image caption: -ਰਜਿੰਦਰ ਸਿੰਘ ਪੁਰੇਵਾਲ

ਪ੍ਰਵਾਸੀ ਭਾਰਤੀ ਦਰਸ਼ਨ ਸਿੰਘ ਰੱਖੜਾ ਨੂੰ ਦਿੱਲੀ ਹਵਾਈ ਅੱਡੇ ਤੋਂ ਵਾਪਸ ਮੋੜਨਾ ਨਿੰਦਾਯੋਗ

ਸਾਬਕਾ ਅਕਾਲੀ ਮੰਤਰੀ ਸੁਰਜੀਤ ਸਿੰਘ ਰੱਖੜਾ ਦੇ ਵੱਡੇ ਭਰਾ ਤੇ ਉੱਘੇ ਪ੍ਰਵਾਸੀ ਭਾਰਤੀ ਦਰਸ਼ਨ ਸਿੰਘ ਧਾਲੀਵਾਲ ਰੱਖੜਾ ਨੂੰ  ਦਿੱਲੀ ਹਵਾਈ ਅੱਡੇ ਤੋਂ ਕਿਸਾਨੀ ਸੰਘਰਸ਼ ਦੀ ਮਦਦ ਕਰਨ ਕਾਰਨ ਅਮਰੀਕਾ ਵਾਪਸ ਮੋੜ ਦਿੱਤਾ ਗਿਆ ਹੈ, ਜਿਸ ਕਾਰਨ ਪੂਰੇ ਪੰਜਾਬ ਵਿਚ ਤੇ ਕਿਸਾਨਾਂ ਵਿਚ ਭਾਰੀ ਰੋਸ ਹੈ| ਦੱਸਣਯੋਗ ਹੈ ਕਿ ਜਦੋਂ ਤੋਂ ਕਿਸਾਨੀ ਸੰਘਰਸ਼ ਚੱਲਿਆ ਹੈ, ਉਦੋਂ ਤੋਂ ਹੀ ਸੂਬੇ ਦੇ ਕਰਤਾਰ ਸਿੰਘ ਧਾਲੀਵਾਲ ਟਰੱਸਟ ਨੇ ਦਿੱਲੀ ਵਿਖੇ ਬਕਾਇਦਾ ਤੌਰ ਤੇ ਕਿਸਾਨਾਂ ਲਈ ਲੰਗਰ ਤੇ ਰਹਿਣ ਬਸੇਰਿਆਂ ਦੇ ਵੱਡੇ ਪੱਧਰ ਤੇ ਪ੍ਰਬੰਧ ਕੀਤੇ ਹੋਏ ਹਨ| ਸੁਰਜੀਤ ਸਿੰਘ ਰੱਖੜਾ ਨੇ ਦੱਸਿਆ ਕਿ ਦਰਸ਼ਨ ਸਿੰਘ ਧਾਲੀਵਾਲ ਰੱਖੜਾ ਪਤਨੀ ਨਾਲ ਭਤੀਜੀ ਦੇ ਵਿਆਹ ਵਿਚ ਸ਼ਾਮਿਲ ਹੋਣ ਲਈ ਆ ਰਹੇ ਸਨ| ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਉਨ੍ਹਾਂ ਨੂੰ ਦਿੱਲੀ ਹਵਾਈ ਅੱਡੇ ਤੇ ਕਾਫ਼ੀ ਪਰੇਸ਼ਾਨ ਤੇ ਤੰਗ ਕੀਤਾ ਗਿਆ ਸੀ, ਪਰ ਦੋ ਤਿੰਨ ਘੰਟਿਆਂ ਦੀ ਖੱਜਲ-ਖ਼ੁਆਰੀ ਤੋਂ ਬਾਅਦ ਉਨ੍ਹਾਂ ਨੂੰ ਦਿੱਲੀ ਤੋਂ ਪੰਜਾਬ ਜਾਣ ਦੀ ਇਜਾਜ਼ਤ ਦੇ ਦਿੱਤੀ ਜਾਂਦੀ ਸੀ, ਪਰ ਇਸ ਵਾਰ ਅਜਿਹਾ ਨਹੀਂ ਕੀਤਾ ਗਿਆ| 
ਇਸ ਦੇ ਰੋਸ ਵਜੋਂ ਸ. ਰੱਖੜਾ ਵਲੋਂ ਕੇਂਦਰ ਸਰਕਾਰ ਨੂੰ ਪੱਤਰ ਲਿਖ ਕੇ ਰੋਸ ਜਤਾਇਆ ਗਿਆ ਹੈ| ਉਨ੍ਹਾਂ ਆਖਿਆ ਕਿ ਕਿਹੜੇ ਦੇਸ਼ ਦੇ ਸੰਵਿਧਾਨ ਚ ਹੈ ਕਿ ਇਕ ਸ਼ਰੀਫ਼ ਤੇ ਲੋਕਾਂ ਦੀ ਸੇਵਾ ਕਰਨ ਵਾਲੀ ਸ਼ਖ਼ਸੀਅਤ ਨੂੰ ਦਿੱਲੀ ਹਵਾਈ ਅੱਡੇ ਤੇ 6 ਘੰਟੇ ਖੱਜਲ-ਖ਼ੁਆਰ ਕਰਨ ਤੋਂ ਬਾਅਦ ਵਾਪਸ ਅਮਰੀਕਾ ਭੇਜ ਦਿੱਤਾ ਜਾਵੇ | ਉਨ੍ਹਾਂ ਆਖਿਆ ਕਿ ਉਹ ਖੁਦ ਵੀ ਆਪਣੇ ਭਰਾ ਨੂੰ ਲੈਣ ਲਈ ਦਿੱਲੀ ਪੁੱਜੇ ਹੋਏ ਸਨ ਤੇ ਉਨ੍ਹਾਂ ਇਸ ਮੁੱਦੇ ਨੂੰ ਲੈ ਕੇ ਪੰਜਾਬ ਸਰਕਾਰ ਦੇ ਚੀਫ਼ ਸੈਕਟਰੀ, ਡੀਜੀਪੀ. ਤੇ ਵਿਦੇਸ਼ ਮੰਤਰਾਲੇ ਨਾਲ ਵੀ ਰਾਬਤਾ ਕਾਇਮ ਕੀਤਾ ਹੈ, ਪਰ ਮੋਦੀ ਸਰਕਾਰ ਦੀ ਸ਼ਹਿ ਤੇ ਕੋਈ ਸੁਣਵਾਈ ਨਹੀਂ ਹੋਈ ਤੇ ਉਨ੍ਹਾਂ ਦੇ ਭਰਾ ਨੂੰ ਵਾਪਸ ਭੇਜ ਦਿੱਤਾ ਗਿਆ| ਇਸ ਤੋਂ ਸਪਸੱਟ ਕਿ ਮੋਦੀ ਸਰਕਾਰ ਨੇ ਸਿਖਾਂ ਦੀ ਕਾਲੀ ਸੂਚੀ ਬਣਾਈ ਹੋਈ ਹੈ ਸਿਖਾਂ ਦੇ ਸੰਵਿਧਾਨਕ ਹੱਕ ਨੂੰ ਵੀ ਮੋਦੀ ਸਰਕਾਰ ਦੇਸ ਵਿਰੋਧੀ ਨੀਤੀ ਤਹਿਤ ਦੇਖ ਰਹੀ ਹੈ| ਇਹ ਘੱਟ ਗਿਣਤੀਆਂ ਪ੍ਰਤੀ ਘਟੀਆ ਨਜਰੀਆ ਹੈ| ਮੋਦੀ ਸਰਕਾਰ ਨੂੰ ਸਿਖਾਂ ਪ੍ਰਤੀ ਆਪਣੀ ਨੀਤੀ ਬਦਲਣੀ ਚਾਹੀਦੀ ਹੈ|      
ਬਜਰੰਗ ਦਲ ਦੀ ਗੁੰਡਾਗਰਦੀ, ਆਸ਼ਰਮ ਵੈੱਬ ਸੀਰੀਜ਼ ਦੇ ਸੈੱਟ ਵਿਚ ਭੰਨਤੋੜ
ਭੋਪਾਲ ਵਿਚ ਵੈਬ ਸੀਰੀਜ਼ ਆਸ਼ਰਮ ਦੇ ਤੀਸਰੇ ਸੀਜ਼ਨ ਦੀ ਸ਼ੂਟਿੰਗ ਦੌਰਾਨ ਬਜਰੰਗ ਦਲ ਦੇ ਕਾਰਕੁੰਨਾਂ ਵਲੋਂ ਸੈਟ ਦੀ ਭੰਨਤੋੜ ਕੀਤੀ ਗਈ ਅਤੇ ਇਸ ਦੇ ਨਿਰਮਾਤਾ ਨਿਰਦੇਸ਼ਕ ਪ੍ਰਕਾਸ਼ ਝਾਅ ਤੇ ਹਿੰਦੂਆਂ ਨੂੰ ਗਲਤ ਤਰੀਕੇ ਨਾਲ ਦਿਖਾਉਣ ਦਾ ਦੋਸ਼ ਲਗਾਉਂਦੇ ਹੋਏ ਸਿਹਾਈ ਸੁੱਟੀ ਗਈ| ਇਸ ਦੇ ਨਾਲ ਹੀ ਮੱਧ ਪ੍ਰਦੇਸ਼ ਦੇ ਇਕ ਮੰਤਰੀ ਨੇ ਕਿਹਾ ਕਿ ਨਿਰਮਾਤਾਵਾਂ ਅਤੇ ਨਿਰਦੇਸ਼ਕਾਂ ਨੂੰ ਸੀਰੀਜ਼ ਦੀ ਸੂਟਿੰਗ ਦੀ ਇਜਾਜ਼ਤ ਲੈਣ ਤੋਂ ਪਹਿਲਾਂ ਇਤਰਾਜ਼ਯੋਗ ਦ੍ਰਿਸ਼ਾਂ ਬਾਰੇ ਦੱਸਣਾ ਹੋਵੇਗਾ| ਇਸ ਦੌਰਾਨ ਹੋਏ ਪਥਰਾਅ ਵਿਚ ਦੋ ਬੱਸਾਂ ਦੇ ਸ਼ੀਸ਼ੇ ਵੀ ਟੁੱਟ ਗਏ ਅਤੇ ਬਜਰੰਗ ਦਲ ਨੇ ਧਮਕੀ ਦਿੱਤੀ ਹੈ ਕਿ ਉਹ ਵੈਬ ਸੀਰੀਜ਼ ਦੀ ਸੂਟਿੰਗ ਨਹੀਂ ਹੋਣ ਦੇਣਗੇ| ਦੂਜੇ ਪਾਸੇ ਫਿਲਮ ਸੰਗਠਨ ਪ੍ਰਡਿਊਸਰਜ਼ ਗਿਲਡ ਆਫ ਇੰਡੀਆ ਅਤੇ ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇ ਐਂਪਲਾਇਜ਼ (ਐਫ. ਡਬਲਯੂ. ਆਈ. ਸੀ. ਈ) ਨੇ ਇਸ ਘਟਨਾ ਦਾ ਨਿੰਦਾ ਕੀਤੀ ਹੈ|
ਅਸਲ ਗਲ ਇਹ ਹੈ ਕਿ ਜਦੋਂ ਦੀ ਮੋਦੀ ਸਰਕਾਰ ਆਈ ਹੈ ਉਦੋਂ ਦੇ ਫਿਰਕੂ ਬਿਰਗੇਡ ਫਿਲਮੀ ਕਲਾਕਾਰਾਂ ਤੇ ਮੁਸਲਮਾਨਾਂ ਉਪਰ ਹਿੰਸਕ ਹਮਲਾ ਕਰ ਰਹੇ ਹਨ| ਇਹਨਾਂ ਨੂੰ ਨਾ ਕਨੂੰਨ ਦਾ ਡਰ ਹੈ ਨਾ ਜਰਕਾਰ ਦਾ|ਉਹਨਾਂ ਨੂੰ ਜਾਪਦਾ ਹੈ ਕਿ ਸਰਕਾਰ ਉਹਨਾਂ ਪਿਛੇ ਖਲੌਤੀ ਹੈ| ਇਹੀ ਕਾਰਣ ਕਿ ਫਿਰਕੂ ਲੋਕਾਂ ਕਾਰਣ ਭਾਰਤ ਵਿਚ ਦਹਿਸ਼ਤ ਦਾ ਮਾਹੌਲ ਬਣ ਚੁਕਾ ਹੈ|
ਚੀਨ ਭਾਰਤ ਉਪਰ ਭਾਰੂ, ਚੀਨ ਨੇ ਹੁਣ ਪਾਸ ਕੀਤਾ ਨਵਾਂ ਕਾਨੂੰਨ
