image caption: -ਰਜਿੰਦਰ ਸਿੰਘ ਪੁਰੇਵਾਲ

ਮਾਮਲਾ ਸਿੱਧੂ ਤੇ ਚੰਨੀ ਸਰਕਾਰ ਦੇ ਟਕਰਾਅ ਦਾ

ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੇ  ਚੰਨੀ ਸਰਕਾਰ ਨੂੰ ਗੁਰੂ ਗਰੰਥ ਸਾਹਿਬ ਦੀ ਬੇਅਦਬੀ, ਨਸ਼ਿਆਂ ਦੇ ਮਾਮਲੇ ਵਿਚ ਮੁੜ ਕਟਹਿਰੇ ਵਿੱਚ ਖੜ੍ਹਾ ਕਰ ਦਿੱਤਾ| ਚੰਨੀ ਸਰਕਾਰ ਇਸ ਮਾਮਲੇ ਵਿਚ ਕੈਪਟਨ ਸਰਕਾਰ ਵਾਲੀ ਨੀਤੀ ਅਪਨਾ ਰਹੀ ਹੈ| ਪੰਜਾਬ ਸਰਕਾਰ ਕੋਲ ਸਿਆਸੀ ਇੱਛਾ ਸ਼ਕਤੀ ਦੀ ਘਾਟ ਹੈ ਜਿਸ ਕਰਕੇ ਇਹ ਬੇਅਦਬੀ ਅਤੇ ਨਸ਼ਿਆਂ ਦੇ ਮੁੱਦੇ ਤੇ ਫ਼ੈਸਲਾ ਨਹੀਂ ਲੈ ਰਹੀ ਹੈ| ਹੁਣ ਚੰਨੀ ਸਰਕਾਰ ਨੂੰ ਇਹ ਤੈਅ ਕਰਨਾ ਪਵੇਗਾ ਕਿ ਪੰਜਾਬ ਨੂੰ ਇਨਸਾਫ਼ ਦੇਣਾ ਹੈ ਜਾਂ ਦੋਸ਼ੀਆਂ ਦੀ ਢਾਲ ਬਣਨਾ ਹੈ? ਨਵਜੋਤ ਸਿੱਧੂ ਨੇ ਇਸ ਬਾਰੇ ਕਿਹਾ ਕਿ ਹਾਈ ਕੋਰਟ ਦੇ ਹੁਕਮਾਂ ਤੇ ਕੋਟਕਪੂਰਾ ਗੋਲੀ ਕਾਂਡ ਮਾਮਲੇ &rsquoਤੇ &lsquoਸਿੱਟ&rsquo ਬਣੀ ਸੀ ਅਤੇ ਛੇ ਮਹੀਨਿਆਂ ਵਿੱਚ ਜਾਂਚ ਮੁਕੰਮਲ ਕੀਤੀ ਜਾਣੀ ਸੀ|
ਅੱਜ ਛੇ ਮਹੀਨਿਆਂ ਤੋਂ ਇੱਕ ਦਿਨ ਉਪਰ ਹੋ ਚੁੱਕਾ ਹੈ| ਉਨ੍ਹਾਂ ਸੁਆਲ ਕੀਤਾ ਕਿ ਚਾਰਜ਼ਸੀਟ ਕਿੱਥੇ ਹੈ? ਵਿਧਾਨ ਸਭਾ ਸੈਸ਼ਨ ਦੇ ਪਹਿਲੇ ਦਿਨ ਸਿੱਧੂ ਵੱਲੋਂ ਪ੍ਰੈੱਸ ਕਾਨਫਰੰਸ ਕਰ ਕੇ ਆਪਣੀ ਹੀ ਸਰਕਾਰ ਤੇ ਤਾਬੜਤੋੜ ਹਮਲੇ ਕੀਤੇ ਗਏ| ਉਨ੍ਹਾਂ ਸਰਕਾਰ ਤੇ ਉਂਗਲ ਉਠਾਈ ਕਿ ਸਾਬਕਾ ਪੁਲੀਸ ਮੁਖੀ ਸੁਮੇਧ ਸੈਣੀ ਨੂੰ ਮਿਲੀ ਬਲੈਂਕਟ ਬੇਲ ਵਿਰੁੱਧ ਵਿਸ਼ੇਸ਼ ਲੀਵ ਪਟੀਸ਼ਨ ਕਿਉਂ ਨਹੀਂ ਦਾਇਰ ਕੀਤੀ ਗਈ? ਉਨ੍ਹਾਂ ਕਿਹਾ ਕਿ ਸਿਆਸੀ ਇੱਛਾ ਸ਼ਕਤੀ ਦੀ ਵੱਡੀ ਕਮੀ ਹੈ ਅਤੇ ਨਾ ਹੀ ਖ਼ਜ਼ਾਨੇ ਨੂੰ ਭਰਨ ਦਾ ਕੋਈ ਰੋਡ ਮੈਪ ਹੈ| ਉਨ੍ਹਾਂ ਡੀਜੀਪੀ ਅਤੇ ਏਜੀ ਤੇ ਹਮਲਾ ਕਰਦਿਆਂ ਕਿਹਾ ਕਿ ਇੱਕ ਨੇ ਕਲੀਨ ਚਿੱਟ ਦਿੱਤੀ ਤੇ ਦੂਜੇ ਨੇ ਬਲੈਂਕਟ ਬੇਲ ਦਿਵਾਈ| 
