image caption:

ਅੱਖਰ-ਕਾਰੀ ‘ਚ ਨਿਪੁੰਨ ਸਟੇਟ ਅਵਾਰਡੀ ਮੈਡਮ ਮਨਦੀਪ ਕੌਰ

ਅਧਿਆਪਕ ਕੌਮ ਦਾ ਨਿਰਮਾਤਾ ਹੈ ।ਉਸਦੇ ਪੜ੍ਹਾਏ ਬੱਚੇ ਕੱਲ੍ਹ ਦੇ ਨੇਤਾ ਬਣ ਕੇ ਦੇਸ਼ ਦੀ ਵਾਂਗ ਡੋਰ ਸੰਭਾਲਣਗੇ ।ਬੱਚਿਆਂ ਨੂੰ ਪ੍ਰਾਇਮਰੀ ਸਿੱਖਿਆ ਸਮੇਂ ਅਧਿਆਪਕਾਂ ਵਲੋਂ ਜੋ ਪੜ੍ਹਾਇਆ-ਸਿਖਾਇਆ ਜਾਂਦਾ ਹੈ,ਉਹ ਉਨ੍ਹਾਂ ਦੇ ਮਨਾਂ ਵਿੱਚ ਸਦਾ ਲਈ ਵਸ ਜਾਂਦਾ ਹੈ ਕਿਉਂ ਕਿ ਬੱਚਾ ਕੱਚੀ ਕਲੀ ਵਾਂਗ ਹੁੰਦਾ ਹੈ ਉਸ ਨੂੰ ਜਿਧਰ ਮਰਜ਼ੀ ਮੋੜ ਲਵੋ।ਸੋ ਇੱਕ ਆਦਰਸ਼ ਅਧਿਆਪਕ ਆਪਣੇ ਬੱਚਿਆਂ ਦੇ ਵਧੀਆ ਭਵਿੱਖ ਦੀ ਹਮੇਸ਼ਾ ਕਾਮਨਾ ਕਰਦਾ ਹੈ । ਇਹੋ ਜਿਹੇ ਹੀ ਅਧਿਆਪਕਾ ਹਨ ਸ੍ਰੀਮਤੀ ਮਨਦੀਪ ਕੌਰ ਜੋ ਸਰਕਾਰੀ ਪ੍ਰਾਇਮਰੀ ਸਕੂਲ ਮਾਝੀ ਵਿਖੇ ਬਤੌਰ ਈ.ਟੀ.ਟੀ. ਅਧਿਆਪਕਾ ਸੇਵਾ ਨਿਭਾ ਰਹੇ ਹਨ ।
ਮਨਦੀਪ ਕੌਰ ਦਾ ਜਨਮ ਪਿੰਡ ਗੱਜਣਮਾਜਰਾ ( ਸੰਗਰੂਰ) ਵਿਖੇ ਸ. ਬਲਵੀਰ ਸਿੰਘ ਦੇ ਘਰ ਮਾਤਾ ਸ੍ਰੀਮਤੀ ਅਮਰਜੀਤ ਕੌਰ ਦੀ ਕੁੱਖੋਂ 6ਦਸੰਬਰ 1980 ਨੂੰ ਹੋਇਆ ।ਉਸ ਨੇ ਪੰਜਵੀਂ ਤੱਕ ਦੀ ਪੜ੍ਹਾਈ ਸ.ਪ੍ਰ.ਸ. ਗੱਜਣਮਾਜਰਾ ਤੋਂ ਪ੍ਰਾਪਤ ਕੀਤੀ ਅਤੇ ਦਸਵੀਂ ਤੱਕ ਦੀ ਪੜ੍ਹਾਈ ਲਾਗਲੇ ਪਿੰਡ ਭਰਥਲਾ ਮੰਡੇਰ ਦੇ ਸਰਕਾਰੀ ਹਾਈ ਸਕੂਲ ਤੋਂ 1996 ਵਿੱਚ ਪ੍ਰਾਪਤ ਕੀਤੀ।ਸ਼ੁਰੂ ਤੋਂ ਹੀ ਉਹ ਮਿਹਨਤੀ ਅਤੇ ਹੁਸ਼ਿਆਰ ਰਹੀ ।ਗਿਆਰਵੀਂ ਤੋਂ ਬੀ.ਏ. ਤੱਕ ਦੀ ਪੜ੍ਹਾਈ ਉਸ ਨੇ ਸਰਕਾਰੀ ਕਾਲਜ ਮਾਲੇਰਕੋਟਲਾ ਤੋਂ 2001 ਵਿੱਚ ਪੂਰੀ ਕਰ ਲਈ । ਅਧਿਆਪਕ ਬਣਨ ਦਾ ਸੁਪਨਾ ਲੈ ਕੇ ਉਸ ਨੇ ਬੀ.ਐਡ. ਲੁਧਿਆਣੇ ਦੇ ਡੀ.ਡੀ. ਜੈਨ ਕਾਲਜ ਤੋੰ 2002 ਵਿੱਚ ਕਰ ਲਈ ।ਸਿੱਖਿਆ ਵਿਭਾਗ ਵਲੋਂ 2008 ਵਿੱਚ ਟੀਚਿੰਗ ਫੈਲੋਜ਼ ਦੀ ਭਰਤੀ ਕਰਨ ਸਮੇਂ ਮਨਦੀਪ ਕੌਰ ਦੀ ਨਿਯੁਕਤੀ ਬਤੌਰ ਈ.ਟੀ.ਟੀ. ਅਧਿਆਪਕਾ ਹੋਣ &lsquoਤੇ ਉਸ ਨੇ ਸ.ਪ੍ਰ.ਸ. ਬਖਤੜੀ ਵਿਖੇ ਪਹਿਲੀ ਹਾਜ਼ਰੀ ਦਿੱਤੀ। ਜੁਲਾਈ 2014 ਵਿੱਚ ਉਹ ਬਦਲੀ ਕਰਵਾ ਕੇ ਸ.ਪ੍ਰ.ਸ. ਮਾਝੀ ਵਿਖੇ ਆ ਗਏ।ਇਥੇ ਉਹ 2015 ਤੋਂ ਲਗਾਤਾਰ ਸਮਰ ਕੈਂਪ ਲਗਾ ਕੇ ਬੱਚਿਆਂ ਦੀ ਸਖਸ਼ੀਅਤ ਨੂੰ ਨਿਖਾਰਨ ਲਈ ਵੱਖ-ਵੱਖ ਗਤੀਵਿਧੀਆਂ ਕਰਵਾ ਰਹੇ ਹਨ ।ਉਨ੍ਹਾਂ ਨੇ ਖੇਡਾਂ ਵਿੱਚ ਹਰ ਸਾਲ 15 ਤੋਂ 20 ਬੱਚਿਆਂ ਨੂੰ ਜਿਲ੍ਹਾ ਪੱਧਰ ਤੱਕ ਭਾਗ ਦਿਵਾਇਆ ਅਤੇ ਪੁਜ਼ੀਸ਼ਨਾਂ ਵੀ ਪ੍ਰਾਪਤ ਕੀਤੀਆਂ । ਵਿਦਿਅਕ ਮੁਕਾਬਲਿਆਂ ਵਿੱਚ ਹਰ ਸਾਲ ਮਾਝੀ ਸਕੂਲ ਦੇ ਬੱਚੇ ਅੱਵਲ ਆ ਰਹੇ ਹਨ ।ਮਨਦੀਪ ਕੌਰ ਆਪ ਸੁੰਦਰ ਲਿਖਾਈ ਲਿਖਣ &lsquoਚ ਨਿਪੁੰਨ ਹਨ ।ਉਹ ਹਰ ਸਾਲ ਸੁੰਦਰ ਲਿਖਾਈ ਦਾ ਕੈਂਪ ਲਾ ਕੇ ਬੱਚਿਆਂ ਦੀ ਹੱਥ-ਲਿਖਤ ਸੁੰਦਰ ਬਣਾਉਣ ਦੀ ਹਰ ਸੰਭਵ ਕੋਸ਼ਿਸ਼ ਕਰਦੇ ਹਨ , ਜਿਸ ਵਿੱਚ ਉਹ ਕਾਮਯਾਬ ਵੀ ਹੋ ਰਹੇ ਹਨ ।