image caption:

ਬ੍ਰਿਟਿਸ਼ ਪ੍ਰਧਾਨ ਮੰਤਰੀ ਜਾਨਸਨ ਨੇ ਤਾਲਿਬਾਨ ਨਾਲ ਮਿਲ ਕੇ ਚੱਲਣ ਦੀ ਸੁਰ ਛੇੜੀ

 ਲੰਡਨ- ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਕਿਹਾ ਹੈ ਕਿ ਅਫਗਾਨਿਸਤਾਨ ਵਿੱਚ ਵੱਧਦੇ ਮਨੁੱਖੀ ਸੰਕਟ ਕਾਰਨ ਉਥੋਂ ਦੇ ਲੋਕਾਂ ਦੀ ਮਦਦ ਲਈ ਤਾਲਿਬਾਨ ਦੀ ਸਰਕਾਰ ਨਾਲ ਮਿਲ ਕੇ ਕੰਮ ਕਰਨਾ ਪਵੇਗਾ, ਇਸ ਤੋਂ ਇਲਾਵਾ ਉਨ੍ਹਾਂ ਕੋਲ ਕੋਈ ਬਦਲ ਹੀ ਨਹੀਂ ਹੈ। ਜਾਨਸਨ ਨੇ ਇਹ ਗੱਲ ਬ੍ਰਿਟੇਨ ਦੀ ਪਾਰਲੀਮੈਂਟ ਵਿੱਚ ਲੇਬਰ ਪਾਰਟੀ ਦੀ ਸਾਰਾਹ ਚੈਂਪੀਅਨ ਵੱਲੋਂ ਪੁੱਛੇ ਗਏ ਇੱਕ ਸਵਾਲ ਦੇ ਜਵਾਬ ਵਿੱਚ ਕਹੀ ਹੈ।
ਸਾਰਾਹ ਚੈਂਪੀਅਨ ਨੇ ਪੁੱਛਿਆ ਸੀ ਕਿ ਅਫਗਾਨਿਸਤਾਨ ਦੀ ਸਥਿਤੀ ਨਰਕ ਵਾਂਗ ਹੋ ਗਈ ਹੈ,ਇਸ ਮੌਕੇ ਬ੍ਰਿਟਿਸ਼ ਸਰਕਾਰ ਅਫਗਾਨਿਸਤਾਨ ਦੇ ਲੋਕਾਂ ਦੀ ਮਦਦ ਲਈ ਕੀ ਕਰ ਰਹੀ ਹੈ।ਜਵਾਬ ਵਿੱਚ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਕਿਹਾ ਕਿ ਅਫਗਾਨਿਸਤਾਨ ਦੇ ਲੋਕਾਂ ਦੀ ਮਦਦ ਲਈ ਬ੍ਰਿਟੇਨ ਨੂੰ ਤਾਲਿਬਾਨ ਦੀ ਮਦਦ ਨਾਲ ਮਿਲ ਕੇ ਉਨ੍ਹਾਂ ਦੇ ਸਹਿਯੋਗ ਨਾਲ ਹੀ ਅੱਗੇ ਵਧਣਾ ਹੋਵੇਗਾ, ਇਸ ਤੋਂ ਬਿਨਾ ਕੋਈ ਬਦਲ ਨਹੀਂ ਹੈ। ਟੋਲੋ ਨਿਊਜ਼ ਦੇ ਮੁਤਾਬਕ ਜਾਨਸਨ ਨੇ ਕਿਹਾ ਕਿ ਅਫਗਾਨਿਸਤਾਨ ਵਿੱਚ ਹਾਲਾਤ ਦਿਨੋ-ਦਿਨ ਵਿਗੜੇ ਹਨ ਤੇ ਓਥੋਂ ਦੇ ਲੋਕਾਂ ਨੂੰ ਜਲਦੀ ਮਦਦ ਦੀ ਲੋੜ ਹੈ।ਉਨ੍ਹਾਂ ਨੇ ਕਿਹਾ ਕਿ ਇਹ ਉਦੋਂ ਤੱਕ ਸੰਭਵ ਨਹੀਂ, ਜਦੋਂ ਤੱਕ ਤਾਲਿਬਾਨ ਸਹਿਯੋਗ ਨਹੀਂ ਕਰਦੇ।ਇਸ ਲਈ ਤਾਲਿਬਾਨ ਨੂੰ ਨਾਲ ਲੈ ਕੇ ਚੱਲਣਾ ਬਹੁਤ ਜ਼ਰੂਰੀ ਹੈ, ਤਾਂ ਹੀ ਅਫਗਾਨਿਸਤਾਨ ਨੂੰ ਇਸ ਮਨੁੱਖੀ ਸੰਕਟ ਤੋਂ ਬਚਾਇਆ ਜਾ ਸਕਦਾ ਹੈ।