image caption: -ਬਲਵਿੰਦਰ ਕੌਰ ਚਾਹਲ ਸਾਊਥਾਲ

ਸਾਨੂੰ ਦੇਖੋ ਸਾਡੇ ਗੁਰਦੁਆਰੇ ਲੱਦੇ ਪਏ ਹਨ ਦਸਵੰਧ ਨਾਲ ਪਰ ਮਜ਼ਾਲ ਹੈ ਅਖਬਾਰਾਂ ਦੀ ਘਾਟ ਵੱਲ ਧਿਆਨ ਜਾਵੇ, ਬੱਸ ਚੈਨਲਾਂ ‘ਤੇ ਮੂਰਤਾਂ ਦੇ ਸ਼ੌਕੀਨ ਜਾਂ ਫੇਰ ਫਰੀ ਅਖਬਾਰਾਂ ਵਿੱਚ ਮੂਰਤਾਂ ਲਵਾਉ

ਚਾਰ ਨਵੰਬਰ ਦਿਨ ਵੀਰਵਾਰ ਨੂੰ ਬੜਾ ਖੁਸ਼ੀਆਂ ਭਰਿਆ ਦਿਨ ਹੈ, ਦੀਵਾਲੀ, ਆਪ ਸਭ ਨੂੰ ਪ੍ਰਮਾਤਮਾ ਸੁੱਖਾਂ ਦੀਆਂ ਬਖ਼ਸ਼ਿਸ਼ਾਂ ਕਰੇ, ਹਰ ਘਰ ਰੋਸ਼ਨੀ ਦੇ ਦੀਵੇ ਵਲ੍ਹਣ, ਸਰਬੱਤ ਨੂੰ ਵਧਾਈਆਂ, ਦਿਵਸ ਤੇ ਤਿਉਹਾਰ ਕਿਸੇ ਭੀ ਧਰਮ, ਮਜ਼੍ਹਬ ਜਾਂ ਮੱਤ ਨਾਲ ਜੁੜਿਆ ਹੋਵੇ, ਜਦੋਂ ਉਹ ਚੜ੍ਹਦੀ ਕਲਾ ਵਿੱਚ ਰੱਖਣ ਦਾ ਪ੍ਰਤੀਤ ਹੋਵੇ ਤਾਂ ਉਹਨੂੰ ਦਾਤ ਜਾਣ ਕੇ ਮਾਣ ਲੈਣ ਵਿੱਚ ਮਨ ਖੁਸ਼, ਦੇਹ ਅਰੋਗ ਅਤੇ ਆਲਾ ਦੁਆਲਾ ਸੁਖੀ ਦਿਸਦਾ ਹੈ, ਔਕੜਾਂ ਘੱਟਦੀਆਂ ਹਨ, ਆਪਸੀ ਟਕਰਾਅ, ਤਣਾਉ ਅਤੇ ਦੁਸ਼ਮਣੀਆਂ ਤੋਂ ਛੁਟਕਾਰਾ ਮਿਲ ਜਾਂਦਾ ਹੈ, ਚਲੋ ਤੁਸੀਂ ਉਹਨੂੰ ਆਪਣਾ ਆਪਣਾ ਸਮਝ ਕੇ ਹੀ ਮਨਾ ਲਵੋ, ਜਿਵੇਂ ਹੁਣ ਸਿੱਖ ਇਸ ਉਤਸਵ ਨੂੰ ਗੁਰੂ ਜੀ ਨਾਲ ਸੰਬੰਧਿਤ ਬੰਦੀ ਛੋੜ ਕਰਕੇ ਮਨਾਉਣ ਲੱਗ ਪਏ ਹਨ, ਭਾਵੇਂ ਬਹੁਗਿਣਤੀ ਹੁਣ ਇਸੇ ਦਿਹਾੜੇ ਗੁਰੂ ਸਾਹਿਬਾਂ ਦੀ ਰਿਹਾਈ, ਫੇਰ ਅੰਮ੍ਰਿਤਸਰ ਪਹੁੰਚਣਾ ਸੰਭਵ ਹੀ ਨਹੀਂ ਸੀ ਉਨ੍ਹਾਂ ਸਮਿਆਂ ਵਿੱਚ, ਪਰ ਕੋਈ ਨਹੀਂ ਖੁਸ਼ੀ ਮਨਾਈ ਜਾਣੀ ਹਰ ਪੱਖੋਂ ਹੀ ਮਾਣਮੱਤੀ ਹੈ, ਅਰਦਾਸਾਂ ਕਰੀਏ ਕਿ ਦਾਤਾ ਸਦਾ ਸੰਸਾਰ &lsquoਤੇ ਮਿਹਰ ਰੱਖੇ, ਦੁਸ਼ਟ ਦੂਤ ਨੂੰ ਭੀ ਸੁਮੱਤ ਦੇਵੇ ਕਿ ਉਹ ਦੁਨੀਆਂ ਤੇ ਆ ਕੇ ਕੋਈ ਚੰਗਾ ਕੰਮ ਕਰ ਲੈਣ, ਭਾਵੇਂ ਆਪਾਂ ਮੰਨਦੇ ਹਾਂ ਕਿ ਉਹਦੀ ਮਿਹਰ ਬਿਨਾਂ ਚੰਗਿਆਈ ਭੀ ਨੇੜੇ ਨਹੀਂ ਲੱਗਦੀ, ਸਾਹਮਣੇ ਹੀ ਹੈ ਕਿ ਕਿਵੇਂ ਬਦਮਰਾਜੀਆਂ ਨੇ ਭੈਰਮੀਆਂ ਚੁੱਕੀਆਂ ਹੋਈਆਂ ਹਨ, ਹਰ ਵਰਗ ਹੀ ਅਤਿਆਚਾਰ ਵੱਲ ਵਧੇਰੇ ਰੁਚਿਤ ਹੈ, ਕ੍ਰਿਤੀ, ਕਾਮੇ, ਕਿਸਾਨ ਜਥੇਬੰਦੀਆਂ, ਮੁਲਾਜ਼ਮ, ਅਫਸਰਸ਼ਾਹੀ, ਭਾਵੇਂ ਰਿਟਾਇਰ ਭੀ ਹੋ ਗਏ ਹਨ, ਪਰ ਸੁਭਾਅ ਅਨੁਸਾਰ ਹੁਕਮਾਂ ਨੂੰ ਹੀ ਸੇਵਾ ਸਮਝਦੇ ਹਨ, ਲੇਖਕ ਸਮਾਜ ਨੂੰ ਬੜੇ ਉਸਾਰੂ ਸੁਝਾਉ ਦੇ ਕੇ ਸੁਧਾਰ ਸਕਦੇ ਹਨ, ਪਰ ਪਤਾ ਨਹੀਂ ਸੂਖਮ ਬੁੱਧੀ ਨੂੰ ਤਾਂ ਤਾਲੇ ਲਾਈ ਬੈਠੇ ਹਨ, ਕਈ ਤਾਂ ਰੱਬੋ ਹੀ ਠਰਕੀ, ਅਸ਼ਲੀਲ ਅਤੇ ਭੱਦੀ ਬਿਰਤੀ ਨਾਲ ਜਨਮੇ ਹਨ ਜੋ ਆਪਣੀਆਂ ਆਦਤਾਂ ਨਾਲ ਦੂਜਿਆਂ ਨੂੰ ਭੰਡਣਾ, ਜਲੀਲ ਕਰਨਾ, ਆਪਣੇ ਅੰਦਰਲੇ ਜਮਦੂਤ ਨੂੰ ਪੱਠੇ ਪਾਉਂਦੇ ਹਨ, ਨਾ ਉਮਰ ਦਾ ਤਕਾਜ਼ਾ ਨਾ ਪਰਿਵਾਰਕ ਗਿਆਨ, ਨਾ ਧੀ, ਭੈਣ ਅਤੇ ਮਾਂ ਦਾ ਆਦਰ ਸਤਿਕਾਰ ਜਾਣਦੇ ਹਨ, ਬੱਸ ਆਪਣੀ ਦੁਰਗੰਧ ਖਿਲਾਰਦੇ ਤੇ ਵੰਡਦੇ ਰਹਿੰਦੇ ਹਨ, ਬੇਨਤੀ ਕਰੋ ਕਿ ਅਜਿਹੇ ਜੀਵ ਮਨੁੱਖੀ ਜਾਮੇ ਵਿੱਚ ਨਾ ਧਰਤੀ &lsquoਤੇ ਭੇਜੇ ਅਕਾਲ ਪੁਰਖ, 84 ਲੱਖ ਜੂਨਾਂ ਹਨ, ਉਨ੍ਹਾਂ ਵਿੱਚ ਪ੍ਰਵੇਸ਼ ਕਰ ਦੇਵੇ, ਅੱਜ ਹਰ ਪ੍ਰਾਣੀ ਦੀ ਲੋਚਣਾ ਹੈ ਕਿ ਸਤਿਯੁੱਗ ਆਵੇ, ਚੰਗਾ ਰਾਜ ਪ੍ਰਬੰਧ ਆਉਣ ਤੇ ਲੋਕ ਖੁਸ਼ਹਾਲ ਹੋਣ, ਸੰਭਵ ਤਾਂ ਹੀ ਹੈ ਜੇਕਰ ਚੰਗੇ ਮਨੁੱਖ ਹੋਣਗੇ | ਸਮਾਜ, ਸੰਸਾਰ ਅਤੇ ਰਾਜ ਲੋਕਾਂ ਰਾਹੀਂ ਹੀ ਚੱਲ ਰਹੇ ਹਨ | ਜਦੋਂ ਲੋਕ ਹੀ ਪਸ਼ੂ ਸਮਾਨ ਹੋ ਜਾਣ ਤਾਂ ਚੰਗਿਆਈ ਕਿਥੋਂ ਲੱਭੂ ? ਇਸ ਕਰਕੇ ਸਾਰੇ ਸੇਵਕ ਜੋ ਭੀ ਆਪਣੀ ਆਪਣੀ ਥਾਂ ਯਥਾਯੁਕਤ ਹਿੱਸਾ ਪਾਉਂਦੇ ਹਨ, ਜੇਕਰ ਇਹ ਸੋਚ ਦੇ ਧਾਰਨੀ ਹੋ ਜਾਣ ਤਾਂ ਸਹਿਜੇ ਸਹਿਜੇ ਰਾਮ ਰਾਜ ਵੱਲ ਪੁਲੰਗਾ ਪੱਟੀਆਂ ਜਾ ਸਕਦੀਆਂ ਹਨ, ਅੱਜ ਸਾਡੀਆਂ ਸਮੱਸਿਆਵਾਂ ਮਨੁੱਖੀ ਘੜਤਾਂ ਬਹੁਤੀਆਂ ਹਨ, ਪ੍ਰਮਾਤਮਾਂ ਦੀ ਕ੍ਰੋਪੀ ਕਰਕੇ ਘੱਟ, ਹਰ ਦੇਸ਼ ਵਿੱਚ ਹੀ ਹਫੜਾ ਦਫੜੀ ਮਚੀ ਪਈ ਹੈ, ਸਾਡੇ ਆਪਣੇ ਦੇਸ਼ ਵਿੱਚ ਜਿਥੇ ਕਾਨੂੰਨ, ਜਨੂੰਨ ਤੇ ਪ੍ਰਸਾਸ਼ਨ ਪ੍ਰਪੱਕਤਾ ਦੇ ਦਾਅਵੇ ਕਰਦਾ ਹੈ, ਕਿਵੇਂ ਦਿਨ ਦਿਹਾੜੇ ਕਤਲ, ਲੁੱਟਾਂ ਖੋਹਾਂ ਅਤੇ ਭੈੜੀਆਂ ਹਰਕਤਾਂ ਹੋ ਰਹੀਆਂ ਹਨ, ਪੁਲਸ &lsquoਤੇ ਅੱਡ ਸਵਾਲ ਉੱਠਦੇ ਹਨ, ਸਿਆਸਤਾਂ ਦਾ ਧਿਆਨ ਹੱਲ ਵੱਲ ਘੱਟ ਵਿਰੋਧਤਾ ਵੱਲ ਵੱਧ ਹੈ, ਸਿੱਟੇ ਵਜੋਂ ਸਾਧਾਰਨ ਵਿਅਕਤੀ ਪੀੜੇ ਜਾ ਰਹੇ ਹਨ | 
  ਹੁਣ ਸਾਲਾਨਾ ਬਜਟ ਪੇਸ਼ ਹੈ, ਸਰਕਾਰ ਕਹਿੰਦੀ ਉੱਤਮ ਹੈ ਤੇ ਵਿਰੋਧੀ ਧਿਰ ਕਹਿੰਦੀ ਹੈ, ਮੱਧਮ ਹੈ, ਆਮ ਜਨਜੀਵਨ ਨੂੰ ਤਾਂ ਵਰਤੇ ਵਿਚਾਰੇ &lsquoਤੇ ਹੀ ਪਤਾ ਲੱਗਦਾ ਹੈ, ਹਾਂ ਭੱਤਾਕਾਰੀਆਂ ਨੂੰ ਪ੍ਰਭਾਵ ਦਾ ਪਤਾ ਝੱਟ ਲੱਗਦਾ ਹੈ, ਸਰਕਾਰਾਂ ਨੇ ਇਕ ਹੱਥ ਲੈ ਦੂਜੇ ਦੇਹ, ਹਿਸਾਬ ਕਿਤਾਬ ਬੇਬਾਕ ਕਰਨੇ ਹੀ ਹੁੰਦੇ ਹਨ, ਕੋਈ ਭੀ ਹੋਵੇ, ਦੁਖੀ ਪੁੱਛੇ ਬਿਕੁੰਠ ਕਿਥੇ ਹੈ, ਭਾਈ ਬੁੱੁਧੀ ਆਖੇ ਜਿਥੇ ਵੱਸੇ ਸਾਈਂ, ਸੁਖੀ ਆਖੂ ਇਥੇ ਹੀ ਹੈ, ਠੀਕ ਹੈ ਸਭ ਇਥੇ ਹੀ ਹੈ | ਮੈਂ ਬਗੀਚੇ ਵਿੱਚ ਬੈਠੀ ਗੁਲਾਬ ਦੀਆਂ ਝਾੜੀਆਂ ਨੂੰ ਲੱਗੇ ਫੁੱਲਾਂ ਵੱਲ ਦੇਖ ਕੇ ਸੋਚਾਂ ਕਿ ਕਿੰਨੇ ਸੁੰਦਰ, ਸੁਗੰਧੀ, ਸਿਹਤ ਲਈ ਕਿੰਨੇ ਗੁਣਕਾਰੀ, ਕਿੰਨੀ ਤਰ੍ਹਾਂ ਦੀਆਂ ਪਦਾਰਥਵਾਦੀ ਵਰਤੋਂ ਵਿੱਚ ਆਉਂਦੇ ਹਨ, ਪਰ ਫੁੱਲ ਥੋੜ੍ਹੇ ਤੇ ਕੰਡੇ ਚੌਗਣੇ ਹਨ, ਇਹੀ ਹਾਲ ਦੁਨੀਆਂ ਦਾ ਹੈ, ਫੁੱਲਾਂ ਦੀ ਵਰਤੋਂ ਘੱਟ ਕੰਡਿਆਂ ਨੂੰ ਚੋਭਾਣ ਵੱਲ ਰੁਚੀਆਂ ਹਨ, ਸੋਚੀ ਜਾਵਾਂ ਕਿ ਕਿੰਨਾ ਪਾਠ ਪੂਜਾ ਹੁੰਦਾ ਹੈ, ਕਿੰਨੇ ਲੋਕ ਤੜਕੇ ਉੱਠ ਕੇ ਨਿੱਤ-ਨੇਮ ਕਰਦੇ ਹਨ, ਭਗਤੀ ਕਰਦੇ ਹਨ, ਅੱਤਿਆਚਾਰ ਵੱਲ ਕਿਵੇਂ ਉਲਾਰ ਹੋ ਸਕਦੇ ਹਨ ? ਕਾਰਨ ਮੈਂ ਨਹੀਂ ਲੱਭ ਸਕੀ, ਨਾਲ ਆਖ ਭੀ ਰਹੇ ਹਨ ਕਿ ਇਹ ਧਾਰਮਿਕ ਉਪਦੇਸ਼ ਹੈ, ਕੀ ਫੇਰ ਨਾਮ ਸਿਮਰਨ ਦਾ ਲਾਭ ਕੀ ? ਤੇ ਕੀਹਨੂੰ ? ਮੇਰੀ ਸਮਝ ਉੱਥਲ ਪੁੱਥਲ ਜਾਂਦੀ ਹੈ ਕਿ ਸਾਡੇ ਤਾਂ ਧਾਰਮਿਕ ਪੁਰਖ, ਸਮਾਗਮ ਅਤੇ ਗੁਰੂ-ਘਰ ਸਾਰਾ ਸਮਾਂ ਪ੍ਰਸਾਰੀ ਜਾਂਦੇ ਹਨ, ਫੇਰ ਹਾਲੇ ਕਹਿੰਦੇ ਪ੍ਰਚਾਰ ਦੀ ਘਾਟ ? ਸ਼੍ਰੋਮਣੀ ਕਮੇਟੀ ਪ੍ਰਚਾਰ ਨਹੀਂ ਕਰਦੀ, ਪਰ ਮੁਸੀਬਤਾਂ ਸਾਡੇ &lsquoਤੇ ਹੀ ਬਹੁਤੀਆਂ ਹਨ ? ਮੈਂ ਸਮਾਜੀ ਦੀਆਂ ਗੱਲਾਂ ਨਹੀਂ ਕਰਦੀ, ਧਾਰਮਿਕ ਤੇ ਚਿੰਤਕ ਹਾਂ, ਬੇਅਦਬੀ ਭੀ ਕੋਈ ਬਾਹਰੋਂ ਨਹੀਂ ਕਰਦੇ, ਕੀ ਇਹ ਜਾਣ ਬੁੱਝ ਕੇ ਸ਼ਰਾਰਤਾਂ ਹਨ ? 
  ਇਸ ਹਫ਼ਤੇ ਇਕ ਹੋਰ ਧਰਨਾ ਦੇਖਿਆ ਲੁਧਿਆਣੇ ਵਿੱਚ, ਕਿਸੇ ਨੇ ਪੋਸਟ &lsquoਤੇ ਗੁਰੂ ਨਾਨਕ ਦੇਵ ਜੀ ਦੇ ਪਿਤਾ ਪ੍ਰਤੀ ਕਹਿੰਦੇ ਹਨ ਕਿ ਅਪਸ਼ਬਦ ਲਿਖੇ ਸ਼ਬਦ ਤਾਂ ਨਹੀਂ ਭੱਦੀ ਭਾਸ਼ਾ, ਤਾਂ ਕੁਝ ਕੁ ਨੌਜਵਾਨ ਮੱਕੂ ਨਾਮੀ ਚੈਨਲੀ ਪੱਤਰਕਾਰ ਨਾਲ ਬੈਠੇ ਹਨ ਕਿ ਅਰੋੜਾ ਨੂੰ ਗ੍ਰਿਫਤਾਰ ਕਰੋ, ਇਹ ਭੀ ਸਾਹਮਣੇ ਆਇਆ ਕਿ ਜਿਸ ਏਰੀਏ ਦਾ ਉਹ ਬੰਦਾ ਵਸਨੀਕ ਹੈ, ਉਥੋਂ ਦਾ ਕੌਂਸਲਰ ਧਰਨਾਕਾਰੀਆਂ ਕੋਲ ਆਇਆ, ਦੋ ਹੋਰ ਨੌਜਵਾਨ ਜੋ ਜਾਣਦੇ ਸਨ ਆਏ, ਮੈਂ ਇਸ ਸਿੱਟੇ &lsquoਤੇ ਪਹੁੰਚੀ ਕਿ ਆਪਸੀ ਜਿੱਦਾਂ ਵਿੱਚ ਵਾਧਾ, ਵਿਰੋਧ ਆਦਿ ਦੀਆਂ ਘਟਨਾਵਾਂ ਹਨ ਤੇ ਹਾਨੀ ਸਾਡੇ ਧਰਮ ਦੀ ਹੋ ਰਹੀ ਹੈ, ਇਨ੍ਹਾਂ ਦੀ ਭੀ ਜਾਂਚ ਹੋਣੀ ਬਣਦੀ ਹੈ, ਧਾਰਮਿਕ ਅਦਾਰਿਆਂ ਨੂੰ ਇਹ ਮੁੱਦਾ ਚੁੱਕਣਾ ਬਣਦਾ ਹੈ, ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੇ ਹਾਲਾਤ ਗੰਭੀਰ ਬਨਣ ਦੇ ਅਸਾਰ ਹਨ, ਸੁਣਿਆ ਹੈ ਹੁਣ ਪੰਜਾਬ ਦੇ ਗੁਰਦੁਆਰਿਆਂ ਵਿੱਚ ਜਥੇ ਜਾਇਆ ਕਰਨਗੇ, ਭਾਵੇਂ ਰਾਤ ਦੇ ਜਿਹੜੇ ਵੇਲੇ ਮਰਜ਼ੀ ਅਤੇ ਪੜਚੋਲਿਆ ਕਰਨਗੇ ਕਿ ਅਦਬ, ਸਤਿਕਾਰ ਕਾਇਮ ਹੈ, ਪ੍ਰਬੰਧ ਠੀਕ ਹਨ, ਨਹੀਂ ਤਾਂ ਗੁਰੂਘਰਾਂ &lsquoਤੇ ਕਬਜ਼ਾ ਜਾਂ ਬੰਦ ਕਰਵਾ ਕੇ ਸਾਹ ਲੈਣਗੇ, ਕੀ ਇਹ ਝਗੜਿਆਂ ਅਤੇ ਗੰਭੀਰ ਰੂਪ ਵਿੱਚ ਜੀਹਨੂੰ ਮਰਜ਼ੀ ਦੋਸ਼ੀ ਬਣਾ ਦਿਉ ਤੇ ਅੱਗੋਂ ਉਹ ਹੋਰ ਕੋਈ ਕਾਰਾ ਕਰਨ, ਕੀ ਇਹ ਧਰਮ ਵਿੱਚ ਵਾਧਾ ਹੋਵੇਗਾ ਜਾਂ ਫੇਰ ਲੋਕੀ ਦੁਖੀ ਹੋ ਕੇ ਭੱਜਣਗੇ ? ਸਿੱਖ ਰਾਜ ਦੀ ਅਰਦਾਸ ਤੇ ਕੀ ਅਸਰ ਹੋਵੇਗਾ ਕਿ ਪੰਜਾਬ ਦੇ ਦੂਜੇ ਵਰਗ ਸਹਿਮਤ ਹੋਣਗੇ | ਕਿਸਾਨੀ ਸੰਘਰਸ਼ ਨੇ ਬੜੀਆਂ ਮੁਸੀਬਤਾਂ ਸਹੇੜ ਲਈਆਂ ਹਨ, ਗੁੱਥੀ ਸੁਲਝਾਉਣੀ ਕਠਿਨ ਹੈ, ਨਿਹੰਗ ਜਥੇਬੰਦੀਆਂ ਦੀ ਹੋਈ ਮੀਟਿੰਗ ਵਿੱਚ ਦੇਖੋ ਕਿਵੇਂ ਅਕਾਲੀ ਦਲ ਅੰਮ੍ਰਿਤਸਰ ਦੇ ਸਹਿਯੋਗੀ ਤੇ ਉਹ ਸਾਰੇ ਅਨਸਰ ਜੋ ਆਮ ਹੀ ਮੁਜ਼ਾਹਰੇ ਕਰਦੇ ਰਹਿੰਦੇ ਹਨ ਪਹੁੰਚੇ, ਜਸਵੀਰ ਸਿੰਘ ਰੋਡੇ ਤੇ ਹੋਰ ਭੀ ਬੜੇ ਨੁਮਾਇੰਦੇ ਜੋ ਸਪੀਚਾਂ ਸੁਣੀਆਂ ਹੱਲ ਵੱਲ ਨਹੀਂ ਸਨ ਤੁਰਦੀਆਂ, ਸਗੋਂ ਆਪਸੀ ਵਿਵਾਦਾਂ ਵੱਲ ਸਨ, ਚਿੰਤਾ ਦਾ ਵਿਸ਼ਾ ਹੈ, ਕਿਸਾਨ ਆਗੂ ਤਾਂ ਹਉਮੈ ਵਿੱਚ ਫਸੇ ਪਏ ਹਨ, ਸਰਕਾਰ ਅਕਸਰ ਹਾਕਮ ਹਨ ਦਰੜੇ ਕੌਣ ਜਾਣਗੇ ? ਸਹਿਕਾਰੀਆਂ ਨੂੰ ਸੁਝਾਉ ਦੇਣੇ ਬਣਦੇ ਹਨ ਕਿ ਸਿੱਖ ਕੌਮ ਦਾ ਅਕਸ ਨਾ ਵਿਗਾੜੋ, ਖੱਬੀਏ ਤੇ ਯੂਨੀਅਨਾਂ ਤਾਂ ਪਹਿਲਾਂ ਹੀ ਇੱਟ ਖੜਿੱਕੇ ਵਿੱਚ ਵਿਸ਼ਵਾਸੀ ਹਨ, ਇਹ ਮਾਰ-ਵਢਾਈ ਸਿੱਖ ਧਰਮ ਦਾ ਅੰਗ ਨਹੀਂ ਬਨਣਾ ਚਾਹੀਦਾ, ਸ਼੍ਰੋਮਣੀ ਕਮੇਟੀ ਤੇ ਅਕਾਲ ਤਖ਼ਤ ਸਾਹਿਬ ਮਰਿਯਾਦਾ ਵੱਲ ਧਿਆਨ ਦੇਣ ਨਾਂ ਕਿ ਸਿਆਸਤ ਵੱਲ | 
  ਬੜੀ ਦੱੁਖਦਾਈ ਘਟਨਾ ਕਿ ਟਿਕਰੀ ਬਾਰਡਰ ਤੇ ਤੜਕੇ 5|30 ਵਜੇ ਘਰਾਂ ਨੂੰ ਮੁੜਨ ਲਈ ਬੈਠੀਆਂ ਮਾਣਸਾ ਜ਼ਿਲ੍ਹੇ ਦੀਆਂ ਤਿੰਨ ਬੀਬੀਆਂ ਤਾਂ ਟਰੱਕ ਦੇ ਬੇਕਾਬੂ ਹੋਣ ਕਾਰਨ ਦਮ ਤੋੜ ਗਈਆਂ ਅਤੇ ਕੁਝ ਜ਼ਖਮੀ ਹਸਪਤਾਲ ਵਿੱਚ ਹਨ, ਦੇਖੋ ਰੰਗ ਕਰਤੇ ਦੇ ਹੁਣ ਤੱਕ ਬੀਬੀਆਂ ਦੀ ਸ਼ਹੀਦੀ ਦੀ ਘਾਟ ਸੀ, ਪ੍ਰਮਾਤਮਾਂ ਦੇ ਸੁਨੇਹੇ ਸਮਝਣ ਦੀ ਲੋੜ ਹੈ, ਸਵਾਲ ਇਹ ਭੀ ਹੈ ਕਿ ਬੀਬੀਆਂ ਨੂੰ ਢੁੱਕਮੀ ਥਾਂ ਤੇ ਘਰ ਨੂੰ ਪ੍ਰਬੰਧ ਕਰਕੇ ਹੀ ਮੋੜਿਆ ਜਾਣਾ ਚਾਹੀਦਾ ਸੀ ਨਾ ਕਿ ਜਾ ਕੇ ਭੜੀਹਾਂ &lsquoਤੇ ਬੈਠ ਜਾਵੋ | 
  ਅਹਿਮ ਮੁੱਦਾ ਅਮਰੀਕੀ ਨਾਗਰਿਕ ਮੂਲ ਨਿਵਾਸੀ ਭਾਰਤ ਦਰਸ਼ਨ ਸਿੰਘ ਧਾਲੀਵਾਲ (ਰੱਖੜਾ) ਪਿੰਡ ਹੈ ਤੋਂ ਪੰਜਾਬ ਫੇਰੀ &lsquoਤੇ ਆਏ ਨੂੰ ਇੰਮੀਗ੍ਰੇਸ਼ਨ ਅਧਿਕਾਰੀ ਇਹ ਆਖ ਕੇ ਵਾਪਸ ਕਰਨ ਕਿ ਤੂੰ ਕਿਸਾਨ-ਅੰਦੋਲਨ ਤੇ ਲੰਗਰ ਕਿਉਂ ਲਾਏ ? ਬੜਾ ਗੰਭੀਰ ਕਾਰਨ ਹੈ, ਜੇਕਰ ਇਹ ਸੱਚ ਹੈ ਕਿ ਇਹ ਕਾਰਨ ਲਿਖਤ ਵਿੱਚ ਹੈ ਤਾਂ ਹਾਲ ਦੁਹਾਈ ਹੀ ਨਹੀਂ ਸਗੋਂ ਬੜਾ ਵੱਡਾ ਧਾਰਮਿਕ ਉਲੰਘਣਾ ਦਾ ਕੇਸ ਹੈ, ਪਰ ਹੈਰਾਨੀ ਹੈ ਕਿ ਅਮਰੀਕਾ ਦੂਤਾਵਾਸ ਨੇ ਵਕੀਲੀ ਕਿਉਂ ਨਹੀਂ ਕੀਤੀ ਤੇ ਵਾਪਸੀ ਰੁੱਕਵਾਈ ? ਹੁਣ ਭੀ ਸਿੱਖ ਜਥੇਬੰਦੀਆਂ ਦਾ ਜਾਂ ਸਿਆਸੀ ਆਗੂਆਂ ਦਾ ਫਰਜ਼ ਤਾਂ ਠੀਕ ਹੈ ਪਰ ਇਹ ਮੰਤਰਾਲਿਆਂ ਦੀ ਪੜਤਾਲ ਦਾ ਜੁੰਮਾਂ ਹੈ, ਹੁਣ ਤਾਂ ਫੇਰ ਸਾਰੇ ਕਿਸਾਨ ਸਮਰਥੱਕ ਹੀ ਕੰਬਣੀ ਵਿੱਚ ਹੋਣਗੇ, ਇਹ ਘੋਖ ਅਤਿ ਜ਼ਰੂਰੀ ਹੈ ਹਰ ਐੱਨ|ਆਰ|ਆਈ| ਲਈ | ਪਰ ਮੇਰਾ ਵਿਸ਼ਾ ਤਾਂ ਹੈ ਕਿ ਜੜ੍ਹਾਂ ਹੀ ਸਾਡੀ ਸੋਚ ਹਨ, ਅਸੀਂ ਇਹ ਸਮਝਦੇ ਹੀ ਨਹੀਂ ਕਿ ਅਸੀਂ ਤਾਂ ਭਾਰਤੀ ਮੂਲ ਦੇ ਸੀ, ਸਾਡਾ ਆਪਣਾ ਤਾਂ ਦੇਸ਼ ਕੋਈ ਨਹੀਂ ਜੀਹਦੇ ਸਿਰ &lsquoਤੇ ਅਸੀਂ ਸਭ ਸਿੱਖ ਤਾਂਘੜਦੇ ਹਾਂ, ਅਸੀਂ ਰੀਸਾਂ ਕਰਦੇ ਹਾਂ ਉਨ੍ਹਾਂ ਕੌਮਾਂ ਦੀਆਂ ਜੋ ਆਪਣੇ ਪਿੱਛੇ ਛੱਡੇ ਦੇਸ਼ਾਂ ਲਈ ਹਾਅ ਦੇ ਨਾਅਰੇ ਮਾਰਦੇ ਹਨ, ਬੱਸ ਇਸੇ ਘੜੰਮ ਨੇ ਸਾਨੂੰ ਮਾਰ ਲਿਆ, ਕਿੰਨੇ ਬੰਦੇ ਅਸੀਂ ਫਸਾਈ ਬੈਠੇ ਹਾਂ, ਹੋਰ ਭੀ ਦੇਖੋ ਅਸੀਂ ਜਿਹੜੇ ਭੀ ਦੇਸ਼ ਜਾ ਵਸੇ ਉਥੇ ਭੀ ਝਗੜਦੇ ਹੀ ਹਾਂ, ਵਡਿਤਣ ਨੂੰ ਛੁੜਿਤਣ ਬਣਾ ਧਰੀਵੀ ਹੈ, ਹੁਣ ਕਿਸਾਨੀ ਅੰਦੋਲਨ ਹੀ ਦੇਖ ਲਵੋ ਵਿਆਹ ਜੋਗੇ ਦੇ ਤੇ ਅੜਾਟ ਭੋਗੇ ਦੇ ਪਾਈ ਬੈਠੇ ਹਾਂ, ਹਾਲਾਂਕਿ ਅਵਾਸੀਆਂ ਦੀਆਂ ਜਮੀਨਾਂ ਜਾਇਦਾਦਾਂ ਲਈ ਵੱਖਰੇ ਕਾਨੂੰਨ ਹਨ, ਪਰ ਅਸੀਂ ਪੰਜਾਬੀ ਕਿਸਾਨਾਂ ਦਾ ਦੁੱਖ ਰੋਈ ਜਾਂਦੇ ਹਾਂ, ਜਦੋਂ ਫੇਰ ਸਾਨੂੰ ਮੁਸੀਬਤਾਂ ਪੈਂਦੀਆਂ ਹਨ ਤਾਂ -? ਲਾਉਂਦੇ ਹਾਂ, ਮੇਰਾ ਸੁਝਾਉ ਹੁਣ ਹੈ ਕਿ ਕਿਸਾਨੀ ਅੰਦੋਲਨ ਵਿੱਚ ਬੜੀਆਂ ਤੁਰੱਟੀਆਂ ਆ ਰਹੀਆਂ ਹਨ, ਨਿਹੰਗ ਮਾਮਲੇ ਵਿੱਚ ਸੰਯੁਕਤ ਮੋਰਚੇ ਦੀ ਆਪਸ ਵਿੱਚ ਨੀਤੀ ਨਹੀਂ ਮਿਲਦੀ, ਉਨ੍ਹਾਂ ਜੋ ਮੀਟਿੰਗ ਸੱਦ ਕੇ ਫੈਸਲਾ ਕਰਵਾ ਲਿਆ ਕਿ ਟਿਕੇ ਰਹੋ ਜਾਇਉ ਨਾ, ਭਾਵੇਂ ਆਖ ਤਾਂ ਰਹੇ ਹਨ ਕਿ ਏਕਤਾ ਹੈ, ਏਕਤਾ ਦੱਸੋ ਕਿਵੇਂ? 
