image caption:

ਬ੍ਰਿਟਿਸ਼ ਪ੍ਰਧਾਨ ਮੰਤਰੀ ਜਾਨਸਨ ਉਤੇ ਕੋਵਿਡ-19 ਲਾਕਡਾਊਨ ਦੀ ਉਲੰਘਣਾ ਦੇ ਦੋਸ਼

 ਲੰਡਨ- ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਉੱਤੇ ਦੋਸ਼ ਲੱਗ ਰਹੇ ਹਨ ਕਿ ਉਨ੍ਹਾਂ ਨੇ ਅਤੇ ਉਨ੍ਹਾਂ ਦੇ ਮੁਲਾਜ਼ਮਾਂ ਨੇ 2020 ਵਿੱਚ ਇੱਕ ਗਾਰਡਨ ਪਾਰਟੀ ਕਰ ਕੇ ਕੋਰੋਨਾ ਵਾਇਰਸ ਲਾਕਡਾਊਨ ਦੇ ਨਿਯਮਾਂ ਨੂੰ ਤੋੜਿਆ ਹੈ, ਜਦ ਕਿ ਬ੍ਰਿਟਿਸ਼ ਨਾਗਰਿਕਾਂ ਨੂੰ ਘਰਾਂ ਵਿੱਚੋਂ ਬਾਹਰ ਨਹੀਂ ਨਿਕਲਣ ਦਿੱਤਾ ਜਾ ਰਿਹਾ।
ਆਈ ਟੀ ਵੀ ਚੈਨਲ ਨੇ ਮਈ 2020 ਵਿੱਚ ਪ੍ਰਧਾਨ ਮੰਤਰੀ ਦੇ ਡਾਊਨਿੰਗ ਸਟਰੀਟ ਦਫਤਰ ਅਤੇ ਰਿਹਾਇਸ਼ ਦੇ ਬਗੀਚੇ ਵਿੱਚ ਸੋਸ਼ਲੀ ਡਿਸਟੈਂਸਿਡ ਡ੍ਰਿੰਕਸ ਦੀ ਇੱਕ ਲੀਕ ਹੋਈ ਈ-ਮੇਲ ਪੇਸ਼ ਕੀਤੀ ਤਾਂ ਇਸ ਦੇ ਬਾਅਦ ਵਿਰੋਧੀ ਧਿਰ ਦੇ ਨੇਤਾਵਾਂ ਨੇ ਪੁਲਸ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਪ੍ਰਧਾਨ ਮੰਤਰੀ ਦੇ ਨਿੱਜੀ ਸੈਕਟਰੀ ਮਾਰਟਿਨ ਰੋਨਾਲਾਡਸ ਵੱਲੋਂ ਕਈ ਲੋਕਾਂ ਨੂੰ ਮੇਲ ਭੇਜੀ ਗਈ ਸੀ। ਇਸ ਸਮਾਗਮ ਦੀ ਤਰੀਕ 20 ਮਈ 2020 ਲਿਖੀ ਹੈ। ਉਸੇ ਦਿਨ ਸਰਕਾਰ ਨੇ ਟੈਲੀਵਿਜ਼ਨ ਉੱਤੇ ਇੱਕ ਪ੍ਰੈੱਸ ਕਾਨਫਰੰਸ ਵਿੱਚ ਲੋਕਾਂ ਨੂੰ ਯਾਦ ਦਿਵਾਇਆ ਕਿ ਉਹ ਆਪਣੇ ਘਰਾਂ ਦੇ ਬਾਹਰ ਕੇਵਲ ਇੱਕ ਵਿਅਕਤੀ ਨੂੰ ਮਿਲ ਸਕਦੇ ਹਨ। ਲੰਡਨ ਸ਼ਹਿਰ ਦੀ ਪੁਲਸ ਨੇ ਉਸੇ ਦਿਨ ਨਿਯਮ ਜਾਰੀ ਕੀਤੇ ਸਨ। ਮਾਰਚ 2020 ਵਿੱਚ ਸ਼ੁਰੂ ਹੋਏ ਬ੍ਰਿਟੇਨ ਦੇ ਪਹਿਲੇ ਲਾਕਡਾਊਨ ਵਿੱਚ ਕੰਮ ਵਾਲੀ ਜਗ੍ਹਾ ਤੇ ਅੰਤਿਮ ਸਸਕਾਰ ਸਮੇਤ ਕੁਝ ਮੌਕਿਆਂ ਨੂੰ ਛੱਡ ਕੇ ਭੀੜ ਇਕੱਠੀ ਹੋਣ ਦੀ ਪਾਬੰਦੀ ਸੀ। ਜਾਨਸਨ ਦੀ ਕੰਜ਼ਰਵੇਟਿਵ ਸਰਕਾਰ ਉੱਤੇ ਲਗਾਤਾਰ ਉਨ੍ਹਾਂ ਨਿਯਮਾਂ ਦੀ ਉਲੰਘਣਾ ਦੇ ਦੋਸ਼ ਲੱਗਦੇ ਰਹੇ ਹਨ, ਜਿਹੜੇ ਖੁਦ ਉਸ ਨੇ ਦੂਸਰਿਆਂ ਉੱਤੇ ਲਾਗੂ ਕੀਤੇ ਹਨ। ਤਾਜ਼ਾ ਦਾਅਵਿਆਂ ਦੀ ਜਾਂਚ ਸੀਨੀਅਰ ਪਬਲਿਕ ਸਰਵੈਂਟ ਸੁਏ ਗ੍ਰੇ ਕਰਨਗੇ, ਜਿਨਾਂ ਨੂੰ ਸਰਕਾਰ ਨੇ ਪਹਿਲਾਂ ਲੱਗੇ ਦੋਸ਼ਾਂ ਦੀ ਤਫਤੀਸ਼ ਲਈ ਵੀ ਨਿਯੁਕਤ ਕੀਤਾ ਸੀ ਕਿ ਜਾਨਸਨ ਦੇ ਦਫਤਰ ਦੇ ਸਟਾਫ ਨੇ 2020 ਵਿੱਚ ਲਾਕਡਾਊਨ ਤੋੜਦੇ ਹੋਏ ਕ੍ਰਿਸਮਸ ਪਾਰਟੀਆਂ ਕਰ ਕੇ ਕੋਰੋਨਾ ਵਾਇਰਸ ਦੇ ਨਿਯਮਾਂ ਨੂੰ ਤੋੜਿਆ ਹੈ। ਜਾਨਸਨ ਨੇ ਕਿਹਾ ਹੈ ਕਿ ਉਨ੍ਹਾਂ ਨੇ ਨਿੱਜੀ ਤੌਰ ਉੱਤੇ ਕੋਈ ਨਿਯਮ ਨਹੀਂ ਤੋੜਿਆ, ਪਰ ਬੀ ਬੀ ਸੀ ਅਤੇ ਦੂਸਰੀਆਂ ਮੀਡੀਆ ਸੰਸਥਾਵਾਂ ਨੇ ਖਬਰ ਜਾਰੀ ਕੀਤੀ ਕਿ ਪ੍ਰਧਾਨ ਮੰਤਰੀ ਤੇ ਉਨ੍ਹਾਂ ਦੀ ਪਤਨੀ ਕੈਰੀ ਜਾਨਸਨ ਮਈ 2020 ਦੀ ਗਾਰਡਨ ਪਾਰਟੀ ਵਿੱਚ ਸ਼ਾਮਲ ਹੋਏ ਸਨ। ਸਿਹਤ ਮੰਤਰੀ ਐਡਵਰਡ ਅਰਗਰ ਨੇ ਕਿਹਾ ਕਿ ਉਹ ਸਮਝ ਸਕਦੇ ਹਨ ਕਿ ਲੋਕ ਕਿਉਂ ਨਾਰਾਜ਼ ਹੋਣਗੇ, ਪ੍ਰੰਤੂ ਉਹ ਗ੍ਰੇ ਦੀ ਜਾਂਚ ਦੇ ਨਤੀਜਿਆਂ ਤੋਂ ਪਹਿਲਾਂ ਕੋਈ ਮੁਲਾਂਕਣ ਨਹੀਂ ਕਰਨਗੇ। ਲੇਬਰ ਪਾਰਟੀ ਦੇ ਪਾਰਲੀਮੈਂਟ ਮੈਂਬਰ ਐਡ ਮਿਲੀਬੈਂਡ ਨੇ ਕਿਹਾ ਕਿ ਦੋਸ਼ ਗੰਭੀਰ ਹਨ ਅਤੇ ਜਾਨਸਨ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਉਹ ਪਾਰਟੀ ਵਿੱਚ ਸ਼ਾਮਲ ਹੋਏ ਸਨ ਜਾਂ ਨਹੀਂ।