image caption:

ਔਰਤ ਨੂੰ ਬੰਧਕ ਬਣਾਉਣ ਵਾਲਾ ਸ਼ੱਕੀ ਵਿਅਕਤੀ ਪੁਲਿਸ ਦੀ ਕਾਰਵਾਈ ਵਿਚ ਮਾਰਿਆ ਗਿਆ

ਸੈਕਰਾਮੈਂਟੋ  (ਹੁਸਨ ਲੜੋਆ ਬੰਗਾ)- ਲਾਸ ਏਂਜਲਸ ਪੁਲਿਸ ਨੇ ਇਕ ਸ਼ੱਕੀ ਵਿਅਕਤੀ ਜੋ ਹਿੰਸਾ ਉਪਰ ਉਤਾਰੂ ਸੀ, ਨੂੰ ਗੋਲੀਆਂ ਮਾਰ ਕੇ ਢੇਰ ਕਰ ਦਿੱਤਾ। ਪੁਲਿਸ ਵਿਭਾਗ ਅਨੁਸਾਰ ਹਥਿਆਰ ਬੰਦ ਸ਼ੱਕੀ ਵਿਅਕਤੀ ਨੇ ਬਹੁਤ ਸਾਰੇ ਲੋਕਾਂ ਨੂੰ ਡਰਾਇਆ ਧਮਕਾਇਆ। ਉਸ ਨੇ ਇਕ ਸਟੋਰ ਵਿਚ ਦਾਖਲ ਹੋ ਕੇ ਗੋਲੀਆਂ ਚਲਾਈਆਂ ਜਿਨਾਂ ਵਿਚੋਂ ਇਕ ਗੋਲੀ ਇਕ 14 ਸਾਲਾ ਲੜਕੇ ਦੇ ਸਿਰ ਨਾਲ ਖਹਿ ਕੇ ਨਿਕਲ ਗਈ। ਉਸ ਨੂੰ ਸਥਾਨਕ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਪੁਲਿਸ ਵੱਲੋਂ ਸ਼ੱਕੀ ਦਾ ਪਿੱਛਾ ਕੀਤਾ ਗਿਆ। ਅੰਤ ਵਿਚ ਉਹ ਇਕ ਇਮਾਰਤ ਵਿਚ ਘੁੱਸ ਗਿਆ ਜਿਥੇ ਉਸ ਨੇ ਇਕ ਔਰਤ ਨੂੰ ਜਬਰਨ ਆਪਣੇ ਨਾਲ ਲਿਜਾਣ ਦੀ ਕੋਸ਼ਿਸ਼ ਕੀਤੀ। ਲਾਸ ਏਂਜਲਸ ਪੁਲਿਸ ਵਿਭਾਗ ਅਨੁਸਾਰ ਸ਼ੱਕੀ ਵੱਲੋਂ ਔਰਤ ਨੂੰ ਬੰਧਕ ਬਣਾ ਲੈਣ ਵਰਗੇ ਹਾਲਾਤ ਪੈਦਾ ਹੋ ਗਏ ਸਨ। ਉਸ ਨੇ ਔਰਤ ਦੇ ਸਿਰ ਉਪਰ ਬੰਦੂਕ ਤਾਣੀ ਹੋਈ ਸੀ। ਆਖਿਰ ਪੁਲਿਸ ਨੇ ਇਮਾਰਤ ਵਿਚ ਦਾਖਲ ਹੋ ਕੇ ਸ਼ੱਕੀ ਨੂੰ ਮਾਰ ਮੁਕਾਇਆ। ਬੰਧਕ ਬਣਾਈ ਔਰਤ ਨੂੰ ਜ਼ਖਮੀ ਹਾਲਤ ਵਿਚ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਪੁਲਿਸ ਨੇ ਘਟਨਾ ਸਥਾਨ ਤੋਂ ਇਕ ਗੰਨ ਬਰਾਮਦ ਕੀਤੀ ਹੈ। ਪੁਲਿਸ ਨੇ ਮਾਰੇ ਗਏ ਸ਼ੱਕੀ ਵਿਅਕਤੀ ਦਾ ਨਾਂ ਜਨਤਿਕ ਨਹੀਂ ਕੀਤਾ ਹੈ। ਪੁਲਿਸ ਮਾਮਲੇ ਦੀ ਬਰੀਕੀ ਨਾਲ ਜਾਂਚ ਕਰ ਰਹੀ ਹੈ।