image caption: ਲੇਖਕ: ਕੁਲਵੰਤ ਸਿੰਘ ਢੇਸੀ

ਕਿਸਾਨ ਅੰਦੋਲਨ ਪ੍ਰਤੀ ਸਰਕਾਰ ਦਾ ਰਵੱਈਆ ਜ਼ੁਲਮ ਦੀਆਂ ਹੱਦਾਂ ਟੱਪਿਆ

 ਕਿੰਨਾ ਚਿਰ ਤੱਕ ਜ਼ੁਲਮ ਉਹਨਾ ਨੇ ਜਰਨਾ ਸੀ, ਅੰਤ ਘੜਾ ਪਾਪਾਂ ਦਾ ਇੱਕ ਦਿਨ ਭਰਨਾ ਸੀ

ਜਾਨ ਦੇ ਗਏ ਲੜਦੇ ਹੋਏ ਕੀ ਹੋਇਆ, ਓਦਾਂ ਵੀ ਤਾਂ ਆਪਾਂ ਇੱਕ ਦਿਨ ਮਰਨਾ ਸੀ

ਹਰਿਆਣੇ ਦੇ ਐਸ ਡੀ ਐਮ ਆਯੂਸ਼ ਸਿਨਹਾ ਦਾ ਜਾਲਮਾਨਾ ਰਵੱਈਆ ਅਤੇ ਉਸ ਦਾ ਤਬਾਦਲਾ

ਹਿੰਦ ਨੇ ਦਰਿਆ ਸਾਡੇ ਖੋਹ ਲਏ, ਰੱਬਾ ਤੂੰ ਪੰਜਾਬ ਨੂੰ ਕੋਈ ਆਸ ਦੇ

ਪੁੱਤ ਨੂੰ ਤਾਂ ਲੈ ਗਏ ਸੀ ਪੁਲਸੀਏ, ਹਾਲੇ ਵੀ ਮਾਂ ਰੋ ਰਹੀ ਕਿ ਲਾਸ਼ ਦੇ

ਖੇਡ ਖੇਡੀ ਜੈ ਜਵਾਨ ਤੇ ਜੈ ਕਿਸਾਨ, ਪੱਤੇ ਸਾਨੂੰ ਮਾਰ ਗਏ ਨੇ ਤਾਸ਼ ਦੇ

ਪਿਛਲੇ ਕੁਝ ਦਿਨਾ ਤੋਂ ਕਰਨਾਲ ਵਿਚ ਪੁਲਿਸ ਵਲੋਂ ਕਿਸਾਨਾਂ ਤੇ ਕੀਤੇ ਗਏ ਅੱਤਿਆਚਾਰ ਨਾਲ ਅਖਬਾਰਾਂ ਦੀਆਂ ਸੁਰਖੀਆਂ ਲਾਲ ਰਹੀਆਂ । ਸ਼ਾਂਤਮਈ ਅੰਦੋਲਨ ਕਰ ਰਹੇ ਕਿਸਾਨਾਂ ਦੇ ਸਿਰ ਪਾੜਨ ਦੇ ਆਦੇਸ਼ ਕਰਨਾਲ ਦੇ ਐਸ ਡੀ ਐਮ ਆਯੂਸ ਸਿਨਹਾ ਵਲੋਂ ਖੁਲ੍ਹਮ ਖੁਲ੍ਹਾ ਦਿੱਤੇ ਗਏ ਸਨ। ਸਿਨਾਹ ਨੇ ਪੁਲਸ ਅਫਸਰਾਂ ਨੂੰ ਕਿਹਾ ਕਿ ਉਹ ਕਿਸੇ ਵੀ ਕੀਮਤ ਤੇ ਪੁਲਸ ਨਾਕਾ ਨਾ ਟੁੱਟਣ ਦੇਣ ਅਤੇ ਪ੍ਰਸ਼ਾਸਨ ਉਹਨਾ ਦੀ ਕੋਈ ਵੀ ਜਵਾਬ ਦੇਹੀ ਨਹੀਂ ਕਰੇਗਾ। ਕਿਸਾਨੀ ਰੋਹ ਨੂੰ ਦਬਾਉਣ ਲਈ ਪੁਲਸ ਨਫਰੀ ਦਾ ਇੰਤਜ਼ਾਮ ਵੀ ਲੋੜ ਤੋਂ ਵੱਧ ਕੀਤਾ ਗਿਆ ਸੀ। ਜਿਸ ਸਮੇਂ ਦੇਸ਼ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਲ੍ਹਿਆਂ ਵਾਲੇ ਬਾਗ ਦੇ ਨਵੀਨੀਕਰਨ ਦਾ ਵਰਚੁਅਲ ਉਦਘਾਟਨ ਕਰ ਰਿਹਾ ਸੀ ਉਸ ਸਮੇਂ ਕਰਨਾਲ ਦੀ ਪੁਲਸ ਮੌਕੇ ਦੇ ਐਸ ਡੀ ਐਮ ਆਯੁਸ਼ ਸਿਨਹਾ ਦੇ ਦਿੱਤੇ ਆਦੇਸ਼ ਮੁਤਾਬਕ ਕਿਸਾਨਾ ਦੇ ਸਿਰ ਪਾੜ ਰਹੀ ਸੀ। ਸ਼ਨਿਚਰਵਾਰ ੨੮ ਅਗਸਤ ਵਾਲੇ ਦਿਨ ਹਰਿਆਣੇ ਦੇ ਮੁਖ ਮੰਤਰੀ ਮਨੋਹਰ ਲਾਲ ਖੱਟਰ ਵਲੋਂ ਪੰਚਾਇਤੀ ਚੋਣਾ ਸਬੰਧੀ ਕਰਨਾਲ ਵਿਚ ਇੱਕ ਮੀਟਿੰਗ ਰੱਖੀ ਹੋਈ ਸੀ ਜਿਸ ਦਾ ਘਿਰਾਓ ਕਰਨ ਲਈ ਕਿਸਾਨ ਬਸਤਾਲਾ ਟੋਲ ਪਲਾਜ਼ੇ ਤੇ ਲਾਮਬੰਦ ਹੋ ਰਹੇ ਸਨ। ਪੁਲਿਸ ਨੇ ਕਿਸਾਨਾ ਨੂੰ ਤਿੱਤਰ ਬਿੱਤਰ ਕਰਨ ਲਈ ਪਹਿਲਾਂ ਚਿਤਾਵਨੀ ਦਿੱਤੀ ਅਤੇ ਫਿਰ ਬੜੇ ਹੀ ਜਾਲਮਾਨਾ ਤਰੀਕੇ ਨਾਲ ਲਾਠੀਚਾਰਜ ਸ਼ੁਰੂ ਕਰ ਦਿੱਤਾ । ਇਸ ਜ਼ੁਲਮ ਖਿਲਾਫ ਉੱਠੇ ਰੋਹ ਨੂੰ ਦੇਖਦਿਆਂ ਹੁਣ ਹਰਿਆਣਾ ਸਰਕਾਰ ਨੇ ਐਸ ਡੀ ਐਮ ਦਾ ਤਬਾਦਲਾ ਕਰ ਦਿੱਤਾ ਹੈ।


