image caption: ਜਥੇਦਾਰ ਮਹਿੰਦਰ ਸਿੰਘ ਖਹਿਰਾ ਯੂ ਕੇ

ਸਾਰਾਗੜ੍ਹੀ ਲੜਾਈ ਦੇ ਹੀਰੋ ਹਵਾਲਦਾਰ ਈਸ਼ਰ ਸਿੰਘ ਦੇ ਬੁੱਤ ਦੇ ਉਦਘਾਟਨ ਕਰਨ ਸਮੇਂ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਬਿਆਨਾਂ ਨੇ ਕਈ ਇਤਿਹਾਸਕ ਸੁਆਲ ਖੜ੍ਹੇ ਕੀਤੇ ਹਨ

ਬ੍ਰਿਟਿਸ਼ ਭਾਰਤੀ ਫੌਜ ਲਈ 10 ਹਜ਼ਾਰ ਅਫ਼ਗਾਨਾਂ ਨਾਲ ਲੜ ਕੇ ਕੁਰਬਾਨ ਹੋਣ ਵਾਲੇ 21 ਸਿੱਖ ਸ਼ਹੀਦਾਂ ਦੀ ਯਾਦ ਵਿੱਚ ਯੂ।ਕੇ। ਦੇ ਇਲਾਕੇ ਵੁਲਵਰਹੈਂਪਟਨ ਦੇ ਸ਼ਹਿਰ ਵਿੰਡਸਫੀਲਡ ਵਿਖੇ ਉਸਾਰੀ ਯਾਦਗਾਰ ਦੇ ਉਦਘਾਟਨ ਸਮੇਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਬੋਲਦਿਆਂ ਕਿਹਾ ਕਿ ਸਿੱਖ ਯੋਧਿਆਂ ਦੀ ਇਸ ਬਹਾਦਰੀ ਦੀ ਵਿਸ਼ਵ ਭਰ ਵਿੱਚ ਚਰਚਾ ਹੋਈ ਸੀ ਅਤੇ ਅੱਜ ਵੀ ਉਨ੍ਹਾਂ ਨੂੰ ਯਾਦ ਕੀਤਾ ਜਾਂਦਾ ਹੈ । ਗਿਆਨੀ ਹਰਪ੍ਰੀਤ ਸਿੰਘ ਜੀ ਨੇ ਹੋਰ ਕਿਹਾ ਕਿ ਇਸ ਘਟਨਾ ਤੋਂ ਬਾਅਦ ਲੋਕਾਂ ਵਿੱਚ ਸਿੱਖਾਂ ਬਾਰੇ ਜਾਨਣ ਦੀ ਉਤਸੁਕਤਾ ਹੋਈ । ਉਨ੍ਹਾਂ ਕਿਹਾ ਕਿ ਹਵਾਲਦਾਰ ਈਸ਼ਰ ਸਿੰਘ ਦੀ ਅਗਵਾਈ ਵਿੱਚ ਸਾਰਾਗੜ੍ਹੀ ਵਿੱਚ ਸਿੱਖ ਸਿੱਖੀ ਅਤੇ ਸਿੱਖ ਇਤਿਹਾਸ ਲਈ ਲੜੇ, ਕਿਉਂਕਿ ਉਹ ਵਾਪਸ ਆਉਣ ਦੇ ਹੁਕਮਾਂ ਦੇ ਬਾਵਜੂਦ ਵੀ ਪਿੱਛੇ ਨਹੀਂ ਹਟੇ । ਸਿੰਘ ਸਾਹਿਬ ਨੇ ਕਿਹਾ ਕਿ ਸਾਰਾਗੜ੍ਹੀ ਦੇ ਸਿੱਖ ਸ਼ਹੀਦ ਗ਼ੱਦਾਰ ਨਹੀਂ ਹਨ, ਬਲਕਿ ਸ੍ਰੀ ਦਰਬਾਰ ਸਾਹਿਬ &lsquoਤੇ ਹਮਲਾ ਕਰਨ ਵਾਲੇ ਬਰਾੜ ਵਰਗੇ ਗ਼ੱਦਾਰ ਹਨ, ਜਿਨ੍ਹਾਂ ਨੇ ਸਿੱਖਾਂ &lsquoਤੇ ਹੀ ਹਮਲਾ ਕੀਤਾ । ਉਨ੍ਹਾਂ ਹੋਰ ਕਿਹਾ ਕਿ ਇਸ ਤਰ੍ਹਾਂ ਬੁੱਤ ਲਗਾਉਣੇ ਬੁੱਤ-ਪੂਜਾ ਨਹੀਂ, ਸਗੋਂ ਇਤਿਹਾਸ ਪੇਸ਼ ਕਰਨ ਦਾ ਢੰਗ ਹੈ । (ਪੰਜਾਬ ਟਾਈਮਜ਼ 23-9-2021, ਅੰਕ ਨੰ: 2894) ਕਾਰਜਕਾਰੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਦਾ ਉਕਤ ਬਿਆਨ ਕਈ ਇਤਿਹਾਸਕ ਸੁਆਲ ਖੜ੍ਹੇ ਕਰਦਾ ਹੈ । ਗਿਆਨੀ ਹਰਪ੍ਰੀਤ ਸਿੰਘ ਜੀ ਇਸ ਗੱਲ &lsquoਤੇ ਬਹੁਤ ਜੋਰ ਦਿੰਦੇ ਹਨ ਕਿ ਸਾਨੂੰ ਸੰਵਾਦ ਕਰਨਾ ਚਾਹੀਦਾ ਹੈ । ਦਾਸ ਦੀ ਪਾਠਕਾਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਹੱਥਲੇ ਲੇਖ ਨੂੰ ਸੰਵਾਦ ਵਜੋਂ ਹੀ ਪੜ੍ਹਿਆ ਜਾਵੇ । 36ਵੀਂ ਸਿੱਖ ਰੈਜਮੈਂਟ ਦੇ 21 ਸਿੱਖ ਸਿਪਾਹੀਆਂ ਦੀ ਸਾਰਾਗੜ੍ਹੀ ਦੀ ਲੜਾਈ ਵਿੱਚ ਵਿਖਾਈ ਗਈ ਬਹਾਦਰੀ ਦੀ ਸ਼ਲਾਘਾ ਵਿਸ਼ਵ ਪੱਧਰ &lsquoਤੇ ਹੋਈ । ਸਾਰਾਗੜ੍ਹੀ ਦੀ ਇਹ ਲੜਾਈ 21 ਸਿੱਖ ਸਿਪਾਹੀਆਂ ਨੇ ਅਫ਼ਗਾਨੀ ਸਰਹੱਦ &lsquoਤੇ 10 ਹਜ਼ਾਰ ਪਠਾਣਾਂ ਤੇ ਅਫਰੀਕੀ ਕਬਾਈਲੀਆਂ ਨਾਲ ਬ੍ਰਿਟਿਸ਼ ਆਰਮੀ ਦੀ ਸਿੱਖ ਰੈਜਮੈਂਟ ਦਾ ਰੁੱਤਬਾ ਬੁਲੰਦ ਰੱਖਣ ਲਈ ਲੜੀ ਸੀ, ਨਾ ਕਿ ਸਿੱਖੀ ਅਤੇ ਸਿੱਖ ਇਤਿਹਾਸ ਬਚਾਉਣ ਲਈ !
