ਸਿੱਖ ਦਾ ਪੁਰਾਤਨ ਗੁਰਸਿੱਖਾਂ ਵਾਲਾ ਜੀਵਨ ਚਾਹੀਦਾ-ਸ: ਰਾਜਿੰਦਰ ਸਿੰਘ ਪੁਰੇਵਾਲ

ਸਿੱਖ ਪੂਰਨ ਧਰਮ ਹੈ ਪ੍ਰਚਾਰਕ ਸੰਗਤਾਂ ਨੂੰ ਗੁੰਮਰਾਹ ਨਾ ਕਰਨ-ਸ: ਭਗਵਾਨ ਸਿੰਘ ਜੌਹਲ
ਲੰਡਨ - (ਮਨਪ੍ਰੀਤ ਸਿੰਘ ਬੱਧਨੀ ਕਲਾਂ) ਬੀਤੇ ਐਤਵਾਰ ਸਿੰਘ ਸਭਾ ਗੁਰਦੁਆਰਾ ਡਰਬੀ ਵਿਖੇ ਸਾਹਿਬੇ ਕਮਾਲ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਵਸ ਮਨਾਇਆ ਗਿਆ। ਪਹਿਲਾਂ ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਕ 5 ਜਨਵਰੀ ਨੂੰ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਉਪਰੰਤ ਦੋਨੋਂ ਵੇਲੇ ਦੀਵਾਨ ਸਜਾਏ ਗਏ।
ਐਤਵਾਰ 9 ਤਰੀਕ ਨੂੰ ਵੀ ਦੀਵਾਨ ਸਜਾਏ ਗਏ। ਪਹਿਲਾਂ ਸ: ਦਰਬਾਰਾ ਸਿੰਘ ਦੇ ਜਥੇ ਵੱਲੋਂ ਕੀਰਤਨ ਕੀਤਾ ਗਿਆ ਤੇ ਫਿਰ ਪੰਥਕ ਵਿਦਵਾਨ ਤੇ ਬੁਲਾਰੇ ਭਗਵਾਨ ਸਿੰਘ ਜੌੋਹਲ ਵੱਲੋਂ ਇਕ ਘੰਟਾ ਗੁਰੂ ਸਾਹਿਬ ਦਾ ਇਤਿਹਾਸ ਸਰਵਣ ਕਰਵਾਇਆ ਗਿਆ। ਉਪਰੰਤ ਪਾਰਲੀਮੈਂਟ ਮੈਂਬਰ ਅਮਾਂਡਾ ਸੋਲੋਵੇ ਨੇ ਸਮੂਹ ਡਰਬੀ ਸਿੱਖਾਂ ਨੂੰ ਗੁਰਪੁਰਬ ਦੀ ਵਧਾਈ ਦਿੱਤੀ। ਸਿੰਘ ਸਭਾ ਗੁਰੁੂ ਘਰ ਵੱਲੋਂ ਐਮ ਪੀ ਅਮਾਂਡਾ ਸੋਲੋਵੇ ਨੂੰ ਅੰਗਰੇਜ਼ੀ ਵਿੱਚ ਸਿੱਖ ਇਤਿਹਾਸਕ ਕਿਤਾਬਾਂ, ਪੰਜਾਬ ਟਾਈਮਜ਼ ਵੱਲੋਂ ਮੈਡਲ ਤੇ 550 ਸਾਲਾ ਤੇ ਪਾਕਿਸਤਾਨ ਵੱਲੋਂ ਜਾਰੀ ਕੀਤਾ ਗਿਆ ਸਿੱਕਾ ਦਿੱਤਾ ਗਿਆ। ਵੱਡੀ ਪੱਧਰ ਤੇ ਸੰਗਤਾਂ ਨੇ ਸਿੱਖ ਅਜਾਇਬਘਰ ਵਿੱਚ ਇਤਿਹਾਸਕ ਤੋਪਾਂ ਤੇ ਆਰਟ ਗੈਲਰੀ ਦੇ ਦਰਸ਼ਨ ਕੀਤੇ। ਗੁਰੂ ਘਰ ਦੇ ਜਨਰਲ ਸਕੱਤਰ ਸ: ਰਾਜਿੰਦਰ ਸਿੰਘ ਪੁਰੇਵਾਲ ਵੱਲੋਂ ਕੀਰਤਨੀ ਜਥਿਆਂ ਅਤੇ ਪੰਥਕ ਵਿਦਵਾਨ ਦਾ ਧੰਨਵਾਦ ਕੀਤਾ ਗਿਆ। ਸਿੱਖ ਸੰਗਤ ਨੂੰ ਰੋਲ ਮਾਡਲ ਗੁਰਸਿੱਖ ਬਣਨ ਲਈ ਬੇਨਤੀ ਕੀਤੀ ਗਈ।