image caption:

ਕੋਰੋਨਾ ਮਹਾਂਮਾਰੀ ਨੂੰ ਮੱਦੇਨਜ਼ਰ ਰੱਖਦਿਆਂ ਜਰਖੜ ਖੇਡਾਂ ਮਾਰਚ ਮਹੀਨੇ ਤੱਕ ਮੁਲਤਵੀ ।

 ਲੁਧਿਆਣਾ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ)-  ਲੁਧਿਆਣਾ -35ਵੀਆਂ ਮਾਡਰਨ ਪੇਂਡੂ ਮਿੰਨੀ ਓਲੰਪਿਕ ਜਰਖੜ ਖੇਡਾਂ ਜੋ 24-25-26 ਜਨਵਰੀ 2022 ਨੂੰ ਹੋਣੀਆਂ ਸਨ। ਜਿਨ੍ਹਾਂ ਦੀਆਂ ਤਿਆਰੀਆਂ ਪੂਰੇ ਜ਼ੋਰਾਂ ਨਾਲ ਚੱਲ ਰਹੀਆਂ ਸਨ । ਉਹ ਕੋਰੋਨਾ ਮਹਾਂਮਾਰੀ ਦੀ ਭੇਟ ਚੜ੍ਹਦੀਆਂ ਹੋਈਆਂ ਇਕ ਵਾਰ ਫਿਰ ਮਾਰਚ ਮਹੀਨੇ ਤੱਕ ਮੁਲਤਵੀ ਹੋ ਗਈਆਂ ਹਨ । ਜਰਖੜ ਖੇਡਾਂ ਦੇ ਚੇਅਰਮੈਨ ਨਰਿੰਦਰਪਾਲ ਸਿੰਘ ਸਿੱਧੂ ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਟੂਰਨਾਮੈਂਟ ਦੇ ਮੁੱਖ ਸਪਾਂਸਰ ਕੋਕਾ ਕੋਲਾ, ਏਵਨ ਸਾਇਕਲ ਮਹਿੰਦਰਪ੍ਰਤਾਪ ਸਿੰਘ ਗਰੇਵਾਲ ਚੈਰੀਟੇਬਲ ਟਰੱਸਟ , ਪੰਜਾਬ ਸਪੋਰਟਸ ਕਬੱਡੀ ਕਲੱਬ ਸਿਆਟਲ ਅਤੇ ਹੋਰ ਸਪਾਂਸਰਾਂ ਦੇ ਰਾਏ- ਮਸ਼ਵਰੇ ਮੁਤਾਬਿਕ ਮਾਰਚ ਮਹੀਨੇ ਦੇ ਪਹਿਲੇ ਹਫ਼ਤੇ ਤੱਕ ਜਰਖੜ ਖੇਡਾਂ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ । ਜਗਰੂਪ ਸਿੰਘ ਜਰਖੜ ਅਤੇ ਐਡਵੋਕੇਟ ਹਰਕਮਲ ਸਿੰਘ ਨੇ ਦੱਸਿਆ ਕਿ ਜੇਕਰ ਕੋਰੋਨਾ ਮਹਾਂਮਾਰੀ ਦੇ ਹਾਲਾਤ ਠੀਕ ਹੋ ਗਏ ਤਾਂ ਮਾਰਚ ਮਹੀਨੇ ਦੇ ਪਹਿਲੇ ਹਫ਼ਤੇ ਜਰਖੜ ਖੇਡਾਂ ਕਰਵਾਈਆਂ ਜਾਣਗੀਆਂ। ਜਿਸ ਦੀਆਂ ਤਰੀਕਾਂ ਦਾ ਐਲਾਨ ਬਾਅਦ ਵਿਚ ਕੀਤਾ ਜਾਵੇਗਾ । ਜੇਕਰ ਮਾਰਚ ਮਹੀਨੇ ਵੀ ਖੇਡਾਂ ਨਾ ਹੋ ਸਕੀਆ ਤਾਂ ਇਸ ਸਾਲ ਦੇ ਅੰਤ ਵਿੱਚ ਜਰਖੜ ਖੇਡਾਂ ਕਰਵਾਈਆਂ ਜਾਣਗੀਆਂ। ਜਗਰੂਪ ਸਿੰਘ ਜਰਖੜ ਨੇ ਦੱਸਿਆ ਕਿ ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ ਮਈ ਮਹੀਨੇ ਜਰਖੜ ਸਟੇਡੀਅਮ ਵਿੱਚ ਕਰਵਾਇਆ ਜਾਵੇਗਾ ।