image caption: ਜਥੇਦਾਰ ਮਹਿੰਦਰ ਸਿੰਘ ਖਹਿਰਾ ਯੂ ਕੇ

ਪੇਡੂ ਮੰਢਾਹੂ ਕਟਿਆ ਤਿਸ ਡਾਲ ਸੁਕੰਦੇ ਜਦ ਕੇਂਦਰ ਢਿੱਲਾ ਹੋ ਜਾਵੇ ਸਭ ਕੁਝ ਖੇਰੂੰ ਖੇਰੂੰ ਹੋ ਜਾਂਦਾ ਹੈ

10 ਤੋਂ 17 ਫਰਵਰੀ ਪੰਜਾਬ ਟਾਈਮਜ਼ ਅੰਕ ਨੰ: 2914 ਦੇ ਸਫ਼ਾ 6 ਉੱਤੇ ਹੇਠ ਲਿਖੇ ਅਨੁਸਾਰ ਸਿਰਲੇਖ ਹੇਠ ਖ਼ਬਰ ਛਪੀ ਹੈ - ਮਾਮਲਾ 2 ਲੇਖਕਾਂ ਵੱਲੋਂ ਗੁਰੂ ਸਾਹਿਬਾਨ ਅਤੇ ਸਿੱਖ ਇਤਿਹਾਸ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਦਾ, ਸਿੱਖ ਤੇ ਕਿਸਾਨ ਜਥੇਬੰਦੀਆਂ ਵੱਲੋਂ ਸਿੱਖਿਆ ਬੋਰਡ ਅੱਗੇ ਧਰਨਾ ਸ਼ੁਰੂ ਅਤੇ ਇਸ ਖ਼ਬਰ ਦਾ ਸਾਰ ਅੰਸ਼ ਹੈ ਕਿ ਐੱਸ। ਏ। ਐੱਸ। ਨਗਰ - ਸਿੱਖ ਅਤੇ ਕਿਸਾਨ ਜਥੇਬੰਦੀਆਂ ਵੱਲੋਂ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਦੀ ਅਗਵਾਈ ਵਿੱਚ 2 ਪ੍ਰਾਈਵੇਟ ਲੇਖਕਾਂ ਵੱਲੋਂ ਗੁਰੂ ਸਾਹਿਬਾਨ ਅਤੇ ਸਿੱਖ ਇਤਿਹਾਸ ਨੂੰ ਤੋ੍ਰੜ-ਪਰੋੜ ਕੇ ਪੇਸ਼ ਕਰਨ ਵਿਰੁੱਧ ਗੁਰਦੁਆਰਾ ਅੰਬ ਸਾਹਿਬ ਫੇਜ਼-8 ਤੋਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਦਫ਼ਤਰ ਤੱਕ ਰੋਸ ਮਾਰਚ ਕੱਢਣ ਉਪਰੰਤ ਸਿੱਖਿਆ ਬੋਰਡ ਦੇ ਦਫ਼ਤਰ ਅੱਗੇ ਪੁਸਤਕ ਵਿੱਚ ਗਲਤ ਤੱਥਾਂ ਨੂੰ ਠੀਕ ਕਰਨ ਤੇ ਦੋਸ਼ੀਆਂ ਖਿਲਾਫ ਕਾਰਵਾਈ ਹੋਣ ਤੱਕ ਪੱਕਾ ਧਰਨਾ ਲਗਾ ਦਿੱਤਾ ਹੈ । ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਬਲਦੇਵ ਸਿੰਘ ਸਿਰਸਾ ਨੇ ਕਿਹਾ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕਾਂਗਰਸ ਅਤੇ ਅਕਾਲੀ ਦਲ ਦੇ ਰਾਜ ਵਿੱਚ ਪ੍ਰਾਈਵੇਟ ਲੇਖਕਾਂ ਵੱਲੋਂ 12ਵੀਂ ਦੀ ਜਮਾਤ ਦੀ ਹਿਸਟਰੀ ਆਫ਼ ਪੰਜਾਬ ਦੀ ਕਿਤਾਬ ਵਿੱਚ ਗਲਤ ਇਤਿਹਾਸ ਛਾਪਿਆ ਗਿਆ ਹੈ । ਇਸ ਕਿਤਾਬ ਵਿੱਚ ਕੀ ਕੀ ਗਲਤ ਛਾਪਿਆ ਗਿਆ ਹੈ ਉਸ ਦੀ ਪੂਰੀ ਜਾਣਕਾਰੀ ਸਮੇਤ ਇਕ ਵੀਡੀਉ ਵੀ ਵਾਇਰਲ ਹੋਈ ਹੈ (ਸਬੂਤ ਵਜੋਂ ਉਹ ਵੀਡੀਉ ਵੀ ਭੇਜ ਰਿਹਾ ਹਾਂ) ਸਾਂਝਾ ਪੰਜਾਬ ਟੀ।ਵੀ। ਉੱਤੇ ਸ: ਬਲਵੇਵ ਸਿੰਘ ਸਿਰਸਾ ਦੀ ਇਕ ਇੰਟਰਵਿਊ ਵੀ ਵਾਇਰਲ ਹੋਈ ਹੈ । ਸਰਦਾਰ ਬਲਦੇਵ ਸਿੰਘ ਸਿਰਸਾ ਨੇ ਹਿਸਟਰੀ ਆਫ਼ ਪੰਜਾਬ ਪੁਸਤਕ ਦੇ ਉਹ ਪੰਨੇ ਵਿਖਾਲੇ ਜਿਨ੍ਹਾਂ ਉੱਤੇ ਲਿਖਿਆ ਹੈ (1) ਗੁਰੂ ਨਾਨਕ ਸਾਹਿਬ ਹਿੰਦੂ ਧਰਮ ਦੇ ਪ੍ਰਚਾਰਕ ਸਨ ਅਤੇ ਉਨ੍ਹਾਂ ਨੇ ਹਿੰਦੂ ਰਿਵਾਜਾਂ ਦਾ ਵਿਰੋਧ ਨਹੀਂ ਕੀਤਾ । ਗੁਰੂ ਨਾਨਕ ਦੇ ਸਿਧਾਂਤਾਂ ਅਤੇ ਹਿੰਦੂ ਧਰਮ ਦੇ ਸਿਧਾਂਤਾਂ ਵਿੱਚ ਕੋਈ ਅੰਤਰ ਨਹੀਂ ਹੈ । ਗੁਰੂ ਨਾਨਕ ਸਾਹਿਬ ਨੇ ਨਾ ਕੋਈ ਧਰਮ ਚਲਾਇਆ ਤੇ ਨਾ ਹੀ ਕੋਈ ਵੱਖਰੀ ਸੰਸਥਾ ਚਲਾਈ । ਹੋਰ ਲਿਖਿਆ ਹੈ, ਵਾਸਤਵ ਵਿੱਚ ਗੁਰੂ ਨਾਨਕ ਦੇਵ ਹਿੰਦੂ ਸੁਧਾਰਕਾਂ ਵਿੱਚ ਪਹਿਲੇ ਸੁਧਾਰਕ ਸਨ, ਜਿਨ੍ਹਾਂ ਨੇ ਕ੍ਰਾਂਤੀਕਾਰੀ ਦਾ ਰੂਪ ਧਾਰ ਕੇ ਸਮੇਂ ਦੀ ਸਰਕਾਰ ਦੀ ਅਲੋਚਨਾ ਕੀਤੀ, ਉਨ੍ਹਾਂ ਨੇ ਬਾਬਰ ਦੀ ਸਫ਼ਲਤਾ ਵਿੱਚ ਭਾਰਤੀਆਂ ਦੀ ਕਮਜ਼ੋਰੀ ਦਾ ਹੱਲ ਦੱਸਿਆ, ਇਹ ਵਿਚਾਰ ਕ੍ਰਾਂਤੀਕਾਰੀ ਸਨ । (ਨੋਟ : ਗੁਰੂ ਨਾਨਕ ਸਾਹਿਬ ਜੀ ਦੇ ਗੁਰੂ ਕਾਲ ਸਮੇਂ ਭਾਰਤ ਦਾ ਇਕ ਦੇਸ਼ ਵਜੋਂ ਕੋਈ ਵਜੂਦ ਹੀ ਨਹੀਂ ਸੀ, ਜੇ ਕੋਈ ਭਾਰਤ ਦੇਸ਼ ਹੀ ਨਹੀਂ ਸੀ ਫਿਰ ਭਾਰਤੀ ਕਿਥੋਂ ਆ ਗਏ ? ਦੇਸ਼ ਵਜੋਂ ਕੇਵਲ ਪੰਜਾਬ ਦੇਸ਼ ਦਾ ਹੀ ਵਜੂਦ ਸੀ, ਇਸ ਕਰਕੇ ਹੀ ਤਾਂ ਮੁਹੰਮਦ ਇਕਬਾਲ ਨੇ ਆਖਿਆ ਸੀ, ਫਿਰ ਉੱਠੀ ਆਖਿਰ ਸਦਾਅ, ਤੌਹੀਦ ਕੀ ਪੰਜਾਬ ਸੇ, ਹਿੰਦ ਕੋ ਏਕ ਮਰਦਿ ਕਾਮਲ ਨੇ ਜਗਾਇਆ ਖਾਬ ਸੇ) ਇਸ ਕਿਤਾਬ ਵਿੱਚ ਇਹ ਵੀ ਲਿਖਿਆ ਹੈ । (3) ਕਿ ਗੁਰੂ ਨਾਨਕ ਦੇਵ ਪ੍ਰਗਤੀਵਾਦੀ ਸੁਧਾਰਕ ਸਨ ਉਨ੍ਹਾਂ ਦੀ ਸਿੱਖਿਆ ਵਿੱਚ ਵਿਲੱਖਣਤਾ ਹੁੰਦਿਆਂ ਹੋਇਆਂ ਵੀ ਇਹ ਅਪਣਾ ਕੇ ਉਨ੍ਹਾਂ ਨੇ ਹਿੰਦੂ ਧਰਮ ਦੇ ਵਿਰੁੱਧ ਨਵਾਂ ਧਰਮ ਨਹੀਂ ਚਲਾਇਆ । ਗੁਰੂ ਨਾਨਕ ਸਾਹਿਬ ਦੇ ਉਪਦੇਸ਼ਾਂ ਦਾ ਵਿਸ਼ਲੇਸ਼ਣ ਕਰਨ ਨਾਲ ਇਹ ਸਿੱਧ ਹੋ ਜਾਂਦਾ ਹੈ ਕਿ ਉਨ੍ਹਾਂ ਨੇ ਕਿਸੇ ਧਰਮ ਨੂੰ ਚਲਾਉਣ ਦਾ ਯਤਨ ਹੀ ਨਹੀਂ ਕੀਤਾ । (4) ਅੱਗੇ ਲਿਖਿਆ ਹੈ ਗੁਰੂ ਤੇਗ ਬਹਾਦਰ ਸਾਹਿਬ ਨੂੰ ਗ੍ਰਿਫਤਾਰ ਕਰਕੇ ਗਵਾਲੀਅਰ ਦੇ ਕਿਲ੍ਹੇ ਵਿੱਚ ਬੰਦ ਕੀਤਾ ਗਿਆ ਫਿਰ ਉਨ੍ਹਾਂ ਦੇ ਸਰੀਰ ਦੇ ਟੁੱਕੜੇ ਕਰਕੇ ਗਵਾਲੀਅਰ ਕਿਲ੍ਹੇ ਦੇ ਚਹੁੰ ਦਰਵਾਜਿਆਂ ਤੇ ਟੰਗੇ ਗਏ । (ਨੋਟ : ਦਿੱਲੀ ਗੁਰਦੁਆਰਾ ਸੀਸ ਗੰਜ ਅਤੇ ਗੁਰਦੁਆਰਾ ਰਕਾਬ ਗੰਜ ਸਾਹਿਬ ਇਸ ਗੱਲ ਦਾ ਪ੍ਰਤੱਖ ਸਬੂਤ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਦਿੱਲੀ ਚਾਂਦਨੀ ਚੌਕ ਵਿਖੇ ਉਨ੍ਹਾਂ ਦੇ ਤਿੰਨ ਪਰਮ ਪਿਆਰੇ ਸਿੱਖ ਭਾਈ ਮਤੀ ਦਾਸ, ਭਾਈ ਸਤੀ ਦਾਸ ਤੇ ਭਾਈ ਦਿਆਲਾ ਸਮੇਤ ਸ਼ਹੀਦ ਹੋਏ ਸਨ । ਇਥੇ ਵੀ ਹਿਸਟਰੀ ਆਫ਼ ਪੰਜਾਬ ਲਿਖਣ ਵਾਲਿਆਂ ਨੇ ਇਕ ਤੀਰ ਨਾਲ ਦੋ ਨਿਸ਼ਾਨੇ ਕੀਤੇ ਹਨ, ਪਹਿਲਾ ਛੇਵੇਂ ਪਾਤਸ਼ਾਹ ਵੱਲੋਂ ਗਵਾਲੀਅਰ ਕਿਲੇ੍ਹ ਵਿੱਚੋਂ ਆਪਣੀਆਂ ਸ਼ਰਤਾਂ ਤੇ 52 ਹਿੰਦੂ ਰਾਜਿਆਂ ਨੂੰ ਰਿਹਾਅ ਕਰਵਾਉਣ ਦਾ ਇਤਿਹਾਸ ਖਤਮ ਕਰਨਾ ਤੇ ਦੂਜਾ ਗੁਰੂ ਤੇਗ ਬਹਾਦਰ ਸਾਹਿਬ ਦੀ ਦਿੱਲੀ ਚਾਂਦਨੀ ਚੌਕ ਵਿਖੇ ਹੋਈ ਸ਼ਹੀਦੀ ਦੇ ਇਤਿਹਾਸ ਵਿੱਚ ਭੰਬਲ ਭੂਸਾ ਪੈਦਾ ਕਰਨਾ । (5) ਅੱਗੇ ਲਿਖਿਆ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਮਜਲੂਮਾਂ ਦਾ ਖੂਨ ਚੂਸਣ ਵਾਲਾ ਅਤੇ ਔਰਤਾਂ ਦੀਆਂ ਇੱਜਤਾਂ ਲੁੱਟਣ ਵਾਲਾ ਸੀ । (ਨੋਟ - ਹੈਰਾਨੀ ਇਸ ਗੱਲ ਦੀ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਥਾਪੇ ਸਿੱਖ ਪੰਥ ਦੇ ਪਹਿਲੇ ਸਿੱਖ ਜਰਨੈਲ ਅਤੇ ਖ਼ਾਲਸਾ ਰਾਜ ਦੇ ਬਾਨੀ ਬਾਬਾ ਬੰਦਾ ਸਿੰਘ ਬਹਾਦਰ ਬਾਰੇ ਹਿਸਟਰੀ ਆਫ਼ ਪੰਜਾਬ ਵਿੱਚ ਏਨੇ ਨਿਰਾਦਰ ਭਰੇ ਸ਼ਬਦ ਲਿਖੇ ਗਏ ਹੋਣ ਤਾਂ ਵੀ ਸ਼੍ਰੋਮਣੀ ਕਮੇਟੀ, ਅਕਾਲ ਤਖ਼ਤ ਸਾਹਿਬ ਅਤੇ ਹੋਰ ਸਿੱਖ ਸੰਸਥਾਵਾਂ ਵੱਲੋਂ ਇਸ ਦਾ ਗੰਭੀਰਤਾ ਨਾਲ ਨੋਟਿਸ ਕਿਉਂ ਨਹੀਂ ਲਿਆ ਜਾ ਰਿਹਾ) ਸਿੱਖ ਪੰਥ ਦਾ ਇਹ ਸਭ ਤੋਂ ਵੱਡਾ ਦੁਖਾਂਤ ਹੈ ਕਿ ਪੰਥ ਆਪਣੇ ਵਿਗਾੜੇ ਜਾ ਰਹੇ ਇਤਿਹਾਸ ਬਾਰੇ ਚਿੰਤਤ ਨਹੀਂ ਹੈ । ਅੱਜ ਜਦੋਂ ਹਿੰਦੂਤਵੀ ਸਰਕਾਰ ਸਿੱਖ ਧਰਮ ਨੂੰ ਮੁੱਢੋਂ ਹੀ ਖਤਮ ਕਰਨਾ ਚਾਹੁੰਦੀ ਹੈ ਤਾਂ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਕਮੇਟੀ ਤੇ ਸ੍ਰੀ ਅਕਾਲ ਤਖ਼ਤ ਦੀ ਸੰਸਥਾ ਨੇ ਚੁੱਪ ਧਾਰੀ ਹੋਈ ਹੈ । ਦਰਅਸਲ ਜਦੋਂ ਕੇਂਦਰ ਢਿੱਲਾ ਪੈ ਜਾਏ ਤਾਂ ਸਭ ਕੁਝ ਖੇਰੂੰ ਖੇਰੂੰ ਹੋ ਜਾਂਦਾ ਹੈ । ਦਾਸ ਦਾ ਤਾਂ ਅੱਜ ਤੋਂ 19 ਸਾਲ ਪਹਿਲਾਂ ਹੀ 9-7-2003 ਦੇ ਪੰਜਾਬ ਟਾਈਮਜ਼ ਦੇ ਸਫ਼ਾ 47 ਉੱਤੇ ਇਕ ਲੇਖ ਛੱਪਿਆ ਸੀ, ਜਿਸ ਦਾ ਸਿਰਲੇਖ ਸੀ, ਸਿੱਖ ਧਰਮ ਵਿਰੁੱਧ ਲਿਖਿਆ ਜਾ ਰਿਹਾ ਹੈ ਸਿੱਖ ਇਤਿਹਾਸ ਜਿਸ ਦਾ ਸਾਰ ਅੰਸ਼ ਸੀ ਕਿ ਸਰਕਾਰ ਨੇ ਸਿੱਖ ਇਤਿਹਾਸ ਦੇ ਤੱਥਾਂ ਨੂੰ ਤੋ੍ਰੜ-ਮਰੋੜ ਕੇ ਸਿੱਖੀ ਸਿਧਾਂਤਾਂ ਅਤੇ ਸਿੱਖ ਗੁਰੂ ਸਾਹਿਬਾਨਾਂ ਦੀ ਸ਼ਾਨ ਦੇ ਖਿਲਾਫ ਮਨ-ਮਰਜ਼ੀ ਨਾਲ ਗੁੰਮਰਾਹਕੁੰਨ ਤੱਥ ਲਿਖ ਕੇ ਪਾਠ ਪੁਸਤਕਾਂ ਛਪਵਾ ਦਿੱਤੀਆਂ ਹਨ ਅਤੇ ਕਈ ਹੋਰ ਸਿੱਖ ਵਿਰੋਧੀ ਸੰਸਥਾਵਾਂ ਵੀ ਸਿੱਖੀ ਦਾ ਮਜ਼ਾਕ ਉਡਾਉਣ ਵਾਲਾ ਅਤੇ ਸਿੱਖਾਂ ਨੂੰ ਹਿੰਦੂ ਸਾਬਤ ਕਰਨ ਵਾਲਾ ਲਿਟਰੇਚਰ ਧੜਾ-ਧੜ ਛਪਵਾ ਕੇ ਵੰਡ ਰਹੀਆਂ ਹਨ । ਪਰ ਨਗਾਰ ਖਾਨੇ ਵਿੱਚ ਤੂਤੀਆਂ ਦੀ ਕੌਣ ਸੁਣਦਾ । ਅੱਜ ਕੱਲ੍ਹ ਦੇ ਰਾਜਸੀ ਮੁਖੀਏ ਇਤਿਹਾਸ ਨੂੰ ਇਕ ਘਾਤਕ ਸ਼ਸ਼ਤਰ ਵਾਂਗਰ ਵੀ ਵਰਤਦੇ ਹਨ । ਪਰਤਾਵੇ ਨਾਲ ਪਤਾ ਲੱਗਦਾ ਹੈ ਕਿ ਸੱਚ-ਮੁੱਚ ਇਹ ਸ਼ਸ਼ਤਰ ਵਧੇਰਾ ਅਸਰ ਕਰਨ ਵਾਲਾ ਹੁੰਦਾ ਹੈ । ਤਲਵਾਰ ਦੀ ਧਾਰ ਤੋਂ ਤਾਂ ਮਨੁੱਖ ਬਚ ਜਾਏ, ਮੋਈਆਂ ਹੋਈਆਂ ਕੌਮਾਂ ਫੇਰ ਜੀਊਂਦੀਆਂ ਹੋ ਜਾਣ, ਪਰ ਇਤਿਹਾਸ ਦੀ ਮਾਰ ਫੇਰ ਉੱਠਣ ਜੋਗਾ ਨਹੀਂ ਛੱਡਦੀ । ਗੱਲ ਕੀ ਇਤਿਹਾਸ ਦੀ ਮਾਰ ਤੋਪਾਂ ਬੰਦੂਕਾਂ ਦੀ ਮਾਰ, ਗੈਸ ਦੀ ਮਾਰ ਤੇ ਹਵਾਈ ਜਹਾਜ਼ਾਂ ਦਿਆਂ ਬੰਬਾਂ ਦੀ ਮਾਰ ਤੋਂ ਵੀ ਵਧੇਰੀ ਘਾਤਕ ਸਾਬਤ ਹੋਈ ਹੈ । ਗੁਰੂ ਨਾਨਕ ਸਾਹਿਬ ਦੇ ਆਗਮਨ 1469 ਤੋਂ ਗੁਰੂ ਗੋਬਿੰਦ ਸਿੰਘ ਦੇ 1708 ਵਿੱਚ ਜੋਤੀ ਸਮਾਉਣ ਤੋਂ 1708 ਤੋਂ 1716 ਤੱਕ ਬੰਦਾ ਸਿੰਘ ਬਹਾਦਰ ਦਾ ਇਤਿਹਾਸ, 1716 ਤੋਂ 1765 ਤੱਕ ਪੰਜਾਬ ਦੇਸ਼ ਵਿੱਚ ਸਿੱਖ ਮਿਸਲਾਂ ਦਾ ਰਾਜ, 1799 