ਭਾਰਤ ਨਾਲ ਪੂਰਬੀ ਲੱਦਾਖ ਅਤੇ ਪੂਰਬ ਉਤਰ ਦੇ ਸੂਬਿਆਂ ਵਿੰਚ ਮਹੀਨਿਆਂ ਤੋਂ ਬਰਕਰਾਰ ਸਰਹੱਦੀ ਵਿਵਾਦ  ਵਿਚਕਾਰ ਚੀਨ ਨੇ ਜ਼ਮੀਨੀ ਵਿਵਾਦਾਂ ਨੂੰ ਮਜ਼ਬੂਤ ਅਤੇ ਕੰਟਰੋਲ ਕਰਨ ਲਈ ਇੱਕ ਨਵੀਂ ਭੂਮੀ ਸਰਹੱਦੀ ਕਾਨੂੰਨ ਪਾਸ ਕੀਤਾ ਹੈ|  ਚੀਨੀ ਸੰਸਦ ਵਿੱਚ ਪਾਸ ਸਰਹੱਦੀ ਇਲਾਕਿਆਂ ਦੇ ਸੁਰੱਖਿਆ ਅਤੇ ਵਰਤੋਂ ਸਬੰਧੀ ਨਵੇਂ ਕਾਨੂੰਨ ਨਾਲ ਭਾਰਤ ਨਾਲ ਬੀਜਿੰਗ ਦੇ ਸਰਹੱਦੀ ਵਿਵਾਦ ਤੇ ਪ੍ਰਭਾਵ ਪੈ ਸਕਦਾ ਹੈ|
ਚੀਨੀ ਨਿਊਜ਼ ਏਜੰਸੀ ਸ਼ਿਨਹੂਆ ਮੁਤਾਬਕ, ਨੈਸ਼ਨਲ ਪੀਪਲਜ਼ ਕਾਂਗਰਸ (ਐਨਪੀਸੀ) ਦੀ ਸਥਾਈ ਸੰਮਤੀ ਦੇ ਮੈਂਬਰਾਂ ਨੇ ਬੀਤੇ ਸ਼ਨੀਵਾਰ ਨੂੰ ਸੰਸਦ ਦੀ ਖਤਮ ਹੋਈ ਬੈਠਕ ਦੌਰਾਨ ਇਸ ਕਾਨੂੰਨ ਨੂੰ ਮਨਜੂਰੀ ਦਿੱਤੀ| ਇਹ ਕਾਨੂੰਨ ਅਗਲੇ ਸਾਲ ਇੱਕ ਜਨਵਰੀ ਤੋਂ ਲਾਗੂ ਹੋਵੇਗਾ| ਇਸ ਮੁਤਾਬਕ, ਪੀਪਲਜ਼ ਰਿਪਬਲਿਕ ਆਫ ਚਾਈਨਾ ਦੀ ਸੰਪ੍ਰਭੂਤਾ ਅਤੇ ਖੇਤਰੀ ਅਖੰਡਤਾ ਉਪਰ ਦ੍ਰਿੜ੍ਹ ਹੈ|
ਸ਼ਿਨਹੂਆ ਮੁਤਾਬਕ, ਕਾਨੂੰਨ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਸਰਹੱਦੀ ਸੁਰੱਖਿਆ ਨੂੰ ਮਜ਼ਬੂਤ ਕਰਨ, ਆਰਥਿਕ ਅਤੇ ਸਾਮਜਿਕ ਵਿਕਾਸ ਵਿੱਚ ਮਦਦ ਦੇਣ, ਸਰਹੱਦੀ ਖੇਤਰਾਂ ਨੂੰ ਖੋਲ੍ਹਣ, ਅਜਿਹੇ ਖੇਤਰਾਂ ਵਿੱਚ ਜਨ ਸੇਵਾ ਅਤੇ ਬੁਨਿਆਦੀ ਢਾਂਚੇ ਨੂੰ ਵਧੀਆ ਬਣਾਉਣ, ਉਤਸ਼ਾਹਤ ਕਰਨ ਅਤੇ ਉਥੋਂ ਦੇ ਲੋਕਾਂ ਦੇ ਜੀਵਨ ਅਤੇ ਕੰਮਾਂ ਵਿੱਚ ਮਦਦ ਲਈ ਚੀਨ ਕਦਮ ਚੁਕ ਸਕਦਾ ਹੈ| ਉਥੇ ਸਰਹੱਦਾਂ ਤੇ ਰੱਖਿਆ, ਸਮਾਜਿਕ ਅਤੇ ਆਰਥਿਕ ਵਿਕਾਸ ਵਿੱਚ ਪਰਸਪਰਤਾ ਨੂੰ ਉਤਸਾਹ ਕਰਨ ਲਈ ਉਪਾਅ ਕਰ ਸਕਦਾ ਹੈ|