ਇਸ ਜ਼ੁਲਮ ਖਿਲਾਫ ਮੇਘਾਲਿਆ ਦੇ ਰਾਜਪਾਲ ਸਤਿਆਪਾਲ ਮਲਕ ਨੇ ਅਵਾਜ਼ ਉਠਾਉਂਦਿਆਂ ਮੁਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਮੁਆਫੀ ਮੰਗਣ ਲਈ ਕਿਹਾ ਹੈ ਅਤੇ ਐਸ ਡੀ ਐਮ ਦੀ ਤਤਕਾਲ ਬਰਖਾਸਤਗੀ ਦੀ ਮੰਗ ਕੀਤੀ ਹੈ। ਕਾਂਗਰਸੀ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਇਸ ਨੂੰ ਜਨਰਲ ਡਾਇਰ ਵਾਲਾ ਰਵੱਈਆ ਦੱਸਿਆ ਹੈ ਜਦ ਕਿ ਕਾਂਗਰਸੀ ਆਗੂ ਕੁਮਾਰੀ ਸੈਲਜਾ ਨੇ ਲਾਠੀਚਾਰਜ ਦੀ ਭਰਪੂਰ ਨਿੰਦਾ ਕਰਦਿਆਂ ਕਿ ਕਿਹਾ ਕਿ ਉਹਨਾ ਦੀ ਪਾਰਟੀ ਕਿਸਾਨਾ ਦੇ ਨਾਲ ਹੈ। ਇਸ ਲਾਠੀਚਾਰਜ ਵਿਚ ਇੱਕ ਕਿਸਾਨ ਸ਼ਹੀਦ ਹੋ ਗਿਆ ੨੬ ਕਿਸਾਨ ਬੁਰੀ ਤਰਾਂ ਜ਼ਖਮੀ ਹੋਏ ਸਨ ਅਤੇ ਮਗਰੋਂ ੧੧ ਕਿਸਾਨਾਂ ਨੂੰ ਪੁਲਿਸ ਵਲੋਂ ਗ੍ਰਿਫਤਾਰ ਕਰ ਲਿਆ ਗਿਆ ਸੀ। ਇਸ ਦੇ ਵਿਰੋਧ ਵਿਚ ਕਿਸਾਨਾਂ ਨੇ ਸੜਕ ਜਾਮ ਲਾ ਦਿਤੇ ਜੋ ਕਿ ਕਿਸਾਨਾਂ ਦੀ ਰਿਹਾਈ ਮਗਰੋਂ ਹੀ ਖੋਹਲੇ ਗਏ। ਖੇਤੀ ਸਬੰਧੀ ਕੇਂਦਰ ਵਲੋਂ ਲਾਗੂ ਕੀਤੇ ਕਾਲੇ ਕਾਨੂੰਨਾਂ ਦੇ ਖਿਲਾਫ ਰੋਹ ਭਾਵੇਂ ਪੰਜਾਬ ਤੋਂ ਉੱਠਿਆ ਪਰ ਇਹ ਗੱਲ ਜੱਗ ਜਾਣਦਾ ਹੈ ਕਿ ਹਰਿਆਣੇ ਦੀਆਂ ਕਿਸਾਨ ਜਥੇਬੰਦੀਆਂ ਨੇ ਇਸ ਲਹਿਰ ਵਿਚ ਡਟ ਕੇ ਹਿੱਸਾ ਲਿਆ ਪਰ ਹਰਿਆਣੇ ਦਾ ਮੁਖ ਮੰਤਰੀ ਇਸ ਲਹਿਰ ਨੂੰ ਕੇਵਲ ਪੰਜਾਬ ਦੇ ਕਿਸਾਨਾਂ ਤਕ ਸੀਮਤ ਕਰਨ ਸਬੰਧੀ ਹਾਸੋਹੀਣੇ ਬਿਆਨ ਦੇ ਰਿਹਾ ਹੈ।

