image caption:

ਪੰਜਾਬ ਦੇ ਵਪਾਰੀਆਂ ਨਾਲ ਅਰਵਿੰਦ ਕੇਜਰੀਵਾਲ ਨੇ ਕੀਤੇ 10 ਵਾਅਦੇ

-ਪੰਜਾਬ ਅੰਦਰ ਇੱਕ ਮੌਕਾ ਸਾਨੂੰ ਵੀ ਦਿਓ: ਅਰਵਿੰਦ ਕੇਜਰੀਵਾਲ
-'ਵਪਾਰੀਆਂ ਨਾਲ ਕੇਜਰੀਵਾਲ ਦੀ ਗੱਲਬਾਤ' ਪ੍ਰੋਗਰਾਮ ਤਹਿਤ ਜਲੰਧਰ 'ਚ ਬੋਲੇ ਦਿੱਲੀ ਦੇ ਮੁੱਖ ਮੰਤਰੀ
-ਪੰਜਾਬ 'ਚ 'ਆਪ' ਦੀ ਸਰਕਾਰ ਲਈ ਕੇਜਰੀਵਾਲ ਨੇ ਵਪਾਰੀਆਂ-ਕਾਰੋਬਾਰੀਆਂ ਅਤੇ ਉਦਯੋਗਪਤੀਆਂ ਦਾ ਸਾਥ ਮੰਗਿਆ
-ਭ੍ਰਿਸ਼ਟ ਇੰਸਪੈਕਟਰੀ ਰਾਜ ਅਤੇ ਲਾਲ ਫੀਤਾਸ਼ਾਹੀ ਸਮੇਤ ਸਾਰੇ ਘਿਸੇ ਪਿਟੇ ਕਾਨੂੰਨਾਂ ਦਾ ਕਰਾਂਗੇ ਖਾਤਮਾ: ਅਰਵਿੰਦ ਕੇਜਰੀਵਾਲ
-'ਆਪ' ਦੀ ਸਰਕਾਰ 'ਚ ਵਪਾਰੀਆਂ-ਕਾਰੋਬਾਰੀਆਂ ਅਤੇ ਉਦਯੋਗਪਤੀਆਂ ਦੀ ਰਹੇਗੀ ਪੂਰੀ ਭਾਗੀਦਾਰੀ, ਸਾਂਝੀ ਕਮੇਟੀ ਬਣਾਉਣ ਦਾ ਕੀਤਾ ਐਲਾਨ
-ਕਿਹਾ, ਵਪਾਰ-ਕਾਰੋਬਾਰ ਲਈ ਦਿੱਲੀ 'ਚ ਕ੍ਰਿਸ਼ਮਾ ਕਰਕੇ ਦਿਖਾਇਆ ਹੈ, ਪੰਜਾਬ 'ਚ ਵੀ ਕਰਕੇ ਦਿਖਾਵਾਂਗੇ
-ਭਗਵੰਤ ਮਾਨ, ਜਰਨੈਲ ਸਿੰਘ, ਰਾਘਵ ਚੱਢਾ, ਹਰਪਾਲ ਸਿੰਘ ਚੀਮਾ ਅਤੇ ਅਮਨ ਅਰੋੜਾ ਮੰਚ 'ਤੇ ਹਾਜ਼ਰ ਰਹੇ


ਜਲੰਧਰ- ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਜਲੰਧਰ ਦੇ ਵਪਾਰੀਆਂ ਤੇ ਕਾਰੋਬਾਰੀਆਂ ਨਾਲ ਉਦਯੋਗ, ਵਪਾਰ ਅਤੇ ਕਾਰੋਬਾਰ ਦੇ ਵਿਕਾਸ ਤੇ ਉਥਾਨ ਲਈ 10 ਵਾਅਦੇ ਕਰਦਿਆਂ ਉਨਾਂ ਨੂੰ 2022 ਵਿੱਚ ਬਣਨ ਵਾਲੀ 'ਆਪ' ਦੀ ਸਰਕਾਰ ਵਿੱਚ ਭਾਗੀਦਾਰ ਬਣਨ ਦੀ ਅਪੀਲ ਕੀਤੀ। ਕੇਜਰੀਵਾਲ ਨੇ ਵਪਾਰੀਆਂ -ਕਾਰੋਬਾਰੀਆਂ ਅਤੇ ਉਦਯੋਗਪਤੀਆਂ ਦਾ ਸਾਥ ਮੰਗਦਿਆਂ ਕਿਹਾ, ''ਤੁਸੀਂ ਕਾਂਗਰਸ- ਕੈਪਟਨ ਅਤੇ ਬਾਦਲਾਂ ਨੂੰ ਪਰਖ਼ ਕੇ ਦੇਖ ਲਿਆ ਹੈ, ਹੁਣ ਇੱਕ ਮੌਕਾ ਸਾਨੂੰ (ਆਮ ਆਦਮੀ ਪਾਰਟੀ) ਨੂੰ ਵੀ ਦਿਓ। ਸਾਨੂੰ ਕਾਰੋਬਾਰੀਆਂ ਕੋਲੋਂ ਫ਼ੰਡ ਨਹੀਂ ਚਾਹੀਦੇ, ਸਾਨੂੰ ਸਿਰਫ਼ ਸਾਥ ਚਾਹੀਦਾ ਹੈ।'' ਅਰਵਿੰਦ ਕੇਜਰੀਵਾਲ ਬੁੱਧਵਾਰ ਨੂੰ ਜਲੰਧਰ 'ਚ ਆਯੋਜਿਤ 'ਵਪਾਰੀਆਂ ਤੇ ਕਾਰੋਬਾਰੀਆਂ ਨਾਲ, ਕੇਜਰੀਵਾਲ ਦੀ ਗੱਲਬਾਤ' ਨਾਂ ਦੇ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ, ਜੋ ਜਲੰਧਰ ਸਮੇਤ ਪੰਜਾਬ ਦੇ ਕਾਰੋਬਾਰੀਆਂ ਅਤੇ ਵਪਾਰੀਆਂ ਨੂੰ ਦਰਪੇਸ਼ ਦਿੱਕਤਾਂ, ਸਮੱਸਿਆਵਾਂ ਅਤੇ ਉਨਾਂ ਦੇ ਹੱਲ ਲਈ ਸੁਝਾਅ ਲੈਣ ਦੇ ਮਕਸਦ ਨਾਲ 'ਆਪ' ਪੰਜਾਬ ਵੱਲੋਂ ਆਯੋਜਿਤ ਕੀਤਾ ਗਿਆ ਸੀ। ਉਨਾਂ ਪੰਜਾਬ ਦੇ ਉਦਯੋਗਪਤੀਆਂ, ਕਾਰੋਬਾਰੀਆਂ ਨੂੰ ਅਪੀਲ ਕੀਤੀ ਕਿ 'ਇੱਕ ਮੌਕਾ ਸਾਨੂੰ ਵੀ ਦੇਵੋ, ਬਾਕੀ ਸਾਰਿਆਂ ਨੂੰ ਭੁੱਲ ਜਾਵੋਗੇ' ਜਿਸ ਦੀ ਉਦਾਹਰਨ 'ਆਪ' ਦੀ ਦਿੱਲੀ ਸਰਕਾਰ ਨੇ ਲੋਕਾਂ ਅੱਗੇ ਪੇਸ਼ ਕੀਤੀ ਹੈ। ਉਨਾਂ ਕਿਹਾ ਕਿ ਵਪਾਰ-ਕਾਰੋਬਾਰ ਲਈ ਦਿੱਲੀ 'ਚ ਕ੍ਰਿਸ਼ਮਾ ਕਰਕੇ ਦਿਖਾਇਆ ਹੈ, ਪੰਜਾਬ 'ਚ ਵੀ ਕਰਕੇ ਦਿਖਾਵਾਂਗੇ। ਮੰਚ 'ਤੇ ਭਗਵੰਤ ਮਾਨ, ਜਰਨੈਲ ਸਿੰਘ, ਰਾਘਵ ਚੱਢਾ, ਹਰਪਾਲ ਸਿੰਘ ਚੀਮਾ ਅਤੇ ਅਮਨ ਅਰੋੜਾ ਵੀ ਹਾਜ਼ਰ ਸਨ।
