image caption:

ਏਸ਼ੀਅਨ ਚੈਂਪੀਅਨਸ ਟਰਾਫੀ 'ਚ ਭਾਰਤ ਨੇ ਪਾਕਿਸਤਾਨ ਨੂੰ 4-3 ਨਾਲ ਹਰਾ ਕੇ ਜਿੱਤਿਆ ਕਾਂਸੀ ਦਾ ਤਗਮਾ

 ਢਾਕਾ: ਭਾਰਤ ਨੇ ਏਸ਼ੀਆਈ ਚੈਂਪੀਅਨਜ਼ ਟਰਾਫੀ ਦੇ ਮੈਚ ਵਿੱਚ ਬੁੱਧਵਾਰ ਨੂੰ ਪੁਰਾਣੇ ਵਿਰੋਧੀ ਪਾਕਿਸਤਾਨ ਨੂੰ 4-3 ਨਾਲ ਹਰਾ ਦਿੱਤਾ। ਮੈਚ ਵਿੱਚ ਜਿੱਤ ਦੇ ਨਾਲ ਹੀ ਭਾਰਤੀ ਟੀਮ ਨੇ ਕਾਂਸੀ ਦਾ ਤਗਮਾ ਜਿੱਤ ਲਿਆ। ਇਸ ਨਾਲ ਭਾਰਤ ਨੇ ਟੂਰਨਾਮੈਂਟ 'ਚ ਤੀਜੇ ਸਥਾਨ 'ਤੇ ਰਹਿ ਕੇ ਆਪਣੀ ਮੁਹਿੰਮ ਦਾ ਅੰਤ ਕੀਤਾ। ਮੈਚ ਦੇ ਪਹਿਲੇ ਅੱਧ ਤੋਂ ਹੀ ਦੋਵਾਂ ਟੀਮਾਂ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ ਅਤੇ ਤੀਜੇ ਮਿੰਟ ਵਿੱਚ ਭਾਰਤ ਦੇ ਹਰਮਨਪ੍ਰੀਤ ਸਿੰਘ ਨੇ ਪੈਨਲਟੀ ਕਾਰਨਰ ਦੀ ਮਦਦ ਨਾਲ ਟੀਮ ਲਈ ਪਹਿਲਾ ਗੋਲ ਕਰਕੇ ਭਾਰਤ ਨੂੰ 1-0 ਦੀ ਬੜ੍ਹਤ ਦਿਵਾਈ।

ਇਸ ਤੋਂ ਬਾਅਦ ਪਾਕਿਸਤਾਨ ਨੇ ਵੀ ਜ਼ੋਰਦਾਰ ਵਾਪਸੀ ਕਰਦੇ ਹੋਏ ਗੋਲ ਕਰਕੇ 1-1 ਨਾਲ ਬਰਾਬਰੀ ਕਰ ਲਈ, ਅਫਰਾਜ਼ ਨੇ ਇਹ ਗੋਲ ਕੀਤਾ। ਦੂਜੇ ਅੱਧ (ਹਾਫ਼) 'ਚ ਦੋਵਾਂ ਟੀਮਾਂ ਵਿਚਾਲੇ ਜ਼ਬਰਦਸਤ ਮੁਕਾਬਲਾ ਹੋਇਆ, ਪਰ ਕੋਈ ਵੀ ਟੀਮ ਗੋਲ ਨਾ ਕਰ ਸਕੀ।

ਮੈਚ ਦੇ ਤੀਜੇ ਅੱਧ ਵਿੱਚ ਅਬਦੁਲ ਰਾਣਾ ਨੇ ਪਾਕਿਸਤਾਨ ਲਈ ਦੂਜਾ ਗੋਲ ਕਰਕੇ ਟੀਮ ਨੂੰ 2-1 ਨਾਲ ਅੱਗ ਵਧਾਇਆ। ਤੀਜੇ ਕੁਆਰਟਰ ਦੇ ਖ਼ਤਮ ਹੋਣ ਤੋਂ ਠੀਕ ਪਹਿਲਾਂ ਭਾਰਤ ਨੇ ਮੈਚ 'ਚ ਪਾਕਿਸਤਾਨ ਖਿਲਾਫ਼ ਵੀ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ ਅਤੇ ਕੁਆਰਟਰ ਖ਼ਤਮ ਹੋਣ ਤੋਂ ਪਹਿਲਾਂ ਹੀ ਸੁਮਿਤ ਨੇ 2-2 ਨਾਲ ਬਰਾਬਰੀ ਕਰ ਲਈ।

ਆਖਰੀ ਅੱਧ (ਹਾਫ਼) 'ਚ ਪਾਕਿਸਤਾਨ ਭਾਰਤ ਦੇ ਸਾਹਮਣੇ ਬੇਵੱਸ ਨਜ਼ਰ ਆਇਆ, ਜਿਵੇਂ ਹੀ ਵਰੁਣ ਕੁਮਾਰ ਨੇ ਪੈਨਲਟੀ ਕਾਰਨਰ ਦਾ ਫਾਇਦਾ ਉਠਾਉਂਦੇ ਹੋਏ ਭਾਰਤ ਲਈ ਤੀਜਾ ਗੋਲ ਕੀਤਾ ਤਾਂ ਭਾਰਤੀ ਟੀਮ ਮੈਚ 'ਚ 3-2 ਨਾਲ ਅੱਗੇ ਹੋ ਗਈ। ਇਸ ਤੋਂ ਬਾਅਦ ਅਕਸ਼ੇਦੀਪ ਸਿੰਘ ਨੇ ਚੌਥਾ ਗੋਲ ਕਰਕੇ ਭਾਰਤ ਦੀ ਜਿੱਤ ਯਕੀਨੀ ਬਣਾਈ।