ਕਰਨਾਲ ਵਿਚ ਹੋਏ ਲਾਠੀਚਾਰਜ ਦੌਰਾਨ ਇੱਕ ਕਿਸਾਨ ਦੀ ਹੋਈ ਮੌਤ ਸਬੰਧੀ ਜਾਗਦਾ ਪੰਜਾਬ ਮਿਸ਼ਨ ਦੇ ਕਾਰਕੁਨਾ ਵਲੋਂ ਪੜਤਾਲ ਅਤੇ ਕਾਰਵਾਈ ਦੀ ਮੰਗ ਨੂੰ ਲੈ ਕੇ ਰਾਸ਼ਟਰਪਤੀ ਦੇ ਨਾਮ ਇੱਕ ਪੱਤਰ ਡੀ ਸੀ ਸੰਗਰੂਰ ਨੂੰ ਦਿੱਤਾ ਗਿਆ। ਕਿਸਾਨ ਜਥੇਬੰਦੀਆਂ ਵਲੋਂ ਇਹ ਮਾਮਲਾ ਮਨੁੱਖੀ ਅਧਿਕਾਰ ਕਮਿਸ਼ਨ ਕੋਲ ਵੀ ਉਠਾਇਆ ਜਾ ਰਿਹਾ ਹੈ। ਇਸ ਲਾਠੀਚਾਰਜ ਵਿਚ ਇੱਕ ਸਿੱਖ ਥਾਣੇਦਾਰ ਵਲੋਂ ਕਿਸਾਨਾ ਤੇ ਕੀਤੇ ਗਏ ਬੇਕਿਰਕ ਜ਼ੁਲਮ ਸਬੰਧੀ ਵੀ ਲੋਕ ਰੋਹ ਵਿਚ ਆਏ ਹਨ ਅਤੇ ਥਾਣੇਦਾਰ ਦੇ ਪਿੰਡ ਵਾਲਿਆਂ ਨੇ ਉਸ ਦਾ ਸਮਾਜਕ ਬਾਈਕਾਟ ਕਰ ਦਿੱਤਾ ਹੈ। ਅਸਲ ਵਿਚ ਕੌਮਾਂਤਰੀ ਪ੍ਰਸਿੱਧੀ ਪ੍ਰਾਪਤ ਕਰ ਚੁੱਕੇ ਕਿਸਾਨ ਅੰਦੋਲਨ ਨੂੰ ਦਬਾਉਣ ਵਿਚ ਸਰਕਾਰ ਅਸਫਲ ਹੋ ਚੁੱਕੀ ਹੈ ਕਿ ਜੇਕਰ ਸਰਕਾਰ ਕਾਲੇ ਖੇਤੀ ਕਾਨੂੰਨਾਂ ਨੂੰ ਵਾਪਸ ਨਹੀਂ ਲੈਂਦੀ ਤਾਂ ਇਹ ਅੰਦੋਲਨ ਭਾਜਪਾ ਦੇ ਰਾਜਸੀ ਪਤਨ ਦਾ ਕਾਰਨ ਵੀ ਬਣਦਾ ਦਿਖਾਈ ਦੇ ਰਿਹਾ ਹੈ ਇਸੇ ਕਰਕੇ ਘਬਰਾਏ ਹੋਏ ਭਾਜਪਾਈ ਆਗੂ ਹੁਣ ਕਾਨੂੰਨ ਹੱਥਾਂ ਵਿਚ ਲੈ ਰਹੇ ਦਿਖਾਈ ਦਿੰਦੇ ਹਨ

