ਗਲਾਸਗੋ ਵਿਖੇ ਵਿਸ਼ਾਲ ਪਰਿਵਾਰਕ ਮਿਲਣੀ ਦੌਰਾਨ ਰੰਗਾਰੰਗ ਪ੍ਰੋਗਰਾਮ ਦਾ ਆਯੋਜਨ ਵਿਸ਼ਵ ਪ੍ਰਸਿੱਧ ਹਾਸਰਸ ਕਲਾਕਾਰ ਭਾਨਾ ਭਗੌੜਾ ਤੇ ਹਰਮੀਤ ਜੱਸੀ ਦਾ ਵਿਸ਼ੇਸ਼ ਸਨਮਾਨ ਗਾਇਕ ਕਰਮਜੀਤ ਮੀਨੀਆਂ, ਤਰਸੇਮ ਕੁਮਾਰ ਤੇ ਸੋਢੀ ਬਾਗੜੀ ਨੇ ਲਾਏ ਮਹਿਫਲ ਨੂੰ ਚਾਰ ਚੰਨ

 ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)
 ਪ੍ਰਸਿੱਧ ਹਾਸਰਸ ਫਿਲਮ ਕਲਾਕਾਰ ਭਾਨਾ ਭਗੌੜਾ ਕਲਾ ਦਾ ਮੁਜੱਸਮਾ ਹੈ। ਉਹ ਮੂੰਹੋਂ ਇੱਕ ਵੀ ਸ਼ਬਦ ਨਾ ਬੋਲੇ ਤਾਂ ਵੀ ਉਸ ਦੀ ਸਰੀਰਕ ਹਿਲਜੁੱਲ ਹੀ ਦਰਸ਼ਕਾਂ ਨੂੰ ਹੱਸਣ ਲਈ ਮਜਬੂਰ ਕਰ ਦਿੰਦੀ ਹੈ। ਅਜਿਹਾ ਵਿਲੱਖਣ ਗੁਣ, ਸਮਾਜਿਕ ਸੱਭਿਆਚਾਰਕ, ਰਾਜਨੀਤਕ ਸੂਝ ਬੂਝ ਕਰਕੇ ਮਰਹੂਮ ਜਨਾਬ ਮਿਹਰ ਮਿੱਤਲ ਸਾਹਬ ਤੋਂ ਬਾਅਦ ਭਾਨਾ ਭਗੌੜਾ ਵੱਡੇ ਕਲਾਕਾਰ ਦੇ ਰੂਪ 'ਚ  ਨਿਖਰਦਾ ਆ ਰਿਹਾ ਹੈ। ਜ਼ਿਲ੍ਹਾ ਮੋਗਾ ਦੇ ਕਸਬੇ ਨਿਹਾਲ ਸਿੰਘ ਵਾਲਾ ਦਾ ਜੰਮਪਲ ਮਿੰਟੂ ਮਾਨ ਉਰਫ ਭਾਨਾ ਭਗੌੜਾ ਲਗਭਗ ਦੋ ਦਹਾਕਿਆਂ ਤੋਂ ਲੋਕਾਂ ਨੂੰ ਹਾਸਿਆਂ ਦੀ ਦਵਾਈ ਵੰਡਦਾ ਆ ਰਿਹਾ ਹੈ।  