ਇਸੇ ਕਰਕੇ ਉਨ੍ਹਾਂ ਨੇ ਆਨ-ਲਾਈਨ ਅੱਖਰਕਾਰੀ ਵਿੱਚ ਰਿਸੋਰਸ ਪਰਸਨ ਦੀ ਭੂਮਿਕਾ ਨਿਭਾ ਕੇ ਆਪਣਾ ਯੋਗਦਾਨ ਪਾਇਆ ।ਉਨ੍ਹਾਂ ਸਕੂਲ ਦੇ ਸਟਾਫ ਨਾਲ ਮਿਲ ਕੇ ਪਿਛਲੇ ਸਾਲ ਵੀਹ ਪ੍ਰਤੀਸ਼ਤ ਅਤੇ ਇਸ ਸਾਲ ਪੰਦਰਾਂ ਪ੍ਰਤੀਸ਼ਤ ਦਾਖਲਿਆਂ ਵਿੱਚ ਵਾਧਾ ਕੀਤਾ । ਉਨ੍ਹਾਂ ਦੀ ਯੋਗ ਅਗਵਾਈ ਹੇਠ ਮਾਝੀ ਸਕੂਲ ਦੀ ਜਸ਼ਨਪ੍ਰੀਤ ਕੌਰ ਨੇ 2017 ਵਿੱਚ ਸੁੰਦਰ ਲਿਖਾਈ ਮੁਕਾਬਲੇ ਵਿੱਚ ਜਿਲ੍ਹਾ ਸੰਗਰੂਰ &lsquoਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ । ਨਵਦੀਪ ਕੌਰ ਨੇ 2019 ਵਿੱਚ ਲੇਖ ਮੁਕਾਬਲੇ ਵਿੱਚ ਪੰਜਾਬ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰਕੇ ਸਕੂਲ ਦਾ ਨਾਂ ਉੱਚਾ ਕੀਤਾ ।ਲਾਕਡਾਊਨ ਦੌਰਾਨ ਸਕੂਲ ਦੇ 4 ਬੱਚਿਆਂ ਨੇ ਬਲਾਕ ਪੱਧਰ ਦੇ ਵਿਦਿਅਕ ਮੁਕਾਬਲੇ ਵਿੱਚ ਪਹਿਲਾ ਅਤੇ ਇੱਕ ਬੱਚੇ ਨੇ ਦੂਜਾ ਸਥਾਨ ਪ੍ਰਾਪਤ ਕੀਤਾ ।ਇਸੇ ਦੌਰਾਨ ਉਨ੍ਹਾਂ ਨੇ ਸਕੂਲ ਦਾ ਯੂ-ਟਿਊਬ ਚੈਨਲ ਬਣਾ ਕੇ ਬੱਚਿਆਂ ਦੀ ਪੜ੍ਹਾਈ ਕਰਵਾਈ ।ਬੱਚਿਆਂ ਦੀਆਂ ਕਲਾਸਾਂ ਜੂਮ-ਐਪ ਰਾਹੀਂ ਲਗਾਈਆਂ ।