image caption:

ਸੋਨੂ ਸੂਦ ਦੇ ਮੁੰਬਈ ਵਾਲੇ ਘਰ ਲਗਾਤਾਰ ਤੀਜੇ ਦਿਨ ਪਹੁੰਚੇ ਇਨਕਮ ਟੈਕਸ ਅਧਿਕਾਰੀ

ਨਵੀਂ ਦਿੱਲੀ: ਅਭਿਨੇਤਾ ਸੋਨੂ ਸੂਦ ਦੇ ਘਰ ਇਨਕਮ ਟੈਕਸ ਦੇ ਅਧਿਕਾਰੀ ਲਗਾਤਾਰ ਤੀਜੇ ਦਿਨ ਮੌਜੂਦ ਹਨ। ਸ਼ਿਵਸੈਨਾ ਤੇ ਆਮ ਆਦਮੀ ਪਾਰਟੀ ਦੋਵਾਂ ਹੀ ਇਸ ਛਾਪੇਮਾਰੀ ਦੀ ਟਾਈਮਿੰਗ ਉੱਤੇ ਸਵਾਲ ਚੁੱਕ ਰਹੇ ਹਨ। ਦੱਸ ਦਈਏ ਕਿ 48 ਸਾਲਾ ਅਭਿਨੇਤਾ ਸੋਨੂ ਨੇ ਕੋਰੋਨਾ ਮਹਾਮਾਰੀ ਦੌਰਾਨ ਲੋਕਾਂ ਦੀ ਮਦਦ ਕਰਕੇ ਕਾਫੀ ਪ੍ਰਸ਼ੰਸਾ ਹਾਸਲ ਕੀਤੀ ਸੀ। ਹਾਲ ਹੀ ਵਿਚ ਸੋਨੂ ਸੂਦ ਨੇ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨਾਲ ਮੁਲਾਕਾਤ ਕੀਤੀ ਸੀ। ਨਾਲ ਹੀ ਉਹ ਦਿੱਲੀ ਸਰਕਾਰ ਦੇ ਦੇਸ਼ ਦੇ ਮੈਂਟੋਰ ਪ੍ਰੋਗਰਾਮ ਦੇ ਬ੍ਰਾਂਡ ਅੰਬੈਸਡਰ ਵੀ ਬਣੇ ਸਨ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਸ ਮਾਮਲੇ ਉੱਤੇ ਟਵੀਟ ਵੀ ਕੀਤਾ ਸੀ ਕਿ ਸੱਚਾਈ ਦੇ ਰਾਸਤੇ ਉੱਤੇ ਲੱਖਾਂ ਮੁਸ਼ਕਲਾਂ ਆਉਂਦੀਆਂ ਹਨ ਪਰ ਜਿੱਤ ਹਮੇਸ਼ਾ ਸੱਚਾਈ ਦੀ ਹੁੰਦੀ ਹੈ। ਸੋਨੂ ਸੂਦ ਦੇ ਨਾਲ ਭਾਰਤ ਦੇ ਉਨ੍ਹਾਂ ਲੱਖਾਂ ਪਰਿਵਾਰਾਂ ਦੀਆਂ ਦੁਆਵਾਂ ਹਨ, ਜਿਨ੍ਹਾਂ ਨੂੰ ਮੁਸ਼ਕਿਲ ਦੀ ਘੜੀ ਵਿਚ ਸੋਨੂ ਸੂਦ ਦਾ ਸਾਥ ਮਿਲਿਆ ਸੀ।ਸੂਤਰਾਂ ਮੁਤਾਬਕ ਇਨਕਮ ਟੈਕਸ ਵਿਭਾਗ ਸੋਨੂ ਸੂਦ ਦੀ ਲਖਨਊ ਦੀ ਇਕ ਰਿਅਲ ਅਸਟੇਟ ਕੰਪਨੀ ਦੇ ਨਾਲ ਹੋਏ ਜਾਇਦਾਦ ਸੌਦੇ ਦੀ ਜਾਂਚ ਕਰ ਰਿਹਾ ਹੈ, ਜਿਨ੍ਹਾਂ ਦਾ ਦਾਅਵਾ ਹੈ ਕਿ ਸੋਨੂ ਸੂਦ ਦੀ ਕੰਪਨੀ ਤੇ ਲਖਨਊ ਦੀ ਇਕ ਰਿਅਲ ਅਸਟੇਟ ਫਰਮ ਦੇ ਵਿਚਾਲੇ ਹਾਲ ਦਾ ਸੌਦਾ ਜਾਂਚ ਦੇ ਦਾਇਰੇ ਵਿਚ ਹੈ। ਇਸ ਸੌਦੇ ਉੱਤੇ ਟੈਕਸ ਚੋਰੀ ਦੇ ਦੋਸ਼ਾਂ ਉੱਤੇ ਇਹ ਆਈਟੀ ਅਧਿਕਾਰੀ ਪਹੁੰਚੇ। ਵੈਸੇ ਇਸ ਨੂੰ ਇਨਕਮ ਟੈਕਸ ਸਰਵੇ ਕਿਹਾ ਜਾ ਰਿਹਾ ਹੈ।