ਤੋਂ 1849 ਤੱਕ ਸਰਕਾਰ-ਏ-ਖ਼ਾਲਸਾ ਦਾ ਰਾਜ (ਸਿੱਖ ਰਾਜ) ਭਾਰਤ ਦੇ ਇਤਿਹਾਸ ਵਿੱਚ ਇਹ ਸਿੱਖ ਇਤਿਹਾਸ ਇਕ ਚਮਕਦਾ ਹੀਰਾ ਏ, ਸੱਚ ਪੁੱਛੋ ਤਾਂ ਸਰਕਾਰ-ਏ-ਖ਼ਾਲਸਾ ਦਾ ਸਿੱਖ ਰਾਜ ਗੁਰ ਇਤਿਹਾਸ ਤੇ ਅਠਾਰਵੀਂ ਸਦੀ ਦੇ ਸਿੱਖ ਇਤਿਹਾਸ ਕਾਰਨ ਹੀ ਕਾਇਮ ਹੋਇਆ । ਸਿੱਖ ਗੁਰੂਆਂ (1469 ਤੋਂ 1708 ਤੱਕ) ਦੇ ਹਲੇਮੀ ਰਾਜ ਦੀ ਸਮਾਪਤੀ ਲਈ ਸੰਘਰਸ਼ਮਈ ਪਵਿੱਤਰ ਜੀਵਨ ਸਿੱਖ ਇਤਿਹਾਸ ਦੀ ਨੀਂਹ ਸਨ, ਜਿਸ ਦੇ ਸ਼ਹੀਦਾਂ ਤੇ ਪੰਥ ਪ੍ਰੇਮੀਆਂ ਨੇ ਆਪਣੀਆਂ ਕੁਰਬਾਨੀਆਂ ਤੋਂ ਸਿੱਖ ਰਾਜ ਦੀ ਸੁੰਦਰ ਅਟਾਰੀ ਖੜ੍ਹੀ ਕੀਤੀ । ਗੁਰੂ ਨਾਨਕ ਦੀ ਨਿਡਰਤਾ, ਸੱਚ ਤੇ ਦ੍ਰਿੜਤਾ ਸਿੱਖ ਇਤਿਹਾਸ ਦਾ ਵਿਰਸਾ ਹੈ । ਸ਼ਹੀਦਾਂ, ਸਾਹਿਬਜ਼ਾਦਿਆਂ, ਪੰਜਾਂ ਪਿਆਰਿਆਂ ਤੇ ਮੁਕਤਿਆਂ ਦੀਆਂ ਸਾਖੀਆਂ ਬਾਰ ਬਾਰ ਕੰਨਾਂ ਵਿੱਚ ਸੁਣਾਈ ਦਿੰਦੀਆਂ ਹਨ । ਪਰ ਹਿੰਦੂ ਬਹੁਗਿਣਤੀ ਦੀ ਨੁਮਾਇੰਦਾ ਸਰਕਾਰ, ਗੁਰੂ ਨਾਨਕ ਤੋਂ ਲੈ ਕੇ ਮਹਾਰਾਜਾ ਰਣਜੀਤ ਸਿੰਘ ਦੇ ਸਰਕਾਰ-ਏ-ਖ਼ਾਲਸਾ ਤੱਕ ਦੇ ਗੁਰ ਇਤਿਹਾਸ, ਸਿੱਖ ਇਤਿਹਾਸ ਨੂੰ ਮੇਸਣਾ ਚਾਹੁੰਦੀ ਹੈ, ਕਿਉਂਕਿ ਗੁਰ-ਇਤਿਹਾਸ ਅਤੇ 18ਵੀਂ ਸਦੀ ਦਾ ਸਿੱਖ ਇਤਿਹਾਸ ਹਿੰਦੂਤਵੀ ਸਰਕਾਰ ਦੇ ਗੱਲ ਦੀ ਹੱਡੀ ਬਣਿਆ ਹੋਇਆ ਹੈ, ਇਸ ਕਰਕੇ ਹੀ ਉਹ ਗਿਣੀ ਮਿਥੀ ਸਾਜਿਸ਼ ਤਹਿਤ ਹਿਸਟਰੀ ਆਫ਼ ਪੰਜਾਬ ਕਿਤਾਬ ਵਿੱਚ ਗੁਰੂ ਸਾਹਿਬਾਨ ਅਤੇ ਬੰਦਾ ਸਿੰਘ ਬਹਾਦਰ ਬਾਰੇ ਸਭ ਸ਼ਰਮ ਹਯਾ ਛਿੱਕੇ ਟੰਗ ਕੇ ਪੂਰੀ ਬੇਈਮਾਨੀ ਨਾਲ ਗਲਤ ਇਤਿਹਾਸ ਲਿਖਵਾ ਰਹੇ ਹਨ । ਆਰ। ਐੱਸ। ਐੱਸ। ਦਾ ਅਤੇ ਹੋਰ ਸਿੱਖ ਵਿਰੋਧੀ ਸੰਸਥਾਵਾਂ ਦਾ ਇਸ ਗੱਲ &lsquoਤੇ ਜੋਰ ਲੱਗਾ ਹੋਇਆ ਹੈ ਕਿ ਸਿੱਖ ਧਰਮ ਅਤੇ ਨਾਨਕ ਪੰਥ ਦੇ ਬਾਨੀ ਗੁਰੂ ਨਾਨਕ ਨੂੰ ਬਾਕੀ ਨੌਂ ਗੁਰੂਆਂ ਅਤੇ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨਾਲੋਂ ਵੀ ਤੋੜ ਕੇ, ਜਗਤ ਗੁਰੂ, ਗੁਰੂ ਨਾਨਕ ਸਾਹਿਬ ਨੂੰ ਹਿੰਦੂ ਧਰਮ ਦੇ ਹਿੰਦੂ ਸੁਧਾਰਕ ਵਜੋਂ ਸਿੱਧ ਕੀਤਾ ਜਾ ਸਕੇ, ਪਰ ਇਹ ਉਲਟੀ ਗੰਗਾ ਵਹਾਉਣ ਵਾਲੀ ਗੱਲ ਹੈ ਕਿਉਂਕਿ ਹਿੰਦੂ ਮੱਤ 33 ਕਰੋੜ ਦੇਵੀ ਦੇਵਤਿਆਂ ਨੂੰ ਵੱਖ-ਵੱਖ ਰੂਪਾਂ ਵਿੱਚ ਆਪਣੇ ਭਗਵਾਨ ਮੰਨਦਾ ਹੈ, ਪਰ ਇਸ ਦੇ ਉਲਟ ਸਿੱਖ ਧਰਮ ਮਨੁੱਖਾਂ ਨੂੰ ਦੇਵਤੇ ਬਣਾਉਣ ਦੀ ਸਮਰੱਥਾ ਰੱਖਦਾ ਹੈ : 
ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦ ਵਾਰ ॥
ਜਿਨਿ ਮਾਣਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ ॥ 
ਗੁਰੂ ਨਾਨਕ ਸਾਹਿਬ ਨੇ ਹਿੰਦੂ ਪਰਿਵਾਰ ਵਿੱਚ ਜਨਮ ਲਿਆ ਕਰਕੇ ਉਨ੍ਹਾਂ ਨੂੰ ਹਿੰਦੂ ਸਿੱਧ ਕਰਨ ਲਈ ਬਹੁਤ ਕੁਝ ਲਿਖਿਆ ਤੇ ਲਿਖਵਾਇਆ ਗਿਆ ਅਤੇ ਲਿਖਵਾਇਆ ਜਾ ਰਿਹਾ ਹੈ, ਪਰ ਗੁਰੂ ਨਾਨਕ ਸਾਹਿਬ ਦਾ ਦੈਵੀ ਇਲਹਾਮ ਇਸ ਤਰਕ ਨੂੰ ਪੂਰਨ ਤੌਰ &lsquoਤੇ ਰੱਦ ਕਰਦਾ ਹੈ, ਕਿਉਂਕਿ ਜਦੋਂ ਇਹ ਗੱਲ ਬਾਰ ਬਾਰ ਦੁਹਰਾਈ ਜਾਂਦੀ ਹੈ ਕਿ ਗੁਰੂ ਨਾਨਕ ਨੇ ਹਿੰਦੂ ਘਰ ਵਿੱਚ ਜਨਮ ਲਿਆ, ਤਾਂ ਸਾਨੂੰ ਦੁਨੀਆਂ ਦੇ ਦੂਜੇ ਧਰਮਾਂ ਦੇ ਬਾਨੀਆਂ ਬਾਰੇ ਵੀ ਜਾਨਣਾ ਪਵੇਗਾ । ਹਜ਼ਰਤ ਮੂਸਾ ਜੀ ਬੁੱਤ ਪ੍ਰਸਤਾਂ ਦੇ ਘਰ ਪੈਦਾ ਹੋਏ ਅਤੇ ਉਨ੍ਹਾਂ ਨੇ ਯਹੂਦੀ ਧਰਮ ਦੀ ਬੁਨਿਆਦ ਰੱਖੀ, ਜੋ ਬੁਤ ਪ੍ਰਸਤੀ ਦੇ ਸਖਤ ਉਲਟ ਹੈ । ਯਹੂਦੀਆਂ ਦੇ ਘਰ ਹਜ਼ਰਤ ਈਸਾ ਜੀ ਪੈਦਾ ਹੋਏ ਜਿਨ੍ਹਾਂ ਨੇ ਈਸਾਈ ਧਰਮ ਦੀ ਬੁਨਿਆਦ ਰੱਖੀ । ਹਜ਼ਰਤ ਮੁਹੰਮਦ ਸਾਹਿਬ ਕੁਰੈਸ਼ੀਆਂ ਦੇ ਘਰ ਪੈਦਾ ਹੋਏ ਉਨ੍ਹਾਂ ਨੇ ਮੁਸਲਮਾਨ ਧਰਮ ਦੀ ਬੁਨਿਆਦ ਰੱਖੀ । ਜਦ ਇਹ ਸਾਰੇ ਇਕ ਦੂਜੇ ਨਾਲੋਂ ਵੱਖਰੇ ਧਰਮ ਦੀ ਨੀਂਹ ਰੱਖ ਸਕਦੇ ਹਨ ਤਾਂ ਅਸੀਂ ਵੀ ਨਿਰਸੰਦੇਹ ਆਖ ਸਕਦੇ ਹਾਂ ਕਿ ਗੁਰੂ ਨਾਨਕ ਸਾਹਿਬ ਨੇ ਵੀ ਹਿੰਦੂ ਘਰ ਵਿੱਚ ਪੈਦਾ ਹੋ ਕੇ ਇਕ ਨਵੇਂ ਪੰਥ, ਨਵੇਂ ਧਰਮ ਦੀ ਬੁਨਿਆਦ ਰੱਖੀ, ਜਿਸ ਨੂੰ ਅਸੀਂ ਸਿੱਖ ਧਰਮ ਕਹਿੰਦੇ ਹਾਂ ਜੋ ਹਿੰਦੂ ਧਰਮ ਨਾਲੋਂ ਬਿਲਕੁੱਲ ਅਲੱਗ ਸੁਤੰਤਰ ਅਤੇ ਵਿਲੱਖਣ ਧਰਮ ਹੈ । ਹਿਸਟਰੀ ਆਫ਼ ਪੰਜਾਬ ਵਿੱਚ ਜਿਹੜਾ ਇਹ ਨੁਕਤਾ ਦਰਜ ਕੀਤਾ ਗਿਆ ਹੈ ਕਿ ਗੁਰੂ ਨਾਨਕ ਸਾਹਿਬ ਨੇ ਹਿੰਦੂ ਰਹੁ-ਰੀਤਾਂ ਦਾ ਵਿਰੋਧ ਨਹੀਂ ਕੀਤਾ, ਇਸ ਬਾਰੇ ਵਿਸਥਾਰ ਨਾਲ ਚਰਚਾ ਅਗਲੇ ਅੰਕ ਵਿੱਚ ਕਰਾਂਗੇ, ਕਿਉਂਕਿ ਗੁਰੂ ਨਾਨਕ ਸਾਹਿਬ ਨੇ ਹਿੰਦੂ ਰਹੁ-ਰੀਤਾਂ ਦਾ ਕੇਵਲ ਵਿਰੋਧ ਹੀ ਨਹੀਂ ਕੀਤਾ, ਸਗੋਂ ਉਸ ਵੇਲੇ ਤਿਆਗ ਵੀ ਕਰ ਦਿੱਤਾ ਸੀ, ਜਦੋਂ ਉਨ੍ਹਾਂ ਨੇ ਬ੍ਰਾਹਮਣੀ ਕੁਲ ਰੀਤੀ ਅਨੁਸਾਰ ਭੱਦਨ ਕਰਵਾ ਕੇ ਜਨੇਉ ਪਾਉਣ ਤੋਂ ਇਨਕਾਰ ਕਰ ਦਿੱਤਾ ਸੀ, ਇਸ ਦੀ ਪੂਰੀ ਵਿਆਖਿਆ ਅਗਲੇ ਹਫ਼ਤੇ ਕਰਾਂਗੇ ਤੇ ਨਾਲ ਹੀ ਨਾਨਕਿ ਰਾਜੁ ਚਲਾਇਆ ਸਚੁ ਕੋਟ ਸਤਾਵੀ ਨੀਵਦੇ । (ਗੁ: ਗ੍ਰੰ: ਸਾ: ਪੰਨਾ 966) ਦੇ ਗੁਰ-ਇਤਿਹਾਸ &lsquoਤੇ ਵੀ ਪੰਛੀ ਝਾਤ ਮਾਰਾਂਗੇ ।
ਭੁੱਲਾਂ ਚੁੱਕਾਂ ਦੀ ਖਿਮਾਂ
ਗੁਰੂ ਪੰਥ ਦਾ ਦਾਸ
ਜਥੇਦਾਰ ਮਹਿੰਦਰ ਸਿੰਘ ਖਹਿਰਾ ਯੂ।ਕੇ।