ਕਈ ਵਾਰੀ ਉਨ੍ਹਾਂ ਦੇ ਬੱਚਿਆਂ ਦੀਆਂ ਵੀਡੀਓਜ ਅਤੇ ਪੋਸਟਰ ਪੰਜਾਬ ਦੇ ਐਕਟੀਵਿਟੀ ਫੇਸਬੁੱਕ ਪੇਜ਼ ਅਤੇ ਪੜ੍ਹੋ ਪੰਜਾਬ ਫੇਸਬੁੱਕ ਪੇਜ਼ &lsquoਤੇ ਮਾਨਯੋਗ ਸਕੱਤਰ ਸਕੂਲੀ ਸਿੱਖਿਆ ਵਲੋਂ ਸ਼ੇਅਰ ਕੀਤੀਆਂ ਗਈਆਂ ।ਮਾਝੀ ਸਕੂਲ਼ ਵਲੋਂ ਹਰ ਸਾਲ ਸਾਲਾਨਾ ਸ਼ਾਨਦਾਰ ਸਮਾਗਮ ਕਰਵਾਇਆ ਜਾਂਦਾ ਹੈ ਜਿਸ ਦੀ ਤਿਆਰੀ ਲਈ ਮੈਡਮ ਮਨਦੀਪ ਕੌਰ ਅਹਿਮ ਭੂਮਿਕਾ ਨਿਭਾਉਂਦੇ ਹਨ ।ਸਕੂਲ ਮੁੱਖੀ ਸ਼੍ਰੀ ਕੁਲਦੀਪ ਸਿੰਘ, ਕਰਮਜੀਤ ਸਿੰਘ ਨਦਾਮਪੁਰ ਈ.ਟੀ.ਟੀ. ਅਧਿਆਪਕ ਅਤੇ ਸਮੂਹ ਸਟਾਫ ਦੇ ਹਮੇਸ਼ਾ ਦਿੱਤੇ ਸਹਿਯੋਗ ਲਈ ਉਹ ਸ਼ੁਕਰ ਗੁਜ਼ਾਰ ਹਨ । ਉਨ੍ਹਾਂ ਦੇ ਪਤੀ ਸ਼੍ਰੀ ਇੰਦਰਪਾਲ ਸਿੰਘ ਈ.ਟੀ.ਟੀ. ਅਧਿਆਪਕ ਦਾ ਵੀ ਉਨ੍ਹਾਂ ਨੂੰ ਪੂਰਨ ਸਹਿਯੋਗ ਮਿਲ ਰਿਹਾ ਹੈ।ਹੁਣ ਇਸ ਸਾਲ ਨਵੇਂ ਸਕੂਲ ਮੁੱਖੀ ਸ੍ਰ. ਅੰਮ੍ਰਿਤਪਾਲ ਸਿੰਘ ਦੀ ਯੋਗ ਅਗਵਾਈ ਹੇਠ ਆਸ ਹੈ ਮੈਡਮ ਮਨਦੀਪ ਕੌਰ ਪਹਿਲਾਂ ਦੀ ਤਰ੍ਹਾਂ ਹੋਰ ਵਧੇਰੇ ਰੌਚਿਕ ਤਰੀਕਿਆਂ ਨਾਲ ਬੱਚਿਆਂ ਦੀ ਸ਼ਖਸ਼ੀਅਤ ਨਿਖਾਰਨ &lsquoਚ ਕਾਮਯਾਬ ਹੋਣਗੇ ।
ਇਸ ਸਾਲ ਵੀ ਹੁਣ ਤੱਕ ਹੋਏ ਤਿੰਨ ਮੁਕਾਬਲਿਆਂ ਵਿੱਚ ਵੀ ਤਹਿਸੀਲ ਪੱਧਰ &lsquoਤੇ ਉਨ੍ਹਾਂ ਦੇ ਦੋ ਬੱਚੇ ਅਤੇ ਬਲਾਕ ਪੱਧਰ &lsquoਤੇ ਇੱਕ ਬੱਚਾ ਫਸਟ ਆਏ ।ਮੈਡਮ ਮਨਦੀਪ ਕੌਰ ਵਲੋਂ ਤਿਆਰੀ ਕਰਵਾਏ ਮਾਝੀ ਸਕੂਲ ਦੇ ਬੱਚੇ ਹਰ ਸਾਲ ਗਣਤੰਤਰ ਦਿਵਸ਼ ਅਤੇ ਆਜ਼ਾਦੀ ਦਿਵਸ਼ ਦੇ ਤਹਿਸੀਲ ਪੱਧਰੀ ਸਮਾਗਮ ਵਿੱਚ ਆਪਣੀ ਪੇਸ਼ਕਾਰੀ ਪੇਸ਼ ਕਰਦੇ ਹਨ ।