image caption:

ਘੁਪ-ਹਨੇਰੇ ਵਿਚ ਪਹੁ-ਫੁਟਾਲੇ ਦੀ ਕਿਰਣ


ਜਗਤਾਰ ਸਹੋਤਾ
ਲਿੰਕਨ ਨੇ ਜਦ ਲੋਕਰਾਜ ਬਾਬਤ ਇਹ ਕਿਹਾ ਸੀ ਕਿ ਇਹ ਲੋਕਾਂ ਰਾਹੀ ਚੁੱਣੀ, ਲੋਕਾਂ ਦੀ ਹੀ ਅਤੇ ਲੋਕਾਂ ਵਾਸਤੇ ਸਰਕਾਰ ਹੈ।ਉਸ ਸਮੇਂ ਇਹ ਸੱਚ ਹੀ ਜਾਪਦਾ ਸੀ ਕਿਉਂਕਿ ਅਜੇ ਪੂੰਜੀਵਾਦ ਆਪਣੇ ਬੱਚਪਣੇ ਵਿਚ ਹੀ ਸੀ।ਹੌਲੀ ਹੌਲੀ ਪੂੰਜੀਵਾਦ ਅੰਗੜਾਈਆਂ ਲੈਣ ਲੱਗਾ ਅਤੇ ਅੱਜ ਇਹ ਆਪਣੀ ਜਵਾਨੀ ਵਿਚ ਪਹੁੰਚ ਗਿਆ ਹੈ।ਹੁੱਣ ਇਸ ਨੇ ਆਪਣੇ ਮੁਫ਼ਾਦ ਲਈ ਲੋਕਰਾਜ ਦਾ ਢਾਂਚਾ ਤਹਿਸ ਨਹਿਸ ਕਰ ਦਿਤਾ ਹੈ।ਇਸ ਸਮੇਂ ਇੰਝ ਲਗਦਾ ਹੈ ਕਿ ਅਖੌਤੀ ਲੋਕਰਾਜ ਲੋਕਾਂ ਰਾਹੀ ਚੁੱਣੀ, ਅਮੀਰਾਂ ਦੀ ਅਤੇ ਅਮੀਰਾਂ ਵਾਸਤੇ ਸਰਕਾਰ ਹੈ।ਅਸੀਂ ਦੇਖਿਆ ਹੈ ਕਿ ਕਾਫੀ ਸਮੇਂ ਤੋਂ ਅਮੀਰ ਹੋਰ ਅਮੀਰ ਬਣੀ ਜਾਂਦੇ ਹਨ ਅਤੇ ਨਾਲ ਗ਼ਰੀਬਾਂ ਦੀ ਗਿਣਤੀ ਵੀ ਕਈ ਗੁੱਣਾ ਵੱਧਦੀ ਹੀ ਜਾ ਰਹੀ ਹੈ।ਮਜ਼ਰੂਹ ਸੁਲਤਾਨਪੁਰੀ ਨੇ ਸੱਚ ਹੀ ਲਿਖਿਆ ਸੀ:-
&ldquoਗ਼ਰੀਬ ਹੈ ਵੁੱਹ ਇਸ ਲੀਏ, ਕਿ ਤੁੱਮ ਅਮੀਰ ਹੋ ਗਏ,
ਏਕ ਬਾਦਸ਼ਾਹ ਹੂਆ, ਤੋ ਸੌ ਫ਼ਕੀਰ ਹੋ ਗਏ&rdquo।
ਅਮੀਰ ਨੇ ਧਨ ਇੱਕਠਾ ਕਰਕੇ ਲੋਕਾਂ ਦੇ ਹਰ ਪਹਿਲੂ ਤੇ ਕਬਜ਼ਾ ਕਰਨਾ ਸ਼ੁਰੂ ਕਰ ਦਿਤਾ ਹੈ।ਇਸ਼ਤਿਹਾਰਬਾਜ਼ੀ ਰਾਹੀ ਉਹ ਲੋਕਾਂ ਨੂੰ, ਕੀ ਖਾਣਾ ਅਤੇ ਕੀ ਪਹਿਨਣਾ ਹੈ, ਤੱਕ ਦੱਸਦਾ ਹੈ।ਸਿਆਸੀ ਪਾਰਟੀਆਂ ਨੂੰ ਚੌਣਾਂ ਸਮੇਂ ਇਸ਼ਤਿਹਾਰਬਾਜ਼ੀ ਲਈ ਫੰਡਾਂ ਦੀ ਲੋੜ ਹੈ।