image caption: -ਰਜਿੰਦਰ ਸਿੰਘ ਪੁਰੇਵਾਲ

ਮੋਹਨ ਭਾਗਵਤ ਦਾ ਹਿੰਦੂਤਵ ਹਿਟਲਰ ਦੇ ਨਾਜ਼ੀਵਾਦ ਵਰਗਾ

ਮੋਹਨ ਭਾਗਵਤ ਦਾ ਹਿੰਦੂਤਵ ਹਿਟਲਰ ਦੇ ਨਾਜ਼ੀਵਾਦ ਵਰਗਾ ਹੈ| ਉਸ ਨੂੰ ਭਾਰਤੀ ਸੰਵਿਧਾਨ ਅਨੁਸਾਰ ਵੰਨ ਸਵੰਨਤਾ ਪ੍ਰਵਾਨ ਨਹੀਂ ਹੈ| ਇਸੇ ਕਰਕੇ ਉਹ ਘਟਗਿਣਤੀਆਂ ਨੂੰ ਹਿੰਦੂ ਕਹਿਕੇ ਜਲੀਲ ਕਰਦਾ ਰਹਿੰਦਾ ਹੈ| ਹੁਣੇ ਜਿਹੇ ਰਾਸ਼ਟਰੀ ਸਵੈ-ਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ ਨੇ ਕਿਹਾ ਹੈ ਕਿ ਹਿੰਦੂ ਤੇ ਮੁਸਲਿਮ ਇਕੋ ਵੰਸ਼ ਨਾਲ ਸਬੰਧਿਤ ਹਨ ਅਤੇ ਹਰੇਕ ਭਾਰਤੀ ਨਾਗਰਿਕ ਹਿੰਦੂ ਹੈ| ਉਨ੍ਹਾਂ ਇਥੇ ਪੁਣੇ ਅਧਾਰਿਤ ਗਲੋਬਲ ਸਟਰੈਟਜਿਕ ਪਾਲਿਸੀ ਫਾਉਂਡੇਸ਼ਨ ਵਲੋਂ ਕਰਵਾਏ ਇਕ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਮਝਦਾਰ ਮੁਸਲਿਮ ਨੇਤਾਵਾਂ ਨੂੰ ਕੱਟੜਪੰਥੀਆਂ ਖ਼ਿਲਾਫ਼ ਮਜ਼ਬੂਤੀ ਨਾਲ ਖੜ੍ਹੇ ਹੋਣਾ ਚਾਹੀਦਾ ਹੈ| ਭਾਗਵਤ ਨੇ ਕਿਹਾ ਕਿ ਹਿੰਦੂ ਸ਼ਬਦ ਮਾਤਭੂਮੀ, ਪੂਰਵਜਾਂ ਤੇ ਭਾਰਤੀ ਸੰਸਕ੍ਰਿਤੀ ਦਾ ਸਮਾਨਾਰਥੀ ਹੈ. ਇਹ ਦੂਜੇ ਵਿਚਾਰਾਂ (ਵਿਚਾਰਧਾਰਾਵਾਂ) ਦਾ ਨਿਰਾਦਰ ਨਹੀਂ ਕਰਦਾ ਹੈ| ਉਨ੍ਹਾਂ ਕਿਹਾ ਕਿ ਸਾਨੂੰ ਸਭ ਨੂੰ ਭਾਰਤ ਦੇ ਬਹੁ-ਪੱਖੀ ਵਿਕਾਸ ਲਈ ਮਿਲ ਕੇ ਭਾਰਤੀ ਦਬਦਬੇ ਨੂੰ ਹਾਸਲ ਕਰਨ ਦੇ ਨਜ਼ਰੀਏ ਨਾਲ ਸੋਚਣਾ ਹੋਵੇਗਾ. ਨਾ ਕਿ ਮੁਸਲਿਮ ਦਬਦਬਾ ਹਾਸਲ ਕਰਨ ਲਈ ਕਿਉਂਕਿ ਇਸਲਾਮ ਹਮਲਾਵਰਾਂ ਨਾਲ ਭਾਰਤ &rsquoਚ ਆਇਆ ਹੈ| ਇਹੀ ਇਤਿਹਾਸ ਹੈ| ਜੇਕਰ ਸੰਘ ਪਰਿਵਾਰ ਦੇ ਇਤਿਹਾਸ ਤੇ  ਵਿਚਾਰਧਾਰਾ ਦੀ ਚੀਰਫਾੜ ਕੀਤੀ ਜਾਵੇ ਤਾਂ ਸਪੱਸ਼ਟ ਹੁੁੰਦਾ ਹੈ ਕਿ ਇਹ ਘਟਗਿਣਤੀਆਂ ਨੂੰ ਜਲੀਲ ਕਰਕੇ ਗੁੁੁਲਾਮ ਬਣਾਉਣਾ ਚਾਹੁੰਦੇ ਹਨ|
25 ਸਤੰਬਰ. 1925 ਨੂੰ ਤਕਰੀਬਨ 96 ਸਾਲ ਪਹਿਲਾਂ ਨਾਗਪੁਰ ਵਿਖੇ ਹੋਂਦ ਵਿੱਚ ਆਈ ਹਿੰਦੂ ਰਾਸ਼ਟਰਵਾਦੀ ਵਲੰਟੀਅਰ ਸੰਸਥਾ ਆਰ. ਐਸ. ਐਸ. ਦੇ ਪਹਿਲੇ ਬਾਨੀ ਮੁੱਖੀ ਕੇਸ਼ਵ ਬਲੀਰਾਮ ਹੈਡਗੇਵਰ ਨੇ ਇਸ ਸੰਸਥਾ ਨੂੰ ਬਣਾਉਣ ਵੇਲੇ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਦਾ ਸੁਪਨਾ ਲਿਆ ਸੀ| ਉਸ ਸਮੇਂ ਤੋਂ ਲੈ ਕੇ ਇਹ ਸੰਸਥਾ ਆਪਣੇ ਟੀਚੇ ਨੂੰ ਪੂਰਾ ਕਰਨ ਲਈ ਬੜੀ ਤਨਦੇਹੀ ਨਾਲ ਲੁਕਵੇਂ ਰੂਪ ਵਿੱਚ ਕੰਮ ਕਰਦੀ ਰਹੀ ਹੈ| ਦੁਨੀਆਂ ਦੀ ਸਭ ਤੋਂ ਵੱਡੀ ਵਲੰਟੀਅਰ ਅਧਾਰਿਤ ਸੰਸਥਾ (ਜਿਸ ਕੋਲ 60 ਲੱਖ ਤੋਂ ਵੱਧ ਰਜਿਸਟਰਡ ਵਲੰਟੀਅਰ ਮੈਂਬਰ ਹਨ ਜੋ ਕਿ 50 ਹਜ਼ਾਰ ਤੋਂ ਵੱਧ ਸ਼ਾਖਾਵਾਂ ਵਿੱਚ ਸਰਗਰਮ ਹਨ| ਇਨ੍ਹਾਂ ਕੋਲ ਇਸ ਤੋਂ ਇਲਾਵਾ ਹਜ਼ਾਰਾਂ ਹੀ ਨਾਨ ਰਜਿਸਟਰਡ ਮੈਂਬਰ ਹਨ) ਅਧੀਨ ਅੱਜ ਸੈਂਕੜੇ ਹੋਰ ਸੰਸਥਾਵਾਂ ਕੰਮ ਕਰ ਰਹੀਆਂ ਹਨ ਜਿਨ੍ਹਾਂ ਵਿੱਚ ਭਾਜਪਾ ਇਸਦਾ ਮੁੱਖ ਰਾਜਨੀਤਕ ਵਿੰਗ ਹੈ ਜੋ ਕਿ ਮੋਦੀ ਦੀ ਅਗਵਾਈ ਵਿੱਚ ਸਰਕਾਰ ਚਲਾ ਰਹੀ ਹੈ ਅਤੇ ਇਸ ਤੋਂ ਇਲਾਵਾ ਵਿਸ਼ਵ ਹਿੰਦੂ ਪ੍ਰੀਸ਼ਦ (ਜਿਸਨੇ ਅਯੁਧਿਆ ਵਿੱਚ ਬਾਬਰੀ ਮਸਜਿਦ ਢਾਹੁਣ ਵਿੱਚ ਅਹਿਮ ਭੁਮਿਕਾ ਨਿਭਾਈ ਸੀ) ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ਜੋ ਕਿ ਮੋਦੀ ਸਰਕਾਰ ਬਣਨ ਵੇਲੇ ਤੋਂ ਬੜੇ ਯੋਜਨਾਬੱਧ ਢੰਗ ਨਾਲ ਕਾਲਜਾਂ ਯੂਨੀਵਰਸਿਟੀਆਂ ਵਿੱਚ ਧਰਮ ਨਿਰਪੱਖ  ਮਾਰਕਸੀ ਦਲਿਤ ਮੁਸਲਿਮ ਤੇ ਹੋਰ ਘੱਟ ਗਿਣਤੀ ਪ੍ਰੋਫੈਸਰਾਂ ਵਿਦਿਆਰਥੀ ਲੀਡਰਾਂ ਪੱਤਰਕਾਰਾਂ ਮਨੁੱਖੀ ਅਧਿਕਾਰ ਕਾਰਕੁੰਨਾਂ  ਲੇਖਕਾਂ ਆਦਿ ਨੂੰ ਨਿਸ਼ਾਨਾ ਬਣਾ ਰਹੀ ਹੈ) ਬਜਰੰਗ ਦਲ (ਜੋ ਕਿ ਯੋਜਨਾਬੱਧ ਢੰਗ ਨਾਲ ਮੁਸਲਮਾਨਾਂ ਦਲਿਤਾਂ ਆਦਿ ਵਾਸੀਆਂ ਤੇ ਘੱਟ ਗਿਣਤੀਆਂ ਤੇ ਸਿੱਧੇ-ਅਸਿੱਧੇ ਢੰਗ ਨਾਲ ਸਰੀਰਕ ਤੇ ਮਾਨਸਿਕ ਹਮਲੇ ਕਰਨ ਲਈ ਬਦਨਾਮ ਹੈ) ਰਾਸ਼ਟਰੀ ਸਿੱਖ ਸੰਗਤ ਤੇ ਮੁਸਲਿਮ ਰਾਸ਼ਟਰੀਆ ਮੰਚ (ਸਿੱਖਾਂ ਤੇ ਮੁਸਲਮਾਨਾਂ ਦਾ ਸੂਖਸ਼ਮ ਢੰਗ ਨਾਲ ਭਗਵਾਂਕਰਨ ਕਰਨ ਵਿੱਚ ਲੱਗੀਆਂ ਹੋਈਆਂ ਹਨ) ਅਖਿਲ ਭਾਰਤੀ ਕਿਸਾਨ ਸੰਘ  ਅਖਿਲ ਭਾਰਤੀ ਮਜਦੂਰ ਸੰਘ ਭਾਰਤੀ ਵਿਚਾਰ ਕੇਂਦਰ (ਜੋ ਕਿ ਆਰ. ਐਸ. ਐਸ. ਨਾਲ ਸਬੰਧਿਤ ਬੁਧੀਜੀਵੀਆਂ ਦਾ ਥਿੰਕ ਟੈਂਕ ਹੈ) ਆਦਿ ਅਨੇਕਾਂ ਸੰਸਥਾਵਾਂ ਗਰਾਊਂਡ ਵਰਕ ਕਰ ਰਹੀਆਂ ਹਨ| ਬਹੁ ਗਿਣਤੀ ਮੋਦੀ ਸਰਕਾਰ ਬਣਨ ਤੋਂ ਬਾਅਦ ਆਰ. ਐਸ. ਐਸ. ਨੇ ਆਪਣੇ ਲੁਕਵੇਂ ਏਜੰਡੇ ਨੂੰ ਬਾਹਰ ਪ੍ਰਗਟ ਕਰਨਾ ਸ਼ੁਰੂ ਕਰ ਦਿੱਤਾ ਹੈ| ਭਾਜਪਾ ਦੀ ਘੱਟ ਗਿਣਤੀ ਬਾਜਪਈ ਸਰਕਾਰ ਵੇਲੇ ਉਹ ਲੁਕਵੇਂ ਢੰਗ ਨਾਲ ਕੰਮ ਕਰ ਰਹੇ ਸਨ| ਹੁਣ ਉਨ੍ਹਾਂ ਨੇ ਬੜੇ ਯੋਜਨਬੱਧ ਢੰਗ ਨਾਲ ਦਲਿਤਾਂ  ਆਦਿ ਵਾਸੀਆਂ ਘੱਟ ਗਿਣਤੀਆਂ ਤੇ ਖਾਸਕਰ ਮੁਸਲਮਾਨਾਂ ਨੂੰ ਦੇਸ਼ ਭਗਤੀ ਤੇ ਰਾਸ਼ਟਰਵਾਦ ਦਾ ਪਾਠ ਪੜ੍ਹਾਉਣਾ ਸ਼ੁਰੂ ਕੀਤਾ ਹੋਇਆ ਹੈ| ਦੇਸ਼ ਭਗਤੀ ਤੇ ਰਾਸ਼ਟਰਵਾਦ ਦੇ ਸੰਕਲਪ ਆਰ. ਐਸ. ਐਸ. ਨੇ ਇਟਲੀ ਦੇ ਫਾਸ਼ੀਵਾਦੀ ਨੇਤਾ ਮੁਸੋਲੇਨੀ ਅਤੇ ਜਰਮਨੀ ਦੇ ਨਾਜ਼ੀਵਾਦੀ ਨੇਤਾ ਹਿਟਲਰ ਤੋਂ ਲਏ ਸਨ| ਜਿਸ ਢੰਗ ਨਾਲ ਯੂਰਪ ਦੇ ਇਨ੍ਹਾਂ ਦੋਨਾਂ ਨੇਤਾਵਾਂ ਨੇ ਦੇਸ਼ ਭਗਤੀ ਤੇ ਰਾਸ਼ਟਰਵਾਦ ਦਾ ਸਿਧਾਤ ਲਿਆਂਦਾ ਸੀ ਉਸ ਤੋਂ ਆਰ. ਐਸ. ਐਸ. ਦਾ ਪਹਿਲਾ ਮੁੱਖੀ ਹੈਡਗੇਵਰ ਹੀ ਪ੍ਰਭਾਵਤ ਨਹੀਂ ਸੀ ਸਗੋਂ ਦੂਜੇ ਮੁਖੀ ਮਾਧਵ ਸਦਾਸ਼ਿਵ ਗੋਲਵਲਕਰ ਨੇ ਕਈ ਥਾਵਾਂ ਤੇ ਇਨ੍ਹਾਂ ਨੇਤਾਵਾਂ ਦੀ ਤਾਰੀਫ ਕੀਤੀ ਸੀ| ਉਸਨੇ ਆਪਣੀਆਂ ਕਿਤਾਬਾਂ ਵੀ ਔਰ ਅਵਰ ਨੇਸ਼ਨਹੁੱਡ ਡਿਫਾਈਨ ਅਤੇ ਬੰਚ ਆਫ ਥਾਟਸ ਵਿੱਚ ਨਾਜ਼ੀ ਹਿਟਲਰ ਵਲੋਂ ਆਰੀਅਨ ਨਸਲ ਦੇ ਗੋਰਿਆਂ ਦੀ ਸੁਪਰਮੇਸੀ ਸਥਾਪਿਤ ਕਰਨ ਲਈ 60 ਲੱਖ ਯਹੂਦੀਆਂ  ਘੱਟ ਗਿਣਤੀਆਂ  ਜਿਪਸੀਆਂ  ਕਾਮਰੇਡਾਂ  ਅਪਾਹਿਜਾਂ ਆਦਿ ਨੂੰ ਗੈਸ ਚੈਂਬਰਾਂ ਆਦਿ ਵਿੱਚ ਮਾਰਨ ਨੂੰ ਸਹੀ ਠਹਿਰਾਇਆ ਸੀ| ਇਸੇ ਕਿਤਾਬ ਵਿੱਚ ਹਿੰਦੂ ਰਾਸ਼ਟਰ ਬਾਰੇ ਗੱਲ ਕਰਦਿਆਂ ਗੋਲਵਰਕਰ ਕਹਿੰਦਾ ਹੈ ਕਿ ਭਾਰਤੀ ਹਿੰਦੂ ਰਾਸ਼ਟਰ ਵਿੱਚ ਗੈਰ ਹਿੰਦੂਆਂ (ਖਾਸਕਰ ਮੁਸਲਮਾਨਾਂ ਤੇ ਇਸਾਈਆਂ ਨੂੰ ਉਨ੍ਹਾਂ ਅਨੁਸਾਰ ਬੋਧੀ  ਜੈਨੀ ਸਿੱਖ ਤੇ ਹੋਰ ਛੋਟੇ ਧਾਰਮਿਕ ਫਿਰਕੇ ਤਾਂ ਹਿੰਦੂ ਧਰਮ ਦਾ ਹਿੱਸਾ ਹੀ ਹਨ) ਨੂੰ ਹਿੰਦੂ ਕਲਚਰ (ਧਰਮ) ਤੇ ਭਾਸ਼ਾ (ਸੰਸਕ੍ਰਿਤ) ਨੂੰ ਸਵੀਕਾਰ ਕਰਨਾ ਪਵੇਗਾ| ਜੇ ਉਹ ਅਜਿਹਾ ਨਹੀਂ ਕਰਦੇ ਤਾਂ ਉਹ ਭਾਰਤ ਵਿੱਚ ਹਿੰਦੂਆਂ ਦੇ ਰਹਿਮੋ ਕਰਮ ਤੇ ਗੈਰ ਭਾਰਤੀ ਬਣ ਕੇ ਰਹਿ ਸਕਦੇ ਹਨ  ਉਨ੍ਹਾਂ ਕੋਲ ਭਾਰਤ ਦੀ ਨਾਗਰਿਕਤਾ ਨਹੀਂ ਹੋਵੇਗੀ| ਆਰ. ਐਸ. ਐਸ. ਬੁਨਿਆਦੀ ਤੌਰ ਤੇ ਭਾਰਤ ਨੂੰ ਹਿੰਦੂ ਦੇਸ਼ ਮੰਨਦੀ ਹੈ ਅਤੇ ਮੁਸਲਮਾਨਾਂ ਤੇ ਇਸਾਈਆਂ ਨੂੰ ਬਾਹਰੋਂ ਧਾੜਵੀ ਰੂਪ ਵਿੱਚ ਆ ਕੇ ਵਸੇ ਗੈਰ ਭਾਰਤੀ ਮੰਨਦੀ ਹੈ| ਭਾਗਵਤ ਇਹਨਾਂ ਤੋਂ ਅਗੇ ਉਲੰਘ ਕੇ ਮੁਸਲਮਾਨਾਂ ਨੂੰ ਹਿੰਦੂ ਦਰਸਾਉਣਾ ਚਾਹੁੰਦਾ ਹੈ|
ਆਪਣੇ ਹਿੰਦੂ ਰਾਸ਼ਟਰ ਦੇ ਏਜੰਡੇ ਨੂੰ ਅੰਤਿਮ ਛੋਹਾਂ ਦੇਣ ਲਈ ਕਸ਼ਮੀਰ ਵਿਚੋਂ ਧਾਰਾ 370 (ਜਿਸ ਅਧੀਨ ਕਸ਼ਮੀਰੀਆਂ ਨੂੰ ਵੱਧ ਅਧਿਕਾਰ ਮਿਲੇ ਹੋਏ ਹਨ) ਨੂੰ ਖਤਮ ਕਰਨਾ ਭਾਰਤ ਵਿੱਚ ਯੂਨੀਫਾਰਮ ਸਿਵਲ ਕੋਡ ਲਾਗੂ ਕਰਨਾ (ਯਾਦ ਰਹੇ ਹੁਣ ਹਿੰਦੂ ਕੋਡ ਬਿੱਲ ਤੇ ਮੁਸਲਿਮ ਪਰਸਨਲ ਲਾਅ ਚਲਦਾ ਹੈ) ਤਾਂ ਕਿ ਭਾਰਤੀ ਸੰਸਕ੍ਰਿਤੀ (ਬਹੁ ਗਿਣਤੀ ਹਿੰਦੂ ਕਲਚਰ) ਨੂੰ ਸਭ ਭਾਰਤੀਆਂ ਤੇ ਠੋਸਿਆ ਜਾ ਸਕੇ| ਭਾਰਤ ਵਿੱਚ ਵਸਦੀਆਂ ਵੱਖ-ਵੱਖ ਕੌਮਾਂ ਘੱਟ ਗਿਣਤੀਆਂ ਦਲਿਤਾਂ ਆਦਿ ਵਾਸੀਆਂ ਮੁਸਲਮਾਨਾਂ ਦਾ ਅਜਿਹੇ ਢੰਗ ਨਾਲ ਧਰੁਵੀਕਰਨ ਕਰਨਾ ਕਿ ਉਹ ਇੱਕ ਜਗ੍ਹਾ ਇਕੱਠੇ ਨਾ ਹੋ ਸਕਣ ਆਪਣੀ ਕਿਤੇ ਪੱਕੀ ਵੋਟ ਬੈਂਕ ਨਾ ਬਣਾ ਸਕਣ ਤਾਂ ਕਿ ਉਹ ਰਾਜਨੀਤਕ ਸਿਸਟਮ ਨੂੰ ਪ੍ਰਭਾਵਿਤ ਨਾ ਕਰ ਸਕਣ ਆਦਿ ਏਜੰਡੇ ਅਗਲੇ ਇੱਕ ਸਾਲ ਵਿੱਚ ਲਾਗੂ ਕੀਤੇ ਜਾ ਸਕਦੇ ਹਨ| ਪੰਜਾਬ ਵਿਚ ਸਿਖਾਂ ਨਾਲ ਅਜਿਹਾ ਕਰਨ ਲਈ ਜੱਟ ਸਿੱਖਾਂ ਵਿਰੁਧ ਮੁਹਿੰਮ ਉਭਾਰੀ ਜਾ ਰਹੀ ਹੈ| ਘੱਟ ਗਿਣਤੀਆਂ ਨੂੰ ਦਬਾਉਣ ਲਈ ਇੱਕ ਨੁਕਾਤੀ ਪ੍ਰੋਗਰਾਮ ਹੁੰਦਾ ਹੈ ਕਿ ਦੇਸ਼ ਨੂੰ ਖਤਰਾ ਹੈ ਉਗਰਵਾਦੀ ਦੇਸ਼ ਦੇ ਟੁਕੜੇ ਕਰਨਾ ਚਾਹੁੰਦੇ ਹਨ[]] ਬਾਹਰਲੀਆਂ ਤਾਕਤਾਂ ਦੇ ਮਨਸੇ ਅਸੀਂ ਕਦੇ ਵੀ ਪੂਰੇ ਨਹੀਂ ਹੋਣ ਦਿਆਂਗੇ| ਅਜੇਹੇ ਤੇਜ਼ ਤਰਾਰ ਨਾਹਰਿਆਂ ਨਾਲ ਹਿੰਦੂਆਂ ਦੀਆਂ ਵੋਟਾਂ ਬਟੋਰਨ ਲਈ ਬੜੇ ਸਫਲ ਰਹੇ ਹਨ| ਸੰਘ ਪਰਿਵਾਰ ਦੇ ਇਸ ਨਫਰਤੀ ਜੰਗ ਦਾ ਮੁਕਾਬਲਾ ਕਰਨ ਲਈ ਕਿਸਾਨਾਂ  ਦਲਿਤਾਂ  ਘਟਗਿਣਤੀਆਂ ਨੂੰ ਇਕਠੇ ਹੋਕੇ ਸਤਾ ਉਪਰ ਚੰਗੇ ਲੋਕ ਲਿਆਣੇ ਚਾਹੀਦੇ ਹਨ ਤਾਂ ਜੋ ਚੰਗਾ ਸਿਸਟਮ ਲਾਗੂ ਕੀਤਾ ਜਾ ਸਕੇ|ਵੰਨ ਸਵੰਨਤਾ ਤੇ ਸਰਬਤ ਦੇ ਭਲੇ ਦਾ ਸਭਿਆਚਾਰ ਲਾਗੂ ਕੀਤਾ ਜਾ ਸਕੇ|
-ਰਜਿੰਦਰ ਸਿੰਘ ਪੁਰੇਵਾਲ