ਪਿਛਲੇ ਪੰਜ ਸਾਲਾਂ ਵਿੱਚ ਤਿੰਨ ਵਾਰੀ ਮਾਝੀ ਸਕੂਲ ਦੇ ਬੱਚਿਆਂ ਨੇ ਪੰਜਵੀਂ ਸ਼੍ਰੇਣੀ ਦੀ ਪ੍ਰੀਖਿਆ ਵਿੱਚੋਂ ਬਲਾਕ ਪੱਧਰ &lsquoਤੇ ਪਹਿਲਾਂ ਸਥਾਨ ਪ੍ਰਾਪਤ ਕਰਕੇ ਸਕਾਲਰਸ਼ਿਪ ਪ੍ਰਾਪਤ ਕੀਤੀ ।ਮਨਦੀਪ ਕੌਰ 2017 ਤੋਂ ਬਲਾਕ ਪੱਧਰੀ ਅਧਿਆਪਕਾਂ ਦੇ ਮੁਕਾਬਲਿਆਂ &lsquoਚੋਂ ਲਗਾਤਾਰ ਜੇਤੂ ਰਹਿ ਰਹੀ ਹੈ । ਹਰ ਸਾਲ ਬੱਚਿਆਂ ਨੂੰ ਨਵੀਂ ਟੀਚਿੰਗ ਲਰਨਿੰਗ ਮਟੀਰੀਅਲ ਹੱਥੀਂ ਤਿਆਰ ਕਰਕੇ ਸਿਖਾਇਆ ਜਾਂਦਾ ਹੈ ।ਹਰ ਸਾਲ ਬੱਚਿਆਂ ਅਤੇ ਅਧਿਆਪਕਾਂ ਦੀਆਂ ਰਚਨਾਵਾਂ ਨੂੰ ਮਨਮੋਹਕ ਹੱਥ ਲਿਖਤ ਮੈਗਜ਼ੀਨ ਵਿੱਚ ਸਾਮਲ ਕਰਕੇ ਬੱਚਿਆਂ ਅੰਦਰ ਸਿਰਜਣਾਤਿਕ ਸੋਚ ਪੈਦਾ ਕਰਨ ਦੀ ਪਿਰਤ ਚਲ ਰਹੀ ਹੈ ਹਰ ਸਾਲ ਬੱਚਿਆਂ ਨੂੰ ੳਵਰ ਟਾਈਮ ਕਲਾਸਾਂ ਲਗਾ ਕੇ ਪੜ੍ਹਾਇਆ ਜਾਂਦਾ ਹੈ।ਸਿੱਖਿਆ ਵਿਭਾਗ ਵਲੋਂ ਸਮੇਂ ਸਮੇਂ &lsquoਤੇ ਸਟੇਟ ਪੱਧਰ , ਜਿਲ੍ਹਾ ਪੱਧਰ ਅਤੇ ਬਲਾਕ ਪੱਧਰ &lsquoਤੇ ਮਨਦੀਪ ਕੌਰ ਨੂੰ ਵਧੀਆਂ ਸੇਵਾਵਾਂ ਬਦਲੇ ਪ੍ਰਸ਼ੰਸਾ ਪੱਤਰ ਪ੍ਰਾਪਤ ਹੋ ਚੁੱਕੇ ਹਨ । ਉਹ ਇੱਕ ਆਦਰਸ਼ ਅਧਿਆਪਕ ਹੋਣ ਦੇ ਨਾਤੇ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਹਰ ਤਰ੍ਹਾਂ ਦੇ ਪੱਖ ਨੂੰ ਦੇਖਦੇ ਹੋਏ ਨਵੇਂ ਨਵੇਂ ਅਧਿਆਪਨ ਤਰੀਕੇ ਅਪਣਾ ਕੇ ਬੱਚਿਆਂ ਨੂੰ ਗੁਣਾਤਮਿਕ ਸਿੱਖਿਆ ਪ੍ਰਦਾਨ ਕਰਨ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ , ਜਿਸ ਦੇ ਸਾਰਥਿਕ ਸਿੱਟੇ ਜਰੂਰ ਸਾਹਮਣੇ ਆਉਂਦੇ ਹਨ।ਇਸੇ ਕਰਕੇ ਉਨ੍ਹਾਂ ਦੇ ਨਿਵੇਕਲੇ ਢੰਗ ਨਾਲ ਬੱਚਿਆਂ ਨੂੰ ਪੜ੍ਹਾਉਣ ਸਦਕਾ ਸਿੱਖਿਆ ਵਿਭਾਗ ਵਲੋਂ ਮਾਣ-ਮੱਤੇ ਸਟੇਟ ਅਵਾਰਡ-2021 ਨਾਲ ਸਨਮਾਨਿਤ ਕਰਨ ਨਾਲ ਮੈਡਮ ਮਨਦੀਪ ਕੌਰ ਦੀਆਂ ਵੱਡਮੁੱਲੀਆਂ ਸੇਵਾਵਾਂ ਨੂੰ ਬੂਰ ਪਿਆ ਹੈ , ਜਿਸ ਨਾਲ ਮਾਝੀ ਸਕੂਲ ਦੇ ਪਹਿਲੇ ਸਟੇਟ ਅਵਾਰਡੀ ਅਧਿਆਪਕ ਬਣ ਕੇ ਉਨ੍ਹਾਂ ਸਕੂਲ ਦਾ ਨਾਮ ਉੱਚਾ ਕੀਤਾ ਹੈ ।ਉਨ੍ਹਾਂ ਨੂੰ ਬੀ.ਪੀ.ਈ.ੳ.ਦਫਤਰ ਭਵਾਨੀਗੜ੍ਹ ,ਸੈਂਟਰ ਹੈੱਡ ਟੀਚਰ ਬਖੋਪੀਰ ਵਲੋਂ ਵੀ ਸਨਮਾਨ ਕੀਤਾ ਗਿਆ । ਉਨ੍ਹਾਂ ਨੂੰ ਆਪਣੇ ਸ਼ਹਿਰ ਨਾਭਾ ਦੀ ਸ਼੍ਰੀ ਗੁਰੂ ਰਵਿਦਾਸ ਸੇਵਾ ਸੁਸਾਇਟੀ ਵਲੋਂ ਵਿਸ਼ੇਸ਼ ਸਮਾਗਮ ਕਰਵਾ ਕੇ ਪ੍ਰਸ਼ੰਸ਼ਾ ਪੱਤਰ ਅਤੇ ਸ਼ਾਲ ਦੇ ਕੇ ਸਨਮਾਨਿਤ ਕੀਤਾ ਗਿਆ । ਕਾਮਨਾ ਕਰਦੇ ਹਾਂ ਕਿ ਉਹ ਹੋਰ ਵਧੇਰੇ ਮਿਹਨਤ ਕਰਕੇ ਅਗਲਾ ਅਵਾਰਡ ਪਾਪਤ ਕਰਨ ਦੇ ਜਲਦੀ ਹੀ ਸਮਰੱਥ ਹੋਣਗੇ ।
ਮੇਜਰ ਸਿੰਘ ਨਾਭਾ ਮੋ: 7009674242


ਮੇਜਰ ਸਿੰਘ ਨਾਭਾ

ਗੁਰੂ ਤੇਗ ਬਹਾਦਰ ਨਗਰ, ਨਾਭਾ (ਪਟਿਆਲਾ) ਮ.9463553962