image caption:

ਬੇਅਦਬੀ ਮਾਮਲਾ: ਕੋਟਕਪੂਰਾ ਵਿਖੇ ਸਿੱਖ ਸੰਗਤਾਂ ਵੱਲੋਂ ਮਨਾਇਆ ਜਾ ਰਿਹਾ ਲਾਹਣਤ ਦਿਹਾੜਾ

ਫ਼ਰੀਦਕੋਟ: ਅਕਤੂਬਰ 2015 ਵਿੱਚ ਵਾਪਰੀ ਬਰਗਾੜੀ ਘਟਨਾ ਦੇ ਵਿਰੋਧ ਵਿੱਚ ਕੋਟਕਪੂਰਾ  ਵਿਖੇ ਬੱਤੀਆਂ ਵਾਲਾ ਚੌਂਕ ਵਿੱਚ ਸਿੱਖ ਸੰਗਤਾਂ ਵੱਲੋਂ ਲਾਹਣਤ ਦਿਹਾੜਾ ਮਨਾਇਆ ਜਾ ਰਿਹਾ ਹੈ। ਇਸੇ ਸੰਬੰਧ ਵਿੱਚ ਸਿੱਖ ਸੰਗਤਾਂ ਕੋਟਕਪੂਰਾ ਵਿਖੇ ਬੱਤੀਆਂ ਵਾਲਾ ਚੌਂਕ ਅਤੇ ਬਹਿਬਲਕਲਾਂ ਵਿਖੇ ਧਰਨਾ ਲਗਾ ਕੇ ਸ਼ਾਂਤਮਈ ਰੋਸ਼ ਪ੍ਰਦਰਸ਼ਨ ਕਰ ਰਹੀਆਂ ਹਨ। ਦੱਸ ਦੇਈਏ ਕਿ ਅਕਤੂਬਰ 2015 ਵਿੱਚ ਬਰਗਾੜੀ ਵਿਖੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਘਟਨਾ ਵਾਪਰੀ ਸੀ, ਪਰ ਅਜੇ ਤੱਕ ਇਸ ਮਾਮਲੇ ਦੀ ਕਾਰਵਾਈ ਨਹੀਂ ਕੀਤੀ ਗਈ। ਇਸ ਸੰਬੰਧੀ ਸਿੱਖ ਸੰਗਤ ਦੇ ਮਨਾਂ ਵਿੱਚ ਭਾਰੀ ਰੋਸ਼ ਹੈ। ਇਸ ਘਟਨਾ ਨੂੰ 6 ਸਾਲ ਬੀਤ ਚੁੱਕੇ ਹਨ, ਪਰ ਅਜੇ ਤੱਕ ਇਨਸਾਫ ਨਹੀਂ ਮਿਲਿਆ। ਇਸਦੇ ਨਾਲ ਹੀ ਸਿੱਖ ਸੰਗਤ ਨੇ ਬਾਦਲ ਪਰਿਵਾਰ ਨੂੰ ਰੋਸ਼ ਵਜੋ ਲਾਹਨਤ ਪੱਤਰ ਵੀ ਜਾਰੀ ਕੀਤਾ ਹੈ।

ਇਸ ਮੌਕੇ ਗੱਲਬਾਤ ਕਰਦਿਆਂ ਦਰਬਾਰ ਏ ਖਾਲਸਾ ਦੇ ਆਗੂ ਅਤੇ ਸਿੱਖ ਪ੍ਰਚਾਰਕ ਭਾਈ ਹਰਜਿੰਦਰ ਸਿੰਘ ਮਾਂਝੀ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਨਾਲ ਆਢਾ ਲਗਾਉਣ ਵਾਲਿਆਂ ਨੂੰ ਹਮੇਸ਼ਾਂ ਤਿਰਸਕਾਰ ਦੇ ਭਾਗੀ ਬਣਨਾ ਪਿਆ ਹੈ। ਉਹਨਾਂ ਕਿਹਾ ਕਿ ਆਪਣੇ ਆਪ ਨੂੰ ਪੰਥਕ ਸਰਕਾਰ ਕਹਿਣ ਵਾਲੀ ਆਕਾਲੀ ਦਲ ਸਰਕਾਰ ਦੇ ਰਾਜ ਵਿੱਚ ਇਹ ਘਟਨਾ ਵਾਪਰੀ, ਜੋ ਕਿ ਇੱਕ ਲਾਹਨਤ ਦੀ ਗੱਲ ਹੈ। ਕਾਂਗਰਸ ਸਰਕਾਰ  ਦੇ ਰਾਜ ਵਿੱਚ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀ ਬੇਅਦਬੀ ਮਾਮਲਿਆਂ ਦੇ ਸੰਬੰਧ ਵਿੱਚ ਬਣਦੀ ਕਾਰਵਾਈ ਨਹੀਂ ਕੀਤੀ ਗਈ ।

ਉਹਨਾਂ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਅਪੀਲ ਕੀਤੀ ਕਿ ਬੇਅਦਬੀ ਮਾਮਲਿਆਂ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਦੋਸ਼ੀਆਂ ਨੂੰ ਜਲਦ ਸਜ਼ਾਵਾਂ ਦਿੱਤੀਆਂ ਜਾਣ। ਇਸ ਮੌਕੇ ਗੱਲਬਾਤ ਕਰਦਿਆਂ ਧਰਨੇ ਵਿਚ ਸ਼ਮੂਲੀਅਤ ਕਰਨ ਪਹੁੰਚੇ ਐਮਐਲਏ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿਹਾ ਸਰਕਾਰ ਵੱਲੋਂ ਬੇਅਦਬੀ ਮਾਮਲਿਆਂ 'ਤੇ ਸਿਰਫ ਸਿਆਸਤ ਕੀਤੀ ਜਾ ਰਹੀ ਹੈ।