ਬੀਤੇ ਦਿਨੀਂ ਉਨ੍ਹਾਂ ਸਕਾਟਲੈਂਡ ਦੀ ਖੂਬਸੂਰਤੀ ਦਾ ਆਨੰਦ ਮਾਨਣ ਲਈ ਫੇਰੀ ਲਾਈ ਤਾਂ ਭਾਨਾ ਭਗੌੜਾ ਤੇ ਗਾਇਕਾ ਹਰਮੀਤ ਜੱਸੀ ਦੇ ਮਾਣ ਸਨਮਾਨ ਵਿੱਚ  ਗਲਾਸਗੋ ਗੇਟ ਰੈਸਟੋਰੈਂਟ ਵਿਖੇ ਵਿਸ਼ਾਲ ਪਰਿਵਾਰਕ ਮਿਲਣੀ ਦਾ ਪ੍ਰਬੰਧ ਬੇਅਲੀਫ ਤੇ ਪੰਜ ਦਰਿਆ ਵੱਲੋਂ ਕੀਤਾ ਗਿਆ। ਸਮਾਗਮ ਦੌਰਾਨ ਭਾਨਾ ਭਗੌੜਾ ਤੇ ਹਰਮੀਤ ਜੱਸੀ ਦੇ ਕਲਾਕਾਰੀ ਸਫਰ ਬਾਰੇ ਮਨਦੀਪ ਖੁਰਮੀ ਹਿੰਮਤਪੁਰਾ ਨੇ  ਹਾਜ਼ਰੀਨ ਨਾਲ ਸਾਂਝ ਪਵਾਈ। ਇਸ ਉਪਰੰਤ ਮੰਚ ਸੰਚਾਲਕ ਕਰਮਜੀਤ ਮੀਨੀਆਂ ਨੇ ਭਾਨਾ ਭਗੌੜਾ ਤੇ ਹਰਮੀਤ ਜੱਸੀ ਨੂੰ ਮੰਚ ਤੇ ਆਉਣ ਦਾ ਸੱਦਾ ਦਿੱਤਾ। ਜਿਸ ਦੌਰਾਨ  ਉਨ੍ਹਾਂ ਆਪਣੇ ਟੋਟਕਿਆਂ ਰਾਹੀਂ ਹਾਜ਼ਰੀਨ ਨੂੰ  ਨਿਹਾਲ ਕੀਤਾ।  ਇਸ ਸਮੇਂ ਹੋਏ ਰੰਗਾਰੰਗ ਪ੍ਰੋਗਰਾਮ ਦੌਰਾਨ ਕਰਮਜੀਤ ਮੀਨੀਆਂ,  ਤਰਸੇਮ ਕੁਮਾਰ ਤੇ ਸੋਢੀ ਬਾਗੜੀ ਵੱਲੋਂ ਗੀਤਾਂ, ਬੋਲੀਆਂ ਰਾਹੀਂ ਮਾਹੌਲ ਨੂੰ ਰੰਗੀਨ ਕੀਤਾ।  ਤਜਿੰਦਰ ਭੁੱਲਰ, ਗੈਰੀ ਸੋਹਲ, ਜੀਤ, ਹਰਪ੍ਰੀਤ ਧਾਲੀਵਾਲ, ਦੀਪ ਗਿੱਲ, ਲਖਵੀਰ ਸਿੰਘ ਸਿੱਧੂ, ਸੁੱਖ ਮੀਨੀਆਂ ਆਦਿ ਦੀ ਅਗਵਾਈ ਵਿੱਚ ਭਾਨਾ ਭਗੌੜਾ ਤੇ ਹਰਮੀਤ ਜੱਸੀ ਨੂੰ ਸਨਮਾਨ ਚਿੰਨ੍ਹਾਂ ਨਾਲ ਨਿਵਾਜ਼ਿਆ ਗਿਆ। ਇਸ ਸਮੇਂ ਵਿਸ਼ੇਸ਼ ਤੌਰ ਤੇ ਗਾਇਕ ਸੰਤੋਖ ਸੋਹਲ, ਉੱਘੇ ਕਾਰੋਬਾਰੀ ਇਕਬਾਲ ਕਲੇਰ, ਕਾਰੋਬਾਰੀ ਰਾਜ ਨਿੱਝਰ ਤੇ ਕਿਰਨ ਨਿੱਝਰ,  ਨਿਰਮਲ ਗਿੱਲ, ਨੀਲਮ ਖੁਰਮੀ, ਹਰਜਿੰਦਰ ਕੌਰ, ਕੁਲਦੀਪ ਕੌਰ, ਲੇਖਕ ਅਮਰ ਮੀਨੀਆਂ ਆਦਿ ਹਾਜ਼ਰ ਸਨ