ਸਿੱਧੂ ਨੇ ਕਿਹਾ ਕਿ ਇਨ੍ਹਾਂ ਅਫ਼ਸਰਾਂ ਨੂੰ ਚੁਣ ਲਓ ਜਾਂ ਫਿਰ ਪ੍ਰਦੇਸ਼ ਕਾਂਗਰਸ ਪ੍ਰਧਾਨ ਨੂੰ| ਉਨ੍ਹਾਂ ਕਿਹਾ ਕਿ ਨਸ਼ਿਆਂ ਖ਼ਿਲਾਫ਼ ਬੰਦ ਰਿਪੋਰਟ ਨੂੰ ਖੋਲ੍ਹਣ ਤੇ ਅਦਾਲਤ ਨੇ ਕੋਈ ਰੋਕ ਨਹੀਂ ਲਾਈ, ਫਿਰ ਕਿਉਂ ਰਿਪੋਰਟ ਜਨਤਕ ਨਹੀਂ ਕੀਤੀ ਜਾ ਰਹੀ| ਉਨ੍ਹਾਂ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦਾ ਨਾਂ ਲਏ ਬਿਨਾਂ ਮੁੜ ਨਿਸ਼ਾਨਾ ਸੇਧਦਿਆਂ ਕਿਹਾ ਕਿ ਉਹ ਤਾਂ ਆਪਣੇ ਪੁਰਾਣੇ ਸਟੈਂਡ ਤੇ ਖੜ੍ਹੇ ਹਨ ਪਰ ਜੋ ਬਦਲੇ ਹਨ, ਉਹ ਆਪਣਾ ਸਟੈਂਡ ਕਲੀਅਰ ਕਰਨ| ਉਨ੍ਹਾਂ ਬਿਜਲੀ ਸਮਝੌਤੇ ਰੱਦ ਕੀਤੇ ਜਾਣ ਦੀ ਤਾਰੀਫ਼ ਕੀਤੀ|  ਸਿੱਧੂ ਨੇ ਤੇਲ ਸਸਤਾ ਕੀਤੇ ਜਾਣ ਤੇ ਟਿੱਪਣੀ ਕਰਦਿਆਂ ਕਿਹਾ ਕਿ ਫ਼ੈਸਲਾ ਚੰਗਾ ਹੈ, ਪਰ ਸਵਾਲ ਕੀਤਾ ਕਿ ਕੀ ਸਰਕਾਰ ਅਗਲੇ ਪੰਜ ਸਾਲਾਂ ਤੱਕ ਇਹੋ ਕੀਮਤਾਂ ਬਰਕਰਾਰ ਰੱਖ ਸਕੇਗੀ? ਉਨ੍ਹਾਂ ਮੁੜ ਕਿਹਾ ਕਿ ਲੋਕਾਂ ਦੀ ਕਚਹਿਰੀ ਵਿਚ ਸਿਰ ਉੱਚਾ ਕਰ ਕੇ ਜਾਣਾ ਹੈ ਤਾਂ ਫ਼ੈਸਲੇ ਲੈਣੇ ਪੈਣਗੇ| 
ਦੂਸਰੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਲਿਫਾਫੇ ਵਿੱਚ ਬੰਦ ਪਈ ਐੱਸਟੀਐੱਫ ਦੀ ਨਸ਼ਿਆਂ ਸਬੰਧੀ ਰਿਪੋਰਟ 18 ਨਵੰਬਰ ਨੂੰ ਖੁੱਲ੍ਹ ਸਕਦੀ ਹੈ ਅਤੇ ਸਰਕਾਰ ਵੱਲੋਂ ਇਸ ਸਬੰਧੀ ਹਰ ਕੋਸ਼ਿਸ਼ ਕੀਤੀ ਜਾ ਰਹੀ ਹੈ| ਉਨ੍ਹਾਂ ਕਿਹਾ ਕਿ ਬੇਅਦਬੀ ਦੇ ਮੁਲਜ਼ਮਾਂ ਨੂੰ ਵੀ ਛੇਤੀ ਹੀ ਸਜ਼ਾ ਮਿਲੇਗੀ| ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਵਿੱਚ ਧੱਕਣ ਵਾਲੇ ਦੋਸ਼ੀਆਂ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ ਅਤੇ ਛੇਤੀ ਹੀ ਡਰੱਗ ਮਾਫੀਆ ਖ਼ਿਲਾਫ਼ ਰਿਪੋਰਟ ਖੁੱਲ੍ਹਣ ਨਾਲ ਕਈ ਨਸ਼ੇ ਦੇ ਵੱਡੇ ਸੌਦਾਗਰਾਂ ਦਾ ਪਰਦਾਫਾਸ਼ ਹੋਵੇਗਾ|&rsquo&rsquo ਅਕਾਲੀ ਦਲ ਤੇ ਨਿਸ਼ਾਨਾ ਸੇਧਦਿਆਂ ਉਨ੍ਹਾਂ ਕਿਹਾ ਕਿ ਉਹ ਨਾਮ ਦੇ ਪੰਥਕ ਹਨ ਅਤੇ ਪੰਥ ਨੂੰ ਹਮੇਸ਼ਾ ਆਪਣੇ ਸਿਆਸੀ ਮੁਫਾਦਾਂ ਲਈ ਵਰਤਦੇ ਆਏ ਹਨ| 
ਉਨ੍ਹਾਂ ਦੋਸ਼ ਲਾਇਆ ਕਿ ਪੰਥਕ ਅਖਵਾਉਂਦੇ ਇਹ ਲੋਕ ਰਾਜਨੀਤਕ ਫਾਇਦਿਆਂ ਲਈ ਕਥਿਤ ਤੌਰ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਵਾਉਣ ਤੋਂ ਵੀ ਨਹੀਂ ਹਟੇ| ਜਲਦੀ ਹੀ ਬੇਅਦਬੀ ਮਾਮਲਿਆਂ ਦੇ ਅਸਲੀ ਚਿਹਰੇ ਲੋਕਾਂ ਦੀ ਕਚਹਿਰੀ ਵਿੱਚ ਨੰਗੇ ਕੀਤੇ ਜਾਣਗੇ ਅਤੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇਗੀ| ਇਸ ਸੰਦਰਭ ਵਿਚ ਸੁਖਬੀਰ ਸਿੰਘ ਬਾਦਲ ਨੇ ਚੰਨੀ ਸਰਕਾਰ ਉਪਰ ਦੋਸ਼ ਲਗਾਏ ਕਿ ਉਹ ਬਾਦਲ ਪਰਿਵਾਰ ਨੂੰ ਬੇਅਦਬੀ ਦੇ ਮਾਮਲੇ ਵਿਚ ਫਸਾਉਣਾ ਚਾਹੁੰਦੀ ਹੈ| ਜੇ ਇਸ ਸਾਰੀ ਖਬਰ ਦਾ ਮੁਲਾਂਕਣ ਕੀਤਾ ਜਾਵੇ ਤਾਂ ਗਲ ਸਾਫ ਹੈ ਕਿ ਮੁਦੇ ਹਲ ਕਰਨ ਦੀ ਥਾਂ ਸਿਆਸਤ ਖੇਡ ਰਹੀ ਹੈ| ਜੇ ਹਾਈਕਮਾਂਡ ਕਾਂਗਰਸ ਦਲਿਤ ਪਤਾ ਖੇਡੇਗੀ ਤਾਂ ਬਾਕੀ ਧਿਰਾਂ ਦਾ ਨਰਾਜ ਹੋਣਾ ਲਾਜਮੀ ਹੈ| ਸਿੱਧੂ ਦੀ ਮੁਦਿਆਂ ਦੀ ਸਿਆਸਤ ਚੰਨੀ ਦਾ ਕਦ ਬੋਨਾ ਕਰ ਰਹੀ ਹੈ|ਚੰਨੀ ਤੇ ਕੈਪਟਨ ਦੀਆਂ ਨੀਤੀਆਂ ਵਿਚ ਕੋਈ ਅੰਤਰ ਨਹੀਂ ਦਿਖਾਈ ਦੇ ਰਿਹਾ|                                                                            
