image caption:

ਅਮਰੀਕਾ ‘ਚ ਨਿਕੋਲਸ ਤੂਫ਼ਾਨ ਨੇ ਟੈਕਸਸ ਅਤੇ ਲੁਸਿਆਨਾ ਵਿੱਚ ਭਾਰੀ ਤਬਾਹੀ ਮਚਾ ਦਿੱਤੀ

ਹਿਊਸਟਨ- ਅਮਰੀਕਾ ਵਿੱਚ ਨਿਕੋਲਸ ਤੂਫ਼ਾਨ ਨੇ ਟੈਕਸਸ ਅਤੇ ਲੁਸਿਆਨਾ ਵਿੱਚ ਮਜ਼ਬੂਤੀ ਨਾਲ ਦਸਤਕ ਦਿੰਦੇ ਹੋਏ ਭਾਰੀ ਤਬਾਹੀ ਮਚਾ ਦਿੱਤੀ ਹੈ। ਤੇਜ਼ ਹਵਾਵਾਂ ਨਾਲ ਸਮੁੰਦਰ ਵਿੱਚ ਤੂਫ਼ਾਨੀ ਲਹਿਰਾਂ ਚੱਲ ਰਹੀਆਂ ਹਨ। ਕੌਮੀ ਮੌਸਮ ਵਿਭਾਗ ਨੇ ਭਾਰੀ ਮਾਲੀ ਨੁਕਸਾਨ ਹੋਣ ਤੋਂ ਇਲਾਵਾ ਭਾਰੀ ਜਾਨੀ ਨੁਕਸਾਨ ਹੋਣ ਦੀ ਵੀ ਭਵਿੱਖਬਾਣੀ ਕੀਤੀ ਹੈ।
ਨੈਸ਼ਨਲ ਹਰੀਕੇਨ ਸੈਂਟਰ ਮੁਤਾਬਕ ਨਿਕੋਲਸ ਤੂਫ਼ਾਨ ਨੇ ਮਾਟਾਗਾਰਡਾ ਵਿੱਚ ਸਥਾਨਕ ਸਮੇਂ ਅਨੁਸਾਰ ਰਾਤ 1 ਵਜੇ ਦਸਤਕ ਦਿੱਤੀ। ਤੂਫ਼ਾਨ ਕਾਰਨ 120 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲੀਆਂ। ਟੈਕਸਸ ਵਿੱਚ ਤੂਫ਼ਾਨ ਦੇ ਦਸਤਕ ਦੇਣ ਤੋਂ ਇੱਕ ਦਿਨ ਬਾਅਦ ਇਹ ਲੁਸਿਆਨਾ ਪਹੁੰਚ ਜਾਵੇਗਾ।

ਇਸ ਨੂੰ ਮੱਦੇਨਜ਼ਰ ਰੱਖਦਿਆਂ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਲੁਸਿਆਨਾ ਵਿੱਚ ਐਮਰਜੰਸੀ ਐਲਾਨ ਦਿੱਤੀ ਹੈ। ਵਾਈਟ ਹਾਊਸ ਨੇ ਜਾਣਕਾਰੀ ਦਿੱਤੀ ਹੈ ਕਿ ਪ੍ਰਸ਼ਾਸਨ ਨੇ ਨਾਗਰਿਕਾਂ ਤੱਕ ਸਾਰੇ ਤਰ੍ਹਾਂ ਦੀ ਮਦਦ ਪਹੁੰਚਾਉਣ ਦਾ ਨਿਰਦੇਸ਼ ਦਿੱਤਾ ਹੈ। ਟੈਕਸਸ ਵਿੱਚ ਗਵਰਨਰ ਗ੍ਰੇਗ ਐਬਾਟ ਨੇ ਦੱਸਿਆ ਕਿ ਤੂਫ਼ਾਨ ਦਾ ਅਸਰ ਕਈ ਦਿਨ ਤੱਕ ਰਹੇਗਾ। ਹੜ੍ਹ ਨਾਲ ਨਜਿੱਠਣ ਲਈ ਹੈਲੀਕਾਪਟਰ ਅਤੇ ਮੋਟਰਬੋਟ ਤੈਨਾਤ ਕਰ ਦਿੱਤੀਆਂ ਗਈਆਂ ਹਨ।