬਰਤਾਨਵੀ ਰਾਜ ਦੇ ਖਾਤਮੇ ਤੋਂ ਬਾਅਦ ਉੱਚ ਜਾਤੀ ਦੇ ਪੁਰਸ਼ਾਂ ਦੀ ਰਾਇ ਤੇ ਉਨ੍ਹਾਂ ਦੇ ਵਿਸ਼ਵਾਸਾਂ ਨੂੰ ਹੀ ਸੱਚ ਮੰਨਿਆ ਜਾਂਦਾ ਰਿਹਾ ਹੈ|
ਜਸਟਿਸ ਚੰਦਰਚੂੜ ਵਧਾਈ ਦੇ ਹੱਕਦਾਰ ਹਨ ਕਿ ਜਿਹਨਾਂ  ਸੱਤਾ ਵੱਲੋਂ ਸਿਰਜੇ ਡਰ ਤੇ ਦਹਿਸ਼ਤ ਦੇ ਮਾਹੌਲ ਦੌਰਾਨ ਵੀ ਤਾਨਾਸ਼ਾਹ ਹਾਕਮਾਂ ਦੇ ਝੂਠ ਨੂੰ ਬੇਬਾਕੀ ਨਾਲ ਨੰਗਾ ਕੀਤਾ ਹੈ| ਭਾਰਤ ਦੀ ਸਿਆਸਤ ਵਿਚੋਂ ਲੋਕ-ਪੱਖੀ ਨੀਤੀਆਂ ਮਨਫ਼ੀ ਹੋ ਰਹੀਆਂ ਹਨ ਅਤੇ ਵੱਡੀ ਪੂੰਜੀ ,ਮਾਫੀਆ ਤੇ ਸਿਆਸਤ ਦਾ ਇਹ ਗੱਠਜੋੜ ਜਮਹੂਰੀਅਤ ਦਾ ਨਿਖੇਧ ਬਣ ਰਿਹਾ ਹੈ| ਇਹ ਭਾਰਤ ਦੀਆਂ ਜਮਹੂਰੀ ਤਾਕਤਾਂ ਲਈ ਵੱਡੀ ਚੁਣੌਤੀ ਹੈ|
-ਰਜਿੰਦਰ ਸਿੰਘ ਪੁਰੇਵਾਲ