ਕਿਸਾਨੀ ਸੰਘਰਸ਼ ਤਾਂ ਬੇਅਦਬੀ ਦਾ ਮੁੱਦਾ ਉਥੇ ਵਿਚਾਰਦਾ ਨਹੀਂ, ਇਹ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਨਾਲ ਹੈ, ਨਿਹੰਗ ਹੁਣ ਇਥੇ ਗੁਰਦੁਆਰਿਆਂ ਨਾਲ ਯੁੱਧ ਵਿੱਚ ਉਲਝਣ ਲੱਗੇ ਹਨ ਤੇ ਅਵੱਸ਼ ਟਕਰਾਅ ਹੋਣਗੇ, ਕਿਸਾਨ ਕਿਹੜੇ ਪਾਸੇ ਹੋਣਗੇ ?
  ਕੁੜਿਕੀ ਵਿੱਚ, ਜੇਕਰ ਮੈਂ ਕਿਸੇ ਦੀ ਸਲਾਹਕਾਰ ਹੋਵਾਂ ਤਾਂ ਮੇਰਾ ਤਾਂ ਨੁਕਤਾ ਹੈ ਕਿ ਕਿਸਾਨ ਆਗੂ ਚੁੱਪ ਕਰਕੇ ਮੋਰਚੇ ਦੀ ਵਾਗਡੋਰ ਹੁਣ ਨਿਹੰਗ ਸਿੰਘਾਂ ਦੇ ਹਵਾਲੇ ਕਰਨ ਲਿਖ ਕੇ ਹਾਰ ਬਣਾ ਲੈਣ ਕਿ ਲਉ ਜੀ ਡੋਰ ਸੰਭਾਲੋ, ਕਿਉਂਕਿ ਨਿਹੰਗਾਂ ਨੇ ਆਪ ਹੀ ਜਸਵੀਰ ਸਿੰਘ ਰੋਡੇ ਨੂੰ ਜਥੇਦਾਰ ਮੰਨ ਕੇ ਅਤੇ ਸ: ਸਿਮਰਨਜੀਤ ਸਿੰਘ ਮਾਨ ਤੇ ਸੰਬੰਧਿਤ ਗਰਮ ਦਲੀਆਂ ਨੂੰ ਬਿਰਾਜਮਾਨ ਕਰਕੇ ਸਾਲਸ ਬਣਾ ਕੇ ਸੰਯੁਕਤ ਮੋਰਚੇ ਦੇ ਕੁਝ ਧੜੇ ਪਹਿਲਾਂ ਹੀ ਇਨ੍ਹਾਂ ਨਾਲ ਸਹਿਮਤ ਸਨ ਤੇ ਤਿੰਨ ਤਿੰਨ ਮੈਂਬਰ ਲੈ ਕੇ ਕਮੇਟੀ ਦੀ ਧਾਰਨਾ ਕਰ ਦਿੱਤੀ, ਦੇਖ ਲਿਉ ਇਹ ਸਕੀਮ ਚੱਲਣੀ ਨੀ, ਦੋ ਧੁਰੇ ਹੋ ਗਏ ਨੇ ਕਿਸਾਨੀ ਘੋਲ ਤਾਂ ਫੇਰ ਪਿੱਛੇ ਰਹਿ ਗਿਆ, ਦੂਜਾ ਰਾਕੇਸ਼ ਟਿਕੈਤ, ਯੁਗੇਂਦਰ ਯਾਦਵ, ਚੜੂਨੀ ਸਾਂਬਣ ਆਪਣਾ ਪਾਸਾ, ਪੰਜਾਬ ਦੇ ਆਗੂ ਵਾਪਸ ਪਰਤਣ ਤੇ ਰੱਖ ਲੈਣ ਆਪਣੀ ਪੱਤ, ਮੈਂ ਜਾਣਦੀ ਹਾਂ ਕਿ ਇਹ 32 ਜਥੇਬੰਦੀਆਂ ਨੇ ਚੌਧ੍ਹਰ ਨਹੀਂ ਛੱਡਣੀ, ਵੱਡੀਆਂ ਯੂਨੀਅਨਾਂ ਤਾਂ ਸਥਾਪਤ ਹਨ ਕੋਈ ਫਰਕ ਨੀ ਪੈਣਾ, ਤਨਖਾਹ ਆਦਿ &lsquoਤੇ ਪਰ ਖੂੰਬਾਂ ਨੂੰ ਦਾਣਾ ਫੱਕਾ ਬੰਦ ਹੋ ਜਾਣਾ ਹੈ, ਪਰ ਇਹ ਭੀ ਕੰਧਾਂ &lsquoਤੇ ਹੁਣ ਲਿਖਿਆ ਪੜ੍ਹ ਲੈਣ, ਭਵਿੱਖ ਕੰਡਿਆਲਾ ਹੈ ਪਹਿਲਾਂ ਵਾਂਗੂੰ ਬੋਹਲ ਨੀ ਮਿਲਣੇ, ਕਾਨੂੰਨ ਭੀ ਕਾਨੂੰਨ ਪ੍ਰਣਾਲੀ ਵਿੱਚ ਲਮਕਣੇ ਹਨ, ਰੱਦ ਨੀ ਹੋਣੇ ਲਾਗੂ ਨੀ ਹੋਣੇ ਤਾਂ ਕਿਉਂ ਆਪਣੀਆਂ ਧੌਣਾਂ ਭਨਾਉਣੀਆਂ ਹਨ ਤੇ ਹੁਣ ਪ੍ਰਮਾਤਮਾਂ ਭੀ ਕਰੋਪੀ ਹੈ, ਆਪਣੇ ਸਿਰੋਂ, ਗਲੋਂ ਅਤੇ ਮੋਢਿਉਂ ਲਾਹ ਧਰਨ ਆਪੇ ਲੋਕੀ ਇਨ੍ਹਾਂ ਨੂੰ ਪੁੱਛਣਗੇ, ਬਾਕੀ ਵਿਦੇਸ਼ੀ ਟਿਕ ਕੇ ਬੈਠਣ, ਤਰਲੋਮੱਛੀ ਹੋਣੋ ਗੁਰੇਜ਼ ਕਰਨ, ਹਰ ਵੇਲੇ ਹੋਏ ਹੋਏ ਕਰਨ ਵਾਲੇ ਤਾਂ ਸ਼ਾਇਦ ਚੋਰੀ ਚੋਰੀ ਪੰਜਾਬ ਜਾ ਵੜਦੇ ਹਨ ਪਰ ਸਾਧਾਰਨ ਵਿਚਾਰੇ ਕਿਧਰੇ ਅੜਿੱਕੇ ਨਾ ਚੜ੍ਹਨ, ਪਰ ਗੱਲ ਇਹ ਭੀ ਹੈ ਸਾਧਾਰਨ ਤਾਂ ਬੋਲਦੇ ਭੀ ਨਹੀਂ ਹਨ, ਸੋ ਉਨ੍ਹਾਂ ਨੂੰ ਕਾਹਦਾ ਫਿਕਰ ? ਬਾਰਡਰਾਂ ਤੋਂ ਬੈਰੀਕੇਡ ਹਟਾਏ ਜਾ ਰਹੇ ਹਨ, ਸੁਪਰੀਮ ਕੋਰਟ ਦੇ ਅਦੇਸ਼ਾਂ ਕਰਕੇ, ਹੁਣ ਕਿਸਾਨ ਆਗੂ ਦੂਜੇ ਪਾਸੇ ਹੋ ਗਏ, ਕਹਿੰਦੇ ਚੰਗਾ ਅਸੀਂ ਦਿੱਲੀ ਜਾਵਾਂਗੇ, ਨਾਲੇ ਕੇਂਦਰ ਦੇ ਸਾਹਮਣੇ ਮੰਡੀ ਲਾਵਾਂਗੇ ਉਪਜ ਵੇਚਣ ਦੀ, ਭਲਾ ਦੱਸੋ ਉਥੇ ਲੋਕੀ ਖਰੀਦਣ ਆਉਣਗੇ ? ਬੱਸ ਅਡੰਬਰ ਨਤੀਜੇ ਪਤਾ ਨਹੀਂ ਕੀ ਭਿਆਨਕ ਨਿਕਲਣਗੇ, ਪਤਾ ਨਹੀਂ ਕੀਹਦੀ ਆਈ ਭੀਆ ਜਾਵੇ, ਕੁਝ ਭੀ ਹੋਵੇ ਹੁਣ ਵਿਦੇਸ਼ੀ ਤਾਂ ਪੈਸਾ ਵੰਡਣ ਜਾਣੋ ਜਰੂਰ ਝਿੱਜਕਣਗੇ, ਨਾਲੇ ਹੁਣ ਏਜੰਸੀਆਂ ਭੀ ਘੱਟ ਹੀ ਫੰਡ ਦੇਣਗੀਆਂ, ਪਾਜ਼ ਖੁੱਲ੍ਹ ਰਹੇ ਹਨ, ਝੂਠ ਬੋਲਦੇ ਨੇ ਪੱਲਿਉਂ ਕੋਈ ਨੀ ਦਿੰਦਾ, ਸੰਘਰਸ਼ ਲੰਮਾਂ ਹੋਵੇ ਤਾਂ ਖੋਜਾਂ ਹੋਣ ਲੱਗ ਜਾਂਦੀਆਂ ਹਨ, ਪੰਜਾਬ ਦਾ ਉਛਕਲ ਤਾਂ ਰਾਜੇਵਾਲ ਦਾ ਹੀ ਸੀ, ਫੇਰ ਹੁਣ ਮੁੱਖ ਮੰਤਰੀ ਨਾਲ ਗੱਲਬਾਤ ਬਹੁਤੀਆਂ ਧਿਰਾਂ ਤਾਂ ਔਖੀਆਂ ਹਨ, ਪਰ ਡਰਦੀਆਂ ਚੁੱਪ ਹਨ, ਕਈ ਤਾਂ ਮੁਫਾਦਾਂ ਖਾਤਰ ਭੱਜੀਆਂ ਫਿਰਦੀਆਂ ਹਨ, ਲਾਈਲੱਗ ਘੇਰੇ ਗਏ ਤੇ ਠੱਗੇ ਗਏ | 
  ਇਕ ਵਿਸ਼ਾ ਕਿ ਸਜ਼ਾ ਫਾਂਸੀ ਦੀ ਮੰਗ : ਕੇਵਲ ਕੁਝ ਦੇਸ਼ਾਂ ਵਿੱਚ ਹੀ ਹੈ, ਪਰ ਮੈਂ ਮਨੁੱਖੀ ਅਧਿਕਾਰਾਂ ਵਿਰੁੱਧ ਸੁਣਿਆ ਸੀ ਭਾਰਤ ਵਿੱਚ ਜਲਾਦ ਨਹੀਂ ਲੱਭਦੇ, ਔਲਾਦ ਉਸ ਕਿੱਤੇ ਤੋਂ ਤੌਬਾ ਕਰ ਚੱੁਕੀ ਹੈ, ਮੈਂ ਸੋਚਾਂ ਕਿ ਸਿੱਖਾਂ ਦੀ ਇਹ ਮੰਗ ਹੈ ਫੇਰ ਇਸ ਕਿੱਤੇ ਵਿੱਚ ਨੌਕਰੀ ਕਿਉਂ ਨਹੀਂ ਲੈਂਦੇ ?
  ਪੜ੍ਹਿਆ ਹੈ ਕਿ ਡਰਬੀ ਵਿੱਚ ਇਕ ਹੋਰ ਗੁਰੂ-ਘਰ ਖੁੱਲ੍ਹ ਰਿਹਾ ਹੈ, ਵਧਾਈਆਂ ਸੌਦਾ ਘਾਟੇ ਵਾਲਾ ਨਹੀਂ, ਹਾਲੇ ਹੈਗੇ 15-20 ਸਾਲ, ਇਹ ਅਦਾਰੇ ਵਧੀਆ ਚੱਲਣ ਲਈ, ਮਰ ਗਈ ਖੁਸ਼ਕੀ ਨਾਲ, ਨਉਂ ਥੰਦੀ ਧਰਮ ਭਾਵੇਂ ਭੁੱਖਾ ਮਰੇ, ਪਰ ਪ੍ਰਬੰਧਕ ਤਾਂ ਰੱਜ ਰੱਜ ਜੀੳੂਣ, ਖੈਰ ਕੌਮੀ ਹਿੱਤ ਦੀ ਤਾਂ ਕਿਧਰੇ ਵਿਚਾਰਧਾਰਾ ਹੈ ਹੀ ਨਹੀਂ, ਮੈਂ ਲਿਖਦੀ ਜਾਵਾਂ ਜਦੋਂ ਮੈਂ ਇਥੇ ਆਈ ਤਾਂ ਕਾਮਿਆਂ ਨੇ ਸਵੇਰੇ ਕੰਮ ਤੇ ਜਾਂਦਿਆਂ ਪਹਿਲਾ ਕੰਮ ਅਖਬਾਰ ਖਰੀਦਣਾ, ਹਰ ਬੰਦੇ ਦੇ ਹੱਥ ਦੇਖੀਦਾ ਸੀ, ਮੇਰੇ ਪਤੀ ਨੇ ਗਾਰਡੀਅਨ ਅਖਬਾਰ ਘਰ ਲਵਾਇਆ ਸੀ, ਹਫ਼ਤੇ ਮਗਰੋਂ ਜਾ ਕੇ ਬਿੱਲ ਦੇ ਆਉਣਾ, ਮੈਂ ਕੰਮ ਤੇ ਟੈਲੀਗਰਾਫ ਪੜ੍ਹ ਲੈਣਾ, ਰਾਜ ਕਰਨ ਵਾਲੀ ਕੌਮ ਦੇ ਲੱਛਣ, ਸਾਨੂੰ ਦੇਖੋ ਸਾਡੇ ਗੁਰਦੁਆਰੇ ਲੱਦੇ ਪਏ ਹਨ ਦਸਵੰਧ ਨਾਲ ਪਰ ਮਜ਼ਾਲ ਹੈ ਅਖਬਾਰਾਂ ਦੀ ਘਾਟ ਵੱਲ ਧਿਆਨ ਜਾਵੇ, ਬੱਸ ਚੈਨਲਾਂ ਤੇ ਮੂਰਤਾਂ ਦੇ ਸ਼ੌਕੀਨ ਜਾਂ ਫੇਰ ਫਰੀ ਅਖਬਾਰਾਂ ਵਿੱਚ ਮੂਰਤਾਂ ਲਵਾਉ, ਮਿਲੀਅਨ ਲਾ ਰਹੇ ਹਨ ਗੁਰਦੁਆਰਿਆਂ ਤੇ ਨਵੀਨੀਕਰਨ ਤੇ, ਇਕ ਸੁਝਾਉ ਦੇਵਾਂ ਕਿ ਹੁਣ ਗਿੱਟੇ ਗੋਡੇ ਸਭ ਦੇ ਵਿੰਗੇ ਹੋ ਰਹੇ ਹਨ, ਪੌੜੀਆਂ ਚੜਨੀਆਂ ਕਠਿਨ ਗੁਰੂ-ਘਰ ਲੰਗਰ ਹਾਲ ਥੱਲੇ ਹਨ, ਪਰ ਦਰਬਾਰ ਹਾਲ ਪਹਿਲੀ ਮੰਜ਼ਿਲ, ਪਹਿਲਾਂ ਇਹ ਨਹੀਂ ਸੀ ਹੁੰਦਾ, ਬੇਨਤੀ ਹੈ ਲਿਫਟ ਇਕ ਨਾਲ ਨਾ ਸਾਰੋ, ਉਹ ਭੀ ਕਦੀ ਤੁਰ ਪਈ ਕਦੀ ਖੜ੍ਹ ਗਈ, ਹੁਣ ਐਸਕੇਲੇਟਰਾਂ ਵੱਲ ਵਧੋ, ਸਾਡੇ ਗੁਰੂ-ਘਰ ਦੇ ਪ੍ਰਧਾਨ ਗੁਰਮੇਲ ਸਿੰਘ ਮੱਲ੍ਹੀ ਨੂੰ ਮੇਰੀ ਬੇਟੀ ਨੇ ਆਖਿਆ ਤਾਂ ਉਹ ਕਹਿੰਦੇ ਗੱਲ ਕਰ ਲੈ, ਪਰ ਜਨਰਲ ਸੈਕਟਰੀ ਨਾਲ ਬੇਟੀ ਨੇ ਕੰਪਨੀ ਦਾ ਬੰਦਾ ਸੱਦ ਗੁਰਦੁਆਰੇ ਪਹੁੰਚੀ, ਅੱਗੋਂ ਜਨਰਲ ਸੈਕਟਰੀ ਲੈ ਕੇ ਬੰਦੇ ਨੂੰ ਗੁਰਦੁਆਰਾ ਦਿਖਾਉਣ ਚੜ੍ਹ ਗਿਆ ਬੇਟੀ ਨਾਲ ਰਾਬਤਾ ਨਾ, ਪੁੱਛਿਆ ਭੀ ਨਾ, ਗੁਰਦੁਆਰਾ ਰੈਪ ਮੁੜ ਆਇਆ ਤੇ ਕਹਿੰਦਾ ਹਾਂ ਜੀ ਤੁਸੀਂ ਆਪਣੀ ਜੋ ਲਿਫਟ ਨਹੀਂ ਚੱਲਦੀ ਠੀਕ ਕਰਵਾ ਲਉ ਕਹਿ ਕੇ ਪ੍ਰੇਸ਼ਾਨ ਹੋ ਕੇ ਮੁੜਨ ਲੱਗਿਆ ਬੇਟੀ ਨੇ ਮੁਆਫੀ ਮੰਗੀ ਤੇ ਘਰ ਨੂੰ ਆ ਗਈ, ਕਹਿੰਦੀ ਇਹ ਕੌਮ ਤਾਂ ਚੌਧ੍ਹਰ ਨੇ ਮਾਰੀ ਪਈ ਹੈ | ਉਹਨੇ ਮੁੜ ਕੋਈ ਸੁਝਾਉ ਵੱਲ ਹੌਸਲਾ ਨਾ ਕੀਤਾ, ਅੱਜ ਭੀ ਕਹਿੰਦੀ ਮੰਮ ਮੈਂ ਦੀਵਾਲੀ ਤੇ ਇੰਡੀਆ ਇਕ ਬੱਚੀ ਜੋ ਉਹਨੂੰ ਬੱਸ ਟੈਕਸ ਹੀ ਕਰਦੀ ਹੈ 12 ਕੁ ਸਾਲ ਦੀ ਹੈ, ਉਹਦੀ ਮਦਦ ਕਰਨਾ ਚਾਹੁੰਦੀ ਹਾਂ, ਗੁਰਦੁਆਰੇ ਤਾਂ ਆਫਰੇ ਪਏ ਹਨ, ਭਵਿੱਖ ਦੇ ਰੱਖਵਾਲੇ ਬੇਜਾਰ ਹੋ ਜਾਣਗੇ ਤਾਂ ਨਵੀਨੀਕਰਨ ਕਰਕੇ ਇਹਦੇ ਵੱਸੂਗਾ ਕਿਹੜਾ, ਧਰਮ ਤੋਂ ਮੁੱਖ ਮੋੜਨ ਤੁਹਾਡੀਆਂ ਨੀਤਾਂ ਤੇ ਨੀਤੀਆਂ ਕਰਕੇ ਕੇਂਦਰ ਵਪਾਰਕ ਹਨ, ਧਾਰਮਿਕ ਨਹੀਂ, ਪ੍ਰਚਾਰਕ ਕਿੱਤਾਕਾਰੀ ਹਨ, ਹਿੱਤਕਾਰੀ ਨਹੀਂ, ਕੌਮੀ ਸੋਚ ਨਹੀਂ ਨਿੱਜੀ ਸ਼ੁਹਰਤ ਲਈ ਨਿੱਤ ਦੀਆਂ ਸਕੀਮਾਂ|
 ਇਸ ਸਪਤਾਹ ਵਾਤਾਵਰਣ ਸਬੰਧੀ ਕਾਨਫਰੰਸਾਂ ਰੋਮ ਅਤੇ ਹੁਣ ਸਾਡੇ ਦੇਸ਼ ਦੇ ਭਾਵੇਂ ਸਕਾਟਲੈਂਡ ਹਿੱਸੇ ਵਿੱਚ ਹੋ ਰਹੀ ਹੈ, ਸਿੱਟੇ ਤਾਂ ਪਤਾ ਨਹੀਂ ਕੀ ਹੋਣ, ਆਪਾਂ ਤਾਂ ਬੱਸ ਸਾਡੇ ਇੰਗਲੈਂਡੀ ਸਿੰਘ ਭਾਰਤੀ ਪ੍ਰਧਾਨ ਮੰਤਰੀ ਮੋਦੀ ਨੂੰ ਕਿੰਨੀਆਂ ਕੁ ਝਿੜਕਾਂ ਦੇ ਕੇ ਆਉਂਦੇ ਹਨ ਏਨੀ ਕੁ ਹੀ ਦਿਲਚਸਪੀ ਰੱਖਦੇ ਹਾਂ, ਖਾਲਿਸਤਾਨ ਲਈ ਵੋਟਾਂ ਪੈ ਰਹੀਆਂ ਹਨ, ਦੇਖੋ ਗਿਣਤੀ ਵੱਧ ਗਈ ਤਾਂ ਸ਼ਾਇਦ ਸਾਲ ਦੇ ਅੰਤ ਤੱਕ ਬਣ ਹੀ ਜਾਵੇ|
  ਉਧਰ ਕਿਸਾਨੀ ਸੰਘਰਸ਼, ਅੰਦੋਲਨ ਦੀਆਂ ਤਾਂ ਹੁਣ ਲੰਗੇਰਾ ਫੁੱਟ ਫੁੱਟ ਝਾੜੀਆਂ ਅਤੇ ਛਿੱਛੜ ਬਨਣ ਲੱਗ ਪਏ ਹਨ, ਨਿਹੰਗ ਬਾਬਾ ਅਮਨ ਸਿੰਘ ਇਕ ਪੰਡਤ ਸਿੰਘ ਜੀ ਨੂੰ ਨਾਲ ਲੈ ਕੋਈ ਹਿੰਦੂ ਸੁਆਮੀ ਜੀਹਦੀਆਂ ਕਹਿੰਦੇ 50 ਕਰੋੜ ਤੱਕ ਦੀਆਂ ਮਨੁੱਖੀ ਤੀਵਰਾਂ ਹਨ ਨਾਲ ਭੇਂਟ ਕਰਨਗੇ, ਕਿਉਂਕਿ ਉਹਨੇ ਕਹਿੰਦੇ ਆਪਣੀਆਂ ਲਿਖਤਾਂ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਤੁਲਨਾ ਕਰ ਧਰੀ, ਮੇਰੇ ਵਿਚਾਰ ਹਨ ਕਿ ਅੱਜ ਤਾਂ ਜੀਹਨੇ ਭੀ ਨੇਤਾ ਬਨਣਾ ਹੈ ਛੇਤੀ ਕਰੋ ਮੌਸਮ ਸੁਹਾਵਣਾ ਹੈ, ਤੀਰਥ ਯਾਤਰਾ ਕਰ ਕਰ ਜਨਮ ਸਫਲੇ ਕਰੋ, ਉਧਰ ਕਿਸਾਨ ਯੂਨੀਅਨ ਆਗੂ ਬਲਵੀਰ ਸਿੰਘ ਰਾਜੇਵਾਲ ਸਾਬਤ ਕਰਨ ਲੱਗੇ ਪਏ ਹਨ ਕਿ ਉਹ ਕਾਂਗਰਸੀ ਹਨ, ਪਹਿਲਾਂ ਤਾਂ ਕਪਤਾਨ ਸਾਹਿਬ ਨੂੰ ਵੇਸਣ ਨਾਲ ਮੂੰਹ ਮਿੱਠ ਕਰਵਾਇਆ ਪਰ ਕੌੜਾ ਹੋ ਗਿਆ, ਹੁਣ ਚੰਨੀ ਸਾਹਿਬ ਨਾਲ ਟੈਲੀਫੂਨ ਵਾਰਤਾ ਦੇਖੋ ਕੀ ਖਲਾਉਣਗੇ ? ਹਮਾਕਤ ਦੇਖੋ ਕਿ ਦੋ ਮਹੀਨੇ ਪਹਿਲਾਂ ਤੱਕ ਕਪਤਾਨ ਸਾਹਿਬ ਕਿਵੇਂ ਮਹਾਰਾਜੇ ਤੇ ਮਲਾਹ ਸਨ, ਕਾਂਗਰਸੀਆਂ ਦੇ ਆਹ ਯੂ| ਕੇ| ਵਿੱਚ ਕਾਮਾਰੌ੍ਹਲੀ ਪਾਉਣ ਲੱਗੇ ਪਏ ਹਨ ਕਿ ਉਹਦੇ ਵਿੱਚ ਕੋਈ ਗੁਣ ਹੀ ਨਹੀਂ, ਮੈਂ ਭਾਵੇ ਕਾਂਗਰਸੀ ਹਮਾਇਤੀ ਨਹੀਂ ਪਰ ਇਨਸਾਫ ਦੀ ਗੱਲ ਕਰਨੀ ਬਣਦੀ ਹੈ ਕਿ ਤੁਹਾਡੀ ਸਰਕਾਰ ਬਣਾਈ, ਖੀਰੇ, ਮੀਰੇ, ਤੀਰੇ, ਪਤਾ ਨਹੀਂ ਜਿੰਨਾਂ ਨੂੰ ਕਿਸੇ ਨੇ ਪਿੰਡ ਦੇ ਚੌਕੀਦਾਰ ਨਹੀਂ ਸੀ ਮੰਨਣਾ, ਵਿਧਾਇਕ ਬਣ ਗਏ, ਗੁਨਾਹ ਉਨ੍ਹਾਂ ਨੇ ਆਪਣੇ ਸਿਰ ਧਰ ਲਿਆ, ਤੁਸੀਂ ਹੁਣ ਭੰਡਣ ਤੇ ਕੁਝ ਤਾਂ ਦੀਨ ਧਰਮ ਰੱਖੋ, ਇੱਜ਼ਤ ਨਾਲ ਰਿਟਾਇਰ ਕਰਦੇ, ਤੁਹਾਡੀ ਭੀ ਪੱਤ ਰਹਿੰਦੀ, ਉਹ ਭੀ ਜਲਾਲਤ ਨਾ ਭਾਸਦੇ ਤੇ ਨਵੀਂ ਪਾਰਟੀ ਦਾ ਮਨ ਨਾ ਬਨਾਉਂਦੇ, ਹੁਣ ਕਿਹੜੇ ਮੂੰਹ ਨਾਲ ਉਨ੍ਹਾਂ ਤੋਂ ਆਸ ਰੱਖਦੇ ਹੋ ਕਿ ਚੁੱਪ ਬੈਠੇ ? ਬਾਕੀ ਸਾਡੀ ਸਿੱਖਾਂ ਦੀ ਪਤਾ ਨਹੀਂ ਕਿਉਂ ਸਥਿਤੀ ਹਰ ਵੇਲੇ ਤਣਾਅ ਵਿੱਚ ਹੀ ਰਹਿੰਦੀ ਹੈ, ਕਦੀ ਕਿਸੇ ਦੀ ਮਿੱਟੀ ਪੱਟੋ ਕਦੀ ਕਿਸੇ ਨੂੰ ਵੰਗਾਰੋ, ਬਾਹਮਣ, ਬਾਹਮਣ ਕਰਕੇ ਖ੍ਹਲਜਗਣ ਪਾਈ ਜਾਣਾ ਸਿਆਣਪ ਨਹੀਂ, ਤੁਸੀਂ ਨਹੀਂ ਉਨ੍ਹਾਂ ਨਾਲ ਵਰਤਣਾ, ਨਾ ਸਹੀ, ਜਾਤ-ਪਾਤ ਹਟਾਈ ਜਾਵੋ ਉਹ ਰੋਕਦੇ ਨੇ ਸਾਡਾ ਤਾਂ ਜਬਾੜਾ, ਬਰਾਛਾਂ ਕੰਨਾਂ ਤੱਕ ਪਾਇਆ ਪਿਆ ਹੈ | ਅੰਤ ਵਿੱਚ ਮੇਰੀ ਤਾਂ ਅਰਜੋਈ ਹੈ ਦਾਤੇ ਅੱਗੇ ਸਾਨੂੰ ਤੁੱਛ ਬੁੱਧੀ ਵਾਲਿਆਂ ਨੂੰ ਸੁਮੱਤ ਬਖ਼ਸ਼ੇ, ਸਭ ਨੂੰ ਨਹੀਂ ਮੰਗਦੀ ਕਿਉਂਕਿ ਉਨ੍ਹਾਂ ਗੁਰਮੁਖਾਂ ਕੋਲ ਤਾਂ ਪਹਿਲਾਂ ਹੀ ਲੋੜੋਂ ਵੱਧ ਹੈ, ਮੇਰੇ ਵਰਗੇ ਜੋ ਭੀ ਹਨ ਉਨ੍ਹਾਂ ਸਭ ਨੂੰ ਮਿਹਰਾਂ ਭਰਿਆ ਹੱਥ ਰੱਖ ਕੇ ਸੰਸਾਰ ਦੇ ਭਲੇ ਲਈ ਲੋਚਣ ਦੀ ਸੋਝੀ ਦੇਵੇ, ਕਿਸੇ ਦਾ ਬੁਰਾ ਨਾ ਚਿਤਵੀਏ ਤੇ ਪ੍ਰਸੰਨ ਚਿੱਤ ਰਹੀਏ, ਕਿਸੇ ਫਿਰਕੇ, ਧਰਮ, ਜਾਤ ਅਤੇ ਬਰਾਦਰੀ ਲਈ ਦਵੈਸ਼ ਨਾ ਕਰੀਏ ਇਹ ਤਣਾਉ ਰਹਿਤ ਨੁਸਕਾ ਹੈ ਵਰਤੀਏ, ਆ ਰਹੀ ਦੀਵਾਲੀ ਰੋਸ਼ਨੀ ਦਾ ਪ੍ਰਤੀਕ ਜਾਣ ਮਨਾਈਏ, ਮੈਂ ਵਧਾਈ ਦਿੰਦੀ ਹਾਂ, ਖੁਸ਼ ਰਹੋ ਸੁਖੀ ਵੱਸੋ |
-ਬਲਵਿੰਦਰ ਕੌਰ ਚਾਹਲ