image caption:

ਪਤੀ ਨੇ ਪਤਨੀ ਨੂੰ ਤੋਹਫ਼ੇ ’ਚ ਦਿੱਤਾ ਤਾਜਮਹਿਲ ਜਿਹਾ ਘਰ, ਬਣਾਉਣ ਨੂੰ ਲੱਗ ਪਏ 3 ਸਾਲ

 ਭੋਪਾਲ- ਮੱਧਪ੍ਰਦੇਸ਼ ਦੇ ਬੁਰਹਾਨਪੁਰ ਦੇ ਰਹਿਣ ਵਾਲੇ ਆਨੰਦ ਪ੍ਰਕਾਸ਼ ਚੌਕਸੇ ਨੇ ਅਪਣੀ ਪਤਨੀ ਨੂੰ ਤਾਜਮਹਿਲ ਜਿਹਾ ਘਰ ਤੋਹਫ਼ੇ ਵਿਚ ਦਿੱਤਾ ਹੈ। ਇਸ ਆਲੀਸ਼ਾਨ ਘਰ ਨੂੰ ਰਾਜਸਥਾਨ, ਮੁੰਬਈ, ਬੰਗਾਲ, ਸੂਰਤ ਦੇ ਕਲਾਕਾਰਾਂ ਨੇ ਸਜਾਇਆ ਹੈ।
ਬੇਪਨਾਹ ਮੁਹੱਬਤ ਦੀ ਨਵੀਂ ਪਰਿਭਾਸ਼ਾ ਲਿਖਣ ਵਾਲਾ ਸਿਰਫ ਮੁਗਲ ਬਾਦਸ਼ਾਹ ਸ਼ਾਹਜਹਾਂ ਨਹੀਂ ਸੀ, ਦੁਨੀਆ ਵਿਚ ਅਜਿਹੇ ਬਹੁਤ ਸਾਰੇ ਲੋਕ ਹਨ ਜੋ ਹਰ ਦਿਨ ਅਪਣੀ ਮੁਹੱਬਤ ਨੂੰ ਇੰਤਹਾ ਤੱਕ ਲੈ ਜਾਂਦੇ ਹਨ। ਅਜਿਹਾ ਹੀ ਤਾਜ਼ਾ ਮਾਮਲਾ ਮੱਧਪ੍ਰਦੇਸ਼ ਦੇ ਬੁਰਹਾਨਪੁਰ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਸ਼ਖ਼ਸ ਨੇ ਅਪਣੀ ਪਤਨੀ ਨੂੰ ਤਾਜਮਹਿਲ ਜਿਹਾ ਦਿਖਣ ਵਾਲਾ ਘਰ ਹੀ ਤੋਹਫੇ ਵਿਚ ਦੇ ਦਿੱਤਾ। ਇਸ ਨੂੰ ਬਣਾਉਣ ਅਤੇ ਸਜਾਉਣ ਵਿਚ ਪੂਰੇ ਤਿੰਨ ਸਾਲ ਦਾ ਸਮਾਂ ਲੱਗ ਗਿਆ। ਜਾਣਕਾਰੀ ਮੁਤਾਬਕ ਇਸ ਘਰ ਵਿਚ ਚਾਰ ਬੈਡਰੂਮ, ਇੱਕ ਰਸੋਈ, ਲਾਇਬ੍ਰੇਰੀ, ਮੈਡੀਟੇਸ਼ਨ ਰੂਮ ਤੱਕ ਹੈ।
ਹੂਬਹੂ ਤਾਜਮਹਿਲ ਜਿਹਾ ਦਿਖਣ ਵਾਲਾ ਇਹ ਘਰ ਮੱਧਪ੍ਰਦੇਸ਼ ਦੇ ਸਿੱਖਿਆ ਮਾਹਰ ਆਨੰਦ ਪ੍ਰਕਾਸ਼ ਚੌਕਸੇ ਨੇ ਬਣਵਾਇਆ ਹੈ, ਉਨ੍ਹਾਂ ਨੇ ਦੱਸਿਆ ਕਿ ਤਾਜਮਹਿਲ ਆਗਰਾ ਵਿਚ ਹੈ। ਉਨ੍ਹਾਂ ਦੱਸਿਆ ਕਿ ਉਹ ਜਦ ਵੀ ਤਾਜਮਹਿਲ ਦੇਖਦੇ ਸੀ ਉਨ੍ਹਾਂ ਮਲਾਲ ਹੁੰਦਾ ਸੀ ਕਿ ਇਹ ਮੱਧਪ੍ਰਦੇਸ਼ ਵਿਚ ਕਿਉਂ ਨਹੀਂ ਹੈ। ਅਜਿਹੇ ਵਿਚ ਉਨ੍ਹਾਂ ਨੇ ਅਪਣੀ ਮੁਹੱਬਤ, ਅਪਣੀ ਪਤਨੀ ਮੰਜੂਸ਼ਾ ਚੌਕਸੇ ਨੂੰ ਤੋਹਫ਼ੇ ਵਿਚ ਤਾਜਮਹਿਲ ਜਿਹਾ ਘਰ ਹੀ ਦੇ ਦਿੱਤਾ। ਘਰ ਬਣਾਉਣ ਵਾਲੇ ਇਜੰੀਨੀਅਰ ਪ੍ਰਵੀਨ ਚੌਕਸੇ ਦੱਸਦੇ ਹਨ ਕਿ ਇਸ ਮੁਸ਼ਕਲ ਕੰਮ ਨੂੰ ਪੂਰਾ ਕਰਨ ਵਿਚ ਤਿੰਨ ਸਾਲ ਦਾ ਸਮਾਂ ਲੱਗ ਗਿਆ।