ਅਰਵਿੰਦ ਕੇਜਰੀਵਾਲ ਨੇ ਪਹਿਲਾਂ ਕਾਰੋਬਾਰੀਆਂ ਅਤੇ ਵਪਾਰੀਆਂ ਕੋਲੋਂ ਸਮੱਸਿਆਵਾਂ ਅਤੇ ਹੱਲ ਸੁਣ ਕੇ ਪਹਿਲਾ ਵਾਅਦਾ ਕੀਤਾ ਇਹ ਕੀਤਾ, ''ਪੰਜਾਬ ਦੇ ਉਦਯੋਗਾਂ ਅਤੇ ਵਾਪਾਰ ਨੂੰ 24 ਘੰਟੇ ਅਤੇ ਨਿਰਵਿਘਨ ਬਿਜਲੀ ਸਪਲਾਈ ਦਿੱਤੀ ਜਾਵੇਗੀ, ਕਿਉਂਕਿ ਬਿਨਾਂ ਬਿਜਲੀ ਤੋਂ ਉਦਯੋਗ, ਵਪਾਰ ਅਤੇ ਘਰ ਨਹੀਂ ਚੱਲ ਸਕਦੇ।'' ਉਨਾਂ ਕਿਹਾ ਦਿੱਲੀ ਵਿੱਚ 'ਆਪ' ਦੀ ਸਰਕਾਰ ਬਣਨ ਤੋਂ ਪਹਿਲਾਂ ਬਿਜਲੀ ਦੇ ਲੰਮੇ ਲੰਮੇ ਕੱਟ ਲੱਗਦੇ ਹੁੰਦੇ ਸਨ, ਜੋ 'ਆਪ' ਦੀ ਸਰਕਾਰ ਬਣਨ ਤੋਂ ਬਾਅਦ ਬਿਲਕੁੱਲ ਬੰਦ ਹੋ ਗਏ ਹਨ। ਇਸੇ ਤਰਾਂ ਪੰਜਾਬ ਵਿੱਚ ਵੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਬਿਜਲੀ ਕੱਟ ਬੰਦ ਕਰ ਦਿੱਤੇ ਜਾਣਗੇ।
ਦੂਜਾ ਵਾਅਦਿਆਂ ਕਰਦਿਆਂ ਕੇਜਰੀਵਾਲ ਨੇ ਕਿਹਾ, ''ਇੰਸਪੈਕਟਰੀ ਰਾਜ ਅਤੇ ਲਾਲ ਫੀਤਾਸ਼ਾਹੀ ਪੂਰੀ ਤਰਾਂ ਖ਼ਤਮ ਕਰ ਦਿੱਤੇ ਜਾਣਗੇ ਅਤੇ ਪੁਰਾਣੇ ਗੈਰ ਲੋੜੀਂਦੇ ਕਾਨੂੰਨ ਰੱਦ ਕੀਤੇ ਜਾਣਗੇ ਅਤੇ ਬਾਕੀ ਸੁਧਾਰੇ ਜਾਣਗੇ ਤਾਂ ਜੋ ਤੁਸੀਂ ਵਧੋ, ਫੁਲੋ ਅਤੇ ਤਰੱਕੀਆਂ ਕਰੋ।'' ਉਨਾਂ ਦੱਸਿਆ ਕਿ ਦਿੱਲੀ ਵਿੱਚ ਵੀ ਇੰਸਪੈਕਟਰੀ ਰਾਜ ਖ਼ਤਮ ਕੀਤਾ ਗਿਆ, ਵੈਟ 7 ਫ਼ੀਸਦੀ ਘਟਾਇਆ ਗਿਆ ਸੀ, ਪਰ ਸਰਕਾਰ ਦੇ ਮਾਲੀਆ ਵਿੱਚ ਦੁਗਣਾ ਵਾਧਾ ਹੋਇਆ ਹੈ ਕਿਉਂਕਿ ਉਥੇ ਇੱਕ ਇਮਾਨਦਾਰ ਸਰਕਾਰ ਹੈ।
ਵੈਟ ਵਾਪਸੀ (ਰਿਫੰਡ) ਦਾ ਤੀਜਾ ਵਾਅਦਾ ਕਰਦਿਆਂ ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ ਕਿ 3 ਤੋਂ 6 ਮਹੀਨਿਆਂ ਵਿੱਚ ਵੈਟ ਵਾਪਸੀ ਦਾ ਪ੍ਰਬੰਧ ਕੀਤਾ ਜਾਵੇਗਾ ਕਿਉਂਕਿ ਵਪਾਰੀ ਲਈ ਸਮੇਂ ਸਿਰ ਪੈਸਾ ਬਹੁਤ ਜ਼ਿਆਦਾ ਅਹਿਮੀਅਤ ਰੱਖਦਾ ਹੈ।
ਕੇਜਰੀਵਾਲ ਨੇ ਚੌਥੇ ਵਾਅਦੇ ਰੂਪ 'ਚ ਉਦਯੋਗਿਕ ਖੇਤਰਾਂ ਵਿੱਚ ਵਿਧੀਬੱਧ ਢਾਂਚਾ (ਇਨਫਰਾਸਟੱਕਚਰ) ਉਸਾਰਨ ਲਈ ਵਿਸ਼ੇਸ਼ ਬਜਟ ਰੱਖਣ ਦਾ ਦਾਅਵਾ ਕੀਤਾ। ਉਨਾਂ ਕਿਹਾ ਕਿ ਪੰਜਾਬ ਦਾ 80 ਫ਼ੀਸਦ ਉਦਯੋਗ ਫੋਕਲ ਪੁਆਇੰਟਸ ਤੋਂ ਬਾਹਰ ਹੈ, ਜਿਸ ਦੇ ਵਿਸ਼ੇਸ਼ ਪੈਕਜ ਰੱਖਿਆ ਜਾਵੇਗਾ ਤਾਂ ਜੋ ਸੜਕਾਂ ਦਾ ਨਿਰਮਾਣ ਅਤੇ ਬਿਜਲੀ ਪਾਣੀ ਦਾ ਸੁਚੱਜਾ ਪ੍ਰਬੰਧ ਕੀਤਾ ਜਾ ਸਕੇ।
ਉਦਯੋਗਿਕ ਫੋਕਲ ਪੁਆਇੰਟਾਂ ਵਿੱਚ ਦਿੱਤੇ ਪਲਾਂਟਾਂ ਦੀ ਵਾਧੂ ਕੀਮਤ ਵਸੂਲੀ ਬੰਦ ਕਰਨ ਦਾ ਪੰਜਵਾਂ ਵਾਅਦਿਆਂ ਕਰਦਿਆਂ ਕੇਜਰੀਵਾਲ ਨੇ ਕਿਹਾ, ''ਉਦਯੋਗ, ਕਾਰੋਬਾਰ ਦਾ ਪਲਾਂਟ ਇੱਕ ਵਾਰ ਵੇਚਣ ਤੋਂ ਬਾਅਦ ਉਦਯੋਗਪਤੀ ਤੋਂ ਵਾਰ- ਵਾਰ ਪੈਸੇ ਲੈਣਾ ਉਨਾਂ ਦਾ 'ਖੂਨ ਨਿਚੋੜਨ' ਵਾਲਾ ਹੱਥਕੰਢਾ ਹੈ। ਜਦੋਂ ਸਰਕਾਰ ਨੇ ਉਦਯੋਗਿਕ ਖੇਤਰ ਦਾ ਪਲਾਟ ਇੱਕ ਵਾਰ ਵੇਚ ਦਿੱਤਾ ਤਾਂ ਫਿਰ ਹੋਰ ਵਾਧੂ ਪੈਸੇ ਵਸੂਲਣ ਦੀ ਲੋੜ ਨਹੀਂ।''
ਸੀ.ਐਲ.ਯੂ (ਚੇੇਂਅਜ਼ ਆਫ਼ ਲੈਂਡ ਯੂਜ਼) ਬਾਰੇ ਛੇਵਾਂ ਵਾਅਦਾ ਕਰਦਿਆਂ 'ਆਪ' ਦੇ ਕੌਮੀ ਕਨਵੀਨਰ ਨੇ ਕਿਹਾ, ''ਉਦਯੋਗਿਕ ਖੇਤਰ ਬਣਾ ਕੇ ਦਿੱਤੇ ਜਾਣ ਵਾਲੇ ਪਲਾਂਟਾਂ 'ਤੇ ਕਾਰੋਬਾਰੀ ਕੋਲੋਂ ਸੀ.ਐਲ.ਯੂ ਨਹੀਂ ਲਿਆ ਜਾਵੇਗਾ ਅਤੇ ਜ਼ਮੀਨ ਖ਼ਰੀਦਣ ਤੋਂ ਬਾਅਦ ਉਦਯੋਗ ਜਾਂ ਵਪਾਰ ਸਥਾਪਤ ਕਰਨ ਲਈ ਹੋਰ ਸਰਕਾਰੀ ਮਨਜ਼ੂਰੀਆਂ ਵੀ ਬੰਦ ਕਰ ਦਿੱਤੀਆਂ ਜਾਣਗੀਆਂ।