ਫਿਲਹਾਲ ਆਯੂਸ਼ ਸਿਨਹਾ ਦੇ ਤਬਾਦਲੇ ਨਾਲ ਕਿਸਾਨਾ ਦੇ ਦਿਲਾਂ ਵਿਚ ਮਚਦਾ ਭਾਂਬੜ ਤਾਂ ਮੱਠਾ ਨਹੀਂ ਹੋਇਆ ਪਰ ਦੇਸ਼ ਭਰ ਦੀ ਪੁਲਸ ਅਤੇ ਅਫਸਰਸ਼ਾਹੀ ਨੂੰ ਕੰਨ ਜਰੂਰ ਹੋ ਗਏ ਹਨ ਕਿ ਉਹਨਾ ਦੇ ਜ਼ੁਲਮ ਨੂੰ ਦੁਨੀਆਂ ਦੇਖ ਰਹੀ ਹੈ ਅਤੇ ਇਸ ਵਿਰੁਧ ਜਨਤਕ ਰੋਹ ਦਿਨੋ ਦਿਨ ਤਿੱਖਾ ਹੋ ਰਿਹਾ ਹੈ। ਇਹ ਸਤਰਾਂ ਲਿਖੇ ਜਾਣ ਤਕ ਹਰਿਆਣਾ ਸਰਕਾਰ ਨੇ ਕਿਸਾਨਾ ਵਲੋਂ ਅਯੋਜਤ ਮਿਨੀ ਸਕੱਤਰੇਤ ਨੂੰ ਘੇਰਨ ਅਤੇ ਧਰਨਾ ਲਾਉਣ ਦੀ ੭ ਸਤੰਬਰ ਦੀ ਮਹਾਂ ਪੰਚਾਇਤ ਨੂੰ ਰੋਕਣ ਲਈ ਹਰਿਆਣਾ ਸਰਕਾਰ ਨੇ ਧਾਰਾ ੧੪੪ ਲਾ ਦਿੱਤੀ ਹੈ ਅਤੇ ਇੰਟਰਨੈਟ ਦੀਆਂ ਸੇਵਾਵਾਂ ਬੰਦ ਕੀਤੀਆਂ ਜਾ ਰਹੀਆਂ ਹਨ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਸਕੱਤਰੇਤ ਦਾ ਘਿਰਾਓ ਅਤੇ ਹਾਈ ਵੇ ਜਾਮ ਹੋਇਆ ਤਾਂ ਐਕਸ਼ਨ ਲਿਆ ਜਾਵੇਗਾ। ਭਾਰਤੀ ਦੰਡਾਵਲੀ ੧੯੭੩ ਦੀ ਧਾਰਾ ੧੪੪ ਅਮਨ ਕਾਨੂੰਨ ਕਾਇਮ ਕਰਨ ਲਈ ਜ਼ਿਲਾ ਪ੍ਰਸ਼ਾਸਨ ਵਲੋਂ ਲਾਈ ਜਾਂਦੀ ਹੈ ਅਤੇ ਇਸ ਦੇ ਲਾਗੂ ਹੋਣ ਨਾਲ ੫ ਤੋਂ ਵੱਧ ਵਿਅਕਤੀ ਇੱਕਠੇ ਨਹੀਂ ਹੋ ਸਕਦੇ। ਇਹ ਹੁਕਮ ਕਰਨਾਲ ਅਸੰਧ ਇੰਦਰੀ ਅਤੇ ਘਰੋਂਡਾ ਦੇ ਪੁਲਸ ਪ੍ਰਸ਼ਾਸਨ ਵਲੋਂ ਲਾਗੂ ਕੀਤੇ ਜਾਣਗੇ। ੫ ਸਤੰਬਰ ਨੂੰ ਮੁਜੱਫਰਨਗਰ ਦੀ ਮਹਾਂਪੰਚਾਇਤ ਦੀ ਕਾਮਯਾਬੀ ਨੂੰ ਦੇਖ ਕੇ ਹਰਿਆਣਾ ਸਰਕਾਰ ਘਬਰਾਈ ਹੋਈ ਹੈ। ਇਸ ਰੈਲੀ ਵਿਚ ਕਿਸਾਨ ਆਗੂ ਰਿਕੇਸ਼ ਟਕੈਤ ਵਲੋਂ ਅੱਲਾ ਹੂ ਅਕਬਰ ਦੇ ਲਾਏ ਨਾਅਰੇ ਚਰਚਾ ਵਿਚ ਹਨ ਜਦ ਕਿ ਬਹੁਜਨ ਸਮਾਜ ਪਾਰਟੀ ਦੀ ਆਗੂ ਮਾਇਆਵਤੀ ਨੇ ਇਸ ਪ੍ਰਦਰਸ਼ਨ ਨੂੰ ਆਪਣਾ ਸਹਿਯੋਗ ਦਿੱਤਾ ਹੈ ਅਤੇ ਭਾਜਪਾ ਅਤੇ ਸਮਾਜਵਾਦੀ ਪਾਰਟੀ ਤੇ ਫਿਰਕੂ ਹਿੰਸਾ ਫੈਲਾਉਣ ਦਾ ਦੋਸ਼ ਲਾਇਆ ਹੈ।


