image caption: -ਰਜਿੰਦਰ ਸਿੰਘ ਪੁਰੇਵਾਲ

ਦਰਬਾਰ ਸਾਹਿਬ ਵਿਚ ਬੇਅਦਬੀ ਸਿੱਖ ਪੰਥ ਨੂੰ ਵੱਡਾ ਚੈਲਿੰਜ ਤੇ ਅਖੌਤੀ ਪਾਗਲਾਂ ਦੇ ਕਮਾਂਡੋ ਦਸਤੇ

ਲੰਘੇ ਦਿਨੀਂ ਦਰਬਾਰ ਸਾਹਿਬ ਵਿਖੇ ਇੱਕ ਸ਼ਖ਼ਸ ਵੱਲੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਗਈ| ਉਸ ਨੇ ਗੁਰੂ ਗਰੰਥ ਸਾਹਿਬ ਦੀ ਹਜੂਰੀ ਵਿਚ ਜੰਗਲਾ ਟਪ ਕੇ ਸੰਗਤਾਂ ਨੂੰ ਮਾਰਨ ਲਈ  ਕ੍ਰਿਪਾਨ ਚੁਕੀ , ਪਰ ਸੇਵਾਦਾਰਾਂ ਦੀ ਸਾਵਧਾਨੀ ਕਾਰਣ ਬਚਾ ਹੋ ਗਿਆ| ਪਰ ਸੰਗਤਾਂ ਨੇ ਦੋਸ਼ੀ ਨੂੰ ਮਾਰ ਮੁਕਾਇਆ| ਪੁਲੀਸ ਅਜੇ ਤਕ ਦੋਸ਼ੀ ਦੀ ਪਛਾਣ ਨਹੀਂ ਕਰ ਸਕੀ| ਇਸੇ ਤਰਾਂ ਕਪੂਰਥਲਾ ਵਿਖੇ ਗੁਰਦੁਆਰੇ ਵਿਚ ਬੇਅਦਬੀ ਕਰਨ ਦੇ ਯਤਨ ਵਿਚ ਦੋਸ਼ੀ ਮਾਰਿਆ ਗਿਆ| ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿਧੂ, ਮੁਖ ਮੰਤਰੀ ਚਰਨਜੀਤ ਸਿੰਘ ਚੰਨੀ, ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਦੁਖ ਪ੍ਰਗਟਾਇਆ ਕਿ ਦੋਸ਼ੀ ਮਾਫ ਨਹੀਂ ਕੀਤੇ ਜਾਣਗੇ| ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਦਰਬਾਰ ਸਾਹਿਬ ਵਿਚ ਆ ਕੇ ਹਾਜ਼ਰੀ ਵੀ ਭਰੀ ਤੇ ਸ੍ਰੋਮਣੀ ਕਮੇਟੀ ਨੂੰ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ| ਇਹਨਾਂ ਦੁਖਾਂਤਕ ਘਟਨਾਵਾਂ ਬਾਅਦ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਾਮਲਾ ਅਕਤੂਬਰ 2015 ਦੀਆਂ ਘਟਨਾਵਾਂ ਤੋਂ ਬਾਅਦ ਲਗਾਤਾਰ ਪੰਜਾਬ ਵਿੱਚ ਚਰਚਾ ਦਾ ਮੁੱਦਾ ਬਣਦਾ ਰਿਹਾ ਹੈ|