ਦੱਸ ਦਈਏ ਕਿ ਪਿਛਲੇ 17 ਮਹੀਨਿਆਂ ਤੋਂ ਭਾਰਤ-ਚੀਨ ਵਿਵਾਦ ਵਿੱਚ ਉਲਝੇ ਹਨ| ਪੂਰਬੀ ਲੱਦਾਖ ਦੀ ਗਲਵਾਨ ਘਾਟੀ ਵਿੱਚ 15 ਜੂਨ 2020 ਨੂੰ ਦੋਵੇਂ ਦੇਸ਼ਾਂ ਦੇ ਫੌਜੀਆਂ ਵਿੱਚ ਹੋਈ ਹਿੰਸਕ ਝੜਪ ਤੋਂ ਬਾਅਦ ਤੋਂ ਹੀ ਦੇਸ਼ਾਂ ਵਿਚਕਾਰ ਸਰਹੱਦੀ ਵਿਵਾਦ ਬਰਕਰਾਰ ਹੈ| ਇਸ ਝੜਕ ਵਿੱਚ ਭਾਰਤੀ ਫੌਜ ਦੇ ਲਗਭਗ 20 ਫੌਜੀ ਸ਼ਹੀਦ ਹੋ ਗਏ ਸਨ| ਨਵੇਂ ਕਾਨੂੰਨ ਵਿੱਚ ਕਿਹਾ ਗਿਆ ਹੈ ਕਿ ਬੀਜਿੰਗ ਨੇ ਆਪਣੇ 12 ਗੁਆਂਢੀਆਂ ਨਾਲ ਸਰਹੱਦੀ ਵਿਵਾਦ ਸੁਲਝਾ ਲਿਆ ਹੈ, ਪਰ ਭਾਰਤ ਅਤੇ ਭੂਟਾਨ ਨਾਲ ਉਸ ਦੇ ਹੁਣ ਤੱਕ ਸਰਹੱਦ ਸਬੰਧੀ ਸਮਝੌਤਿਆਂ ਨੂੰ ਆਖ਼ਰੀ ਰੂਪ ਨਹੀਂ ਦਿੱਤਾ ਗਿਆ ਹੈ| ਭਾਰਤ ਅਤੇ ਚੀਨ ਵਿਚਕਾਰ ਸਰਹੱਦ ਵਿਵਾਦ ਅਸਲ ਕੰਟਰੋਲ ਰੇਖਾ (ਐਲਏਸੀ) ਤੇ 3,488 ਕਿਲੋਮੀਟਰ ਦੇ ਖੇਤਰ ਵਿੱਚ ਹੈ, ਜਦਕਿ ਭੂਟਾਨ ਨਾਲ ਚੀਨ ਦਾ ਵਿਵਾਦ 400 ਕਿਲੋਮੀਟਰ ਦੀ ਸਰਹੱਦ ਤੇ ਹੈ| ਵਿਦੇਸ਼ ਸਕੱਤਰ ਹਰਸ਼ਵਰਧਨ ਸ਼੍ਰੰਗਲਾ ਨੇ ਪਿਛਲੇ ਹਫਤੇ ਕਿਹਾ ਸੀ ਕਿ ਪੂਰਬੀ ਲੱਦਾਖ ਵਿੱਚ ਅਸਲ ਕੰਟਰੋਲ ਰੇਖਾ ਤੇ ਘਟਨਾਕ੍ਰਮਾਂ ਨੇ ਸਰਹੱਦੀ ਖੇਤਰਾਂ ਵਿੱਚ ਸ਼ਾਂਤੀ ਨੂੰ ਗੰਭੀਰ ਰੂਪ ਨਾਲ ਪ੍ਰਭਾਵਤ ਕੀਤਾ ਹੈ ਅਤੇ ਜ਼ਾਹਿਰ ਤੌਰ ਤੇ ਇਸਦਾ ਵਿਆਪਕ ਰਿਸ਼ਤਿਆਂ ਤੇ ਵੀ ਅਸਰ ਪਵੇਗਾ| ਪਰ ਚੀਨ ਪ੍ਰਤੀ ਭਾਰਤ ਦੀ ਕਾਰਵਾਈ ਢਿਲੀ ਹੈ ਜਦ ਕਿ ਚੀਨ ਭਾਰਤ ਨਾਲ ਕੀਤੇ ਵਾਅਦਿਆਂ ਦੀ ਉਲੰਘਣਾ ਕਰ ਰਿਹਾ ਹੈ| 
-ਰਜਿੰਦਰ ਸਿੰਘ ਪੁਰੇਵਾਲ