image caption:

ਸੁਖਪਾਲ ਖਹਿਰਾ ਦੀ ਡਾਇਰੀ ਦੇ ਕਾਰਨ ਆਮ ਆਦਮੀ ਪਾਰਟੀ ਕਸੂਤੀ ਫਸਣ ਲੱਗੀ

ਨਵੀਂ ਦਿੱਲੀ,- ਪੰਜਾਬ ਦੀਆਂ ਪਿਛਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਾਲ 2016 ਵਿੱਚ ਅਮਰੀਕਾ ਤੋਂ ਪੈਸੇ ਉਗਰਾਹੁਣ ਦੇ ਕੇਸ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਆਮ ਆਦਮੀ ਪਾਰਟੀ ਦੇ ਨੈਸ਼ਨਲ ਸੈਕਟਰੀ ਪੰਕਜ ਗੁਪਤਾ ਨੂੰ ਪੁੱਛਗਿੱਛ ਲਈ ਨੋਟਿਸ ਭੇਜਿਆ ਹੈ।

ਈ ਡੀ ਦੇ ਮੁਤਾਬਕ ਆਮ ਆਦਮੀ ਪਾਰਟੀ ਦੇ ਸਾਬਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਵਿਰੁੱਧ ਛਾਪੇ ਵਿੱਚ ਮਿਲੀ ਡਾਇਰੀ ਬਾਰੇ ਉਨ੍ਹਾਂ ਨੂੰ ਪੁੱਛਗਿੱਛ ਲਈ ਸੱਦਿਆ ਗਿਆ ਹੈ। ਖਹਿਰਾ ਦੀ ਡਾਇਰੀ ਵਿੱਚ ਆਮ ਆਦਮੀ ਪਾਰਟੀ ਨੂੰ ਅਮਰੀਕਾ ਤੋਂ ਲੱਖਾਂ ਡਾਲਰ ਮਿਲਣ ਦਾ ਜ਼ਿਕਰ ਹੈ, ਪਰ ਪੁੱਛਗਿੱਛ ਵਿੱਚ ਖਹਿਰਾ ਨੇ ਕਿਹਾ ਕਿ ਇਸ ਦੀ ਉਨ੍ਹਾਂ ਨੂੰ ਬਹੁਤੀ ਜਾਣਕਾਰੀ ਨਹੀਂ, ਇਹ ਪਾਰਟੀ ਨਾਲ ਜੁੜਿਆ ਮਸਲਾ ਹੈ ਤੇ ਪੰਜਾਬ ਚੋਣਾਂ ਤੋਂ ਪਹਿਲਾਂ ਜਿਹੜਾ ਪੈਸਾ ਇਕੱਠਾ ਕੀਤਾ ਸੀ, ਉਹ ਪਾਰਟੀ ਦਾ ਸੀ, ਇਸ ਲਈ ਇਸ ਕੇਸ ਵਿੱਚ ਉਹ ਬਹੁਤੀ ਜਾਣਕਾਰੀ ਨਹੀਂ ਦੇ ਸਕਦੇ।
ਇਸ ਸੰਬੰਧ ਵਿੱਚ ਈ ਡੀ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਪੰਕਜ ਗੁਪਤਾ ਨੂੰ ਹਾਲੇ ਇੱਕ ਦੋਸ਼ੀ ਜਾਂ ਚਸ਼ਮਦੀਦ ਗਵਾਹ ਵਜੋਂ ਨਹੀਂ ਬੁਲਾਇਆ, ਸਿਰਫ਼ ਸਪਸ਼ਟੀਕਰਨ ਲਈ ਸੰਮਨ ਭੇਜਿਆ ਹੈ। ਈ ਡੀ ਜਾਨਣਾ ਚਾਹੁੰਦੀ ਹੈ ਕਿ ਖਹਿਰਾ ਦੀ ਡਾਇਰੀ ਵਿੱਚ ਅਮਰੀਕਾ ਤੋਂ ਆਏ ਪਾਰਟੀ ਫੰਡ ਦੇ ਜਿਸ ਪੈਸੇ ਦਾ ਜ਼ਿਕਰ ਹੈ, ਉਸ ਬਾਰੇ ਆਮ ਆਦਮੀ ਪਾਰਟੀ ਨੇ ਆਮਦਨ ਟੈਕਸ ਅਤੇ ਹੋਰ ਸਬੰਧਤ ਵਿਭਾਗਾਂ ਨੂੰ ਜਾਣਕਾਰੀ ਦਿੱਤੀ ਹੈ ਜਾਂ ਨਹੀਂ ਅਤੇ ਨਾਲ ਹੀ ਇਹ ਵੀ ਕਿ ਅਮਰੀਕਾ ਤੋਂ ਇਹ ਪੈਸਾ ਇਕੱਠਾ ਕਿਵੇਂ ਕੀਤਾ ਗਿਆ ਸੀ।