image caption:

ਬੁਲਗਾਰੀਆ 'ਚ ਸਵਾਰੀਆਂ ਨਾਲ ਭਰੀ ਬੱਸ ਨੂੰ ਲੱਗੀ ਭਿਆਨਕ ਅੱਗ, 12 ਬੱਚਿਆਂ ਸਣੇ 48 ਲੋਕ ਜ਼ਿੰਦਾ ਸੜੇ

 ਸੋਫੀਆ: ਦੱਖਣੀ-ਪੂਰਬੀ ਯੂਰਪੀ ਦੇਸ਼ ਬੁਲਗਾਰੀਆ 'ਚ ਮੰਗਲਵਾਰ ਤੜਕੇ ਇਕ ਬੱਸ ਨੂੰ ਭਿਆਨਕ ਅੱਗ ਲੱਗ ਗਈ। ਇਸ ਹਾਦਸੇ ਵਿਚ 45 ਲੋਕਾਂ ਦੀ ਮੌਤ ਹੋ ਗਈ ਸੀ। ਮਰਨ ਵਾਲਿਆਂ ਵਿਚ 12 ਬੱਚੇ ਵੀ ਸ਼ਾਮਲ ਹਨ। ਇਸ ਤੋਂ ਇਲਾਵਾ 7 ਲੋਕ ਬੁਰੀ ਤਰ੍ਹਾਂ ਝੁਲਸ ਗਏ ਹਨ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਅਜਿਹੇ 'ਚ ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ।

ਗ੍ਰਹਿ ਮੰਤਰਾਲੇ ਦੇ ਫਾਇਰ ਪ੍ਰੋਟੈਕਸ਼ਨ ਵਿਭਾਗ ਦੇ ਮੁਖੀ ਨੇ ਦੱਸਿਆ ਕਿ ਇਹ ਹਾਦਸਾ ਅੱਜ ਸਵੇਰੇ 2 ਵਜੇ ਦੇ ਕਰੀਬ ਵਾਪਰਿਆ। ਮਰਨ ਵਾਲੇ ਜ਼ਿਆਦਾਤਰ ਲੋਕ ਉੱਤਰੀ ਮੈਸੇਡੋਨੀਆ ਦੇ ਸਨ। ਘਟਨਾ ਵਾਲੀ ਥਾਂ ਦੀ ਘੇਰਾਬੰਦੀ ਕਰ ਦਿੱਤੀ ਗਈ ਹੈ ਅਤੇ ਲੋਕਾਂ ਦੀ ਆਵਾਜਾਈ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ।

ਬੁਲਗਾਰੀਆ ਦੇ ਅੰਤਰਿਮ ਪ੍ਰਧਾਨ ਮੰਤਰੀ ਸਟੇਪਨ ਯਾਨੇਵ ਨੇ ਇਸ ਘਟਨਾ ਨੂੰ ਵੱਡੀ ਤ੍ਰਾਸਦੀ ਦੱਸਿਆ ਹੈ। ਇਸ ਦੇ ਨਾਲ ਹੀ ਗ੍ਰਹਿ ਮੰਤਰੀ ਬੋਏਕੋ ਰਾਸ਼ਕੋਵ ਨੇ ਦੱਸਿਆ ਕਿ ਬੱਸ 'ਚ ਲੱਗੀ ਅੱਗ ਇੰਨੀ ਭਿਆਨਕ ਸੀ ਕਿ ਇਸ 'ਚ ਸਵਾਰ ਜ਼ਿਆਦਾਤਰ ਲੋਕ ਸੜ ਕੇ ਸੁਆਹ ਹੋ ਗਏ। ਉਹਨਾਂ ਕਿਹਾ ਕਿ ਹਾਦਸੇ ਦੀਆਂ ਤਸਵੀਰਾਂ ਭਿਆਨਕ ਹਨ। ਮੈਂ ਪਹਿਲਾਂ ਕਦੇ ਅਜਿਹਾ ਕੁਝ ਨਹੀਂ ਦੇਖਿਆ ਹੈ।