image caption:

ਕਿਸਾਨ ਯੂਨੀਅਨ ਉਗਰਾਹਾਂ ਅਸੈਂਬਲੀ ਚੋਣਾਂ ਨਹੀਂ ਲੜੇਗੀ, ਪਰ ਕਿਸੇ ਨੂੰ ਰੋਕੇਗੀ ਨਹੀਂ

ਚੰਡੀਗੜ੍ਹ,- ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਅਤੇ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਸਾਫ ਕਿਹਾ ਹੈ ਕਿ ਯੂਨੀਅਨ ਕੋਈ ਵੀ ਉਮੀਦਵਾਰ ਖੜਾ ਨਹੀਂ ਕਰੇਗੀ ਅਤੇ ਕਿਸੇ ਵੀ ਪਾਰਟੀ ਜਾਂ ਸੰਗਠਨ ਦੀ ਮਦਦ ਨਹੀਂ ਕਰੇਗੀ। ਉਨ੍ਹਾਂ ਕਿਹਾ ਕਿ ਯੂਨੀਅਨ ਦੀ ਰਾਏ ਹੈ ਕਿ ਲੋਕਤੰਤਰ ਵਿੱਚ ਲੋਕ ਰਾਜੀ ਢੰਗ ਨਾਲ ਸਰਕਾਰਾਂ ਨਹੀਂ ਚੁਣੀਆਂ ਜਾਂਦੀਆਂ ਤੇ ਨਾ ਲੋਕ ਰਾਜੀ ਢੰਗ ਨਾਲ ਚੱਲਦੀਆਂ ਹਨ, ਵੱਡੇ ਫ਼ੈਸਲੇ ਪਾਰਲੀਮੈਂਟਾਂ ਤੋਂ ਬਾਹਰ ਹੀ ਹਕੂਮਤ ਤੇ ਅਫ਼ਸਰਸ਼ਾਹੀ ਵੱਲੋਂ ਲਏ ਜਾਂਦੇ ਹਨ, ਜਿਵੇਂ ਡੰਕਲ ਤਜਵੀਜ਼ਾਂ ਉੱਤੇ ਦਸਤਖ਼ਤ ਕਰਨ ਵੇਲੇ ਪਾਰਲੀਮੈਂਟ ਦੀ ਮਨਜ਼ੂਰੀ ਜ਼ਰੂਰੀ ਨਹੀਂ ਸੀ ਸਮਝੀ ਗਈ।
ਇਸ ਮੌਕੇ ਇਸ ਜਥੇਬੰਦੀ ਦੇ ਜਨਰਲ ਸੈਕਟਰੀ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਕਿਹਾ ਕਿ ਸਾਡੀ ਭਲਾਈ ਉਦੋਂ ਤੱਕ ਸੰਭਵ ਨਹੀਂ, ਜਦੋਂ ਤੱਕ ਸਾਡਾ ਖੇਤੀ ਸੰਕਟ ਦੂਰ ਕਰਨ ਲਈ ਤਿੱਖੇ ਜ਼ਮੀਨੀ ਸੁਧਾਰ ਕਰ ਕੇ ਜ਼ਮੀਨਾਂ ਦੀ ਕਾਣੀ ਵੰਡ ਖ਼ਤਮ ਨਹੀਂ ਕੀਤੀ ਜਾਂਦੀ ਅਤੇ ਜਦੋਂ ਤਕ ਅੰਨ੍ਹੀ ਸ਼ਾਹੂਕਾਰਾ ਲੁੱਟ ਨੂੰ ਰੋਕਣ ਲਈ ਕਿਸਾਨ-ਮਜ਼ਦੂਰ ਪੱਖੀ ਕਰਜ਼ਾ ਕਾਨੂੰਨ ਨਹੀਂ ਬਣਾਇਆ ਜਾਂਦਾ। ਉਨ੍ਹਾਂ ਕਿਹਾ ਕਿ ਜਿੰਨਾ ਚਿਰ ਖੇਤੀ ਲਾਗਤ ਵਸਤਾਂ ਸਸਤੀਆਂ ਕਰਨ ਲਈ ਸਾਰੇ ਦੇਸੀ/ਵਿਦੇਸ਼ੀ ਕਾਰਪੋਰੇਟਾਂ ਦੇ ਅੰਨ੍ਹੇ ਮੁਨਾਫ਼ਿਆਂ ਉੱਤੇ ਕੱਟ ਨਹੀਂ ਲਾਇਆ ਜਾਂਦਾ ਅਤੇ ਖੇਤੀ ਦੀ ਤਰੱਕੀ ਲਈ ਵੱਡੇ ਸਰਕਾਰੀ ਨਿਵੇਸ਼ ਦੀਆਂ ਲੋੜਾਂ ਪੂਰੀਆਂ ਕਰਨ ਲਈ ਵੱਡੇ ਕਾਰਪੋਰੇਟ ਘਰਾਣਿਆਂ ਤੇ ਜਗੀਰਦਾਰਾਂ ਉੱਤੇਵੱਡੇ ਟੈਕਸ ਨਹੀਂ ਲਾਏ ਜਾਂਦੇ ਅਤੇ ਉਨ੍ਹਾਂ ਨੂੰ ਮਿਲਦੀਆਂ ਅਰਬਾਂ ਦੀਆਂ ਟੈਕਸ ਛੋਟਾਂ ਬੰਦ ਨਹੀਂ ਕੀਤੀਆਂ ਜਾਂਦੀਆਂ, ਸਾਡਾ ਭਲਾ ਨਹੀਂ ਹੋਣਾ।