image caption:

ਕਿਸਾਨਾਂ ਦੇ ਪ੍ਰਦਰਸ਼ਨ ਵਿਰੁੱਧ ਪੋਸਟਾਂ ਕਾਰਨ ਕੰਗਣਾ ਰਣੌਤ ਨੂੰ ਧਮਕੀ

 ਮੁੰਬਈ- ਫਿਲਮ ਅਭਿਨੇਤਰੀ ਕੰਗਣਾ ਰਨੌਤ ਨੇ ਕਿਹਾ ਕਿ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਬਾਰੇ ਉਸ ਦੀ ਪੋਸਟ ਨੂੰ ਲੈ ਕੇ ਧਮਕੀ ਮਿਲਣ ਪਿੱਛੋਂ ਉਸ ਨੇ ਇੱਕ ਸਿ਼ਕਾਇਤ ਦਰਜ ਕਰਵਾਈ ਹੈ।
ਕੰਗਣਾ ਰਣੌਤ ਨੇ ਇੰਸਟਗ੍ਰਾਮ ਉੱਤੇ ਹਿੰਦੀ ਵਿੱਚ ਇੱਕ ਲੰਬਾ ਬਿਆਨ ਪੋਸਟ ਕੀਤਾ ਅਤੇ ਦੋਸ਼ ਲਾਇਆ ਕਿ ਮੈਨੂੰ ਆਪਣੀ ਤਾਜ਼ਾ ਪੋਸਟ ਬਾਰੇ ਭੰਨ-ਤੋੜੂ ਤਾਕਤਾਂ ਵੱਲੋਂ ਲਗਾਤਾਰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਬਠਿੰਡਾ ਦੇ ਇੱਕ ਵਿਅਕਤੀ ਨੇ ਮੈਨੂੰ ਸ਼ਰੇਆਮ ਜਾਨ ਤੋ ਮਾਰਨ ਦੀ ਧਮਕੀ ਦਿੱਤੀ ਹੈ। ਮੈਂ ਅਜਿਹੀਆਂ ਧਮਕੀਆਂ ਤੋਂ ਡਰਦੀ ਨਹੀਂ। ਕੰਗਣਾ ਨੇ ਕਿਹਾ ਕਿ ਮੈਂ ਦੇਸ਼ ਵਿਰੁੱਧ ਸਾਜ਼ਿਸ਼ਾਂ ਰਚਣ ਵਾਲਿਆਂ ਤੇ ਅੱਤਵਾਦੀ ਤਾਕਤਾਂ ਵਿਰੁੱਧ ਬੋਲਣਾ ਜਾਰੀ ਰੱਖਾਂਗੀ, ਭਾਵੇਂ ਉਹ ਨਿਰਦੋਸ਼ ਜਵਾਨਾਂ ਦੀ ਹੱਤਿਆ ਕਰਨ ਵਾਲੇ ਨਕਸਲੀ ਹੋਣ, ਟੁੱਕੜੇ-ਟੁੱਕੜੇ ਗੈਂਗ ਹੋਵੇ ਜਾਂ ਫਿਰ ਖਾਲਿਸਤਾਨ ਬਣਾਉਣ ਦਾ ਸੁਫਨਾ ਵੇਖ ਰਹੇ ਵਿਦੇਸ਼ਾਂ ਵਿੱਚ ਬੈਠੇ ਅੱਤਵਾਦੀ ਹੋਣ। ਸਿ਼ਕਾਇਤ ਦੀ ਕਾਪੀ ਸਾਂਝੀ ਕਰਦੇ ਹੋਏ ਕੰਗਣਾ ਨੇ ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਨੂੰ ਬੇਨਤੀ ਕੀਤੀ ਕਿ ਉਹ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੂੰ ਉਨ੍ਹਾਂ ਦੀ ਸ਼ਿਕਾਇਤ ਉੱਤੇ ਕਾਰਵਾਈ ਕਰਨ ਦਾ ਨਿਰਦੇਸ਼ ਦੇਣ।