ਪੰਜਾਬ ਮਾਮਲਿਆਂ ਦੇ ਕਾਂਗਰਸੀ ਆਗੂ ਰਾਵਤ ਨੇ ਵੀ ਮੰਗੀ ਮੁਆਫੀ

ਕੇਂਦਰ ਵਾਲਿਆਂ ਨੂੰ ਅਜੇ ਤਕ ਇਹ ਸਮਝ ਨਾ ਲੱਗੀ ਵਿਰਾਸਤ ਨਾਲ ਕਿੰਨਾ ਪਿਆਰ ਹੈ ਪੁੱਤਾਂ ਤੇ ਮਾਵਾਂ ਦਾ

ਬੋਲਾਂ ਨਾਲ ਰੋਜ਼ ਡੰਗਦੇ ਨੇ ਅਨੇਕਾਂ ਰਾਜਸੀ ਆਗੂ ਬੜਾ ਪਰ ਫਿਕਰ ਕਰਦੇ ਨੇ ਪਏ ਵੱਛੀਆਂ ਤੇ ਗਾਵਾਂ ਦਾ


ਜਿਸ ਵੇਲੇ ਨਵਜੋਤ ਸਿੱਧੂ ਨੂੰ ਕਾਂਗਰਸ ਦਾ ਪ੍ਰਧਾਨ ਬਣਾਇਆ ਗਿਆ ਸੀ ਉਸ ਵੇਲੇ ਉਸ ਦੇ ਨਾਲ ਇੱਕ ਚਾਰ ਮੈਂਬਰੀ ਕਮੇਟੀ ਦਾ ਗਠਨ ਕਰਨ ਪਿੱਛੋਂ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਇਹਨਾ ਪੰਜਾਂ ਨੂੰ ਪੰਜ ਪਿਆਰੇ ਕਹਿ ਕੇ ਇੱਕ ਨਵਾਂ ਵਾਦ ਵਿਵਾਦ ਗਲ ਪਾ ਲਿਆ। ਜਿਓਂ ਹੀ ਰਾਵਤ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਉਸ ਨੇ ਵੀ ਸੋਸ਼ਲ ਮੀਡੀਏ ਤੇ ਗੁਰਦਾਸ ਮਾਨ ਵਾਂਗ ਮੁਆਫੀ ਨਾਮਾ ਪਾ ਦਿੱਤਾ। ਹਰੀਸ਼ ਰਾਵਤ ਨੇ ਤਾਂ ਏਥੋਂ ਤਕ ਕਿਹਾ ਕਿ ਉਹ ਕਿਸੇ ਗੁਰਦਆਰੇ ਵਿਚ ਜਾ ਕੇ ਝਾੜੂ ਦੀ ਸੇਵਾ ਕਰਕੇ ਆਪਣੀ ਭੁੱਲ ਦੇ ਪਛਤਾਵਾ ਕਰਨ ਲਈ ਤਿਆਰ ਹੈ ਕਿਓਂਕਿ ਇਤਹਾਸ ਦੇ ਵਿਦਿਆਰਥੀ ਹੋਣ ਨਾਤੇ ਉਹ ਸਿੱਖ ਧਰਮ ਵਿਚ ਪੰਜ ਪਿਆਰਿਆਂ ਦੀ ਮਹਾਨਤਾ ਬਾਰੇ ਜਾਣੂ ਹੈ ਅਤੇ ਉਹਨਾ ਦੀ ਬਰਾਬਰੀ ਕਿਸੇ ਨੂੰ ਵੀ ਨਹੀ ਦਿੱਤੀ ਜਾ ਸਕਦੀ। ਪਰ ਹਰੀਸ਼ ਰਾਵਤ ਦੇ ਇਸ ਮੁਆਫੀਨਾਮੇ ਨਾਲ ਸ਼੍ਰੋਮਣੀ ਕਮੇਟੀ ਦੀ ਆਗੂ ਬੀਬੀ ਜਗੀਰ ਕੌਰ ਸੰਤੁਸ਼ਟ ਨਹੀਂ ਹੈ ਅਤੇ ਉਸ ਨੇ ਕਿਹਾ ਹੈ ਕਿ ਇਸ ਤਰਾਂ ਤਾਂ ਹਰ ਕੋਈ ਭੁੱਲਾਂ ਕਰਕੇ ਮਾਫੀਆਂ ਮੰਗੀ ਜਾਵੇਗਾ।

ਮਾਫੀਆਂ ਮੰਗਣ ਸਬੰਦੀ ਇਹ ਚੇਤੇ ਰੱਖਣ ਯੋਗ ਹੈ ਕਿ ਸੌਧਾ ਸਾਧ ਦੀਆਂ ਵੋਟਾਂ ਬਟੋਰਨ ਲਈ ਪੰਜਾਬ ਵਿਚ ਪ੍ਰੇਮੀਆਂ ਦੇ ਪ੍ਰੋਗ੍ਰਾਮ ਕਰਵਾਉਣ ਅਤੇ ਉਹਨਾ ਨੂੰ ਹਰ ਤਰਾਂ ਦਾ ਸਹਿਯੋਗ ਦੇਣ ਵਾਲੇ ਅਕਾਲੀ ਆਗੂਆਂ ਨੂੰ ਸ਼੍ਰੋਮਣੀ ਕਮੇਟੀ ਅਤੇ ਸ੍ਰੀ ਅਕਾਲ ਤਖਤ ਤੋਂ ਮੁਆਫੀਆਂ ਦਿੱਤੀਆਂ ਜਾ ਚੁੱਕੀਆਂ ਹਨ ਜਦ ਕਿ ਅਕਾਲੀ ਦਲ ਦੇ ਦਬਾਅ ਹੇਠ ਤਾਂ ਅਕਾਲ ਤਖਤ ਤੋਂ ਸੌਦੇ ਵਾਲੇ ਨੂੰ ਵੀ ਮੁਆਫੀਨਾਮਾ ਦੇ ਦਿੱਤਾ ਗਿਆ ਸੀ ਭਾਵੇਂ ਕਿ ਇਸ ਦਾ ਤਿੱਖਾ ਪਰਤੀਕਰਮ ਵੀ ਹੋਇਆ ਸੀ। ਸ੍ਰੀ ਅਕਾਲ ਤਖਤ ਸਾਹਿਬ ਦੇ ਮੌਜੂਦਾ ਕਾਰਜਕਾਰੀ ਜਥੇਦਾਰ ਗਿ: ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਲੀਡਰਾਂ ਨੂੰ ਬੋਲਣ ਲੱਗਿਆਂ ਆਪਣੀ ਭਾਸ਼ਾ ਦਾ ਖਿਆਲ ਰੱਖਣਾ ਚਾਹੀਦਾ ਹੈ ਜਦ ਕਿ ਅਕਸਰ ਹੀ ਲੀਡਰ ਲੋਕ ਬੋਲਣ ਲੱਗਿਆਂ ਸੰਜਮ ਤੋਂ ਕੰਮ ਨਹੀਂ ਲੈਂਦੇ। ਉਹਨਾ ਕਿਹਾ ਕਿ ਇੱਕ ਤਾਂ ਗੁਰਬਾਣੀ ਸ਼ੁਧ ਪੜ੍ਹਨੀ ਚਾਹੀਦੀ ਹੈ ਅਤੇ ਦੂਜਾ ਗੁਰਬਾਣੀ ਜਾਂ ਗੁਰਇਤਹਾਸ ਨਾਲ ਸਬੰਧਤ ਬਿਆਨਬਾਜੀ ਤੋਂ ਸੰਕੋਚ ਕਰਨਾ ਚਾਹੀਦਾ ਹੈ।


ਹੱਥ ਜੋੜੇ ਕੰਨ ਫੜ ਲਏ ਮਾਨ ਨੇ - ਲੋਕੀ ਤਾਂ ਪਰ ਹਾਲੇ ਵੀ ਪ੍ਰੇਸ਼ਾਨ ਨੇ

ਕਿਤੇ ਜੇ ਹੇਜ ਨਾ ਕਰਦਾ ਬਲਾ ਬਣੀਆਂ ਅਦਾਵਾਂ ਦਾ ਅਸਰ ਤਾਂ ਹੋ ਗਿਆ ਹੁੰਦਾ ਦਿਲੋਂ ਉੱਠੀਆਂ ਦੁਆਵਾਂ ਦਾ

ਜਿਹਨਾ ਸਿਰ ਚੁੱਕਿਆ ਤੈਨੂੰ ਉਹੀ ਹੁਣ ਟੋਲ੍ਹਦੇ ਫਿਰਦੇ ਉਹਨਾ ਹਿਸਾਬ ਕਰਨਾ ਹੈ ਤੇਰੇ ਕੀਤੇ ਗੁਨਾਹਾਂ ਦਾ