  ਇੰਗਲੈਂਡ ਦੀ ਪਾਰਲੀਮੈਂਟ ਵਿੱਚ ਜਦ ਸਿੱਖਾਂ ਦੀ ਇਸ ਜੰਗ ਬਾਰੇ ਦੱਸਿਆ ਗਿਆ ਤਾਂ ਸਮੂਹ ਪਾਰਲੀਮੈਂਟ ਨੇ ਭਾਵੁਕ ਹੋ ਕੇ ਤੇ ਖੜ੍ਹੇ ਹੋ ਕੇ ਇਸ ਬਹਾਦਰੀ ਨੂੰ ਸਨਮਾਨਿਆ ਅਤੇ ਆਰਡਰ ਆਫ਼ ਮੈਰਿਟ ਕਲਾਸ-1 ਦਾ ਖ਼ਿਤਾਬ ਜੋ ਅੱਜ ਪਰਮਵੀਰ ਚੱਕਰ ਦੇ ਬਰਾਬਰ ਹੈ, ਦਾ ਖ਼ਿਤਾਬ ਸਾਰੇ ਸਿਪਾਹੀਆਂ ਲਈ ਐਲਾਨਿਆ, ਜਿਸ ਅਧੀਨ ਹਰੇਕ ਸਿਪਾਹੀ ਨੂੰ 500 ਰੁਪਏ ਅਤੇ 50 ਏਕੜ ਜ਼ਮੀਨ ਇਨਾਮ ਵਜੋਂ ਦਿੱਤੀ ਗਈ, ਇਥੇ ਹੀ ਬੱਸ ਨਹੀਂ ਭਾਰਤੀ ਫੌਜ ਦੀ ਸਿੱਖ ਰੈਜਮੈਂਟ ਲਈ 12 ਸਤੰਬਰ ਨੂੰ ਪੱਕੀ ਛੁੱਟੀ ਦਾ ਐਲਾਨ ਕੀਤਾ ਅਤੇ ਇਸ ਦਿਨ ਨੂੰ ਰੈਜਮੈਂਟ ਦਾ ਰੲਘਣਙੲਞਥਾਂਟ ਬਾਂਥਥਟੲ ਹੂਞੂEੜ ਦੇ ਤੌਰ &lsquoਤੇ ਮਨਾਇਆ ਜਾਂਦਾ ਹੈ । 
  ਹੁਣ ਇਥੇ ਵਿਚਾਰਨ ਯੋਗ ਤੱਥ ਇਹ ਹੈ ਕਿ ਜਿਹੜੇ ਸਿੱਖ ਫੌਜੀ ਯੂਨੀਅਨ ਜੈਕ ਦੇ ਝੰਡੇ ਹੇਠਾਂ ਲੜੇ, ਉਨ੍ਹਾਂ ਦਾ ਯੂਨੀਅਨ ਜੈਕ ਦੇ ਝੰਡੇ ਵਾਲੀ ਸਰਕਾਰ ਨੇ ਏਡਾ ਵੱਡਾ ਸਨਮਾਨ ਕੀਤਾ । ਪਰ ਦੂਜੇ ਪਾਸੇ ਤਿਰੰਗੇ ਝੰਡੇ ਹੇਠਾਂ ਲੜਨ ਵਾਲੇ ਸਿੱਖ ਸਿਪਾਹੀਆਂ ਨੂੰ ਦੇਸ਼ ਦੇ ਗ਼ੱਦਾਰ ਆਖ ਕੇ ਜ਼ਲੀਲ ਕੀਤਾ ਗਿਆ । ਸ: ਜਰਨੈਲ ਸਿੰਘ ਜਰਨਲਿਸਟ ਜਿਹੜੇ ਅੱਜ ਸਾਡੇ ਵਿੱਚ ਨਹੀਂ ਰਹੇ, ਉਨ੍ਹਾਂ ਦੀ ਲਿਖੀ ਕਿਤਾਬ, 1984 : ਸਿੱਖ ਕਤਲੇਆਮ ਦਾ ਸੱਚ ਦੇ ਪੰਨਾ 57-58 ਉੱਤੇ ਉਨ੍ਹਾਂ ਤਿਰੰਗੇ ਝੰਡੇ ਹੇਠਾਂ ਲੜਨ ਵਾਲੇ ਇਕ ਸਿੱਖ ਫੌਜੀ ਦੀ ਦਰਦਨਾਕ ਵਾਰਤਾ ਇਸ ਪ੍ਰਕਾਰ ਲਿਖੀ ਹੈ : 1965 ਤੇ 1971 ਦੀਆਂ ਜੰਗਾਂ ਵਿੱਚ ਲੋਹਾ ਲੈ ਚੁੱਕੇ ਮਹਾਂ ਸਿੰਘ ਨੂੰ ਨਹੀਂ ਸੀ ਪਤਾ ਕਿ 1984 ਵਿੱਚ ਉਸ ਦਾ ਆਪਣਾ ਘਰ ਵੀ ਇਕ ਸਰਹੱਦ ਬਣ ਜਾਵੇਗਾ ਅਤੇ ਉਸ ਪਾਰ ਉਹ ਦੇਸ਼ਵਾਸੀ ਹੀ ਦੁਸ਼ਮਣਾਂ ਦੇ ਤੌਰ &lsquoਤੇ ਖੜ੍ਹੇ ਹੋ ਜਾਣਗੇ, ਜਿਨ੍ਹਾਂ ਦੀ ਸੁਰੱਖਿਆ ਲਈ ਉਸ ਨੇ ਤਿਰੰਗੇ ਝੰਡੇ ਹੇਠਾਂ ਜੰਗਾਂ ਵਿੱਚ ਜਾਨ ਦੀ ਬਾਜ਼ੀ ਲਾ ਦਿੱਤੀ । ਮਹਾਂ ਸਿੰਘ ਦਾ ਪੁੱਤਰ ਇੰਦਰਪਾਲ ਸਿੰਘ ਉਦੋਂ 13 ਸਾਲ ਦਾ ਸੀ, ਉਸ ਨੇ ਦੱਸਿਆ ਕਿ ਮੇਰੇ ਨਿਹੱਥੇ ਫੌਜੀ ਪਿਤਾ ਨੂੰ ਭੀੜ ਨੇ ਸੰਬਲ (ਸਰੀਆ) ਮਾਰ ਕੇ ਹੇਠਾਂ ਸੁੱਟ ਲਿਆ, ਜਿਸ ਪਿਉ ਦੀ ਛਾਤੀ &lsquoਤੇ ਫੌਜ ਦੇ ਮੈਡਲ ਵੇਖਦੇ ਮਾਣ ਮਹਿਸੂਸ ਹੁੰਦਾ ਸੀ, ਅੱਜ ਉਸੇ ਦੀ ਛਾਤੀ &lsquoਤੇ ਉਹ ਲੋਕ ਡਾਂਗਾਂ ਵਰ੍ਹਾ ਰਹੇ ਸਨ, ਜਿਨ੍ਹਾਂ ਦੀ ਸੁਰੱਖਿਆ ਲਈ ਮੇਰੇ ਪਿਉ ਨੇ ਸਰਹੱਦਾਂ ਦੀ ਰਾਖੀ ਕਰਦਿਆਂ ਸਿਰ ਧੜ ਦੀ ਬਾਜੀ ਲਾਈ ਸੀ । ਹਿੰਸਕ ਭੀੜ ਨਾਅਰੇ ਲਾ ਰਹੀ ਸੀ, ਮਾਰੋ ਇਨ ਸਰਦਾਰੋਂ ਕੋ, ਦੇਸ਼ ਕੇ ਗ਼ੱਦਾਰੋਂ ਕੋ, ਜਦੋਂ ਭੀੜ ਨੇ ਮਹਾਂ ਸਿੰਘ ਨੂੰ ਬੁਰੀ ਤਰ੍ਹਾਂ ਮਾਰਨਾ ਸ਼ੁਰੂ ਕਰ ਦਿੱਤਾ ਤਾਂ ਕੁਝ ਗੁਆਂਢੀਆਂ ਨੇ ਅੱਗੇ ਆ ਕੇ ਕਿਹਾ, ਭਈ ਯੇਹ ਤੋਂ ਪੁਰਾਣੇ ਫੌਜੀ ਹੈਂ, ਦੇਸ਼ ਕੇ ਲੀਏ ਲੜੇ ਹੈਂ, ਹੁਣ ਭੀੜ ਵਿੱਚੋਂ ਇਕ ਅਵਾਜ਼ ਆਈ, ਫੌਜ ਮੇਂ ਥੇ ਤੋ ਕਿਯਾ ਹੂਆ, ਹੈ ਤੋਂ ਸਰਦਾਰ ਹੀ, ਸਰਦਾਰ ਗ਼ੱਦਾਰ ਹੀ ਹੋਤਾ ਹੈ । 
