image caption:

ਕੈਲੀਫੋਰਨੀਆ ਵਿਚ ਕੋਵਿਡ ਰਾਹਤ ਫਰਾਡ ਸਕੀਮ ਰਾਹੀਂ ਵੱਡਾ ਘੁਟਾਲਾ ਕਰਨ ਵਾਲੇ ਪਤੀ-ਪਤਨੀ ਹੋਏ ਫਰਾਰ

 ਸੈਕਰਾਮੈਂਟੋ  (ਹੁਸਨ ਲੜੋਆ ਬੰਗਾ)-ਕੋਵਿਡ ਰਾਹਤ ਫਰਾਡ ਸਕੀਮ ਰਾਹੀਂ ਵੱਡੀ ਪੱਧਰ ਉਪਰ ਘੁਟਾਲਾ ਕਰਨ ਵਿਚ ਨਿਭਾਈ ਭੂਮਿਕਾ ਲਈ ਦੋਸ਼ੀ ਕਰਾਰ ਦਿੱਤੇ ਰਿਚਰਡ ਆਈਵਜ਼ਿਯਾਨ ਤੇ ਉਸ ਦੀ ਪਤਨੀ ਮਾਰੀਟਾ ਟੇਰਾਬੀਲੀਅਨ ਆਪਣੇ ਪੈਰਾਂ ਵਿਚ ਪਾਏ ਇਲੈਕਟ੍ਰਾਨਿਕ ਟਰੈਕਿੰਗ ਕੜੇ ਕੱਟਕੇ ਕੈਲੀਫੋਰਨੀਆ ਸਥਿੱਤ ਆਪਣੇ ਘਰ ਵਿਚੋਂ ਆਪਣੇ ਤਿੰਨ ਛੋਟੇ ਬੱਚਿਆਂ ਨੂੰ ਛੱਡ ਕੇ ਫਰਾਰ ਹੋ ਗਏ ਜਿਨ੍ਹਾਂ ਦੀ ਉਮਰ 13,15 ਤੇ 16 ਸਾਲ ਹੈ। ਉਨ੍ਹਾਂ ਨੇ ਆਪਣੇ ਬੱਚਿਆਂ ਲਈ ਇਕ ਸੰਖੇਪ ਪੱਤਰ ਵੀ ਛੱਡਿਆ ਹੈ ਜਿਸ ਉਪਰ ਲਿਖਿਆ ਹੈ ਕਿ '' ਇਕ ਦਿਨ ਫਿਰ ਅਸੀਂ ਇਕੱਠੇ ਹੋਵਾਂਗੇ। ਇਹ ਸਦਾ ਲਈ ਅਲਵਿਦਾ ਨਹੀਂ ਹੈ ਬਲਕਿ ਇਕ ਦੂਸਰੇ ਤੋਂ ਵਿਛੜਣ ਦਾ ਸੰਖੇਪ ਅੰਤਰਾਲ ਹੈ''। ਪਤੀ-ਪਤਨੀ ਨੂੰ ਇਸ ਸਾਲ ਜੂਨ ਵਿਚ  ਦੋਸ਼ੀ ਕਰਾਰ ਦਿੱਤਾ ਗਿਆ ਸੀ। ਐਫ ਬੀ ਆਈ ਪਤੀ-ਪਤਨੀ ਦੀ ਸਰਗਰਮੀ ਨਾਲ ਤਲਾਸ਼ ਕਰ ਰਹੀ ਹੈ। ਇਕ ਅਦਾਲਤ ਨੇ ਪਤੀ-ਪਤਨੀ ਦੀ ਗੈਰ ਹਾਜਰੀ ਵਿਚ ਸਜ਼ਾ ਸੁਣਾਉਂਦਿਆਂ 43 ਸਾਲਾ ਆਈਵਜ਼ਿਯਾਨ ਤੇ 37 ਸਾਲਾ ਟੇਰਾਬੀਲੀਅਨ ਨੂੰ ਸਾਢੇ 17 ਸਾਲ ਕੈਦ ਦੀ ਸਜ਼ਾ ਸੁਣਾਈ। ਇਸਤਗਾਸਾ ਪੱਖ ਅਨੁਸਾਰ ਪਤੀ-ਪਤਨੀ ਨੇ ਹੋਰਨਾਂ ਨਾਲ ਮਿਲਕੇ ਕੋਵਿਡ ਮਹਾਮਾਰੀ ਦੌਰਾਨ ਰਾਹਤ ਸਕੀਮ ਰਾਹੀਂ 2 ਕਰੋੜ ਡਾਲਰ ਤੋਂ ਵਧ ਦਾ ਘੁਟਾਲਾ ਕੀਤਾ।