ਗੁਰਦਾਸ ਮਾਨ ਆਪਣੇ ਸਿੱਖੀ ਵਿਰਸੇ ਨੂੰ ਭੁੱਲ ਕੇ ਏਨਾ ਨੀਵਾਂ ਵੀ ਡਿੱਗ ਸਕਦਾ ਏ ਏਦਾਂ ਤਾਂ ਕਿਸੇ ਨੇ ਸੋਚਿਆ ਨਾ ਸੀ। ਜਦੋਂ ਮਾਨ ਨੇ ਮਾਂ ਬੋਲੀ ਪੰਜਾਬੀ ਨਾਲੋਂ ਹਿੰਦੀ ਮਾਸੀ ਨੂੰ ਪਹਿਲ ਦੇ ਕੇ ਪੰਜਾਬੀਆਂ ਦੇ ਮੂੰਹ ਕੁਸੈਲੇ ਕੀਤੇ ਸਨ ਤਾਂ ਬਹੁਤ ਸਾਰੇ ਲੋਕਾਂ ਦਾ ਖਿਆਲ ਸੀ ਕਿ ਮਾਨ ਨੇ ਬੇਸਵਾਦੀ ਤਾਂ ਜਰੂਰ ਕੀਤੀ ਹੈ ਪਰ ਉਸ ਦਾ ਇਹ ਗੁਨਾਹ ਨਜ਼ਰ ਅੰਦਾਜ਼ ਵੀ ਕੀਤਾ ਜਾ ਸਕਦਾ ਹੈ। ਸਮਾਂ ਬਲਵਾਨ ਹੈ ਅਤੇ ਸਮੇਂ ਦੇ ਗੇੜ ਨਾਲ ਗੁਰਦਾਸ ਮਾਨ ਵਲੋਂ ਮਾਂ ਬੋਲੀ ਪੰਜਾਬੀ ਦੇ ਕੀਤੇ ਗਏ ਤ੍ਰਿਸਕਾਰ ਨੂੰ ਲੋਕੀ ਭੁੱਲ ਹੀ ਰਹੇ ਸਨ ਕਿ ਉਸ ਨੇ ਇੱਕ ਹੋਰ ਐਸਾ ਕੁਕਰਮ ਕਰ ਦਿੱਤਾ ਜਿਸ ਨੂੰ ਕਦੀ ਵੀ ਭੁਲਾਇਆ ਨਹੀਂ ਜਾ ਸਕਦਾ। ਹੁਣ ਭਾਵੇਂ ਮਾਨ ਕੰਨ ਫੜ ਕੇ ਅਤੇ ਹੱਥ ਜੋੜ ਕੇ ਮੁਆਫੀਆਂ ਮੰਗ ਰਿਹਾ ਹੈ ਪਰ ਸਿੱਖ ਉਸ ਦੇ ਗੁਨਾਹ ਨੂੰ ਮਾਫ ਕਰਨ ਦੇ ਮੂਡ ਵਿਚ ਨਹੀਂ ਹਨਹੁਣ ਗੁਰਦਾਸ ਮਾਨ ਦੇ ਖਿਲਾਫ ਨਾ ਕੇਵਲ ਧਾਰਮਕ ਭਾਵਨਾਵਾਂ ਭੜਕਾਉਣ ਸਬੰਧੀ ਮੁਕੱਦਮਾਂ ਹੀ ਦਰਜ ਹੋਇਆ ਹੈ ਸਗੋਂ ਇਹ ਖਤਰਾ ਲਗਾਤਾਰ ਬਣਿਆ ਹੋਇਆ ਹੈ ਕਿ ਸਿੱਖ ਜਿਥੇ ਕਿਤੇ ਵੀ ਦਾਅ ਲੱਗਿਆ ਉਣ ਨੂੰ ਉਸ ਦੇ ਕੀਤੇ ਗਏ ਗੁਨਾਹ ਪ੍ਰਤੀ ਜਵਾਬ ਦੇਹ ਜਰੂਰ ਬਨਾਉਣਗੇ।