ਹਿੰਸਕ ਭਾਰਤੀ ਨੇਤਾ
ਹੁਣੇ ਜਿਹੇ ਤੇਲੰਗਾਨਾ ਦੇ ਮੁੱਖ ਮੰਤਰੀ ਕੇ. ਚੰਦਰੇਸ਼ਖਰ ਰਾਓ ਨੇ ਭਾਜਪਾ ਨੇਤਾਵਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਹ ਮੇਰੀ ਆਲੋਚਨਾ ਕਰਨ ਲਈ ਗਲਤ ਬਿਆਨਬਾਜ਼ੀ ਤੋਂ ਬਾਜ਼ ਨਾ ਆਏ ਤਾਂ ਮੈਂ ਉਨ੍ਹਾਂ ਦੀ ਜੀਭ ਵੱਢ ਦਿਆਂਗਾ| ਮੀਡੀਆ ਨਾਲ ਗੱਲਬਾਤ ਦੌਰਾਨ ਕੇ.ਸੀ. ਆਰ ਨੇ ਭਾਜਪਾ ਦੇ ਸੂਬਾ ਪ੍ਰਧਾਨ ਬੰਦੀ ਸੰਜੇ ਤੇ ਹਮਲਾ ਬੋਲਦਿਆਂ ਕਿਹਾ ਕਿ ਭਗਵਾ ਪਾਰਟੀ ਦਾ ਨੇਤਾ ਘਟੀਆ ਬਿਆਨਬਾਜ਼ੀ ਕਰਕੇ ਕਿਸਾਨਾਂ ਤੋਂ ਸਿਆਸੀ ਲਾਹਾ ਭਾਲ ਰਿਹਾ ਹੈ| ਮੁੱਖ ਮੰਤਰੀ ਨੇ ਕਿਹਾ ਕਿ ਸੰਜੇ ਤੇਲੰਗਾਨਾ ਦੇ ਕਿਸਾਨਾਂ ਨੂੰ ਝੋਨੇ ਦੀ ਖੇਤੀ ਕਰਨ ਲਈ ਕਹਿ ਰਹੇ ਹਨ, ਪਰ ਕੇਂਦਰ ਨੇ ਤਾਂ ਝੋਨਾ ਖਰੀਦਣ ਤੋਂ ਇਨਕਾਰ ਕਰ ਦਿੱਤਾ ਹੈ| ਮੁੱਖ ਮੰਤਰੀ ਨੇ ਕਿਹਾ ਕਿ ਸੰਜੇ ਕਿਸਾਨਾਂ ਨੂੰ ਉਹ ਫਸਲਾਂ ਬੀਜਣ ਲਈ ਕਹਿ ਰਿਹਾ ਹੈ ਜੋ ਕੇਂਦਰ ਖਰੀਦ ਹੀ ਨਹੀਂ ਰਿਹਾ| ਮੁੱਖ ਮੰਤਰੀ ਨੇ ਕਿਸਾਨਾਂ ਨੂੰ ਕਿਹਾ ਹੈ ਕਿ ਉਹ ਭਾਜਪਾ ਦੀਆਂ ਫਜ਼ੂਲ ਗੱਲਾਂ ਤੋਂ ਬਚਣ| ਚਾਹੇ ਹਿੰਸਕ ਬੋਲ ਭਾਜਪਾ ਬੋਲੇ ਜਾਂ ਕੋਈ ਹੋਰ ਪਾਰਟੀ ਪਰ ਇਸ ਨਾਲ ਸਿਆਸੀ ਤੇ ਸਮਾਜਕ ਵਾਤਾਵਰਨ ਖਰਾਬ ਹੋ ਜਾਂਦਾ ਹੈ| ਇਹਨਾਂ ਹਿੰੰਸਕ ਬੋਲਾਂ ਦਾ ਨਤੀਜਾ ਹੈ ਕਿ ਭਾਰਤ ਦੰਗਈ ਦੇਸ਼ ਬਣ ਗਿਆ ਹੈ| ਜਨਤਾ ਹੀ ਇਹਨਾਂ ਨੂੰ ਰਦ ਕਰਕੇ ਕੰਟਰੋਲ ਕਰ ਸਕਦੀ ਹੈ|
-ਰਜਿੰਦਰ ਸਿੰਘ ਪੁਰੇਵਾਲ