ਪੰਜਾਬ ਦੇ ਕਾਰੋਬਾਰੀਆਂ ਕੋਲੋਂ ਲਿਆ ਜਾਂਦਾ ਗੁੰਡਾ ਟੈਕਸ ਬੰਦ ਕਰਨ ਦਾ ਸੱਤਵਾਂ ਵਾਅਦਾ ਕਰਦਿਆਂ ਕੇਜਰੀਵਾਲ ਨੇ ਦੋਸ਼ ਲਾਇਆ ਕਿ ਪੰਜਾਬ ਦੇ ਕੁੱਝ ਮੰਤਰੀਆਂ ਅਤੇ ਵਿਧਾਇਕਾਂ ਵਲੋਂ ਗੁੰਡਾ ਵਸੂਲੀ ਕੀਤੀ ਜਾਂਦੀ ਹੈ, ਜੋ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ 'ਤੇ ਬੰਦ ਕੀਤੀ ਜਾਵੇਗੀ।
ਪੰਜਾਬ ਦੀ ਤਰੱਕੀ ਲਈ ਉਦਯੋਗਤੀਆਂ ਅਤੇ ਵਪਾਰੀਆਂ ਨੂੰ ਭਾਗੀਦਾਰ ਬਣਨ ਦਾ ਸੱਦਾ ਦਿੰੰਦਿਆਂ 'ਆਪ' ਆਗੂ ਨੇ ਅੱਠਵਾਂ ਵਾਅਦਾ ਕੀਤਾ, ''ਉਦਯੋਗਪਤੀਆਂ , ਵਪਾਰੀਆਂ ਅਤੇ ਸਰਕਾਰੀ ਨੁਮਾਇੰਦਿਆਂ ਦੀ ਇੱਕ ਸਾਂਝੀ ਕਮੇਟੀ (ਬਾਡੀ) ਬਣਾਈ ਜਾਵੇਗੀ, ਜਿਸ ਦਾ ਮੁਖੀ ਪੰਜਾਬ ਦਾ ਉਦਯੋਗ ਮੰਤਰੀ ਹੋਵੇਗਾ। ਇਹ ਕਮੇਟੀ ਹਰ ਮਹੀਨੇ ਬੈਠਕ ਕਰੇਗੀ ਅਤੇ ਤੁਰੰਤ ਫੈਸਲੇ ਕਰੇਗੀ। ਸਰਕਾਰ ਇਨਾਂ ਫ਼ੈਸਲਿਆਂ ਨੂੰ ਤੁਰੰਤ ਪ੍ਰਭਾਵ ਤੋਂ ਲਾਗੂ ਕਰੇਗੀ।''
ਦਸਵੇਂ ਵਾਅਦੇ ਵਿੱਚ ਕੇਜਰੀਵਾਲ ਨੇ ਛੋਟੇ ਉਦਯੋਗ ਅਤੇ ਐਮ.ਐਸ.ਐਮ.ਈ ਨੂੰ ਹੋਰ ਵਧਾਉਣ ਦੇ ਨਾਲ ਨਾਲ ਰੋਜ਼ਗਾਰ ਵਧਾਉਣ ਦਾ ਐਲਾਨ ਕੀਤਾ। ਉਨਾਂ ਉਦਯੋਗਪਤੀਆਂ ਤੋਂ ਵਾਅਦਾ ਲਿਆ ਕਿ ਉਦਯੋਗਾਂ ਦਾ ਵਿਕਾਸ ਹੋਣ 'ਤੇ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀਆਂ ਉਦਯੋਗਾਂ ਵਿੱਚ ਜ਼ਰੂਰ ਦੇਣਗੇ।