  ਪੰਜਾਬ ਤੇ ਕਸ਼ਮੀਰ ਦੇ ਰਾਖੇ ਸਿੱਖ ਜਰਨੈਲ, ਜਨਰਲ ਹਰਬਖ਼ਸ਼ ਸਿੰਘ ਨੇ 1965 ਦੀ ਜੰਗ ਸਮੇਂ ਤਿਰੰਗੇ ਝੰਡੇ ਨੂੰ ਨਮੋਸ਼ੀ ਤੋਂ ਬਚਾਇਆ ਸੀ । ਤੱਤਕਲੀਨ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਅਨੁਸਾਰ ਜਨਰਲ ਹਰਬਖ਼ਸ਼ ਸਿੰਘ ਸੈਨਾ ਮੁਖੀ ਬਣਨ ਦਾ ਹੱਕਦਾਰ ਸੀ, ਪਰ ਸ਼ਾਸਤਰੀ ਜੀ ਦੀ ਮੌਤ ਤੋਂ ਬਾਅਦ ਨਵੀਂ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਜਨਰਲ ਹਰਬਖ਼ਸ਼ ਸਿੰਘ ਨੂੰ ਸੈਨਾ ਦਾ ਮੁਖੀ ਨਹੀਂ ਬਣਨ ਦਿੱਤਾ ਅਤੇ ਉਸ ਨੂੰ ਸਮੇਂ ਤੋਂ ਪਹਿਲਾਂ ਸੇਵਾਮੁਕਤ ਕਰ ਦਿੱਤਾ । ਇਸ ਕਾਰਵਾਈ ਨੇ ਇਹ ਵੀ ਸਾਬਤ ਕਰ ਦਿੱਤਾ ਕਿ ਇੰਦਰਾ ਗਾਂਧੀ ਸਿੱਖਾਂ ਨਾਲ ਕਿੰਨੀ ਨਫ਼ਰਤ ਕਰਦੀ ਸੀ । ਇਸ ਇਤਿਹਾਸ ਨੂੰ ਇਥੇ ਸੰਕੋਚ ਕੇ ਅੱਗੇ ਤੁਰਦੇ ਹਾਂ । ਗਿਆਨੀ ਹਰਪ੍ਰੀਤ ਸਿੰਘ ਜੀ ਨੇ ਕਿਹਾ ਕਿ, ਸਾਰਾਗੜ੍ਹੀ ਦੇ ਸਿੱਖ ਸ਼ਹੀਦ ਗ਼ੱਦਾਰ ਨਹੀਂ ਹਨ । ਬਲਕਿ ਸ੍ਰੀ ਦਰਬਾਰ ਸਾਹਿਬ &lsquoਤੇ ਹਮਲਾ ਕਰਨ ਵਾਲਾ ਬਰਾੜ ਵਰਗੇ ਗ਼ੱਦਾਰ ਹਨ, ਜਿਨ੍ਹਾਂ ਨੇ ਸਿੱਖਾਂ &lsquoਤੇ ਹੀ ਹਮਲਾ ਕੀਤਾ । ਇਤਿਹਾਸਕ ਪੱਖੋਂ ਵਿਚਾਰ ਕੀਤੀ ਜਾਵੇ ਗਿਆਨੀ ਹਰਪ੍ਰੀਤ ਸਿੰਘ ਜੀ ਦੀ ਉਕਤ ਟਿੱਪਣੀ ਸ੍ਰੀ ਦਰਬਾਰ ਸਾਹਿਬ &lsquoਤੇ ਤੋਪਾਂ ਟੈਂਕਾਂ ਨਾਲ ਹੋਏ ਭਾਰਤੀ ਫੌਜ ਦੇ ਹਮਲੇ ਦੀ ਤਸਵੀਰ ਦਾ ਕੇਵਲ ਇਕ ਪਾਸਾ ਹੈ । 
  ਦਰਬਾਰ ਸਾਹਿਬ &lsquoਤੇ ਭਾਰਤੀ ਫੌਜੀ ਹਮਲੇ ਦੀ ਤਸਵੀਰ ਦਾ ਦੂਜਾ ਪਾਸਾ ਇਹ ਵੀ ਹੈ ਕਿ ਤਿਰੰਗੇ ਝੰਡੇ ਹੇਠ ਲੜਨ ਵਾਲੀ ਭਾਰਤੀ ਫੌਜ ਦੇ ਬਰਾੜ ਵਰਗੇ ਫੌਜੀ ਅਫਸਰਾਂ ਨੇ ਮੀਰੀ-ਪੀਰੀ ਦੇ ਨਿਸ਼ਾਨ ਹੇਠ ਲੜਨ ਵਾਲੇ ਜਨਰਲ ਸੁਬੇਗ ਸਿੰਘ ਤੇ ਵੀਹਵੀਂ ਸਦੀ ਦੇ ਮਹਾਨ ਸਿੱਖ ਸੰਤ ਜਰਨੈਲ ਸਿੰਘ ਖਾਲਸਾ ਅਤੇ ਉਨ੍ਹਾਂ ਦੇ 150 ਦੇ ਕਰੀਬ ਖਾਲਸਾ ਸਿਪਾਹੀਆਂ ਉੱਤੇ ਅਤਿ-ਆਧੁਨਿਕ ਹੱਥਿਆਰਾਂ ਤੋਪਾਂ ਟੈਕਾਂ ਨਾਲ ਹਮਲਾ ਕੀਤਾ, ਤਾਂ ਅੱਗਿਉਂ ਦੋਵੇਂ ਖਾਲਸਾ ਜਰਨੈਲਾਂ ਅਤੇ ਖਾਲਸਾ ਸਿਪਾਹੀਆਂ ਨੇ 70 ਘੰਟੇ ਫੌਜ ਦਾ ਮੁਕਾਬਲਾ ਕਰਕੇ ਸ਼ਹਾਦਤਾਂ ਪ੍ਰਾਪਤ ਕੀਤੀਆਂ । ਇਹ ਜੰਗ ਤਿਰੰਗੇ ਝੰਡੇ ਅਤੇ ਮੀਰੀ ਪੀਰੀ ਦੇ ਖਾਲਸਈ ਝੰਡੇ ਦਰਮਿਆਨ ਹੋਈ । ਇਸ ਜੰਗ ਦਾ ਹਾਲ ਸ਼੍ਰੀ ਕੇ। ਸੁੰਦਰ ਜੀ ਸੁੰਦਰ ਜੋ ਪੱਛਮੀ ਕਮਾਂਡ ਦੇ ਮੁਖੀ ਸਨ ਅਤੇ ਦਰਬਾਰ ਸਾਹਿਬ ਉੱਤੇ ਚੜ੍ਹਾਈ ਦੇ ਵੀ ਮੁਖੀ ਸਨ ਨੇ ਫੌਜੀ ਜਵਾਨਾਂ ਦੀਆਂ ਭਾਰੀ ਗਿਣਤੀ ਵਿੱਚ ਹੋਈਆਂ ਮੌਤਾਂ ਦਾ ਪ੍ਰਗਟਾਵਾ ਇਨ੍ਹਾਂ ਸ਼ਬਦਾਂ ਵਿੱਚ ਕੀਤਾ ਸੀ : ਹਮਾਰੇ ਜਵਾਨੋ ਮੇਂ ਸੇ ਬੀਸ ਪ੍ਰਤੀਸ਼ਤ ਕਾ ਮਾਰਾ ਜਾਨਾ ਭਾਰੀ ਨੁਕਸਾਨ ਹੈ, ਇਤਨੇ ਹਮਾਰੇ ਜਵਾਨ ਤੋ ਕਿਸੀ ਦੁਸ਼ਮਣ ਕੇ ਸਾਥ ਹੋਨੇ ਵਾਲੀ ਲੜਾਈ ਮੇਂ ਭੀ ਨਹੀਂ ਮਾਰੇ ਜਾਤੇ । (ਹਵਾਲਾ-ਦਲਬੀਰ ਸਿੰਘ ਪੱਤਰਕਾਰ, ਨੇੜਿਉਂ ਡਿੱਠੇ ਸੰਤ ਭਿੰਡਰਾਂਵਾਲੇ ਪੰਨਾ 18, ਪਹਿਲੀ ਐਡੀਸ਼ਨ ਅਪ੍ਰੈਲ 2000) 