ਗੁਰਦਾਸ ਮਾਨ ਨੇ ਨਕੋਦਰ ਦੇ ਮੁਰਾਦ ਸ਼ਾਹ ਦੇ ਡੇਰੇ ਤੇ ਬੋਲਦਿਆਂ ਹੁਣ ਦੇ ਡੇਰੇਦਾਰ ਲਾਡੀ ਸ਼ਾਹ ਬਾਰੇ ਕੁਝ ਇਸ ਅੰਦਾਜ਼ ਵਿਚ ਜਿਕਰ ਕੀਤਾ ਸੀ ਜਿਵੇਂ ਉਹ ਤੀਸਰੇ ਪਾਤਸ਼ਾਹ ਦਾ ਉਹਨੂੰ ਉੱਤਰ ਅਧਿਕਾਰੀ ਸਿੱਧ ਕਰ ਰਿਹਾ ਹੋਵੇ ਪਰ ਮਗਰੋਂ ਜਦੋਂ ਲੋਕਾਂ ਦਾ ਵਿਰੋਧ ਖੜ੍ਹਾ ਹੋਇਆ ਤਾਂ ਮਾਨ ਨੇ ਸੋਸ਼ਲ ਮੀਡੀਏ ਤੇ ਸਪੱਸ਼ਟੀਕਰਨ ਦੇ ਕੇ ਕਿਹਾ ਸੀ ਕਿ ਉਸ ਨੇ ਆਪਣੇ ਬਾਬੇ ਲਾਡੀ ਸ਼ਾਹ ਦੀ ਬਰਾਬਰੀ ਗੁਰੂ ਅਮਰ ਦਾਸ ਜੀ ਨਾਲ ਨਹੀਂ ਸੀ ਕੀਤੀ ਸਗੋਂ ਏਨਾ ਹੀ ਕਿਹਾ ਸੀ ਕਿ ਉਹ ਭੱਲੇ ਵੰਸ਼ ਵਿਚੋਂ ਹਨ ਲੋਕਾਂ ਦਾ ਰੋਹ ਹੈ ਕਿ ਆਖਰ ਉਸ ਨੇ ਇੱਕ ਨੰਗ ਮੁਨੰਗੇ ਅਤੇ ਜਗਤ ਜੂਠ ਤੰਬਾਕੂ ਦੀ ਵਰਤੋਂ ਕਰਨ ਵਾਲੇ ਡੇਰੇਦਾਰ ਦਾ ਨਾਮ ਤੀਸਰੇ ਪਾਤਸ਼ਾਹ ਨਾਲ ਕਿਓਂ ਜੋੜਿਆ। ਮਾਨ ਦੇ ਖਿਲਾਫ ਸ਼ਿਕਾਇਤ ਥਾਣਾ ਸਿਟੀ ਨਕੋਦਰ ਵਿਚ ਸਿੱਖ ਯੂਥ ਪਾਵਰ ਆਫ ਪੰਜਾਬ ਦੀ ਪੰਜ ਮੈਂਬਰੀ ਕਮੇਟੀ ਦੇ ਮੈਂਬਰ ਪਰਮਜੀਤ ਸਿੰਘ ਅਕਾਲੀ ਨੇ ਕੀਤੀ ਹੈ। ਸਿੱਖ ਜਥੇਬੰਦੀਆਂ ਵਲੋਂ ਮਾਨ ਖਿਲਾਫ ਪਰਚਾ ਦਰਜ ਕਰਨ ਲਈ ਧਰਨਾ ਪ੍ਰਦਰਸ਼ਨ ਵੀ ਕੀਤਾ ਗਿਆ ਸੀ ਅਤੇ ਉਹਨਾ ਨੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਸੀ ਕਿ ਜੇਕਰ ਮਾਨ ਖਿਲਾਫ ਕਾਰਵਾਈ ਨਾ ਕੀਤੀ ਤਾਂ ਸੁਬਾਈ ਪੱਧਰ ਤੇ ਵੱਡੇ ਵਿਰੋਧ ਹੋਣਗੇ। ਧਾਰਮਕ ਭਾਵਨਾਵਾਂ ਭੜਕਾਉਣ ਦਾ ਕੇਸ ਵਿਧਾਨ ਦੀ ਧਾਰਾ ੨੯੫-ਏ ਤਹਿਤ ਕੀਤਾ ਜਾਂਦਾ ਹੈ। ਇਸ ਮੁਤਾਬਕ ਜੋ ਕੋਈ ਵੀ ਭਾਰਤੀ ਸ਼ਹਿਰੀ ਜਾਣ ਬੁੱਝ ਕੇ ਬੁਰੀਭਾਵਨਾ ਅਤੇ ਵਿਸਫੋਟਕ ਇਰਾਦੇ ਨਾਲ ਕਿਸੇ ਵੀ ਵਰਗ ਦੀਆਂ ਧਾਰਮਿਕ ਭਾਵਨਾਵਾਂ ਨਾਲ ਕੋਈ ਸ਼ਬਦ ਲਿਖ ਕੇ ਬੋਲ ਕੇ ਕੋਈ ਚਿੰਨ੍ਹ ਦੇ ਕੇ ਜਾਂ ਹੋਰ ਦਿੱਖ ਵਰਣਨ ਦੇ ਕੇ ਕੋਈ ਛੇੜਖਾਨੀ ਜਾਂ ਬੇਇਜ਼ਤੀ ਜਾਂ ਧਰਮ ਦੀ ਬੇਇੱਜ਼ਤੀ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਨੂੰ ਸਜ਼ਾ (ਜਿਸ ਦੀ ਮਿਆਦ ਤਿੰਨ ਸਾਲ ਤੱਕ ਵਧਾਈ ਜਾ ਸਕਦੀ ਹੈ) ਜਾਂ ਜੁਰਮਾਨਾ ਜਾਂ ਦੋਵੇਂ ਹੋ ਸਕਦੇ ਹਨ I ਚੇਤੇ ਰਹੇ ਕਿ ਇਸ ਤੋਂ ਪਹਿਲਾਂ ਗੁਰਦਾਸ ਮਾਨ ਵਲੋਂ ਜਦੋਂ ਪੰਜਾਬੀ ਬੋਲੀ ਨੂੰ ਦੂਜੇ ਦਰਜੇ ਤੇ ਰੱਖਣ ਸਬੰਧੀ ਇੱਕ ਵਿਅਕਤੀ ਨੇ ਉਸ ਤੋਂ ਜਵਾਬ ਦੇਹੀ ਕਰਨ ਦੀ ਕੋਸ਼ਿਸ਼ ਕੀਤੀ ਸੀ ਤਾਂ ਮਾਨ ਨੇ ਉਸ ਦਾ ਜਵਾਬ ਮਾੜੀ ਭਾਸ਼ਾ ਅਤੇ ਹਰਕਤਾਂ ਨਾਲ ਦਿੱਤਾ ਸੀ ਪਰ ਜਾਪਦਾ ਹੈ ਕਿ ਹੁਣ ਲੋਕਾਂ ਦੇ ਰੋਹ ਨੂੰ ਦੇਖਦਿਆਂ ਮਾਨ ਦੀ ਸੁਰਤ ਜਰੂਰ ਟਿਕਾਣੇ ਆ ਜਾਵੇਗੀ।

ਲੇਖਕਕੁਲਵੰਤ ਸਿੰਘ ਢੇਸੀ ਤਸਵੀਰ ਸਰੋਤ,BBC/KAMAL SAINI