image caption:

ਸਾਂਝੇ ਵਿਰੋਧੀ ਧਿਰ ਨੇ ਪਰਮਜੀਤ ਸਿੰਘ ਸਰਨਾ ਨੂੰ ਦਿੱਲੀ ਕਮੇਟੀ ਦਾ ਮੈਂਬਰ ਨਾਮਜ਼ਦ ਕੀਤਾ ਨਾਮਜ਼ਦ ਮੈਂਬਰ ਵਜੋਂ ਸਿਰਸਾ ਦੀ ਮੈਂਬਰਸ਼ਿਪ ਖਤਰੇ ਵਿੱਚ

 ਨਵੀਂ ਦਿੱਲੀ (9 ਸਤੰਬਰ, 2021) ਜਾਗੋ ਪਾਰਟੀ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਕੋ-ਆਪਸਨ ਚੋਣਾਂ ਵਿੱਚ ਦੋਵੇਂ ਸੀਟਾਂ ਜਿੱਤਣ ਦੇ ਬਾਦਲ ਦਲ ਦੇ ਇਰਾਦੇ ਦੀ ਅਸਫਲਤਾ 'ਤੇ ਖੁਸ਼ੀ ਪ੍ਰਗਟ ਕੀਤੀ ਹੈ। ਜਾਗੋ ਪਾਰਟੀ ਦੇ ਅੰਤਰਰਾਸ਼ਟਰੀ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਸੰਯੁਕਤ ਵਿਰੋਧੀ ਧਿਰ ਦੇ ਉਮੀਦਵਾਰ ਪਰਮਜੀਤ ਸਿੰਘ ਸਰਨਾ ਨੂੰ ਸਾਰੇ ਉਮੀਦਵਾਰਾਂ ਵਿੱਚ ਸਭ ਤੋਂ ਵੱਧ ਵੋਟਾਂ ਪ੍ਰਾਪਤ ਕਰਨ ਨੂੰ ਵਿਰੋਧੀ ਏਕਤਾ ਦਾ ਪ੍ਰਤੀਕ ਦੱਸਿਆ ਹੈ। ਹਾਲਾਂਕਿ ਦਿੱਲੀ ਹਾਈ ਕੋਰਟ ਦੇ ਆਦੇਸ਼ ਦੇ ਕਾਰਨ ਦਿੱਲੀ ਗੁਰਦੁਆਰਾ ਚੋਣ ਡਾਇਰੈਕਟੋਰੇਟ ਨੇ ਕੋ-ਆਪਸਨ ਦੀਆਂ ਦੋਵਾਂ ਸੀਟਾਂ ਦੇ ਜੇਤੂਆਂ ਦੇ ਨਾਵਾਂ ਦਾ ਅਧਿਕਾਰਤ ਤੌਰ 'ਤੇ ਐਲਾਨ ਨਹੀਂ ਕੀਤਾ। ਪਰ ਵੋਟਾਂ ਦੀ ਗਿਣਤੀ ਕਾਰਨ ਸਰਨਾ ਅਤੇ ਅਕਾਲੀ ਉਮੀਦਵਾਰ ਵਿਕਰਮ ਸਿੰਘ ਰੋਹਿਣੀ ਦੀ ਜਿੱਤ ਯਕੀਨੀ ਮੰਨੀ ਜਾ ਰਹੀ ਹੈ। ਜੀਕੇ ਨੇ ਕਿਹਾ ਕਿ ਅਕਾਲੀ ਉਮੀਦਵਾਰ ਵਿਕਰਮ ਸਿੰਘ ਅਤੇ ਜਸਵਿੰਦਰ ਸਿੰਘ ਜੌਲੀ ਨੂੰ ਕ੍ਰਮਵਾਰ 15 ਅਤੇ 12 ਵੋਟਾਂ ਮਿਲੀਆਂ, ਜਦੋਂ ਕਿ ਸਰਨਾ ਨੂੰ 18 ਵੋਟਾਂ ਮਿਲੀਆਂ ਹਨ। ਦੇਰ ਰਾਤ ਡਾਇਰੈਕਟੋਰੇਟ ਨੇ ਦਿੱਲੀ ਵਿੱਚ ਰਜਿਸਟਰਡ 282 ਸਿੰਘ ਸਭਾ ਗੁਰਦੁਆਰਿਆਂ ਦੀ ਸੂਚੀ ਜਾਰੀ ਕੀਤੀ ਸੀ। ਪਰ ਉਸ ਸੂਚੀ ਵਿੱਚ ਬਹੁਤ ਸਾਰੀਆਂ ਖਾਮੀਆਂ ਸਨ, ਜਿਸ ਤੇ ਅਸੀਂ ਵਿਰੋਧ ਦਰਜ ਕਰਵਾਇਆ। ਜਿਸ ਤੋਂ ਬਾਅਦ ਅੱਜ ਡਾਇਰੈਕਟੋਰੇਟ ਨੇ 2 ਸਿੰਘ ਸਭਾ ਪ੍ਰਧਾਨਾਂ ਦੀ ਕਮੇਟੀ ਮੈਂਬਰਾਂ ਵਜੋਂ ਲਾਟਰੀ ਰਾਹੀ ਚੋਣ ਰੱਦ ਕਰ ਦਿੱਤੀ।

ਜੀਕੇ ਨੇ ਦੋਸ਼ ਲਾਇਆ ਕਿ ਬਾਦਲ ਦਲ ਨੇ ਆਪਣੇ ਲੋਕਾਂ ਨੂੰ ਜ਼ਬਰਦਸਤੀ ਸਿੰਘ ਸਭਾ ਦੇ ਪ੍ਰਧਾਨਾਂ ਦੀ ਸੂਚੀ ਵਿੱਚ ਪਾਇਆ ਹੈ ਤਾਂ ਜੋ ਉਹ ਗੈਰਕਨੂੰਨੀ ਤਰੀਕੇ ਨਾਲ ਦੋ ਸੀਟਾਂ ਜਿੱਤ ਸਕਣ। ਜੀਕੇ ਨੇ ਕਿਹਾ ਕਿ ਦਿੱਲੀ ਕਮੇਟੀ ਦੇ ਪ੍ਰਬੰਧ ਅਧੀਨ ਆਏ ਗੁਰਦੁਆਰਾ ਭਾਈ ਲਾਲੋ ਜੀ, ਰਾਣੀ ਬਾਗ ਸਬ-ਕਮੇਟੀ ਦੇ ਪ੍ਰਧਾਨ ਅਤੇ ਸ਼ਕੂਰ ਬਸਤੀ ਵਾਰਡ ਤੋਂ ਚੋਣ ਹਾਰਨ ਵਾਲੇ ਬਾਦਲ ਦਲ ਦੇ ਉਮੀਦਵਾਰ ਸਮਾਰਟੀ ਚੱਡਾ ਨੂੰ ਗੁਰਦੁਆਰਾ ਭਾਈ ਲਾਲੋ ਜੀ ਦਾ ਪ੍ਰਧਾਨ ਦਸਦੇ ਹੋਏ ਸਿੰਘ ਸਭਾਵਾਂ ਦੀ ਸੂਚੀ ਵਿੱਚ ਦੱਸਿਆ ਗਿਆ ਹੈ। ਕੱਲ੍ਹ ਇਹ ਗੁਰਦੁਆਰਾ ਬੰਗਲਾ ਸਾਹਿਬ ਅਤੇ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਦੇ ਪ੍ਰਧਾਨਾਂ ਦੇ ਨਾਂ ਵੀ ਲੱਕੀ ਡਰਾਅ ਵਿੱਚ ਪਾਉਣ ਵਾਸਤੇ ਕਹਿਣਗੇ। ਇਹ ਨਹੀਂ ਜਾਣਦੇ ਕਿ ਦਿੱਲੀ ਕਮੇਟੀ ਆਪਣੇ ਗੁਰਦੁਆਰਿਆਂ ਦੀਆਂ ਸਬ-ਕਮੇਟੀਆਂ ਦੇ ਪ੍ਰਧਾਨਾਂ ਨੂੰ ਸਿੰਘ ਸਭਾ ਦੀ ਸੂਚੀ ਵਿੱਚ ਨਹੀਂ ਪਾ ਸਕਦੀ। ਜੀਕੇ ਨੇ ਕਿਹਾ ਕਿ ਦਿੱਲੀ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਆਪਣੇ ਕੋਟੇ ਦਾ ਨਾਮਜ਼ਦ ਮੈਂਬਰ ਬਣਾਉਣ ਦਾ ਅਸੀਂ ਵਿਰੋਧ ਦਰਜ ਕੀਤਾ ਹੈ। ਜਾਗੋ ਪਾਰਟੀ ਵੱਲੋਂ ਦਿੱਲੀ ਕਮੇਟੀ ਦੇ ਮੈਂਬਰ ਸਤਨਾਮ ਸਿੰਘ ਖੀਵਾ ਨੇ ਸ਼੍ਰੋਮਣੀ ਕਮੇਟੀ ਵੱਲੋਂ ਸਿਰਸਾ ਨੂੰ ਦਿੱਲੀ ਕਮੇਟੀ ਵਿੱਚ ਆਪਣੇ ਪ੍ਰਤੀਨਿਧੀ ਵਜੋਂ ਭੇਜਣ ਬਾਰੇ ਲਿਖਤੀ ਇਤਰਾਜ਼ ਦਰਜ ਕੀਤਾ ਹੈ ਅਤੇ ਦਲੀਲਾਂ ਦੇ ਨਾਲ ਸਿਰਸਾ ਦੀ ਅਯੋਗਤਾ ਦੇ ਕਾਰਨ ਵੀ ਦੱਸੇ ਹਨ। ਜਿਸ ਕਾਰਨ ਸਿਰਸਾ ਅੱਜ ਨਾਮਜ਼ਦ ਮੈਂਬਰ ਵਜੋਂ ਸਰਟੀਫਿਕੇਟ ਪ੍ਰਾਪਤ ਨਹੀਂ ਕਰ ਸਕੇ। ਜੀਕੇ ਨੇ ਸਰਨਾ ਦੀ ਜਿੱਤ ਵਿੱਚ ਸਹਿਯੋਗ ਦੇਣ ਲਈ ਪੰਥਕ ਅਕਾਲੀ ਲਹਿਰ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਅਤੇ ਆਜ਼ਾਦ ਮੈਂਬਰ ਤਰਵਿੰਦਰ ਸਿੰਘ ਮਰਵਾਹ ਦਾ ਧੰਨਵਾਦ ਵੀ ਕੀਤਾ।