image caption:

ਗੁਰਦਾਸ ਮਾਨ ਵੱਲੋਂ ਨਕੋਦਰ ਕੇਸ ਦੀ ਅਗਾਊਂ ਜ਼ਮਾਨਤ ਲਈ ਹਾਈ ਕੋਰਟ ਤੱਕ ਪਹੁੰਚ

ਚੰਡੀਗੜ੍ਹ- ਪੰਜਾਬੀ ਗਾਇਕ ਗੁਰਦਾਸ ਮਾਨ ਦੇ ਖ਼ਿਲਾਫ਼ ਨਕੋਦਰ ਵਿੱਚ ਦਰਜ ਧਾਰਮਿਕ ਭਾਵਨਾਵਾਂ ਨੂੰ ਠੇਸ ਪੁਚਾਉਣ ਦੇ ਕੇਸ ਵਿੱਚ ਗ੍ਰਿਫ਼ਤਾਰੀ ਤੋਂ ਬਚਣ ਲਈ ਉਨ੍ਹਾਂ ਨੇ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰ ਕੇ ਅਗਾਊਂ ਜ਼ਮਾਨਤ ਦੀ ਮੰਗ ਕੀਤੀ ਹੈ। ਹਾਈ ਕੋਰਟ ਦੀ ਰਜਿਸਟਰੀ ਵਿੱਚ ਅੱਜ ਸੋਮਵਾਰ ਇਹ ਪਟੀਸ਼ਨ ਦਾਇਰ ਕੀਤੀ ਗਈ ਹੈ, ਜਿਸ ਉੱਤੇ ਜਲਦੀ ਸੁਣਵਾਈ ਹੋ ਸਕਦੀ ਹੈ।

ਇਸ ਤੋਂ ਪਹਿਲਾਂ, ਇਸ ਕੇਸ ਵਿੱਚ ਗੁਰਦਾਸ ਮਾਨ ਨੇ ਜਲੰਧਰ ਦੀ ਜ਼ਿਲ੍ਹਾ ਅਦਾਲਤ ਵਿੱਚ ਅਗਾਊਂ ਜ਼ਮਾਨਤ ਲਈ ਪਟੀਸ਼ਨ ਦਾਇਰ ਕੀਤੀ ਸੀ, ਜਿਸ ਨੂੰ ਅਦਾਲਤ ਨੇ ਅੱਠ ਸਤੰਬਰ ਨੂੰ ਰੱਦ ਕਰ ਦਿੱਤਾ ਸੀ।ਉਸ ਪਿੱਛੋਂ ਗੁਰਦਾਸ ਮਾਨ ਨੇ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰ ਕੇ ਅਗਾਊਂ ਜ਼ਮਾਨਤ ਦੀ ਅਪੀਲ ਕੀਤੀ ਹੈ।
ਵਰਨਣ ਯੋਗ ਹੈ ਕਿ ਨਕੋਦਰ ਵਿੱਚ ਡੇਰਾ ਬਾਬਾ ਮੁਰਾਦ ਸ਼ਾਹ ਦੇ ਡੇਰੇ ਉੱਤੇ ਹੋਏ ਮੇਲੇ ਦੌਰਾਨ ਗੁਰਦਾਸ ਮਾਨ ਨੇ ਸ੍ਰੀ ਗੁਰੂ ਅਮਰਦਾਸ ਜੀ ਅਤੇ ਲਾਡੀ ਸਾਈਂ ਨੂੰ ਇਕੋ ਵੰਸ਼ ਦਾ ਹੋਣ ਦੀ ਗੱਲ ਆਖੀ ਸੀ, ਜਿਸ ਨਾਲ ਉਹ ਵਿਵਾਦਾਂ ਵਿੱਚ ਆ ਗਏ ਸਨ ਤੇ ਉਨ੍ਹਾ ਦੇ ਖ਼ਿਲਾਫ਼ ਨਕੋਦਰ ਵਿੱਚ 26 ਅਗਸਤ ਨੂੰ ਧਾਰਮਿਕ ਭਾਵਨਾਵਾਂ ਨੂੰ ਠੇਸ ਲਾਉਣ ਦੀਸਿ਼ਕਾਇਤ ਦਰਜ ਕੀਤੀ ਗਈ ਸੀ। ਇਸ ਤੋਂ ਪਹਿਲਾਂ ਭੜਕੇ ਹੋਏ ਸਿੱਖ ਸੰਗਠਨਾਂ ਨੇ ਗੁਰਦਾਸ ਮਾਨ ਵਿਰੁੱਧ ਕੇਸ ਦਰਜ ਕਰਨ ਦੀ ਮੰਗ ਲਈ ਜਲੰਧਰ-ਦਿੱਲੀ ਹਾਈਵੇਅ ਜਾਮ ਕੀਤਾ ਸੀ।ਇਸ ਕੇਸ ਵਿੱਚ ਗੁਰਦਾਸ ਮਾਨ ਮਾਫ਼ੀ ਮੰਗ ਚੁੱਕੇ ਹਨ।