image caption:

ਯੂਕੇ: ਸਵਿੰਡਨ ਦੇ ਹਿੰਦੂ ਮੰਦਰ ਵਿੱਚ ਹੋਈ ਚੋਰੀ ਅਤੇ ਭੰਨਤੋੜ

 ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)

ਯੂਕੇ ਦੇ ਸ਼ਹਿਰ ਸਵਿੰਡਨ ਵਿੱਚ ਚੋਰਾਂ ਨੇ ਇੱਕ ਹਿੰਦੂ ਮੰਦਰ ਨੂੰ ਪੰਜਵੀਂ ਵਾਰ ਆਪਣਾ ਨਿਸ਼ਾਨਾ ਬਣਾਇਆ ਹੈ। ਹਿੰਦੂ ਮੰਦਰ ਦੀ ਇਮਾਰਤ ਦੀ ਭੰਨਤੋੜ ਕਰਨ, ਪਵਿੱਤਰ ਚੌਂਕੀ ਦੀ ਭੰਨਤੋੜ ਕਰਨ ਤੋਂ ਬਾਅਦ ਚੋਰ ਬਹੁਤ ਸਾਰਾ ਕੀਮਤੀ ਸਮਾਨ ਲੈ ਗਏ। ਵਿਲਟਸ਼ਾਇਰ ਦੇ ਸਵਿੰਡਨ ਹਿੰਦੂ ਮੰਦਰ ਵਿੱਚ ਤੋੜ-ਫੋੜ ਅਤੇ ਚੋਰੀ ਦਾ ਪਤਾ ਸਟਾਫ ਨੂੰ ਸ਼ਨੀਵਾਰ ਨੂੰ ਲੱਗਿਆ। ਜਿਸ ਉਪਰੰਤ ਮੰਦਰ ਦੇ ਚੇਅਰਮੈਨ ਪ੍ਰਦੀਪ ਭਾਰਦਵਾਜ ਨੇ ਇਸਦੀ ਸੂਚਨਾ ਪੁਲਿਸ ਅਤੇ ਸਵਿੰਡਨ ਕੌਂਸਲ ਨੂੰ ਦਿੱਤੀ। ਉਹਨਾਂ ਮੰਦਰ ਵਿੱਚ ਲਗਾਤਾਰ 24 ਘੰਟੇ ਸੁਰੱਖਿਆ ਤਾਇਨਾਤ ਕਰਨ ਦੀ ਮੰਗ ਕੀਤੀ।  
 ਉਨ੍ਹਾਂ ਜਾਣਕਾਰੀ ਦਿੱਤੀ ਕਿ ਚੋਰਾਂ ਨੇ ਮੰਦਰ ਦੇ ਸਾਰੇ ਦਰਵਾਜ਼ੇ ਅਤੇ ਬਹੁਤ ਸਾਰੇ ਕਮਰਿਆਂ ਦੀ ਭੰਨਤੋੜ ਕਰਨ ਦੇ ਨਾਲ ਹਜ਼ਾਰਾਂ ਪੌਂਡ ਨਕਦੀ ਅਤੇ ਹੋਰ ਮਹਿੰਗੀਆਂ ਚੀਜ਼ਾਂ ਚੋਰੀ ਕੀਤੀਆਂ। ਇਸਦੇ ਇਲਾਵਾ ਚੋਰ ਮੰਦਰ ਦੀ ਮੁੱਖ ਚੌਂਕੀ ਵਿੱਚ ਵੀ ਦਾਖਲ ਹੋ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਵਾਲੇ ਖੇਤਰ ਵਿੱਚ ਵੀ ਭੰਨ ਤੋੜ ਕੀਤੀ ਗਈ ਹੈ, ਜਿੱਥੇ ਸਿਰਫ ਪੁਜਾਰੀਆਂ ਨੂੰ ਹੀ ਦਾਖਲ ਹੋਣ ਦੀ ਇਜਾਜ਼ਤ ਹੈ। ਪ੍ਰਦੀਪ ਅਨੁਸਾਰ ਇਹ ਘਟਨਾ ਸਵਿੰਡਨ ਦੇ ਹਜ਼ਾਰਾਂ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਪ੍ਰਭਾਵਤ ਕਰੇਗੀ। ਇਸ ਪੂਰੇ ਖੇਤਰ ਅਤੇ ਕਾਉਂਟੀ ਵਿੱਚ ਇਹ ਇਕਲੌਤਾ ਹਿੰਦੂ ਮੰਦਰ ਹੈ ਅਤੇ ਇਹ ਪਿਛਲੇ 18 ਮਹੀਨਿਆਂ ਦੌਰਾਨ ਜਿਆਦਾਤਰ ਸਮੇਂ ਲਈ ਬੰਦ ਸੀ। ਪੁਲਿਸ ਅਤੇ ਫੌਰੈਂਸਿਕ ਟੀਮਾਂ ਨੇ ਜਾਂਚ ਕਰਦਿਆਂ ਘਟਨਾ ਸਥਾਨ 'ਤੇ ਕਈ ਘੰਟੇ ਬਿਤਾਏ ਅਤੇ ਚੋਰੀ ਸਬੰਧੀ ਹੋਰ ਪੁੱਛਗਿੱਛ ਜਾਰੀ ਹੈ।