25 ਸਤੰਬਰ 2015 ਨੂੰ ਬਰਗਾੜੀ ਦੇ ਗੁਰਦੁਆਰਾ ਸਾਹਿਬ ਦੇ ਕੋਲ ਪੋਸਟਰ ਲਗਾ ਕੇ ਮਾੜੀ ਭਾਸ਼ਾ ਵਰਤੀ ਗਈ| ਪੋਸਟਰਾਂ ਵਿੱਚ ਚੋਰੀ ਹੋਏ ਸਰੂਪ ਇਕ ਸਿਰਸੇ ਦੇ ਡੇਰੇ ਦੀ ਸ਼ੱਕ ਲੱਗਦੀ ਸੀ ਤੇ ਸਿੱਖ ਸੰਸਥਾਵਾਂ ਨੂੰ ਖੁੱਲੀ ਚੁਣੌਤੀ ਦਿੱਤੀ ਗਈ|
12 ਅਕਤੂਬਰ 2015  ਦੌਰਾਨ ਗੁਰੂ ਗ੍ਰੰਥ ਸਾਹਿਬ ਦੇ ਅੰਗ ਫਰੀਦਕੋਟ ਦੇ ਬਰਗਾੜੀ ਪਿੰਡ ਵਿੱਚੋਂ ਮਿਲੇ ਸਨ|
14 ਅਕਤੂਬਰ 2015 ਦੌਰਾਨ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਦੋਸ਼ੀਆਂ ਦੀ ਗ੍ਰਿਫਤਾਰੀ ਨੂੰ ਲੈ ਕੇ ਕੋਟਕਪੂਰਾ ਵਿਚ ਸਿੱਖ ਜਥੇਬੰਦੀਆਂ ਨੇ ਰੋਸ ਮੁਜ਼ਾਹਰਾ ਕੀਤਾ ਸੀ| ਇਸੇ ਦਿਨ ਬਹਿਬਲ ਕਲਾਂ ਵਿੱਚ ਸਿੱਖਾਂ ਅਤੇ ਪੁਲਿਸ ਵਿਚਾਲੇ ਹੋਈ ਝੜਪ ਵਿਚ ਪੁਲਿਸ ਵੱਲੋਂ ਚਲਾਈ ਗਈ ਗੋਲੀ ਵਿੱਚ ਦੋ ਸਿੱਖ ਨੌਜਵਾਨਾਂ ਕ੍ਰਿਸ਼ਨ ਭਗਵਾਨ ਸਿੰਘ ਅਤੇ ਗੁਰਜੀਤ ਸਿੰਘ ਦੀ ਸ਼ਹਾਦਤ ਹੋ ਗਈ|
ਬਹਿਬਲ ਕਲਾਂ ਅਤੇ ਕੋਟਕਪੁਰਾ ਗੋਲੀਕਾਂਡ ਦੇ ਨਾਂ ਨਾਲ ਜਾਣੇ ਜਾਂਦੇ ਇਨ੍ਹਾਂ ਮਾਮਲਿਆਂ ਨੇ 2017 ਦੀਆਂ ਵਿਧਾਨ ਸਭਾ ਚੋਣਾਂ ਦੇ ਸਾਰੇ ਮੁੱਦੇ ਖੂੰਜੇ ਲਾ ਦਿੱਤੇ| ਜਿਸ ਦਾ ਖ਼ਮਿਆਜ਼ਾ ਅਕਾਲੀ ਦਲ ਨੂੰ ਆਪਣੇ 100 ਸਾਲਾ ਇਤਿਹਾਸ ਵਿੱਚ ਸਭ ਤੋਂ ਮਾੜੇ ਚੋਣ ਪ੍ਰਦਰਸ਼ਨ ਦੇ ਰੂਪ ਵਿਚ ਝੱਲਣਾ ਪਿਆ| ਅਕਾਲੀ ਦਲ ਉੱਤੇ ਬੇਅਦਬੀ ਮਾਮਲੇ ਵਿੱਚ ਇਨਸਾਫ਼ ਨਾ ਕਰਨ ਦਾ ਇਲਜ਼ਾਮ ਲੱਗਿਆ, ਕੈਪਟਨ ਨੇ ਇਸ ਨੂੰ ਚੋਣ ਮੁੱਦਾ ਬਣਾਇਆ ਅਤੇ ਸੱਤਾ ਹਾਸਲ ਕੀਤੀ| ਪਰ ਕੈਪਟਨ ਵੀ  ਇਨਸਾਫ ਨਾ ਕਰ ਸਕੇ ਤੇ ਇਸ ਕਾਰਣ ਆਪਣਾ ਕਾਰਜਕਾਲ ਪੂਰਾ ਨਹੀਂ ਕਰ ਸਕੇ ਅਤੇ ਇਸੇ ਮੁੱਦੇ ਨੇ ਉਨ੍ਹਾਂ ਦੀ ਕੁਰਸੀ ਖੋਹ ਲਈ| 2022 ਦੀਆਂ ਚੋਣਾਂ ਤੋਂ ਐਨ ਪਹਿਲਾਂ ਸ੍ਰੀ ਦਰਬਾਰ ਸਾਹਿਬ ਅਤੇ ਕਪੂਰਥਲਾ ਦੇ ਨਿਜ਼ਾਮਪੁਰ ਦੀਆਂ ਦੋ ਘਟਨਾਵਾਂ ਨੇ ਬੇਅਦਬੀ ਨੂੰ ਪੰਜਾਬ ਦੀ ਸਿਆਸਤ ਦਾ ਕੇਂਦਰੀ ਮੁੱਦਾ ਬਣਾ ਦਿੱਤਾ|
