image caption:

ਰਾਜਾ ਵੜਿੰਗ ਵੱਲੋਂ ਪ੍ਰਾਈਵੇਟ ਬੱਸਾਂ ਵਿੱਚ ਵੀ ਵਾਹਨ ਟ੍ਰੈਕਿੰਗ ਸਿਸਟਮ ਲਾਉਣ ਦਾ ਐਲਾਨ

ਚੰਡੀਗੜ੍ਹ,- ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਐਲਾਨ ਕੀਤਾ ਕਿ ਸਰਕਾਰ ਵੱਲੋਂ ਹਾਲ ਹੀ ਵਿੱਚ ਸ਼ੁਰੂ ਕੀਤੇ ਗਏ ਵਾਹਨ ਟ੍ਰੈਕਿੰਗ ਸਿਸਟਮ (ਵੀ.ਟੀ.ਐਸ.) ਨੂੰ ਅੱਗੇ ਵਧਾਉਂਦਿਆਂ ਹੁਣ ਇਹ ਪ੍ਰਣਾਲੀ ਸੂਬੇ ਵਿੱਚ ਚਲ ਰਹੀਆਂ ਸਾਰੀਆਂ ਪ੍ਰਾਈਵੇਟ ਬੱਸਾਂ ਵਿੱਚ ਵੀ ਲਗਾਈ ਜਾਵੇਗੀ।
ਇਥੇ ਪੰਜਾਬ ਰੋਡਵੇਜ਼ ਅਤੇ ਪਨਬਸ ਦੇ ਮੁੱਖ ਦਫ਼ਤਰ ਵਿਖੇ ਬੱਸ ਟ੍ਰੈਕਿੰਗ ਸਿਸਟਮ ਮੌਨੀਟਰਿੰਗ ਅਤੇ ਕੰਟਰੋਲ ਰੂਮ ਦੇ ਕੰਮਕਾਜ ਦੀ ਸਮੀਖਿਆ ਕਰਦਿਆਂ ਰਾਜਾ ਵੜਿੰਗ ਨੇ ਦੱਸਿਆ ਕਿ ਪ੍ਰਾਈਵੇਟ ਆਪ੍ਰੇਟਰਾਂ ਦੀਆਂ ਬੱਸਾਂ ਦੀ ਕਾਰਗੁਜ਼ਾਰੀ ਸੁਰੱਖਿਆ ਦੇ ਲਿਹਾਜ਼ ਨਾਲ ਤਸੱਲੀਬਖ਼ਸ਼ ਨਾ ਹੋਣ ਕਾਰਨ ਪ੍ਰਾਈਵੇਟ ਬੱਸਾਂ ਵਿੱਚ ਵੀ ਵਾਹਨ ਟ੍ਰੈਕਿੰਗ ਸਿਸਟਮ ਲਾਉਣਾ ਯਕੀਨੀ ਬਣਾਇਆ ਜਾਵੇਗਾ। ਇਸੇ ਦੌਰਾਨ ਟਰਾਂਸਪੋਰਟ ਮੰਤਰੀ ਨੇ ਸਿਸਟਮ ਦੇ ਕੰਮਕਾਜ ਦੀ ਜਾਂਚ ਕਰਨ ਲਈ ਵੱਖ-ਵੱਖ ਡਿਪੂਆਂ ਦੇ ਕਈ ਜਨਰਲ ਮੈਨੇਜਰਾਂ, ਡਰਾਈਵਰਾਂ ਅਤੇ ਕੰਡਕਟਰਾਂ ਨੂੰ ਫ਼ੋਨ ਕਰਕੇ ਸਿਸਟਮ ਦੀ ਕਾਰਜਕੁਸ਼ਲਤਾ ਚੈਕ ਕੀਤੀ।
ਟਰਾਂਸਪੋਰਟ ਮੰਤਰੀ ਨੇ ਦੱਸਿਆ ਕਿ ਇਹ ਸਿਸਟਮ ਹੁਣ ਤੱੱਕ ਪਨਬਸ/ਪੰਜਾਬ ਰੋਡਵੇਜ਼ ਦੀਆਂ 1450 ਬੱਸਾਂ ਵਿੱਚ ਲਾਗੂ ਕੀਤਾ ਜਾ ਚੁੱਕਾ ਹੈ, ਜੋ ਮਹਿਲਾਵਾਂ ਦੀ ਸੁਰੱਖਿਆ ਨੂੰ ਯਕੀਨੀ ਬਣਾ ਰਿਹਾ ਹੈ ਕਿਉਂਕਿ ਕਿਸੇ ਐਮਰਜੈਂਸੀ ਸਥਿਤੀ ਲਈ ਔਰਤਾਂ ਲਈ ਬੱਸਾਂ ਵਿੱਚ ਪੈਨਿਕ ਬਟਨ ਮੁਹੱਈਆ ਕਰਵਾਇਆ ਗਿਆ ਹੈ। ਇਸ ਤੋਂ ਇਲਾਵਾ ਬੱਸਾਂ ਦੇ ਪਾਰਦਰਸ਼ੀ ਅਤੇ ਸਮਾਂਬੱਧ ਆਉਣ-ਜਾਣ ਲਈ ਕੇਂਦਰੀ ਨਿਗਰਾਨੀ ਅਤੇ ਕੰਟਰੋਲ ਰੂਮ ਚੰਡੀਗੜ੍ਹ ਵਿਖੇ ਸਥਾਪਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਵੀ.ਟੀ.ਐਸ. ਰਾਹੀਂ ਬੱਸਾਂ ਦੀ ਤੇਜ਼ ਰਫ਼ਤਾਰ, ਗ਼ਲਤ ਢੰਗ ਨਾਲ ਬ੍ਰੇਕ ਲਗਾਉਣ ਅਤੇ ਤੇਜ਼ ਭਜਾਉਣ, ਬੱਸਾਂ ਦੀ ਰਾਤ ਠਹਿਰ, ਨਿਰਧਾਰਤ ਸਥਾਨਾਂ ਦੀ ਬਜਾਏ ਕਿਸੇ ਹੋਰ ਥਾਂ ਰੁਕਣਾ, ਬੱਸਾਂ ਦਾ ਢਾਬਿਆਂ 'ਤੇ 25 ਮਿੰਟਾਂ ਤੋਂ ਵੱਧ ਰੁਕਣਾ, ਰੂਟ ਬਦਲਣਾ, ਸ਼ਹਿਰਾਂ ਤੋਂ ਬਾਹਰ-ਬਾਹਰ ਲੰਘ ਜਾਣਾ, ਮਿੱਥੇ ਸਟਾਪ 'ਤੇ ਨਾ ਰੁਕਣਾ, ਕਾਊਂਟਰਾਂ ਤੋਂ ਬੱਸਾਂ ਦੇ ਆਉਣ ਅਤੇ ਜਾਣ ਦੀ ਅਸਲ ਸਮੇਂ ਦੀ ਨਿਗਰਾਨੀ, ਬੱਸਾਂ ਦੀ ਅਸਲ ਯਾਤਰਾ ਦੀ ਦੂਰੀ ਆਦਿ ਬਾਰੇ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਿਸਟਮ ਰਾਹੀਂ ਬੱਸਾਂ ਦੀ ਨਿਗਰਾਨੀ ਸਬੰਧਤ ਡਿਪੂਆਂ ਦੇ ਜਨਰਲ ਮੈਨੇਜਰਾਂ ਅਤੇ ਕੇਂਦਰੀ ਕੰਟਰੋਲ ਰੂਮ ਜ਼ਰੀਏ ਕੀਤੀ ਜਾ ਰਹੀ ਹੈ।