ਅਮੀਰ ਪਾਸ ਪੈਸਾ ਹੈ, ਉਹ ਫੰਡ ਉਸ ਨੂੰ ਦੇਵੇਗਾ ਜੋ ਪਾਰਟੀ ਜਾਂ ਉਮੀਦਵਾਰ ਉਸ ਦੇ ਮੁਫ਼ਾਦ ਦਾ ਖਿਆਲ ਰਖੇਗਾ।ਰੇਡੀਓ, ਟੈਲੀਵਿਜ਼ਨ ਅਤੇ ਅਖ਼ਬਾਰ ਉਸ ਦੇ ਕਬਜ਼ੇ ਵਿਚ ਹਨ।ਅਮੀਰ ਆਪਣੇ ਹਿੱਤ ਵਾਸਤੇ, ਸੰਚਾਰ ਸਾਧਨ ਰਾਹੀ, ਕਿਸੇ ਵੀ ਪਾਰਟੀ ਦੇ ਉਮੀਦਵਾਰ ਨੂੰ ਲੋਕਾਂ ਦੀਆਂ ਨਜ਼ਰਾਂ ਵਿਚ ਗਿਰਾ ਜਾਂ ਸਿਤਾਰਾ ਬਣਾ ਸਕਦਾ ਹੈ।ਆਮ ਇਨਸਾਨ ਪਾਸ ਇਤਨੀ ਸੂਝ ਨਹੀਂ ਕਿ ਆਪਣੇ ਹਿੱਤ ਦੀ, ਅਮੀਰ ਦੇ ਫ਼ਰੇਬੀ ਪ੍ਰਾਪੇਗੰਡੇ ਨੂੰ ਸਮਝਦਾ ਹੋਇਆ, ਰਖਵਾਲੀ ਕਰ ਸਕੇ।ਇਸੇ ਲਈ ਸਿਆਸੀ ਪਾਰਟੀਆਂ ਆਮ ਜਨਤਾ ਨੂੰ ਚੌਣਾਂ ਸਮਂੇ, ਵੋਟਾਂ ਲੈਣ ਲਈ, ਲਾਰੇ ਲਾਉਂਦੀਆਂ ਹਨ ਜਦ ਕਿ ਉਹ ਅਸਲ ਵਿਚ ਜਿੱਤ ਕੇ ਉਹ ਅਮੀਰਾਂ ਦੇ ਹਿੱਤਾਂ ਲਈ ਕੰਮ ਕਰਦੀਆਂ ਹਨ।ਨਤੀਜੇ ਵਜੋਂ ਵਿਕਸਿਤ ਦੇਸ਼ਾਂ ਵਿਚ ਕਾਫੀ ਲੋਕ ਲੋਕਰਾਜ ਦੇ ਢਾਂਚੇ ਤੋਂ ਬੇਮੁਖ ਹੋ ਰਹੇ ਹਨ ਅਤੇ ਵੋਟ ਪਾਉਣ ਦੀ ਕਿਰਿਆ ਨੂੰ ਵਿਅਰਥ ਸਮਝਦੇ ਹਨ।ਇਸੇ ਲਈ ਸਰਕਾਰਾਂ ਇਨ੍ਹਾਂ ਦੇਸ਼ਾਂ ਵਿਚ ਵੋਟਾਂ ਦੀ ਗਿਣਤੀ ਵਧਾਉਣ ਲਈ ਲੋਕਾਂ ਨੂੰ ਪੋਸਟਲ ਰਾਹੀਂ ਵੋਟਾਂ ਪਾਉਣ ਦਾ ਵੀ ਅੱਜ ਕੱਲ ਹੱਕ ਦੇ ਰਹੀਆਂ ਹਨ ਤਾਂ ਕਿ ਲੋਕਰਾਜ ਦਾ ਸਹੀ ਚਿਹਰਾ ਨਾ ਦਿਸ ਪਵੇ।