ਅਰਵਿੰਦ ਕੇਜਰੀਵਾਲ ਨੇ ਵਪਾਰੀਆਂ -ਕਾਰੋਬਾਰੀਆਂ ਨੂੰ ਅਪੀਲ ਕੀਤੀ ਕਿ ਜਲੰਧਰ ਸ਼ਹਿਰ ਦੀਆਂ ਸਾਰੀਆਂ ਵਿਧਾਨ ਸੀਟਾਂ ਜਿੱਤਾ ਕੇ 'ਆਪ' ਦੀ ਝੋਲੀ 'ਚ ਪਾਉਣ ਤਾਂ ਕਿ ਪੰਜਾਬ ਦੇ ਵਪਾਰ- ਕਾਰੋਬਾਰ ਨਾਲ ਸੰਬੰਧਿਤ ਫ਼ੈਸਲੇ 24 ਘੰਟਿਆਂ 'ਚ ਲਏ ਜਾ ਸਕਣ। ਵਪਾਰ- ਕਾਰੋਬਾਰ ਅਤੇ ਉਦਯੋਗ ਦੀ ਤਰੱਕੀ ਉਪਰੰਤ ਪੰਜਾਬ ਦੇ ਨੌਜਵਾਨਾਂ ਨੂੰ ਵਿਦੇਸ਼ ਜਾਣ ਦੀ ਲੋੜ ਨਹੀਂ ਪਵੇਗੀ।
ਇਸ ਤੋਂ ਪਹਿਲਾਂ 'ਆਪ' ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਪਾਰਟੀ ਮੁਖੀ ਅਰਵਿੰਦ ਕੇਜਰੀਵਾਲ ਅਤੇ ਉਦਯੋਗਪਤੀਆਂ ਸਵਾਗਤ ਕਰਦਿਆਂ ਕਿਹਾ, ''ਰਾਜਨੀਤੀ ਦੀ ਦਿਸ਼ਾ ਅਤੇ ਦਸ਼ਾ ਬਦਲ ਰਹੀ ਹੈ। ਵੱਡੀਆਂ ਵੱਡੀਆਂ ਪਾਰਟੀਆਂ 'ਆਪ' ਨੂੰ ਦੇਖ ਦੇ ਰਾਜਨੀਤਿਕ ਏਜੰਡੇ ਤੈਅ ਕਰਨ ਲੱਗੀਆਂ ਹਨ।'' ਉਨਾਂ ਦੋਸ਼ ਲਾਇਆ ਕਿ ਸੱਤਾਧਾਰੀਆਂ ਦੇ ਰਾਜ ਵਿੱਚ ਪੰਜਾਬ ਵਿਚੋਂ ਉਦਯੋਗ ਬਾਹਰ ਜਾ ਰਹੇ ਹਨ। ਮੰਡੀ ਗੋਬਿੰਦਗੜ ਤੋਂ ਲੈ ਕੇ ਧਾਰੀਵਾਲ ਗੁਰਦਾਸਪੁਰ ਤੱਕ ਦੇ ਉਦਯੋਗ ਅਤੇ ਵਾਪਾਰ ਹੋਰਨਾਂ ਰਾਜਾਂ ਵਿੱਚ ਚਲੇ ਗਏ ਹਨ ਕਿਉਂਕਿ ਇੱਥੇ ਕੋਈ ਉਦਯੋਗਿਕ ਨੀਤੀ ਹੀ ਨਹੀਂ ਹੈ।
ਇਸ ਮੌਕੇ ਜਲੰਧਰ ਦੇ ਵਪਾਰੀ ਅਤੇ ਕਾਰੋਬਾਰੀ ਸੰਗਠਨਾਂ ਦੇ ਆਗੂਆਂ ਨੇ ਕੇਜਰੀਵਾਲ ਨਾਲ ਆਪਣੀਆਂ ਸਮੱਸਿਆਵਾਂ ਅਤੇ ਸੁਝਾਅ ਸਾਂਝੇ ਕੀਤੇ। ਸਟੇਜ ਸਕੱਤਰ ਦੀ ਭੂਮਿਕਾ 'ਆਪ' ਦੇ ਵਿਧਾਇਕ ਅਮਨ ਅਰੋੜਾ ਵੱਲੋਂ ਨਿਭਾਈ ਗਈ ਅਤੇ ਉਨਾਂ ਕਿਹਾ, ''ਚਾਰ ਸੌ ਕਰੋੜ ਦਾ ਟੈਕਸ ਰਿਫੰਡ ਉਦਯੋਗਤੀਆਂ ਅਤੇ ਵਪਾਰੀਆਂ ਦਾ ਸਰਕਾਰ ਵੱਲ ਖੜਾ ਹੈ, ਪਰ ਸਰਕਾਰ ਨੇ ਸਵਾ ਦੋ ਲੱਖ ਕਾਰੋਬਾਰੀਆਂ ਨੂੰ ਹੋਰ ਤੰਗ ਪ੍ਰੇਸ਼ਾਨ ਕਰਨ ਲਈ ਨੋਟਿਸ ਭੇਜੇ ਹਨ।''
