image caption:

ਦਿੱਲੀ ਵਿਧਾਨ ਸਭਾ ਦੇ ਪੈਨਲ ਅੱਗੇ ਪੇਸ਼ੀ ਲਈ ਕੰਗਨਾ ਰਣੌਤ ਨੇ ਹੋਰ ਸਮਾਂ ਮੰਗਿਆ

 ਨਵੀਂ ਦਿੱਲੀ- ਕੰਗਨਾ ਰਣੌਤ ਨੇ ਦਿੱਲੀ ਵਿਧਾਨ ਸਭਾ ਦੀ ਪੀਸ ਐਂਡ ਹਾਰਮਨੀ ਕਮੇਟੀ ਦੇ ਸਾਹਮਣੇ ਪੇਸ਼ ਹੋਣ ਲਈ ਹੋਰ ਸਮਾਂ ਮੰਗ ਲਿਆ ਹੈ।
ਇਸ ਬਾਰੇ ਦਿੱਲੀ ਵਿਧਾਨ ਸਭਾ ਦੀ ਸ਼ਾਂਤੀ ਅਤੇ ਸਦਭਾਵਨਾ ਕਮੇਟੀ ਦੇ ਚੇਅਰਮੈਨ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਰਾਘਵ ਚੱਢਾ ਨੇ ਕਿਹਾ ਕਿ ਕੰਗਨਾ ਰਣੌਤ ਦੇ ਵਕੀਲ ਨੇ ਪੱਤਰ ਲਿਖ ਕੇ ਸੂਚਿਤ ਕੀਤਾ ਹੈ ਕਿ ਕੰਗਨਾ ਨਿੱਜੀ ਤੇ ਪੇਸ਼ੇਵਰ ਕਾਰਨਾਂ ਕਰ ਕੇ ਕੱਲ੍ਹ ਨਹੀਂ ਆ ਸਕਦੀ। ਕੰਗਨਾ ਨੇ ਕੁਝ ਹਫ਼ਤਿਆਂ ਦਾ ਸਮਾਂ ਮੰਗਿਆ ਹੈ। ਕੱਲ੍ਹ ਦੀ ਮੀਟਿੰਗ ਮੁਲਤਵੀ ਕਰ ਦਿੱਤੀ ਹੈ ਅਤੇ ਉਸ ਦੇ ਕਹਿਣ ਉੱਤੇ ਕਮੇਟੀ ਅਪਣਾ ਫ਼ੈਸਲਾ ਲੈ ਕੇ ਉਸ ਨੂੰ ਸੂਚਿਤ ਕਰੇਗੀ। ਵਰਨਣ ਯੋਗ ਹੈ ਕਿ ਅਭਿਨੇਤਰੀ ਕੰਗਨਾ ਵੱਲੋਂ ਲਗਾਤਾਰ ਸੋਸ਼ਲ ਮੀਡੀਆ ਉੱਤੇ ਸਿੱਖਾਂ ਵਿਰੁੱਧ ਨਫ਼ਰਤ ਭਰੇ ਬਿਆਨ ਦਿੱਤੇ ਗਏ ਹਨ। ਕਮੇਟੀ ਨੂੰ ਮਿਲੀਆਂ ਸ਼ਿਕਾਇਤਾਂ ਉੱਤੇ ਦਿੱਲੀ ਵਿਧਾਨ ਸਭਾ ਦੀ ਪੀਸ ਐਂਡ ਹਾਰਮਨੀ ਕਮੇਟੀ ਨੇ ਕੰਗਨਾ ਰਣੌਤ ਨੂੰ ਨੋਟਿਸ ਭੇਜਿਆ ਹੈ। ਅਭਿਨੇਤਰੀ ਨੂੰ ਭੇਜੇ ਨੋਟਿਸ ਵਿੱਚ ਉਸ ਨੂੰ 6 ਦਸੰਬਰ ਨੂੰ ਕਮੇਟੀ ਦੇ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ ਸੀ। ਕੰਗਨਾ ਅਕਸਰ ਆਪਣੇ ਵਿਵਾਦਤ ਬਿਆਨਾਂ ਕਾਰਨ ਸੁਰਖੀਆਂ ਵਿੱਚ ਰਹਿੰਦੀ ਹੈ। ਉਸ ਨੇ ਤਿੰਨ ਖੇਤੀ ਕਾਨੂੰਨਾਂ ਦਾ ਵਿਰੋਧ ਕਰਨ ਵਾਲੇ ਕਿਸਾਨਾਂ ਨੂੰ ਲੈ ਕੇ ਵੀ ਵਿਵਾਦਤ ਬਿਆਨ ਦਿੱਤਾ ਸੀ, ਜਿਸ ਕਾਰਨ ਉਸ ਦੀ ਕਾਫ਼ੀ ਆਲੋਚਨਾ ਹੋਈ।