ਭਾਰਤ ਵਿਚ ਤਾਂ ਮੋਦੀ, ਅਮੀਰਾਂ ਤੋਂ ਫੰਡਾਂ ਲਈ, ਉਨ੍ਹਾਂ ਦੇ ਹਿੱਤਾਂ ਲਈ ਸਿਧੇ ਤੌਰ ਤੇ ਕੰਮ ਕਰ ਰਿਹਾ ਹੈ।ਨਤੀਜੇ ਵਜੋਂ ਉਥੇ ਅਮੀਰਾਂ ਦੀ ਅਮੀਰੀ ਵਿਚ ਅਤੇ ਗਿਣਤੀ ਵਿਚ ਵਾਧਾ ਹੋ ਰਿਹਾ ਹੈ।ਉਧਰ ਦਿਨੋ ਦਿਨ ਦਰਮਿਆਨਾ ਤਬਕਾ ਘੱਟ ਰਿਹਾ ਹੈ, ਅੱਜ ਕਿਸਾਨ ਖ਼ੁਦਕਸ਼ੀਆਂ ਕਰ ਰਹੇ ਹਨ ਅਤੇ ਮਜ਼ਦੂਰ ਦੀ ਮਜ਼ਦੂਰੀ ਦਾ ਇਹ ਹਾਲਤ ਕਿ ਉਹ ਮਜ਼ਦੂਰੀ ਕਰਕੇ ਆਪਣੇ ਪ੍ਰਵਾਰ ਦਾ ਕੀ ਆਪਣਾ ਢਿੱਡ ਵੀ ਭਰ ਨਹੀਂ ਸਕਦਾ।ਸਾਫ ਜ਼ਾਹਰ ਹੈ ਕਿ ਦਰਮਿਆਨੇ ਤਬਕੇ ਅਤੇ ਮਜ਼ਦੂਰ ਨੂੰ ਲੁੱਟ ਕੇ ਅਮੀਰ ਅਮੀਰ ਬਣ ਰਹੇ ਹਨ।ਵੈਸੇ ਤਾਂ ਸਰਕਾਰ ਦਾ ਕੰਮ ਹੈ ਕਿ ਸਮਾਜ ਦੇ ਘੱਟ ਗਿਣਤੀ ਅਤੇ ਕਮਜ਼ੋਰ ਵਰਗ ਦੇ ਹਿੱਤਾਂ ਦੀ ਰਖਵਾਲੀ ਕਰੇ।ਪਰ ਮੋਦੀ ਨੇ, ਇਸ ਦੇ ਉਲਟ, ਸਮਾਜ ਦੀ ਬਹੁ-ਗਿਣਤੀ ਅਤੇ ਅਮੀਰਾਂ ਦੇ ਹਿੱਤਾਂ ਦਾ ਠੀਕਾ ਲੈ ਲਿਆ ਹੈ।ਮੋਦੀ ਨੇ ਮਜ਼ਦੂਰਾਂ ਦੇ ਹੱਕਾਂ ਨੂੰ ਖ਼ਤਮ ਕਰਕੇ, ਅਮੀਰਾਂ ਨੂੰ ਮਜ਼ਦੂਰਾਂ ਦੀ ਲੁੱਟ ਦੀ ਖੁਲ੍ਹ ਦੇ ਦਿਤੀ ਹੈ।ਪੁਰਾਣੇ ਜ਼ਮਾਨੇ ਵਿਚ ਡਾਕੂਆਂ ਦੀ ਥਾਂ ਅੱਜ ਕਲ ਅਮੀਰਾਂ ਨੇ ਲੈ ਲਈ ਹੈ।ਨਾਲ ਮੋਦੀ ਇਹ ਵੀ ਸਮਝਦਾ ਹੈ ਕਿ,ਚੌਣਾ ਤੋਂ ਬਾਅਦ, ਉਹ ਲੋਕਾਂ ਨੂੰ ਜਵਾਬਦੇਹ ਨਹੀਂ ਹੈ।
ਲੋਕਰਾਜ ਵਿਚ ਬਾਦਸ਼ਾਹਾਂ ਦੀ ਥਾਂ ਸਿਆਸਤਦਾਨਾਂ ਨੇ ਲੈ ਲਈ ਹੈ।ਇਸੇ ਲਈ ਵਿਕਸਿਤ ਦੇਸ਼ਾਂ ਦੇ ਲੋਕ ਇਨ੍ਹਾਂ ਤੇ ਚੈੱਕ ਅਨਡ ਬੈਲਅਨਸ ਜਾਣੀ ਜਵਾਬਦੇਹ ਦਾ ਅਸੂਲ ਲਾਗੂ ਕਰਦੇ ਹਨ, ਨਹੀਂ ਤਾਂ ਉਹ ਆਪਣੀ ਅੰਨ੍ਹੀ ਤਾਕਤ ਦੀ ਗ਼ਲਤ ਵਰਤੋ ਕਰ ਸਕਦੇ ਹਨ।