image caption: -ਰਜਿੰਦਰ ਸਿੰਘ ਪੁਰੇਵਾਲ

ਸਿੰਘੂ ਘਟਨਾ ਦੀ ਬਾਰੇ ਜਥੇਦਾਰ ਦਾ ਪੰਥਕ ਪਖ ਤੇ ਬੇਅਦਬੀ ਬਾਰੇ ਰਾਜ ਦੀ ਅਸਫ਼ਲਤਾ

ਸਿੰਘੂ ਬਾਰਡਰ ਤੇ ਇਕ ਵਿਅਕਤੀ ਦੇ ਕਤਲ ਦੀ ਘਟਨਾ ਬਾਰੇ ਜਥੇਦਾਰ ਅਕਾਲ ਤਖਤ ਸਾਹਿਬ ਦਾ ਪਖ ਸਪਸ਼ਟ ਤੇ ਪੰਥਕ ਹੈ|  ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਾਨੂੰਨ ਦੇ ਰਾਜ ਦੀ ਨਾਕਾਮੀ ਦਾ ਸਿੱਟਾ ਕਰਾਰ ਦਿੱਤਾ ਹੈ| ਉਨ੍ਹਾਂ ਇਸ ਘਟਨਾ ਦੇ ਵੱਖ ਵੱਖ ਪਹਿਲੂਆਂ ਤੇ ਪਿਛੋਕੜ ਦੀ ਗੰਭੀਰਤਾ ਨਾਲ ਜਾਂਚ ਕਰਕੇ ਸਾਰੀ ਸਚਾਈ ਸਾਹਮਣੇ ਲਿਆਉਣ ਦੀ ਮੰਗ ਕੀਤੀ ਹੈ ਤਾਂ ਜੋ ਸਿੱਖ ਕੌਮ ਦੀ ਸਹੀ ਤਸਵੀਰ ਦੁਨੀਆ ਸਾਹਮਣੇ ਲਿਆਂਦੀ ਜਾ ਸਕੇ|  ਸਿੰਘੂ ਘਟਨਾ ਬਾਰੇ  ਉਨ੍ਹਾਂ ਕਿਹਾ ਕਿ ਸਰਕਾਰ ਅਤੇ ਪੁਲੀਸ ਇਸ ਨੂੰ ਸਿਰਫ ਅਮਨ ਤੇ ਕਾਨੂੰਨ ਦੇ ਮਸਲੇ ਵਜੋਂ ਨਾ ਲਵੇ, ਸਗੋਂ ਇਸ ਘਟਨਾ ਦੀ ਧਾਰਮਿਕ ਸੰਵੇਦਨਸ਼ੀਲਤਾ ਤੇ ਭਾਵਨਾਤਮਕ ਗੰਭੀਰਤਾ ਨੂੰ ਵੀ ਧਿਆਨ ਵਿੱਚ ਰੱਖੇ| ਉਨ੍ਹਾਂ ਕਿਹਾ ਕਿ ਪਿਛਲੇ ਪੰਜ-ਛੇ ਸਾਲਾਂ ਦੌਰਾਨ ਪੰਜਾਬ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ 400 ਤੋਂ ਵੱਧ ਘਟਨਾਵਾਂ ਵਾਪਰ ਚੁੱਕੀਆਂ ਹਨ ਪਰ ਕਾਨੂੰਨ ਕਿਸੇ ਇਕ ਵੀ ਦੋਸ਼ੀ ਨੂੰ ਮਿਸਾਲੀ ਸਜ਼ਾ ਨਹੀਂ ਦੇ ਸਕਿਆ|  ਉਨ੍ਹਾਂ ਕਿਹਾ ਕਿ ਬੇਅਦਬੀ ਦੀਆਂ ਘਟਨਾਵਾਂ ਸਬੰਧੀ ਸਿੱਖਾਂ ਨੂੰ ਇਨਸਾਫ਼ ਦੇਣ ਵਿੱਚ ਭਾਰਤੀ ਨਿਆ ਪ੍ਰਬੰਧ ਦੀ ਨਾਕਾਮੀ ਕਾਰਨ ਹੀ ਸਿੰਘੂ ਘਟਨਾ ਵਾਪਰੀ ਹੈ| ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਕਿਸੇ ਨਿਰਪੱਖ ਏਜੰਸੀ ਕੋਲੋਂ ਜਾਂਚ ਹੋਣੀ ਚਾਹੀਦੀ ਹੈ, ਜੋ ਇਸ  ਘਟਨਾ ਦੇ ਸਾਰੇ ਪਹਿਲੂਆਂ ਦੀ ਡੂੰਘਾਈ ਨਾਲ ਜਾਂਚ ਕਰੇ| ਉਨ੍ਹਾਂ ਮੀਡੀਆ ਨੂੰ ਵੀ ਕਿਹਾ ਕਿ ਸਿੰਘੂ ਘਟਨਾ ਦੇ ਅਧੂਰੇ ਪੱਖ ਦਿਖਾ ਕੇ ਸਿੱਖਾਂ ਦਾ ਅਕਸ ਖ਼ਰਾਬ ਕਰਨ ਤੋਂ ਗੁਰੇਜ਼ ਕੀਤਾ ਜਾਵੇ| ਜਥੇਦਾਰ ਦਾ ਇਹ ਬਿਹ ਬਿਆਸ ਪੰਥਕ ਭਾਵਨਾਵਾਂ ਦੀ ਪ੍ਰਤੀਨਿਧਤਾ ਕਰਦਾ ਹੈ|
ਐੱਸ ਸੀ ਕਮਿਸ਼ਨ ਦੇ ਚੇਅਰਮੈਨ ਵਿਜੈ ਸਾਂਪਲਾ ਦਾ 
ਦਲਿਤ ਪੱਤਾ ਸਿੱਖ ਧਰਮ ਵਿਚ ਦਖਲ ਅੰਦਾਜੀ
ਨੈਸ਼ਨਲ ਐੱਸਸੀ ਕਮਿਸ਼ਨ ਦੇ ਚੇਅਰਮੈਨ ਵਿਜੈ ਸਾਂਪਲਾ ਨੇ ਬੇਅਦਬੀ ਮਾਭਲੇ ਉਪਰ ਦਲਿਤ ਪਤਾ ਖੇਡਣਾ ਸ਼ੁਰੂ ਕਰ ਦਿਤਾ ਹੈ| ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ  ਹਰਪ੍ਰੀਤ ਸਿੰਘ ਨੂੰ ਪੱਤਰ ਲਿਖ ਕੇ ਸਾਂਪਲਾ ਨੇ ਅਪੀਲ  ਕੀਤੀ ਹੈ ਕਿ ਸਿੰਘੂ ਬਾਰਡਰ ਤੇ ਕਿਸਾਨ ਸੰਗਠਨਾਂ ਦੇ ਅੰਦੋਲਨ ਵਾਲੀ ਥਾਂ ਤੇ ਬੇਰਹਿਮੀ ਨਾਲ ਕਤਲ ਕੀਤੇ ਗਏ ਅਨੁਸੂਚਿਤ ਜਾਤੀ ਦੇ ਲਖਬੀਰ ਸਿੰਘ ਦਾ ਭੋਗ ਸਿੱਖ ਧਰਮ ਮੁਤਾਬਿਕ ਕਰਵਾਇਆ ਜਾਵੇ| ਸਾਂਪਲਾ ਨੇ ਕਿਹਾ ਕਿ ਤੁਹਾਨੂੰ ਇਸਦੀ ਵੀ ਜਾਣਕਾਰੀ ਹੋਵੇਗੀ ਕਿ ਉਸਦੇ ਅੰਤਿਮ ਸੰਸਕਾਰ ਤੇ ਕੁੱਝ ਲੋਕਾਂ ਖਾਸਕਰ ਸਤਿਕਾਰ ਕਮੇਟੀ ਵੱਲੋਂ ਇਹ ਕਹਿੰਦੇ ਹੋਏ ਕਿ ਉਸਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਹੈ, ਉਸਦੇ ਅੰਤਿਮ ਸਸਕਾਰ ਤੇ ਸਿੱਖ ਮਰਿਆਦਾ ਮੁਤਾਬਿਕ ਅਰਦਾਸ ਨਹੀਂ ਕਰਨ ਦਿੱਤੀ ਗਈ| 
ਪੱਤਰ ਰਾਹੀਂ ਸਾਂਪਲਾ ਨੇ ਦੱਸਿਆ ਕਿ ਸੱਚ ਤਾਂ ਇਹ ਹੈ ਕਿ ਇਸ ਸੰਬੰਧ ਵਿੱਚ ਹੁਣ ਤੱਕ ਕੋਈ ਵੀ ਵੀਡੀਓ ਜਾਂ ਫਿਰ ਫੋਟੋ ਪ੍ਰਮਾਣ ਦੇ ਰੂਪ ਵਿੱਚ ਸਾਹਮਣੇ ਨਹੀਂ ਆਇਆ ਹੈ, ਜਿਸਦੇ ਨਾਲ ਇਹ ਸਾਬਤ ਹੋ ਸਕੇ ਕਿ ਅਨੁਸੂਚਿਤ ਜਾਤੀ ਦੇ ਸਿੱਖ ਨੇ ਬੇਅਦਬੀ ਕੀਤੀ ਸੀ| ਲਖਬੀਰ ਸਿੰਘ ਦੀ ਹੱਤਿਆ ਅਤੇ ਉਸਦੇ ਦਾਹ-ਸਸਕਾਰ ਦੇ ਦੌਰਾਨ ਅਰਦਾਸ ਨਹੀਂ ਕੀਤੇ ਜਾਣ ਦੇਣਾ ਅਤੇ ਭੋਗ ਦੀ ਰਸਮ ਦਾ ਵੀ ਵਿਰੋਧ ਕਰਨ ਵਰਗੀ ਘਟਨਾਵਾਂ ਦਲਿਤਾਂ ਨੂੰ ਹੋਰ ਨਿਰਾਸ਼ਾ ਵੱਲ ਧੱਕਦੀ ਹੈ ਅਤੇ ਅਜਿਹੇ ਸੁਭਾਅ ਦੇ ਕਾਰਨ ਪੰਜਾਬ ਵਿੱਚ ਧਰਮ ਪਰਿਵਰਤਰਨ ਦੀ ਮੁਹਿੰਮ ਨੂੰ ਅਤੇ ਤੇਜੀ ਮਿਲਦੀ ਹੈ| ਦੂਸਰੇ ਪਾਸੇ ਪੰਥਕ ਆਗੂਆਂ ਦਾ ਪਖ ਹੈ ਕਿ ਬੇਅਦਬੀ ਦੇ ਜਿੰਮੇਵਾਰ ਦੋਸ਼ੀ ਦੀ ਅਰਦਾਸ ਨਹੀਂ ਹੋ ਸਕਦੀ, ਜਿਵੇਂ  ਜਾਲਮ ਪੁਲਿਸ ਅਫਸਰ ਕੇਪੀ ਗਿਲ ਦੀ ਅੰਤਮ ਅਰਦਾਸ ਵਿਚ ਸਿਖ ਸ਼ਾਮਲ ਨਹੀਂ ਹੋਏ| ਉਹਨਾਂ ਦਾ ਮੰਨਣਾ ਹੈ ਕਿ ਸਾਂਪਲਾ ਤਲਣ ਕਾਂਡ ਵਿਖੇ ਦਲਿਤ ਜੱਟ ਦੰਗੇ ਕਰਵਾਉਣ ਦਾ ਦੋਸ਼ੀ ਰਿਹਾ ਹੈ| ਹੁਣ ਵੀ ਦਲਿਤ ਪਤਾ ਖੇਡ ਰਿਹਾ ਹੈ| ਦਲ ਖ਼ਾਲਸਾ ਜਥੇਬੰਦੀ ਦੇ ਬੁਲਾਰੇ ਪਰਮਜੀਤ ਸਿੰਘ ਮੰਡ ਨੇ ਕਿਹਾ ਕਿ ਬੀਤੇ ਦਿਨ ਬਸਪਾ ਆਗੂ ਮਾਇਆਵਤੀ ਵੱਲੋਂ ਟਵੀਟ ਕਰਕੇ ਪੰਜਾਬ ਦੇ ਮੁੱਖ ਮੰਤਰੀ ਨੂੰ ਇਹ ਕਹਿਣਾ ਕਿ ਮਰਨ ਵਾਲਾ ਇੱਕ ਦਲਿਤ ਹੈ ਅਤੇ ਉਸ ਦੇ ਪਰਿਵਾਰ ਨੂੰ ਪੰਜਾਹ ਲੱਖ ਰੁਪਏ ਦਿੱਤੇ ਜਾਣ, ਸਿਆਸਤ ਤੋਂ ਪ੍ਰੇਰਿਤ ਮੰਗ ਹੈ| ਉਨ੍ਹਾਂ ਕਿਹਾ ਕਿ ਭਾਜਪਾ ਦੇ ਵਿਜੈ ਸਾਂਪਲਾ ਅਤੇ ਦਿੱਲੀ ਸਥਿਤ ਪੰਦਰਾਂ ਦਲਿਤ ਜਥੇਬੰਦੀਆਂ ਵੱਲੋਂ ਇਸ ਨੂੰ ਜਾਤੀਵਾਦ ਦੀ ਰੰਗਤ ਦੇਣਾ ਇੱਕ ਸ਼ਰਾਰਤ ਹੈ|
-ਰਜਿੰਦਰ ਸਿੰਘ ਪੁਰੇਵਾਲ