ਹੁਣ ਤਕ ੩੦ ਤੋਂ ਵਧ ਬੇਅਦਬੀਆਂ ਹੋ ਚੁਕੀਆਂ ਹਨ| ਅਜੇ ਤੱਕ ਕਿਸੇ ਨੂੰ ਸਜ਼ਾ ਨਹੀਂ ਮਿਲੀ| ਦੋਸ਼ੀ ਜ਼ਮਾਨਤਾਂ ਤੇ ਬਾਹਰ ਆ ਚੁੱਕੇ ਹਨ ਕੇਸਾਂ ਦੀ ਸੁਣਵਾਈ ਅਜੇ ਹੋਣੀ ਹੈ |
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸ਼੍ਰੋਮਣੀ ਕਮੇਟੀ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵਾਪਰੀ ਬੇਅਦਬੀ ਦੀ ਘਟਨਾ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ  ਗਠਿਤ ਕਰਨ ਦਾ ਐਲਾਨ ਕੀਤਾ  ਹੈ| ਧਾਮੀ ਦਾ ਕਹਿਣਾ ਹੈ ਕਿ ਸਿੱਖ ਪੰਥ ਨੇ ਉਸ ਨੂੰ ਜੋ ਵੀ ਸਜ਼ਾ ਦਿੱਤੀ ਹੈ, ਉਹ ਧਾਰਮਿਕ ਭਾਵਨਾਵਾਂ ਨੂੰ ਠੇਸ ਪੁੱਜਣ ਅਤੇ ਸਰਕਾਰਾਂ ਵੱਲੋਂ ਇਨਸਾਫ ਨਾ ਦਿੱਤੇ ਜਾਣ ਕਰਕੇ ਦਿੱਤੀ ਹੈ| ਜੇਕਰ ਸਰਕਾਰਾਂ ਦੀ ਮਨਸ਼ਾ ਸਾਫ਼ ਹੋਵੇ ਤਾਂ ਦੋਸ਼ੀ ਕਦੀ ਵੀ ਅਜਿਹੀਆਂ ਹਰਕਤਾਂ ਨਹੀਂ ਕਰ ਸਕਦੇ|
 ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਪੂਰਥਲਾ ਦੇ ਪਿੰਡ ਨਿਜ਼ਾਮਪੁਰ ਮੋਡ ਵਿਖੇ ਵਾਪਰੀ ਘਟਨਾ ਵਿਚ ਸਰਕਾਰ ਅਤੇ ਪੁਲਿਸ ਦੀ ਕਾਰਗੁਜ਼ਾਰੀ ਤੇ ਵੀ ਸਵਾਲ ਚੁੱਕੇ| ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਜਾਣਬੁਝ ਕੇ ਉਥੋਂ ਦੇ ਗ੍ਰੰਥੀ ਤੇ ਉਸ ਦੇ ਪਰਿਵਾਰ ਨੂੰ ਉਲਝਾਇਆ ਜਾ ਰਿਹਾ ਹੈ| ਉਨ੍ਹਾਂ ਕਿਹਾ ਕਿ ਸਰਕਾਰਾਂ ਮਨਮਰਜ਼ੀ ਦੀਆਂ ਕਾਰਵਾਈ ਤੋਂ ਬਾਝ ਆਉਣ, ਨਹੀਂ ਤਾਂ ਇਸ ਦੇ ਨਤੀਜੇ ਠੀਕ ਨਹੀਂ ਨਿਕਲਣਗੇ| ਇਥੇ ਜਿਕਰਯੋਗ ਹੈ ਕਿ ਕਪੂਰਥਲਾ ਪੁਲੀਸ ਇਸ ਨੂੰ ਬੇਅਦਬੀ ਦੀ ਥਾਂ ਚੋਰੀ ਦੀ ਘਟਨਾ ਦਸ ਰਹੀ ਸੀ| ਇਸ ਤੋਂ ਇਲਾਵਾ ਦੋਸ਼ੀ ਨੂੰ ਪਾਗਲ ਦਸਣ ਲਈ ਵੀ ਵੀਡੀਓ ਫਿਲਮਾਂ ਦੋਸ਼ੀ ਦੇ ਹਕ ਵਿਚ ਪ੍ਰਸਾਰਿਤ ਕੀਤੀਆਂਂ ਜਾ ਰਹੀਆਂ ਹਨ|ਇਸ ਤਰਾਂਂ ਜਾਪਦਾ ਹੈ ਕਿ ਦੋਸ਼ੀ ਸੂਤਰਧਾਰ ਏਜੰਸੀ  ਸ਼ਾਤਰ ਹੈ ਤੇ ਉਹ ਘਟਨਾ ਤੋਂ ਪਹਿਲਾਂ ਵੀਡੀਓ ਫਿਲਮਾਂ ਬਣਾਕੇ ਦੋਸ਼ੀ ਨੂੰ ਪਾਗਲ ਦਰਸਾ ਕੇ ਇਹ ਸਿਧ ਕਰਨਾ ਚਾਹੁੰਦੀ ਸੀ ਕਿ ਉਹ ਤਾਂ ਗੁਰਦੁਆਰੇ ਰੋਟੀ ਖਾਣ ਆਇਆ ਸੀ|ਇਹ ਗੁਪਤ ਏਜੰਸੀਆਂਂ ਨੂੰ ਸਿਖ ਕੌਮ ਨੂੰ ਬਦਨਾਮ ਕਰਨ ਦੀ ਸਾਜਿਸ਼ ਹੈ | ਇਕ ਵੀਡੀਓ ਵੀ ਸਾਜਿਸ਼ ਤਹਿਤ ਇੰਟਰਨੈੱਟ ਮੀਡੀਆ &rsquoਤੇ ਵਾਇਰਲ ਕੀਤੀ ਜਾ ਰਹੀ ਹੈ| ਦੱਸਿਆ ਜਾ ਰਿਹਾ ਹੈ ਕਿ ਇਹ ਵੀਡੀਓ ਬੀਤੇ ਸ਼ਨਿਚਰਵਾਰ ਨੂੰ ਇਕ ਜਿਮ ਦੇ ਬਾਹਰ ਇਕ ਔਰਤ ਨੇ ਬਣਾਈ ਸੀ| ਨੌਜਵਾਨ ਨੇ ਉਹੀ ਕੱਪੜੇ ਪਾਏ ਹੋਏ ਹਨ ਜੋ ਉਸ ਨੇ ਐਤਵਾਰ ਨੂੰ ਪਾਏ ਸਨ| ਘੁੰਗਰੂ ਨੌਜਵਾਨ ਦੇ ਪੈਰਾਂ ਵਿਚ ਬੰਨ੍ਹੇ ਹੋਏ ਹਨ ਤੇ ਇਕ ਹੱਥ ਵਿਚ ਖੇਤੀਬਾੜੀ ਦੇ ਸੰਦ ਫੜੇ ਹੋਏ ਹਨ| ਸਿਰ ਤੇ ਨਕਲੀ ਗਹਿਣੇ ਵਰਗਾ ਕੋਈ ਚੀਜ਼ ਬੰਨ੍ਹੀ ਹੋਈ ਹੈ| ਔਰਤ ਉਸ ਨੂੰ ਪੁੱਛਦੀ ਹੈ ਕਿ ਕੀ ਤੁਸੀਂ ਕ੍ਰਿਸ਼ਨ ਬਣ ਗਏ ਹੋ ਤਾਂ ਨੌਜਵਾਨ ਮੁਸਕਰਾ ਕੇ ਚਲਾ ਗਿਆ| ਪੁਲਿਸ ਦਾ ਕਹਿਣਾ ਹੈ ਕਿ ਇਹ ਵੀਡੀਓ ਕਾਂਜਲੀ ਰੋਡ &rsquoਤੇ ਜਿੰਮ ਦੇ ਬਾਹਰ ਦੀ ਹੈ| ਇਸ ਇਲਾਕੇ ਦੇ ਸੀਸੀਟੀਵੀ ਚੈੱਕ ਕੀਤੇ ਜਾਣਗੇ| ਪਰ ਪੁਲੀਸ ਨੂੰ ਇਸ ਵੀਡੀਓ ਬਣਾਉਣ ਵਾਲੀ ਔਰਤ ਦੀ ਜਾਂਚ ਕਰਨੀ ਚਾਹੀਦੀ ਹੈ ਕਿ ਇਸ ਵੀਡੀਓ ਨੂੰ ਬਨਾਉਣ ਤੇ ਵਾਇਰਲ ਕਰਨ ਪਿਛੇ ਮੰਤਵ ਕੀ ਹੈ|
ਇਸੇ ਤਰ੍ਹਾਂ  ਬੇਅਦਬੀ ਦੀ ਵਾਪਰੀ ਮੰਦਭਾਗੀ ਘਟਨਾ ਦੀ ਨਿਖੇਧੀ ਕਰਦਿਆਂ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ  ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਚੋਣਾਂ ਵੇਲੇ ਏਜੰਸੀਆਂ ਵਲੋਂ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦਿਵਾ ਕੇ ਸ਼ਾਂਤਮਈ ਮਾਹੌਲ ਨੂੰ ਭੰਗ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ, ਜਿਸ ਨੂੰ ਕਿਸੇ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ| ਗਿਆਨੀ ਹਰਪ੍ਰੀਤ ਸਿੰਘ ਨੇ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਸਿੱਖਾਂ ਦੇ ਸਬਰ ਦਾ ਪਿਆਲਾ ਭਰ ਚੁੱਕਾ ਹੈ, ਇਸ ਲਈ ਸਿੱਖ ਕੌਮ ਦੇ ਸਬਰ ਦਾ ਇਮਤਿਹਾਨ ਨਾ ਲਿਆ ਜਾਵੇ ਅਤੇ ਇਨ੍ਹਾਂ ਘਟਨਾਵਾਂ ਪਿੱਛੇ ਕਿਹੜੀਆਂ ਤਾਕਤਾਂ ਕੰਮ ਕਰ ਰਹੀਆਂ ਹਨ, ਉਸ ਦਾ ਪਰਦਾਫਾਸ਼ ਕੀਤਾ ਜਾਵੇ |
ਸਾਡਾ ਮੰਨਣਾ ਹੈ ਕਿ ਬੇਅਦਬੀ ਦੀਆਂ ਘਟਨਾਵਾਂ ਬਾਰੇ ਸਰਕਾਰ ਨੂੰ ਮੁਖ ਸੂਤਰਧਾਰ ਦਾ ਪਰਦਾਫਾਸ਼ ਕਰਨਾ ਚਾਹੀਦਾ ਹੈ, ਜਿਸਨੇ ਪਾਗਲਾਂ ਦੀ ਗੁਪਤ ਸੈਨਾ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਲਈ ਬਣਾਈ ਹੈ| ਸ਼੍ਰੋਮਣੀ ਕਮੇਟੀ ਤੇ ਪੰਥਕ ਜਥੇਬੰਦੀਆਂ ਨੂੰ ਸਾਵਧਾਨ ਰਹਿਣ ਦੀ ਲੋੜ ਹੈ, ਕਿਤੇ ਅਤਿ ਭਾਵੁਕਤਾ ਵਿਚ ਸਿਖ ਪੰਥ ਦਾ ਨੁਕਸਾਨ ਨਾ ਹੋਵੇ| ਦੁਸ਼ਮਣ ਦੀਆਂ ਸਾਜਿਸ਼ਾਂ ਨੂੰ ਪਛਾਣਨ ਦੀ ਲੋੜ ਹੈ|
-ਰਜਿੰਦਰ ਸਿੰਘ ਪੁਰੇਵਾਲ