  ਸਿੱਖਾਂ ਦੇ ਜੁਝਾਰੂ ਸੰਘਰਸ਼ ਜਾਂ ਆਜ਼ਾਦੀ ਸੰਘਰਸ਼ ਦੇ ਇਤਿਹਾਸ ਦੀ ਤਾਂ ਗੱਲ ਹੀ ਛੱਡੋ, ਭਾਰਤ ਲਈ ਲੜੀਆਂ ਗਈਆਂ ਜੰਗਾਂ ਵਿੱਚ ਵੀ ਸਿੱਖ ਫੌਜੀਆਂ ਦੀ ਬਹਾਦਰੀ ਨੂੰ ਵੀ ਇਤਿਹਾਸ ਵਿੱਚੋਂ ਮਨਫ਼ੀ ਕੀਤਾ ਜਾ ਰਿਹਾ ਹੈ । ਕਾਰਗਿਲ ਜੰਗ ਦੀ ਟਾਈਗਰ ਹਿੱਲ &lsquoਤੇ ਕਬਜ਼ੇ ਦੀ ਲੜਾਈ ਵਿੱਚ 8 ਸਿੱਖ ਰੈਜਮੈਂਟ ਦੀ ਬਹਾਦਰੀ ਅਤੇ ਕੁਰਬਾਨੀ ਨੂੰ ਇਸ ਸਬੰਧੀ ਬਣਾਈ ਗਈ ਡਾਕੂਮੈਂਟਰੀ ਵਿੱਚ ਵਿਖਾਇਆ ਹੀ ਨਹੀਂ ਗਿਆ । ਇਸ ਤੋਂ ਪਹਿਲਾਂ ਬਣੀ ਜੰਗ ਦੀ ਡਾਕੂਮੈਂਟਰੀ ਵਿੱਚ ਵੀ ਜੰਗ ਦੇ ਹੀਰੋ ਜਨਰਲ ਕੁਲਦੀਪ ਸਿੰਘ ਬਰਾੜ ਦਾ ਚਿਹਰਾ ਨਹੀਂ ਸੀ ਵਿਖਾਇਆ ਗਿਆ ।
  ਗਿਆਨੀ ਹਰਪ੍ਰੀਤ ਸਿੰਘ ਜੀ ਨੇ ਹੋਰ ਕਿਹਾ, ਬੁੱਤ ਲਗਾਉਣੇ ਬੁੱਤ ਪੂਜਾ ਨਹੀਂ, ਸਗੋਂ ਇਤਿਹਾਸ ਪੇਸ਼ ਕਰਨ ਦਾ ਢੰਗ ਹੈ । ਹੁਣ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਉਕਤ ਬਿਆਨ ਬਾਰੇ ਵਿਚਾਰਨ ਯੋਗ ਤੱਥ ਇਹ ਹੈ 
ਜੇ ਬੁੱਤ ਲਾਉਣੇ ਇਤਿਹਾਸ ਪੇਸ਼ ਕਰਨ ਦਾ ਢੰਗ ਹੈ ਤਾਂ ਫਿਰ ਪੰਜਾਬ ਵਿੱਚ ਸ੍ਰੀ ਅਕਾਲ ਤਖ਼ਤ ਢੁਹਾਉਣ ਵਾਲੀ ਇੰਦਰਾ ਗਾਂਧੀ ਅਤੇ ਨਵੰਬਰ 1984 ਨੂੰ ਨਿਰਦੋਸ਼ ਸਿੱਖਾਂ ਦਾ ਸਮੂਹਿਕ ਕਤਲੇਆਮ ਕਰਾਉਣ ਵਾਲੇ ਰਾਜੀਵ ਗਾਂਧੀ ਦਾ ਵੀ ਬੁੱਤ ਲੱਗਾ ਹੋਇਆ ਹੈ, ਫਿਰ ਇਹ ਦੋਵੇਂ ਬੁੱਤ ਕਿਸ ਇਤਿਹਾਸ ਦੀ ਤਰਜਮਾਨੀ ਕਰਦੇ ਹਨ । ਪੰਜਾਬ ਵਿੱਚ ਨਿਰਦੋਸ਼ ਸਿੱਖ ਜੁਆਨਾਂ ਨੂੰ ਅਣਪਛਾਤੀਆਂ ਲਾਸ਼ਾਂ ਬਣਾਉਣ ਵਾਲੇ ਬੇਅੰਤ ਸਿਉਂ ਦਾ ਬੁੱਤ ਵੀ ਲੱਗਾ ਹੋਇਆ ਹੈ । ਸਿੱਖ ਇਤਿਹਾਸ ਵਿੱਚ ਬੇਅੰਤ ਸਿਉਂ ਦਾ ਅਸਥਾਨ ਜਕਰੀਏ, ਤੇ ਮੀਰ ਮਨੂੰ ਵਰਗਿਆਂ ਦੇ ਬਰਾਬਰ ਹੈ । ਐਹੋ ਜਿਹੇ ਜਾਬਰ ਜ਼ਾਲਮ ਨੂੰ ਸੋਧਣ ਵਾਲੇ ਸਾਡੇ ਕੌਮੀ ਨਾਇਕ ਹਨ । ਬੇਅੰਤ ਸਿਉਂ ਨੂੰ ਸੋਧਣ ਵਾਲੀ ਸਾਰੀ ਟੀਮ ਦੀਆਂ ਫੋਟੋਆਂ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਲੱਗਣੀਆਂ ਚਾਹੀਦੀਆਂ ਹਨ ਤਾਂ ਕਿ ਸਿੱਖ ਕੌਮ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਇੰਦਰਾ ਗਾਂਧੀ, ਰਾਜੀਵ ਗਾਂਧੀ ਅਤੇ ਬੇਅੰਤ ਸਿਉਂ ਦੇ ਬੁੱਤਾਂ ਦੇ ਇਤਿਹਾਸ ਦਾ ਪਤਾ ਲੱਗ ਸਕੇ । ਕੌੜਾ ਸੱਚ ਤਾਂ ਇਹ ਹੈ ਕਿ ਕਾਰਜਕਾਰੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਦੀ ਸਤੰਬਰ 2021 ਦੀ ਯੂ।ਕੇ। ਫੇਰੀ ਕਈ ਵਿਵਾਦਾਂ ਦਾ ਕਾਰਣ ਬਣੀ ਹੈ । ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹੋਣ ਦਾ ਦਾਅਵਾ ਕਰਨ ਵਾਲੇ ਕੁਝ (ਸਾਰੇ ਨਹੀਂ) ਸਿੱਖ ਆਗੂ ਸ਼ੇਰ ਤੇ ਸ਼ਿਕਾਰੀ ਦੋਹਾਂ ਨਾਲ ਸਾਂਝ ਪਾ ਕੇ ਖਾਲਸਾ ਪੰਥ ਦਾ ਭਵਿੱਖ ਧੁੰਦਲਾ ਕਰ ਰਹੇ ਹਨ । ਅਤੇ ਜਾਣੇ ਅਣਜਾਣੇ ਵਿੱਚ ਕੁਝ ਸਿੱਖ ਨੌਜਵਾਨ ਵੀ (ਸਾਰੇ ਨਹੀਂ) ਸਿੱਖ ਧਰਮ ਤੇ ਸਿੱਖ ਇਤਿਹਾਸ ਬਾਰੇ ਬੇਲੋੜੇ ਸੁਆਲ ਖੜ੍ਹੇ ਕਰਕੇ ਪੰਥ ਵਿੱਚ ਵੰਡੀਆਂ ਪਾਉਣ ਵਾਲੀ ਭੂਮਿਕਾ ਨਿਭਾਅ ਰਹੇ ਹਨ । ਵਾਹਿਗੁਰੂ ਸਾਰਿਆਂ ਨੂੰ ਸੁਮੱਤ ਬਖ਼ਸ਼ੇ । ਜਾਣੇ ਅਣਜਾਣੇ ਵਿੱਚ ਕਿਸੇ ਦੀ ਸ਼ਾਨ ਦੇ ਖਿਲਾਫ਼ ਕੁਝ ਲਿਖਿਆ ਗਿਆ ਹੋਵੇ ਤਾਂ ਦਾਸ ਖਿਮਾਂ ਦਾ ਜਾਚਕ ਹੈ ।
ਗੁਰੂ ਪੰਥ ਦਾ ਦਾਸ
ਜਥੇਦਾਰ ਮਹਿੰਦਰ ਸਿੰਘ ਖਹਿਰਾ ਯੂ।ਕੇ।