image caption:

ਸਾਲ ਦੇ ਅਖੀਰ ਤੱਕ ਆਪਣੀਆਂ ਸਰਹੱਦਾਂ ਖੋਲ੍ਹੇਗਾ ਆਸਟ੍ਰੇਲੀਆ

 ਮੈਲਬਰਨ- ਆਸਟਰੇਲੀਆ ਦੇ ਵਿਦੇਸ਼ ਮੰਤਰੀ ਵੱਲੋਂ ਆਮ ਲੋਕਾਂ ਲਈ ਮਹਾਮਾਰੀ ਕਾਰਨ ਮਾਰਚ 2020 ਤੋਂ ਬੰਦ ਕੌਮਾਂਤਰੀ ਬਾਰਡਰ ਨੂੰ ਸਾਲ ਦੇ ਅੰਤ ਤੱਕ ਖੋਲ੍ਹੇ ਜਾਣ ਦੀ ਗੱਲ ਆਖੀ ਗਈ ਹੈ। ਇਸ ਟੀਚੇ ਨੂੰ ਪੂਰਾ ਕਰਨ ਲਈ 80 ਫ਼ੀਸਦ ਲੋਕਾਂ ਦਾ ਟੀਕਾਕਰਨ ਜ਼ਰੂਰੀ ਰੱਖਿਆ ਗਿਆ ਹੈ। ਹੁਣ ਤੱਕ ਕਰੀਬ 45 ਫੀਸਦ ਲੋਕਾਂ ਦੇ ਦੋ ਟੀਕੇ ਲੱਗ ਚੁੱਕੇ ਹਨ। ਇਸ ਦੇ ਨਾਲ ਹੀ ਅੱਜ ਸਰਕਾਰ ਨੇ ਕੌਮਾਂਤਰੀ ਕੰਪਨੀ ਨੂੰ ਠੇਕਾ ਦਿੱਤਾ ਹੈ ਜੋ ਹਵਾਈ ਅੱਡਿਆਂ  ਤੇ ਲਾਂਘਿਆਂ ਦੌਰਾਨ ਵਰਤੀ ਜਾਣ ਵਾਲੀ ਵਿਸ਼ੇਸ਼ ਮੋਬਾਈਲ ਐਪ ਬਣਾਏਗੀ। ਇਹ ਐਪ ਮੁਲਕ ਤੋਂ ਬਾਹਰ ਜਾਣ ਵਾਲਿਆਂ ਤੇ ਆਸਟਰੇਲੀਆ  ਚ ਆਉਣ ਵਾਲਿਆਂ ਦੇ ਟੀਕਿਆਂ ਦਾ ਰਿਕਾਰਡ ਰੱਖੇਗੀ। ਇਸ ਐਪ ਵਿਚਲਾ ਦੋ ਟੀਕਿਆਂ ਦਾ ਰਿਕਾਰਡ ਹਵਾਈ ਅੱਡਿਆਂ ਤੇ ਲਾਂਘੇ ਲਈ ਜ਼ਰੂਰੀ ਹੋਵੇਗਾ। ਹੋਰ ਮੁਲਕ ਵੀ ਆਪਣੇ ਹਵਾਈ ਅੱਡਿਆਂ  ਤੇ ਉਤਰਨ ਵਾਲੇ ਆਸਟਰੇਲਿਆਈ ਯਾਤਰੀਆਂ ਦਾ ਲਾਂਘੇ ਤੋਂ ਪਹਿਲਾਂ ਇਹ ਰਿਕਾਰਡ ਦੇਖ ਸਕਣਗੇ। ਇਸ ਡਿਜੀਟਲ ਪਾਸ ਦੀ ਮਦਦ ਨਾਲ ਮੁਲਕ  ਚ ਵਿਦਿਆਰਥੀ ਅਤੇ ਸਿੱਖਿਅਤ ਕਾਮੇ ਵੀ ਆ ਸਕਣਗੇ। ਹੁਣ ਤੱਕ ਸਿਰਫ਼ ਪੱਕੇ ਰਿਹਾਇਸ਼ੀਆਂ ਤੇ ਨਾਗਰਿਕਾਂ ਨੂੰ ਹੀ ਮੁੜ ਆਉਣ ਦੀ ਇਜਾਜ਼ਤ ਦਿੱਤੀ ਹੋਈ ਹੈ। ਜ਼ਿਕਰਯੋਗ ਹੈ ਕਿ ਕਰੀਬ ਡੇਢ ਸਾਲ ਤੋਂ ਆਸਟਰੇਲੀਆ ਨੇ ਆਪਣੇ ਨਾਗਰਿਕਾਂ ਦੇ ਮੁਲਕ ਤੋਂ ਬਾਹਰ ਜਾਣ ਉਤੇ ਪਾਬੰਦੀ ਲਾਈ ਹੋਈ ਹੈ ਜਦਕਿ ਅਤਿ ਜ਼ਰੂਰੀ ਕਾਰਨਾਂ ਲਈ ਵਿਦੇਸ਼ ਜਾਣਾ ਚਾਹੁੰਦੇ ਲੋਕਾਂ ਨੂੰ ਗ੍ਰਹਿ ਵਿਭਾਗ ਦੀ ਮਨਜ਼ੂਰੀ ਲੈਣੀ ਪੈ ਰਹੀ ਹੈ ਜੋ ਜ਼ਿਆਦਾਤਰ ਮਿਲਣੀ ਮੁਸ਼ਕਲ ਹੈ। ਇਸੇ ਤਰ੍ਹਾਂ ਬਾਹਰਲੇ ਮੁਲਕਾਂ ਵਿਚ ਬੈਠੇ ਵੱਡੀ ਗਿਣਤੀ ਆਸਟਰੇਲਿਆਈ ਵੀ ਹਾਲੇ ਤੱਕ ਇਨ੍ਹਾਂ ਪਾਬੰਦੀਆਂ ਕਾਰਨ ਆਸਟਰੇਲੀਆ ਵਾਪਸ ਆਉਣ ਦੀ ਉਡੀਕ ਕਰ ਰਹੇ ਹਨ।