image caption:

ਤਾਲਿਬਾਨ ਦੀ ਸਰਕਾਰ ਦੇ 14 ਵਜ਼ੀਰ ਯੂ ਐਨ ਸੁਰੱਖਿਆ ਕੌਂਸਲ ਦੀ ਕਾਲੀ ਸੂਚੀ ''ਚ

ਕਾਬੁਲ- ਅਫਗਾਨਿਸਤਾਨ ਦੇ ਕਾਰਜਕਾਰੀ ਪ੍ਰਧਾਨ ਮੰਤਰੀ ਮੁੱਲ੍ਹਾ ਹਸਨ ਅਖੁੰਦ ਅਤੇ ਉਨ੍ਹਾਂ ਦੇ ਦੋਵੇਂ ਉਪ ਪ੍ਰਧਾਨ ਮੰਤਰੀਆਂ ਸਣੇ ਕਾਬੁਲ ਵਿੱਚ ਬਣੀ ਤਾਲਿਬਾਨ ਦੀ ਅੰਤਿ੍ਰਮ ਸਰਕਾਰ ਦੇ ਘੱਟੋ-ਘੱਟ 14 ਮੰਤਰੀਆਂ ਦੇ ਨਾਂਅ ਯੂ ਐੱਨ ਸਕਿਓਰਟੀ ਕੌਂਸਲ ਦੀ ਕਾਲੀ ਸੂਚੀ ਵਿੱਚ ਸ਼ਾਮਲ ਹੋਣ ਕਰ ਕੇ ਕੌਮਾਂਤਰੀ ਭਾਈਚਾਰੇ ਦੀ ਚਿੰਤਾ ਵਧ ਗਈ ਹੈ। ਯੂ ਐੱਨ ਵਿੱਚ ਅਫਗਾਨਿਸਤਾਨ ਦੇ ਰਾਜਦੂਤ ਅਤੇ ਸਥਾਈ ਨੁਮਾਇੰਦੇ ਗੁਲਾਮ ਇਸਾਕਜ਼ਈ ਨੇ ਵੀ ਕਿਹਾ ਕਿ ਅਫਗਾਨਿਸਤਾਨ ਵਿੱਚ ਤਾਲਿਬਾਨ ਵੱਲੋਂ ਐਲਾਨੀ ਗਈ ਸਰਕਾਰ ਨਿਸ਼ਚਿਤ ਤੌਰ ਉੱਤੇ ਸਾਰੀਆਂ ਧਿਰਾਂ ਦੀ ਨਹੀਂ ਹੈ ਤੇ ਅਫਗਾਨਿਸਤਾਨ ਦੇ ਲੋਕ ਅਜਿਹੇ ਸ਼ਾਸਕੀ ਢਾਂਚੇ ਨੂੰ ਮਨਜ਼ੂਰ ਨਹੀਂ ਕਰਨਗੇ, ਜਿਸ ਵਿੱਚ ਔਰਤਾਂ ਅਤੇ ਘੱਟ ਗਿਣਤੀਆਂ ਸ਼ਾਮਲ ਨਾ ਹੋਣ। ਇਸੇ ਦੌਰਾਨ ਦੇਸ਼ ਵਿੱਚ ਤਾਲਿਬਾਨ ਵਿਰੋਧੀ ਲੋਕਾਂ ਨੇ ਅਫਗਾਨਿਸਤਾਨ ਵਿੱਚ ਤਾਲਿਬਾਨ ਵੱਲੋਂ ਐਲਾਨੀ ਗਈ ਨਵੀਂ ਸਰਕਾਰ ਨੂੰ ਗੈਰ ਕਾਨੂੰਨੀ ਕਰਾਰ ਦਿੰਦਿਆਂ ਕੌਮਾਂਤਰੀ ਭਾਈਚਾਰੇ ਨੂੰ ਅਪੀਲ ਕੀਤੀ ਹੈ ਕਿ ਇਸ ਸਰਕਾਰ ਨੂੰ ਮਾਨਤਾ ਨਾ ਦਿੱਤੀ ਜਾਵੇ। ਬੀ ਬੀ ਸੀ ਉਰਦੂ ਦੀ ਖਬਰ ਅਨੁਸਾਰ ਤਾਲਿਬਾਨ ਵੱਲੋਂ ਐਲਾਨੀ ਗਈ ਅੰਤਿ੍ਰਮ ਸਰਕਾਰ ਦੇ ਘੱਟੋ-ਘੱਟ 14 ਮੈਂਬਰ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੀ ਕਾਲੀ ਸੂਚੀ ਵਿੱਚ ਸ਼ਾਮਲ ਹਨ।
33 ਮੈਂਬਰੀ ਇਸ ਅੰਤਿ੍ਰਮ ਮੰਤਰੀ ਮੰਡਲ ਵਿੱਚ ਚਾਰ ਅਜਿਹੇ ਆਗੂ ਹਨ ਜਿਹੜੇ ਤਾਲਿਬਾਨ ਫਾਈਵ ਵਿੱਚ ਸ਼ਾਮਲ ਹਨ। ਉਨ੍ਹਾਂ ਨੂੰ ਗੁਆਂਤਨਾਮੋ ਜੇਲ੍ਹ ਵਿੱਚ ਰੱਖਿਆ ਗਿਆ ਸੀ। ਇਨ੍ਹਾਂ ਵਿੱਚ ਮੁੱਲ੍ਹਾ ਮੁਹੰਮਦ ਫਾਜ਼ਿਲ (ਉਪ ਰੱਖਿਆ ਮੰਤਰੀ), ਖੈਰੁੱਲ੍ਹਾ ਖੈਰਖਵਾ (ਸੂਚਨਾ ਤੇ ਸਭਿਆਚਾਰ ਮੰਤਰੀ), ਮੁੱਲ੍ਹਾ ਨੁੂਰੁੱਲ੍ਹਾ ਨੂਰੀ (ਸਰਹੱਦਾਂ ਤੇ ਕਬਾਇਲੀ ਮਾਮਲਿਆਂ ਬਾਰੇ ਮੰਤਰੀ) ਅਤੇ ਮੁੱਲ੍ਹਾ ਅਬਦੁਲ ਹੱਕ ਵਾਸਿਕ (ਖੁਫੀਆ ਡਾਇਰੈਕਟਰ) ਵੀ ਸ਼ਾਮਲ ਹਨ। ਇਸ ਗਰੁੱਪ ਦੇ ਪੰਜਵੇਂ ਮੈਂਬਰ ਮੁਹੰਮਦ ਨਬੀ ਉਮਰੀ ਨੂੰ ਪਿੱਛੇ ਜਿਹੇ ਪੂਰਬੀ ਖੋਸਤ ਪ੍ਰਾਂਤ ਦਾ ਗਵਰਨਰ ਨਿਯੁਕਤ ਕੀਤਾ ਗਿਆ ਹੈ। ਤਾਲਿਬਾਨ ਫਾਈਵ ਆਗੂਆਂ ਨੂੰ 2014 ਵਿੱਚ ਓਬਾਮਾ ਪ੍ਰਸ਼ਾਸਨ ਨੇ ਛੱਡਿਆ ਸੀ। ਫਾਜ਼ਿਲ ਅਤੇ ਨੂਰੀ ਉੱਤੇ 1998 ਵਿੱਚ ਸ਼ੀਆ ਹਜ਼ਾਰਾ, ਤਾਜਿਕ ਅਤੇ ਉਜ਼ਬੇਕ ਫਿਰਕਿਆਂ ਦੇ ਕਤਲੇਆਮ ਦੇ ਹੁਕਮ ਦੇਣ ਦੇ ਦੋਸ਼ ਹਨ।
ਇਸੇ ਤਰ੍ਹਾਂ ਕਾਰਜਕਾਰੀ ਪ੍ਰਧਾਨ ਮੰਤਰੀ ਮੁੱਲ੍ਹਾ ਹਸਨ ਨੂੰ ਯੂ ਐੱਨ ਦੀਆਂ ਪਾਬੰਦੀਆਂ ਦੀ ਰਿਪੋਰਟ ਵਿੱਚ ਤਾਲਿਬਾਨ ਦੇ ਮੋਢੀ ਮੁੱਲ੍ਹਾ ਉਮਰ ਦਾ ਕਰੀਬੀ ਦੱਸਿਆ ਗਿਆ ਹੈ। ਉਹ ਫੈਸਲੇ ਲੈਣ ਵਾਲੇ ਤਾਕਤਵਰ ਗਰੁੱਪ ਰਹਿਬਰੀ ਸ਼ੂਰਾ ਦਾ ਮੁਖੀ ਹੈ। ਯੂ ਐਨ ਦੀ ਕਾਲੀ ਸੂਚੀ ਵਿੱਚ ਦੋਵੇਂ ਉਪ ਪ੍ਰਧਾਨ ਮੰਤਰੀ ਮੁੱਲ੍ਹਾ ਅਬਦੁਲ ਗਨੀ ਬਰਾਦਰ ਅਤੇ ਮੌਲਵੀ ਅਬਦੁਲ ਸਲਾਮ ਹਨਾਫੀ ਵੀ ਸ਼ਾਮਲ ਹਨ ਅਤੇ ਉਨ੍ਹਾਂ ਉੱਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿੱਚ ਸ਼ਾਮਲ ਹੋਣ ਦੇ ਦੋਸ਼ ਹਨ। ਇਸ ਤੋਂ ਇਲਾਵਾ ਵਿਸ਼ਵ ਪੱਧਰ ਉੱਤੇ ਅੱਤਵਾਦੀ ਐਲਾਨੇ ਜਾ ਚੁੱਕੇ ਸਿਰਾਜੂਦੀਨ ਹੱਕਾਨੀ, ਜਿਸ ਉੱਤੇ ਇੱਕ ਕਰੋੜ ਅਮਰੀਕੀ ਡਾਲਰ ਦਾ ਇਨਾਮ ਹੈ, ਨੂੰ ਕਾਰਜਕਾਰੀ ਗ੍ਰਹਿ ਮੰਤਰੀ ਬਣਾਇਆ ਗਿਆ ਹੈ, ਜਦ ਕਿ ਉਸ ਦੇ ਚਾਚਾ ਖਲੀਲ ਹੱਕਾਨੀ ਨੂੰ ਸ਼ਰਨਾਰਥੀਆਂ ਦੇ ਮਾਮਲਿਆਂ ਬਾਰੇ ਕਾਰਜਕਾਰੀ ਮੰਤਰੀ ਨਾਮਜ਼ਦ ਕੀਤਾ ਗਿਆ ਹੈ।