ਇਸ ਮੌਕੇ ਕੁਲਤਾਰ ਸਿੰਘ ਸੰਧਵਾਂ, ਮਾਸਟਰ ਬਲਦੇਵ ਸਿੰਘ, ਪ੍ਰੋ. ਬਲਜਿੰਦਰ ਕੌਰ, ਕੁਲਵੰਕ ਸਿੰਘ ਪੰਡੋਰੀ, ਪ੍ਰਿੰਸੀਪਲ ਬੁੱਧ ਰਾਮ (ਸਾਰੇ ਵਿਧਾਇਕ), ਸੂਬਾ ਖਜਾਨਚੀ ਨੀਨਾ ਮਿੱਤਲ, ਰਾਜਵਿੰਦਰ ਕੌਰ ਥਿਆੜਾ, ਸੁਰਿੰਦਰ ਸਿੰਘ ਸੋਢੀ, ਡਾ. ਸ਼ਿਵ ਦਿਆਲ ਮਾਲੀ, ਡਾ. ਸੰਜੀਵ ਸ਼ਰਮਾ, ਹਰਵਿੰਦਰ ਬਖਸ਼ੀ, ਕੁਲਤਾਰ ਸਿੰਘ ਪਹਿਲਵਾਨ, ਹਰਜੋਤ ਸਿੰਘ ਬੈਂਸ, ਰਤਨ ਸਿੰਘ ਕਾਕੜਾਕਲਾਂ, ਬਲਕਾਰ ਸਿੰਘ ਅਤੇ ਹੋਰ ਆਗੂ ਮੌਜੂਦ ਸਨ।
ਬਾਕਸ
'ਆਪ' ਨੇ ਦਿੱਤਾ ਕਾਂਗਰਸ ਅਤੇ ਬਾਦਲ ਦਲ ਨੂੰ ਝਟਕਾ
ਜਲੰਧਰ: ਬੁੱਧਵਾਰ ਨੂੰ ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸੱਤਾਧਾਰੀ ਕਾਂਗਰਸ ਅਤੇ ਅਕਾਲੀ ਦਲ ਬਾਦਲ ਨੂੰ ਝਟਕਾ ਦਿੱਤਾ। ਜਲੰਧਰ 'ਚ ਪਾਰਟੀ ਸੁਪਰੀਮੋਂ ਅਰਵਿੰਦ ਕੇਜਰੀਵਾਲ ਅਤੇ ਸੂਬਾ ਪ੍ਰਧਾਨ ਭਗਵੰਤ ਮਾਨ ਦੀ ਹਾਜ਼ਰੀ 'ਚ ਪਠਾਨਕੋਟ ਤੋਂ ਸੱਤਾਧਾਰੀ ਕਾਂਗਰਸ ਦੇ ਲਗਾਤਾਰ ਪੰਜ ਵਾਰ ਕੌਂਸਲਰ ਅਤੇ ਪਠਾਨਕੋਟ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਵਿਭੂਤੀ ਸ਼ਰਮਾ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਇਸਤਰੀ ਵਿੰਗ ਦੀ ਸੂਬਾ ਜਨਰਲ ਸਕੱਤਰ, ਬੀਰ ਪਿੰਡ ਦੀ ਲਗਾਤਾਰ 3 ਵਾਰ ਐਵਾਰਡ ਜੇਤੂ ਸਰਪੰਚ ਅਤੇ ਨਕੋਦਰ ਤੋਂ ਬਲਾਕ ਸੰਮਤੀ ਪ੍ਰਧਾਨ ਰਹੀ ਇੰਦਰਜੀਤ ਕੌਰ ਮਾਨ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਗਏ।