image caption:

ਪੰਜਾਬ ਦੀਆ ਅਗਾਮੀ ਵਿਧਾਨ ਸਭਾ ਚੋਣਾਂ ਕੀ ਪੱਜਾਬ ਕਿਸੇ ਨਵੇਂ ਸਿਆਸੀ ਬਦਲ ਦੀ ਤਲਾਸ਼ ‘ਚ ਹੈ !

 ਵੈਸੇ ਤਾਂ ਪੰਜਾਬ ਹਮੇਸ਼ਾ ਹੀ ਉਥਲ ਪੁਥਲ ਦਾ ਸ਼ਿਕਾਰ ਰਿਹਾ ਹੈ ਪਰ ਹੁਣਵੇਂ ਸਿਆਸੀ ਸਮੀਕਰਨ ਵਾਲੀ ਸਥਿਤੀ ਪਿਛਲੇ 72 ਸਾਲ ਦੇ ਇਤਿਹਾਸ ਵਿੱਚ ਕਦੇ ਵੀ ਦੇਖਣ ਨੂੰ ਨਹੀਂ ਮਿਲੀ । 2017 ਦੀਆ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਬਾਦ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਾਂਗਰਸ ਦਾ ਬਹੁਮਤ ਨਾਲ ਸੱਤਾ &lsquoਤੇ ਕਾਬਜ਼ ਹੋਣਾ, 25 ਸਾਲ ਰਾਜ ਕਰਨ ਦਾ ਸੁਪਨਾ ਲੈਣ ਵਾਲੇ ਅਕਾਲੀ ਦਲ ਦਾ ਮੂਧੇ ਮੂੰਹ ਜਾ ਡਿਗਣਾ ਤੇ ਸੌ ਸੀਟਾਂ ਲੈ ਕੇ ਸਰਕਾਰ ਬਣਾਉਣ ਵਾਲੇ ਮੁੰਗਾਰੀ ਲਾਲ ਦਾ ਸੁਪਨਾ ਦੇਖਣ ਵਾਲੀ ਆਮ ਆਦਮੀ ਦਾ ਮੁੱਖ ਮੰਤਰੀ ਦੀ ਕੁਰਸੀ ਦੀ ਖਿੱਚੋ-ਤਾਣ ਚ ਫਸਕੇ ਆਪਣੇ ਹੀ ਪੈਰੀਂ ਆਪ ਕੁਹਾੜਾ ਮਾਰਕੇ ਸਿਰਫ ਵੀਹ ਸੀਟਾਂ ਤੱਕ ਸਿਮਟ ਕੇ ਰਹਿ ਜਾਣਾ, ਆਪਣੇ ਆਪ ਚ ਪੰਜਾਬ ਦੇ ਰਾਜਨੀਤਕ ਗਲਿਆਰਿਆ ਦਾ ਵੱਡਾ ਘਟਨਾਕ੍ਰਮ ਰਿਹਾ ਹੈ । ਇਸ ਤੋ ਵੀ ਹੋਰ ਅੱਗੇ ਸੱਤਾਧਾਰੀ ਕਾਂਗਰਸ ਚ ਕੈਪਟਨ ਅਮਰਿੰਦਰ ਸਿੰਘ ਦੀ ਤਖਤਾ ਪਲਟੀ, ਚਰਨਜੀਤ ਚੰਨੀ ਦਾ ਨਵਜੋਤ ਸਿੰਘ ਸਿੱਧੂ, ਸੁਖਜਿੰਦਰ ਰੰਧਾਵਾ ਤੇ ਸ਼ੁਨੀਲ ਲਦਾਖੀ ਦਾ ਪੱਤਾ ਸਾਫ ਕਰਕੇ ਮੁੱਖ ਮੰਤਰੀ ਬਣਨਾ, ਕੈਪਟਨ ਅਮਰਿੰਦਰ ਸਿੰਘ ਵੱਲੋਂ ਕਾਂਗਰਸ ਤੋ ਅਸਤੀਫ਼ਾ ਦੇ ਕੇ ਨਵੀਂ ਪਾਰਟੀ ਦਾ ਐਲਾਨ ਕਰਨਾ, ਸ਼ਰੋਮਣੀ ਅਕਾਲੀ ਦਲ ਚ ਪਈ ਫੁੱਟ ਕਾਰਨ
ਬ੍ਰਹਮਪੁਰਾ, ਢੀਡਸਾ, ਸੇਖਵਾਁ ਤੇ ਰਤਨ ਸਿੰਘ ਅਜਨਾਲਾ ਵੱਲੋਂ ਅਸਤੀਫ਼ਾ ਦੇ ਕੇ ਨਵਾਂ ਅਕਾਲੀ ਦਲ ਟਕਸਾਲੀ ਬਣਾਉਣਾ ਤੇ ਇਸ ਦੇ ਨਾਲ ਹੀ ਆਮ ਪਾਰਟੀ ਦੇ ਵੀਹ ਵਿਧਾਇਕਾਂ ਵਿੱਚੋਂ ਬਹੁਤਿਆਂ ਦਾ ਬਿਖਰ ਜਾਣਾ ਤੇ ਬਾਅਦ ਚ ਕਈਆਂ ਵੱਲੋਂ ਕਾਂਗਰਸ ਤੇ ਕਈਆਂ ਵੱਲੋਂ ਮੁੜ ਤੋ ਆਮ ਆਦਮੀ ਪਾਰਟੀ ਦਾ ਲੜ ਫੜ ਲੈਣਾ ਆਪਣੇ ਆਪ ਚ ਸਿਆਸੀ ਸਮੀਕਰਨਾਂ ਦਾ ਵੱਡਾ ਬਦਲਾਵ ਹੀ ਪੇਸ਼ ਕਰਦਾ ਹੈ ।
ਅਸੀਂ ਜਾਣਦੇ ਹਾਂ ਕਿ ਪੰਜਾਬ ਵਿੱਚ ਸੱਜੇ ਖੱਬੇ ਕਾਮਰੇਡਾਂ ਅਤੇ ਬਹੁਜਨ ਸਮਾਜ ਪਾਰਟੀ ਦਾ ਜੋ ਕਿਸੇ ਵੇਲੇ ਚੰਗਾ ਖ਼ਾਸਾ ਪ੍ਰਭਾਵ ਰਿਹਾ ਹੈ, ਉਹ ਇਹਨਾਂ ਪਾਰਟੀਆਂ ਦੀ ਅੰਦਰੂਨੀ ਫੁੱਟ ਸਦਕਾ ਹੀ ਇਹਨਾਂ ਦੇ ਖ਼ਾਤਮੇ ਦਾ ਕਾਰਨ ਬਣਿਆਂ ਜਾਂ ਇੰਜ ਕਹਿ ਲਈਏ ਕਿ ਕਾਮਰੇਡ ਤੇ ਬਹੁਜਨ ਸਮਾਜ ਪਾਰਟੀ ਦਾ ਪੰਜਾਬ ਵਿੱਚ ਇਸ ਵੇਲੇ ਕੋਈ ਵਜੂਦ ਤੱਕ ਨਹੀਂ ਰਹਿ ਗਿਆ ਤਾਂ ਗਲਤ ਨਹੀਂ ਹੋਵੇਗਾ । ਜਿੱਥੋਂ ਤੱਕ ਗੱਲ ਅਕਾਲੀਦਲ ਦੀ ਹੈ ਬੇਸ਼ੱਕ ਇਹ ਪਾਰਟੀ ਪਹਿਲਾ ਵੀ ਕਈ ਵਾਰ ਫੁੱਟ ਦਾ ਸ਼ਿਕਾਰ ਹੋ ਕੇ ਪਾਟੋ ਲੀਰ ਹੁੰਦੀ ਰਹੀ ਹੈ । 1980 -1990 ਦੇ ਦਹਾਕੇ ਚ ਅੱਧਾ ਕੁ ਦਰਜਨ ਅਕਾਲੀਦਲ ਬਣੇ, ਦਰਜਨ ਕੁ ਫੈਡਰੇਸ਼ਨਾ, ਲਿਬਰੇਸ਼ਨਾ, ਟਾਈਗਰ ਫੋਰਸਾਂ ਤੇ ਕਮਾਂਡੋ ਫੋਰਸਾਂ ਬਣੀਆਂ ਪਰ ਹਰ ਵਾਰ ਅਕਾਲੀ ਦਲ ਸੰਭਲ਼ਦਾ ਰਿਹਾ, ਪਰ ਹੁਣ 2015 ਦੇ ਬਰਗਾੜੀ ਬੇਅਦਬੀ ਕਾਂਡ, ਰਾਮ ਰਹੀਮ ਨਾਲ ਸੌਦੇਬਾਜ਼ੀ ਕਰਕੇ ਉਸ ਨੂੰ ਮੁਆਫ਼ ਕਰਨ, ਅਕਾਲ ਤਖਤ ਦੀ ਵਰਤੋਂ ਕਥਿਤ ਤੌਰ &lsquoਤੇ ਆਪਣੇ ਨਿੱਜੀ ਤੇ ਸਿਆਸੀ ਹਿਤਾਂ ਵਾਸਤੇ ਕਰਨ ਵਰਗੀਆਂ ਬਹੁਤ ਬਜਰ ਗਲਤੀਆਂ ਕਾਰਨ ਇਹ ਪਾਰਟੀ ਅੱਧੋਗਤੀ ਦੀ ਇਸ ਵੇਲੇ ਬੁਰੀ ਤਰਾਂ ਸ਼ਿਕਾਰ ਹੈ ਜਿਸ ਵਿੱਚੋਂ ਬਾਹਰ ਨਿਕਲਣਾ ਇਸ ਪਾਰਟੀ ਵਾਸਤੇ ਜੇਕਰ ਅਸੰਭਵ ਨਹੀਂ ਬੇਹੱਦ ਕਠਿਨ ਜ਼ਰੂਰ ਹੈ । ਟਕਸਾਲੀਆਂ ਨੇ ਅਕਾਲੀ ਦਲ ਦੇ ਡੁੱਬਦੇ ਜਹਾਜ਼ ਚੋ ਜੋ ਛਲਾਂਗ ਲਗਾਈ ਹੈ ਉਸ ਦਾ ਬੁਰਾ ਅਸਰ ਇਸ ਪਾਰਟੀ ਦੀ ਹੋਂਦ ਖਤਮ ਕਰਨ ਚ ਬਹੁਤ ਵੱਡਾ ਰੋਲ ਅਦਾ ਕਰ ਸਕਦਾ ਸੀ, ਪਰ ਬ੍ਰਹਮਪੁਰਾ ਦਾ ਆਪਣੀ ਪਾਰਟੀ ਨੂੰ ਤੋੜਕੇ ਮੁੜ ਅਕਾਲੀਦਲ ਜਾ ਵੜਨ ਨਾਲ ਹੁਣ ਬ੍ਹਮਪੁਰੇ ਨੂੰ ਤੇ ਨਾ ਹੀ ਅਕਾਲੀ ਦਲ ਵਾਸਤੇ ਫਾਇਦੇਮੰਦ ਰਹਿਣ ਵਾਲਾ ਹੈ । । ਮੁੱਕਦੀ ਗੱਲ ਇਹ ਕਿ ਅਕਾਲੀ ਦਲ ਪੰਜਾਬ ਚ ਬਸਪਾ ਜਿਸ ਦਾ ਆਪਣਾ ਪੰਜਾਬ ਚ ਕੋਈ ਆਪਣਾ ਪੰਜਾਬ ਚ ਸਿਆਸੀ ਜਨ-ਸਧਾਰਨ ਨਹੀਂ, ਨਾਲ ਸਾਂਝ ਭਿਆਲੀ ਪਾ ਕੇ ਸਿਆਸੀ ਅਧਾਰ ਤਕੜਾ ਕਰਨ ਵਾਸਤੇ ਤਰਲੋ ਮੱਛੀ ਹੋ ਰਿਹਾ ਹੈ, ਪਰ ਸੱਚ ਏਹੀ ਹੈ ਉਕਤ ਦੋਹਾਂ ਪਾਰਟੀਆ ਨੂੰ ਆਪਸੀ ਲਾਂਝ ਦਾ ਕੋਈ ਫਾਇਦਾ ਮਿਲਣਾ ਬਹੁਤ ਮੁਸ਼ਕਲ ਤੇ ਟੇਢੀ ਖੀਰ ਜਾਪਦਾ ਹੈ ।
ਹੁਣ ਗੱਲ ਕਾਂਗਰਸ ਦੀ ਕਰਦੇ ਹਾਂ । ਅਮਰਿੰਦਰ ਸਿੰਘ, ਜੋ ਵੱਡੇ ਵੱਡੇ ਸਬਜਬਾਗ ਦਿਖਾ ਕੇ ਪੰਜਾਬ ਦੀ ਸੱਤਾ ਉੱਤੇ ਕਾਬਜ਼ ਹੋਏ, ਉਹਨਾਂ ਦਾ ਪਾਜ ਸਾਢੇ ਚਾਰ ਸਾਲ ਬਾਅਦ ਜਾ ਕੇ ਖੁਲ੍ਹਾ ਜਿਸ ਕਾਰਨ ਪਾਰਟੀ ਵਲੋ ਉਗਨਾ ਨੂੰ ਮੁੱਖ ਮੰਤਰੀ ਦੇ ਆਹੁਦੇ ਤੋ ਫਾਰਗ ਕਰਕੇਚਰਨਜੀਤ ਸਿੰਘ ਚੰਨੀ ਨੂੰ ਅਗੇ ਲਿਆਂਦਾ ਗਿਆ । ਚੰਨੀ ਨੇ ਹੁਣ ਤੱਕ ਪਟੜੀ ਤੋ ਉਤਰੀ ਕਾਂਗਰਸ ਨੂੰ ਮੁੜ ਪਟੜੀ ਤੇ ਚਾੜਨ ਵਾਸਤੇ ਬਹੁਤ ਹੱਥ ਪੈਰ ਮਾਰੇ ਹਨ, ਪਰਸਮੇਂ ਦੀ ਘਾਟ 'ਤੇ ਦੂਸਰਾ ਉਸ ਵਲੋ ਬਹੁਤਾ ਜੋਰ ਆਪਣੇ ਆਪ ਨੂੰ ਇਕ ਆਮ ਬੰਗਾ ਸਾਬਤ ਕਰਨ 'ਤੇ ਲਾਈ ਜਾਣ ਕਾਰਨ ਗੱਲ ਨਹੀ ਬਣੀ । ਇਹ ਵੀ ਸੱਚ ਹੈ ਕਿ ਕਾਂਗਰਸ ਆਪਣੇ ਮੈਨੀਫੈਸਟੋ ਚ ਲੋਕਾਂ ਨਾਲ ਕੀਤੇ ਞਾਦੇ ਪੂਰੇ ਕਰਨ ਚ ਬੁਰੀ ਤਰਾ ਅਸਫਲ ਰਹੀ ਹੁਣ ਖੁੱਲ ਚੁੱਕਾ ਹੈ । ਕਿਸਾਨ ਖ਼ੁਦਕੁਸ਼ੀਆਂ ਚ ਵਾਧਾ ਹੋਇਆ, ਨਸ਼ਿਆ ਦੇ ਸਮੱਗਲਰ ਬੇਖੌਫ ਘੁੰਮਦੇ ਰਹੇ, ਬੇਅਦਬੀ ਦੋਸ਼ੀਆਂ ਤੇ ਕਾਰਵਾਈ ਕਰਨ ਦੀ ਬਜਾਏ ਉਹਨਾਂ ਨੂੰ ਬਚਾਉਣ ਦੀਆ ਕੋਸ਼ਿਸ਼ਾਂ ਕੀਤੀਆ ਜਾਂਦੀਆ ਰਹੀਆ, ਨੌਜਵਾਨਾਂ ਨੂੰ ਨੌਕਰੀਆਂ, ਸਮਾਰਟ ਫ਼ੋਨ ਤੇ ਲੜਕੀਆ ਨੂੰ ਸਕੂਟਰ, ਸ਼ਗਨ ਸਕੀਮਾ ਵਗੈਰਾ ਦਾ ਕਿਧਰੇ ਨਾ ਤੋਪਾ ਵੀ ਨਹੀਂ ਲਿਆ ਗਿਆ, ਬਜ਼ੁਰਗ, ਬੁਢੇਪਾ ਪੈਨਸ਼ਨਾਂ ਖੂਣੋ ਅੱਜ ਤੱਕ ਵੀ ਰੁਲ਼ ਰਹੇ ਹਨ । ਅਧਿਆਪਕਾਂ ਦੀਆ ਤਨਖਾਹਾ 1/3 ਕਰ ਦਿੱਤੀਆਂ ਗਈਆਂ । ਅਮਰਿੰਦਰ ਸਿੰਘ ਦੇ ਪਿਛਲੇ ਕੁਝ ਸਮੇਂ ਦੇ ਬਿਆਨ ਚੁੱਕ ਕੇ ਦੇਖ ਲਓ, ਉਹਨਾ ਦਾ ਕੋਈ ਮੂੰਹ ਸਿਰ ਹੀ ਨਹੀਂ । ਪੰਜਾਬ ਦਾ ਮੁੱਖ ਮੰਤਰੀ ਹੋਣ ਦੇ ਬਾਵਜੂਦ ਬਿਆਨ ਪੰਜਾਬ ਵਿਰੋਧੀ ਦੇਈ ਜਾਂਦਾ ਰਿਹਾ , ਮੁੱਖ ਮੰਤਰੀ ਹੋ ਕੇ ਬਿਆਨ ਭਾਰਤ ਦੇ ਗ੍ਰਹਿ ਮੰਤਰੀ ਤੇ ਰੱਖਿਆ
ਮੰਤਰੀ ਦੀ ਹੈਸੀਅਤ ਵਾਲੇ ਦੇਂਦਾ ਰਿਹਾ । ਆਪਣੇ ਆਪ ਨੂੰ ਸਿੱਖ ਦੱਸਕੇ, ਬਿਆਨ ਜਿਥੇ ਸਿੱਖ ਵਿਰੋਧੀ ਦਿੱਤੇ । ਸੋ ਕਾਂਗਰਸ ਤੋਂ ਵੀ ਪੰਜਾਬ ਦੇ ਲੋਕਾਂ ਦਾ ਮਨ ਇਸ ਵੇਲੇ ਪੂਰੀ ਤਰਾਂ ਉਕਤਾ ਚੁੱਕਾ ਹੈ।
ਭਾਰਤੀ ਜਨਤਾ ਪਾਰਟੀ ਦਾ ਪੰਜਾਬ ਦੇ ਸ਼ਹਿਰਾਂ ਚ ਮਾੜਾ ਮੋਟਾ ਜਨ ਅਧਾਰ ਹੈ ਪਰ ਕੌਮੀ ਪੱਧਰ &lsquoਤੇ ਇਸ ਪਾਰਟੀ ਦੀਆਂ ਲੋਕ ਮਾਰੂ ਨੀਤੀਆ ਤੇ ਮੋਦੀ ਦਾ ਸਿਰਫ ਦੁਨੀਆ ਦੀ ਸੈਰ ਕਰਨ ਚ ਲੀਨ ਹੋ ਕੇ ਰਹਿ ਜਾਣਾ, ਜਿੱਥੇ ਭਾਰਤ ਵਿੱਚੋਂ ਇਸ ਦੇ ਸਿਆਸੀ ਖ਼ਾਤਮੇ ਦੀ ਕਾਰਨ ਬਣ ਰਿਹਾ ਹੈ ਉੱਥੇ ਨਿਸ਼ਚੇ ਕੌਰ &lsquoਤੇ ਪੰਜਾਬ ਵਿੱਚ ਵੀ ਇਸ ਪਾਰਟੀ ਦਾ ਹਾਲ ਲਗ-ਪਗ ਇਸ ਵੇਲੇ ਕਾਮਰੇਡਾਂ ਤੇ ਬਸਪਾ ਵਾਲਾ ਹੀ ਹੋ ਚੁੱਕਾ ਹੈ, ਭਾਜਪਾ, ਕੈਪਟਨ ਤੇ ਸੁਖਦੇਵ ਸਿੰਘ ਢੀਂਡਸਾ ਇਸ ਵੇਲੇ ਪੰਜਾਬ ਚੋਣਾਂ ਦੇ ਮੱਦੇਨਜਰ ਇਕ ਅਜਿਹਾ ਨਵਾਂ ਗਠਜੋੜ ਖੜਾ ਕਰ ਚੁੱਕੇ ਹਨ ਜੋ ਕਿਪਹਿਲਾਂ ਹੀ ਚੱਲਕੇ ਫੁੱਸ ਹੋ ਚੁੱਕੇ ਲੋਕਾਂ ਦਾ ਇਕ ਟੋਲਾ ਜਿਹਾ ਨਜ਼ਰ ਆਉਂਦਾ ਹੈ ਜਾਂ ਇੰਜ ਕਹਿ ਲਓ ਕਿ ਇਹ ਇਕ ਚੱਲੇ ਹੋਏ ਕਾਰਤੂਸਾਂ ਦਾ ਟੋਲਾ ਹੈ ਜਿਸ ਨੂੰ ਲੋਕ ਵੋਟ ਦੇਣਗੇ, ਇਸ &lsquoਤੇ ਵੱਡਾ ਸੰਦੇਹ ਕੀਤਾ ਜਾ ਸਕਦਾ ਹੈ । ਇਸ ਦੇ ਨਾਲ ਹੀ ਬੈਂਸ ਭਰਾਵਾਂ ਦੀ ਲੋਕ ਇਨਸਾਫ਼ ਪਾਰਟੀ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਕਿਹਾ ਜਾ ਸਕਦਾ ਕਿ ਇਸ ਪਾਰਟੀ ਦੇ ਨੇਤਾਵਾਂ ਦਾ ਲੋਕ ਹਿਤ ਕਰਨ ਦਾ ਤਰੀਕਾ ਜ਼ਰੂਰ ਨਿਵੇਕਲਾ ਹੈ, ਪਰ ਅਜੇ ਤੱਕ ਇਸ ਪਾਰਟੀ ਦਾ ਜਨ ਆਧਾਰ ਲੁਧਿਆਣੇ ਖੇਤਰ ਤੋਂ ਬਾਹਰ ਨਹੀਂ ਨਿਕਲ ਸਕਿਆ । ਜੇਕਰ ਇਹ ਪਾਰਟੀ ਕਿਸੇ ਦੂਜੀ ਸਮ ਵਿਚਾਰਧਾਰਾ ਵਾਲੀ ਪਾਰਟੀ ਨਾਲ ਗਠਜੋੜ ਕਰਦੀ ਹੈ ਤਾਂ ਹੋ ਸਕਦਾ ਪੰਜਾਬ ਚ ਇਸ ਦੇ ਜਨ ਆਧਾਰ ਚ ਵਾਧਾ ਹੋ ਸਕੇ । ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਨਾਲ ਇਸ ਦਾ ਗਠਜੋੜ ਹੋਇਆ ਸੀ ਜੋ ਸਿੰਧਾਤਕ ਮਤਭੇਦਾਂ ਕਰਕੇ ਟੁੱਟ ਗਿਆ ਸੀ ।
ਆਮ ਆਦਮੀ ਪਾਰਟੀ ਪੰਜਾਬ ਵਿੱਚ ਬੜੀਆਂ ਆਸ਼ਾ ਤੇ ਉਮੰਗਾਂ ਲੈ ਕੇ ਆਈ ਸੀ । ਲੋਕਾਂ ਨੂੰ ਇਸ ਪਾਰਟੀ ਤੋਂ ਵੱਡੀਆ ਆਸਾਂ ਸਨ ਪਰ ਟਿਕਟਾਂ ਦੀ ਕਥਿਤ ਖਰੀਦ ਵੇਚ, ਪਰਵਾਸੀਆਂ ਦੇ ਪੈਸੇ ਦੀ ਗਲਤ ਵਰਤੋਂ, ਧੜੱਲੇਦਾਰ ਨੇਤਾਵਾਂ ਨੂੰ ਕਥਿਤ ਭਰਿਸ਼ਟਾਚਾਰ ਦੇ ਦੋਸ਼ ਲਗਾ ਕੇ ਪਾਰਟੀ ਚੋ ਬਾਹਰ ਕੱਢਣ ਤੇ ਮੁੱਖ ਮੰਤਰੀ ਦੀ ਕੁਰਸੀ ਦੀ ਆਪਸੀ  ਕੁਕੜਖੋਹੀ ਖਿਚੋਤਾਣ ਕਾਰਨ ਪੰਜਾਬ ਦੇ ਲੋਕਾਂ ਦਾ ਇਸ ਪਾਰਟੀ ਤੋਂ ਮੋਹ ਭੰਗ ਹੋ ਗਿਆ ਤੇ ਵੱਡੀ ਜਿੱਤ ਦਾ ਦਾਅਵਾ ਤਰਨ ਵਾਲੀ ਇਹ ਪਾਰਟੀ ਸਿਰਫ ਵੀਹ ਕੁ ਸੀਟਾਂ ਤੱਕ ਸਿਮਟ ਕੇ ਰਹਿ ਗਈ । ਸੁਖਪਾਲ ਖਹਿਰੇ ਵਰਗੇ ਹੰਢੇ ਵਰਤੇ ਸਿਆਸੀ ਨੇਤਾ ਨੂੰ ਟਵਿੱਟਰ ਦਾ ਬਟਨ ਦਬਾ ਕੇ ਵਿਰੋਧੀ ਧਿਰ ਦੇ ਆਗੂ ਦੇ ਆਹੁਦੇ ਤੋ ਹਟਾਉਣਾ, ਇਸ ਪਾਰਟੀ ਵਾਸਤੇ ਕਾਫ਼ੀ ਦੇਰ ਤੱਕ ਟੇਢੀ ਖੀਰ ਬਣਿਆ ਰਿਹਾ ਜਿਸ ਕਾਰਨ ਇਸ ਦੇ ਲੀਹਾਂ &lsquoਚੋ ਗਿਆਰਾਂ ਵਿਧਾਇਕ ਬਿਖਰ ਗੲ, ਦਿਸ ਕਾਰਨ ਆਮ ਆਦਮੀ ਪਾਰਟੀ ਲੀਰੋ ਲੀਰ ਹੋ ਗਈ । ਇਸ ਦੀ ਹਾਈ ਕਮਾਡ ਨਿੱਤ ਪੰਜਾਬ ਵਿਰੋਧੀ ਬਿਆਨਬਾਜੀ ਕਰ ਰਹੀ ਹੈ ਜਿਸ ਕਾਰਨ ਇਸ ਪਾਰਟੀ ਦਾ ਸਿਆਸੀ ਗਰਾਫ ਵੀ ਪੰਜਾਬ ਵਿਚ ਬੜੀ ਤੇਜੀ ਨਾਲ ਜੀਰੋ ਵੱਲ ਵਧ ਰਿਹਾ ਹੈ । ਹੁਣ ਚੰਡੀਗੜ੍ਹ ਦੀਆ ਕਾਰਪੋਰੇਸ਼ਨ ਚ ਚੋਣਾਂ ਸੀਟਾਂ ਜਿੱਤਕੇ ਦੁਬਾਰਾ ਸਫਲਤਾ ਵੱਲ ਨਵਾਂ ਜੰਪ ਮਾਰਿਆਂ ਹੈ । ਇਸ ਦੇ ਨਾਲ ਹੀਪਾਰਟੀ ਸੰਯੁਕਤ ਕਿਸਾਨ ਮੋਰਚੇ ਨਾਲ ਗਠਜੋੜ ਕਰਕੇ ਪੰਜਾਬ ਵਿਧਾਨ ਸਭਾ ਦੀਆ ਅਗਾਮੀ ਤੋਣਾ ਚ ਬਾਕੀ ਸਿਆਸੀ ਪਾਰਟੀਆ ਨੂੰ ਟੱਕਰ ਦੇਣ ਦੀ ਰਣਨੀਤੀ ਬਣਾ ਰਹੀ ਹੈ । ਸੰਯੁਕਤ ਕਿਸਾਨ ਮੋਰਚੇ ਦੇ ਨੇਤਾਵਾਂ ਬਾਰੇ ਪਹਿਲਾ ਹੀ ਇਹ ਚਰਚਾ ਚਲਦੀ ਰਹੀ ਹੈ ਕਿ ਉਹ ਅੱਗੇ ਚੱਲਕੇ ਜਾਂ ਤਾਂ ਸਿਆਸੀ ਪਾਰਟੀਆ ਜੁਆਇਨ ਕਰਨਗੇ ਜਾਂ ਫਿਰ ਆਪਣਾ ਸਿਆਸੀ ਸੰਗਠਨ ਬਣਾਉਣਗੇ । ਕਿਸਾਨ ਮੋਰਚੇ ਦਰਮਿਆਨ ਬੱਤੀ ਕਿਸਾਨ ਜਥੇਬੰਦੀਆ ਨੇ ਮਤਾ ਪਾ ਕੇ ਕਿਸੇ ਸਿਆਸੀ ਨੇਤਾ ਨੂੰ ਮੋਰਚੇ ਦੇ ਮੰਚ ਤੋ ਬੋਲਣ ਤੱਕ ਵੀ ਨਹੀਂ ਦਿੱਤਾ । ਇਹ ਵੀ ਵਾਰ ਵਾਰ ਐਲਾਨ ਕੀਤਾ ਕਿ ਨਾ ਹੀ ਕਿਸਾਨ ਮੋਰਚਾ ਸਿਆਸੀ ਹੈ ਕੇ ਨਾ ਹੀ ਇਸ ਦਾ ਸਿਆਸਤ ਨਾਲ ਕੋਈ ਨਾਤਾ ਹੈ । ਇਸ ਕਰਕੇ ਜੇਕਰ ਕਿਸਾਨ ਮੋਰਚੇ ਦੇ ਆਗੂ ਹੁਣ ਆਪਣੀ ਜ਼ੁਬਾਨ ਤੋ ਫਿਰਦੇ ਹਨ ਤਾਂ ਉਹਨਾਂ ਦੀ ਵਿਸ਼ਵਾਸ਼ਯੋਗਤਾ ਦਾਅ &lsquoਤੇ ਲੱਗਣ ਦੀ ਪੂਰੀ ਪੂਰੀ ਸੰਭਾਵਨਾ ਹੈ ਜਿਸ ਦੇ ਨਤੀਜੇ ਵਜੋਂ ਆਮ ਆਦਮੀ ਨਾਲ ਇਹਨਾਂ ਦਾ ਗਠਜੋੜ ਵੋਟਾਂ ਵਟੋਰ ਸਕੇਗਾ ਕਿ ਨਹੀਂ, ਇਹ ਇਕ ਸੰਦੇਹਜਨਕ ਗੱਲ ਹੋਵੇਗੀ ।
ਉਕਤ ਬਦਲੇ ਹੋਏ ਸਿਆਸੀ ਸੀਨਾਰੀਓ ਦੇ ਮੱਦੇਨਜਰ ਇਹ ਗੱਲ ਸਾਫ ਤੌਰ &lsquoਤੇ ਕਹੀ ਜਾ ਸਕਦੀ ਹੈ ਕਿ ਬੇਸ਼ੱਕ ਪੰਜਾਬ ਦੇ ਲੋਕ ਇਸ ਵੇਲੇ ਕਿਸੇ ਅਜਿਹੇ ਸਿਆਸੀ ਬਦਲ ਦੀ ਇੰਤਜਾਰ ਵਿਚ ਹਨ, ਜੋ ਉਹਨਾ ਨੂੰ ਸਾਫ ਸੁਫਰੀ ਸਿਆਸੀ ਫਿਜਾ ਮੁਹਈਆ ਕਰਵਾ ਸਕਣ ਦੀ ਗਰੰਟੀ ਦੇ ਸਕੇ ਤੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਭਲਾ ਕਰਨ ਦਾ ਸੱਚਾ ਵਾਅਦਾ ਦੇ ਕੇ ਉਸ ਨੂੰ ਪੂਰਾ ਅਮਲੀ ਜਾਮਾ ਵੀ ਪਹਿਨਾ ਸਕੇ । ਸਬਜਬਾਗ ਦਿਖਾਉਣ ਵਾਲੇ ਲੋਕਾ ਤੋ ਪੰਜਾਬ ਵਾਸੀਆਂ ਦਾ ਮਨ ਭਰ ਚੁੱਕਾ ਹੈ ਤੇ ਲੋਕ ਕਿਸੇ ਅਜਿਹੀ ਪਾਰਟੀ ਦੇ ਬਦਲ ਦੀ ਇੰਤਜਾਰ ਚ ਹਨ, ਜੋ ਅਕਾਲੀਆ, ਭਾਜਪਾਈਆਂ, ਕਾਗਰਸੀਆ ਤੇ ਆਪ ਪਾਰਟੀ ਵਾਲ਼ਿਆਂ ਦਾ ਮਜਬੁਤ ਬਦਲ ਪੇਸ਼ ਕਰ ਸਕੇ । ਇਸ ਵੇਲੇ ਪੰਜਾਬ ਵਿਚ ਜੋ ਸਿਆਸੀ ਘਟਨਾਕ੍ਰਮ ਚੱਲ ਰਿਹਾ ਹੈ ਉਸ ਦੀ ਰਿੜਕਣਾ ਵਿਚੋ ਕੀ ਨਿਕਲਕੇ ਸਾਹਮਣੇ ਆਉਂਦਾ ਹੈ, ਇਸ ਦਾ ਉੁਤਰ ਤਾ ਆਉਣ ਵਾਲੇ ਦਿਨਾ ਚ ਮਿਲ ਹੀ ਜਾਵੇਗਾ, ਪਰ ਇਕ ਗੱਲ ਜ਼ਰੂਰ ਕਹਿਣੀ ਚਾਹਾਗਾ ਕਿ ਪੰਜਾਬ ਦੇ ਲੋਕਾ ਨੂੰ ਵੀ ਹੁਣ ਆਪਣੀ ਜਮੀਰ ਦੀ ਅਵਾਜ ਸੁਣਨ ਦੀ ਆਦਤ ਪਾ ਹੀ ਲੈਣੀ ਚਾਹੀਦੀ ਹੈ ਨਹੀਂ ਤਾ ਫੇਰ ਪੰਜਾਬ ਦਾ ਅੱਲਾ ਹੀ ਬੇਲੀ ਕਹਿਣ ਤੋ ਸਿਵਾਏ ਹੋਰ ਕੁਜ ਵੀ ਕਹਿਣਾ ਬਾਕੀ ਨਹੀ ਰਹਿ ਜਾਏਗਾ ਕਿਉਂਕਿ ਪੰਜਾਬ ਦੇ ਹਾਲਾਤ ਦਿਨ ਬ ਦਿਨ ਨਿੱਘਰਦੇ ਹੀ ਜਾ ਰਹੇ ਹਨ ਤੇ ਪੰਜਾਬ ਦੇ ਵੋਟਰ ਹੀ ਹਨ ਜੋ ਇਹਨਾਂ ਨਿੱਘਰਦੇ ਜਾ ਰਹੇ ਹਾਲਾਤਾਂ ਨੂੰ ਠੱਲ੍ਹ ਪਾ ਕੇ ਠੁੰਮ੍ਹਣਾ ਦੇ ਸਕਦੇ ਹਨ ।
ਸ਼ਿੰਗਾਰਾ ਸਿੰਘ ਢਿੱਲੋਂ (ਪ੍ਰੋ)