ਪੀਟਰ ਕਰੁਪੁਟਿਨ ਨੇ ਕਿਹਾ ਸੀ ਕਿ ਸਤਾ ਦੀ ਕੁਰਸੀ ਅਤੇ ਧਨ ਚੰਗੇ ਤੋਂ ਚੰਗੇ ਇਨਸਾਨ ਨੂੰ ਵੀ ਵਿਗਾੜ ਦਿੰਦੀ ਹੈ।ਇਸੇ ਕਰਕੇ ਸਤਾ ਦੀ ਕੁਰਸੀ ਤੇ ਬੈਠੇ ਨੂੰ ਲੋਕਾਂ ਦੇ ਅਤੇ ਅਮੀਰ ਨੂੰ ਸਰਕਾਰ ਦੇ ਜਵਾਬਦੇਹ ਬਣਾਉਣਾ ਅਤਿ ਜ਼ਰੂਰੀ ਹੈ।ਇਹ ਲੋਕਰਾਜ ਦੀ ਵੱਡੀ ਕੁੰਜੀ ਹੈ ਜਿਸ ਬਿਨ੍ਹਾਂ ਲੋਕਰਾਜ ਦਾ ਬੱਚਣਾ ਅਸੰਭਵ ਹੈ।
ਭਾਰਤ ਵਿਚ ਹੁੱਣੇ ਹੀ ਕਿਸਾਨ ਮਜ਼ਦੂਰਾਂ ਦੀ ਏਕਤਾ ਨੇ ਇਜਾਰੇਦਾਰੀ ਅਤੇ ਮੋਦੀ ਦੀ ਰਲੀ ਮਿਲੀ ਜੁੰਡਲੀ ਨੂੰ, ਸ਼ਾਇਦ ਇਹ ਪਹਿਲੀ ਵਾਰ ਹੋਇਆ ਹੈ, ਹਰਾਇਆ ਹੈ।ਸਿਰਫ ਇਹੀ ਨਹੀਂ ਉਨ੍ਹਾਂ ਨੇ ਭਾਰਤ ਵਿਚ ਲੋਕਰਾਜ ਵਿਚ ਵੱਧਦੇ ਫਾਸ਼ੀਵਾਦ ਨੂੰ ਵੀ ਠੱਲ ਪਾਉਣ ਦਾ ਰਾਹ ਦਿਖਾਇਆ ਹੈ।ਕਿਸਾਨ ਮਜ਼ਦੂਰ ਦਾ ਇਹ ਫ਼ੈਸਲਾਂ ਕਿ ਸਰਕਾਰ ਕਿਸੇ ਪਾਰਟੀ ਦੀ ਵੀ ਹੋਵੇ, ਉਹ ਉਸ ਨੂੰ ਲੋਕਾਂ ਨੂੰ ਜਵਾਬਦੇਹ ਬਣਾਉਣਗੇ।ਭਾਰਤ ਵਿਚ ਲੋਕਰਾਜ ਨੂੰ ਮਜ਼ਬੂਤ ਕਰਨ ਲਈ ਇਹ ਇਕ ਬਹੁਤ ਵੱਡਾ ਉਪਰਾਲਾ ਹੈ।ਭਾਰਤ ਵਿਚ ਹੁਕਮਰਾਨਾਂ ਨੇ ਜਿਥੇ ਆਪਣੀ ਅੰਨ੍ਹੀ ਤਾਕਤ ਨਾਲ ਅੰਧੇਰ ਗ਼ਰਦੀ ਫਿਲਾਈ ਹੋਈ ਹੈ ਉਸ ਘੁਪ-ਹਨੇਰੇ ਵਿਚ ਇਹ ਇਕ ਪਹੁ-ਫੁਟਾਲੇ ਦੀ ਕਿਰਣ ਹੈ।ਜੇਕਰ ਇਹ ਸੋਚ ਭਾਰਤ ਦੇ ਲੋਕਾਂ ਵਿਚ ਪਰਫੁਲਤ ਹੋ ਜਾਵੇ, ਤੱਦ ਭਾਰਤ ਤਰੱਕੀ ਕਰ ਸਕਦਾ ਹੈ ਨਹੀਂ ਤਾਂ ਮੋਦੀ ਦੇ ਰਾਜ ਵਿਚ ਭਾਰਤ ਫਾਸ਼ੀਵਾਦ ਵੱਲ ਨੂੰ ਵੱਧ ਰਿਹਾ ਹੈ।ਇਸ ਦੇ ਨਤੀਜੇ ਭਾਰਤ ਲਈ ਘਾਤਕ ਹੋ ਸਕਦੇ ਹਨ।ਭਾਰਤ ਦੇ ਟੋਟੇ ਟੋਟੇ ਵੀ ਹੋ ਸਕਦੇ ਹਨ।