image caption:

ਮੁੱਕੇਬਾਜ਼ ਮੈਨੀ ਪੈਕਿਆਓ ਨੇ ਖੇਡ ਤੋਂ ਸੰਨਿਆਸ ਲੈ ਲਿਆ

ਮਨੀਲਾ,- ਅੱਠ ਵਰਗਾਂ ਵਿੱਚ ਵਿਸ਼ਵ ਚੈਂਪੀਅਨ ਰਹੇ ਮਹਾਨ ਮੁੱਕੇਬਾਜ਼ ਮੈਨੀ ਪੈਕਿਆਓ ਨੇ ਖੇਡ ਨੂੰ ਅਲਵਿਦਾ ਕਹਿਣ ਦਾ ਐਲਾਨ ਕਰ ਦਿੱਤਾ ਹੈ।
ਫਿਲੀਪੀਂਸ ਦੇ ਸੀਨੇਟਰ 42 ਸਾਲ ਦੇ ਪੈਕਿਆਓ ਨੇ ਫੇਸਬੁਕ ਪੇਜ਼ ਉੱਤੇ 14 ਮਿੰਟ ਦੇ ਵੀਡੀਓ ਵਿੱਚ ਕਿਹਾ ਹੈ ਕਿ &lsquoਮੁੱਕੇਬਾਜ਼ੀ ਨੂੰ ਅਲਵਿਦਾ ਕਹਿੰਦੇ ਹੋਏ ਮੈਂ ਪੂਰੀ ਦੁਨੀਆ, ਖਾਸ ਕਰ ਕੇ ਆਪਣੇ ਦੇਸ਼ਵਾਸੀਆਂ ਨੂੰ ਧੰਨਵਾਦ ਦੇਣਾ ਚਾਹੁੰਦਾ ਹਾਂ, ਜਿਨ੍ਹਾਂ ਨੇ ਮੈਨੀ ਪੈਕਿਆਓ ਦੀ ਹੌਸਲਾ ਅਫਜ਼ਾਈ ਕੀਤੀ। ਅਲਵਿਦਾ ਮੁੱਕੇਬਾਜ਼ੀ। ਮੇਰੇ ਲਈ ਇਹ ਸਵੀਕਾਰ ਕਰਨਾ ਮੁਸ਼ਕਲ ਸੀ ਕਿ ਬਤੌਰ ਮੁੱਕੇਬਾਜ਼ ਮੇਰਾ ਸਮਾਂ ਪੂਰਾ ਹੋ ਗਿਆ ਹੈ।&rsquo ਪੈਕਿਆਓ ਨੇ ਆਪਣੇ 26 ਸਾਲਾ ਕਰੀਅਰ ਵਿੱਚ 72 ਮੁਕਾਬਲੇ ਖੇਡੇ ਅਤੇ 62 ਜਿੱਤੇ, ਅੱਠ ਹਾਰੇ ਅਤੇ ਦੋ ਡਰਾਅ ਰਹੇ। ਉਨ੍ਹਾਂ ਨੇ 62 ਵਿੱਚੋਂ 39 ਜਿੱਤਾਂ ਨਾਕਆਊਟ ਦੇ ਜ਼ਰੀਏ ਪ੍ਰਾਪਤ ਕੀਤੀਆਂ। ਉਨ੍ਹਾਂ ਨੇੇ 12 ਵਿਸ਼ਵ ਖਿਤਾਬ ਆਪਣੇ ਨਾਂਅ ਕੀਤੇ। ਅਗਸਤ ਵਿੱਚ ਉਹ ਨੇਵਾਡਾ ਵਿੱਚ ਡਬਲਯੂ ਬੀ ਏ ਵੈਲਟਰਵੇਟ ਖਿਤਾਬੀ ਮੁਕਾਬਲੇ ਵਿੱਚ ਕਿਊਬਾ ਦੇ ਮੁੱਕੇਬਾਜ਼ ਯੋਰਡੇਨਿਸ ਉਗਾਸ ਤੋਂ ਹਾਰ ਗਏ ਸਨ। ਦੋ ਸਾਲ ਵਿੱਚ ਇਹ ਉਨ੍ਹਾਂ ਦੀ ਪਹਿਲੀ ਫਾਈਟ ਸੀ। 2022 ਦੀ ਚੋਣ ਵਿੱਚ ਰਾਸ਼ਟਰਪਤੀ ਅਹੁਦੇ ਲਈ ਚੋਣ ਲੜਨ ਦਾ ਐਲਾਨ ਕਰ ਕੇ ਦੋ ਹਫਤੇ ਬਾਅਦ ਉਨ੍ਹਾਂ ਨੇ ਮੁੱਕੇਬਾਜ਼ੀ ਤੋਂ ਸੰਨਿਆਸ ਲੈਣ ਦਾ ਫੈਸਲਾ ਕੀਤਾ।