image caption: -ਰਜਿੰਦਰ ਸਿੰਘ ਪੁਰੇਵਾਲ

ਯੂਕਰੇਨ ਹਮਲਾ ਬਨਾਮ ਭਾਰਤੀ ਵਿਦਿਆਰਥੀਆਂ ਦਾ ਦੁਖਾਂਤ

ਰੂਸ ਤੇ ਯੂਕਰੇਨ ਦੀ ਜੰਗ ਵਿਚ ਕੀਵ ਅਤੇ ਖਾਰਕੀਵ ਸ਼ਹਿਰ ਤੇ ਰੂਸੀ ਫ਼ੌਜ  ਦੇ ਹਮਲੇ ਜਾਰੀ ਹਨ| ਰੂਸੀ ਹਮਲਿਆਂ ਵਿਚ ਯੂਕਰੇਨ ਵਿਚ ਹੁਣ ਤਕ ਸੈਂਕੜੇ ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ ਹਜ਼ਾਰਾਂ ਲੋਕ ਜ਼ਖ਼ਮੀ ਦੱਸੇ ਜਾ ਰਹੇ ਹਨ| ਦਵਾਈਆਂ ਵੀ ਬੜੀ ਮੁਸ਼ਕਲ ਨਾਲ ਮਿਲ ਰਹੀਆਂ ਹਨ| ਲਗਭਗ 20,000 ਭਾਰਤੀ ਵਿਦਿਆਰਥੀ ਯੂਕਰੇਨ ਵਿਚ ਪੜ੍ਹ ਰਹੇ ਹਨ ਉਨ੍ਹਾਂ ਵਿਚੋਂ ਲਗਭਗ 18,000 ਐੱਮਬੀਬੀਐੱਸ, ਭਾਵ ਮੈਡੀਕਲ ਵਿਦਿਆ ਦੀ ਪੜ੍ਹਾਈ ਕਰਨ ਗਏ ਹਨ| ਇੱਥੋਂ ਮੈਡੀਕਲ ਦੀ ਪੜ੍ਹਾਈ ਲਈ ਯੂਕਰੇਨ ਗਏ ਪੰਜਾਬੀ ਵਿਦਿਆਰਥੀ ਸਾਥੀਆਂ ਸਮੇਤ ਬਿਜਲੀ ਤੇ ਪਾਣੀ ਤੋਂ ਵਾਂਝੇ ਬੰਕਰਾਂ ਵਿੱਚ ਰਹਿ ਰਹੇ ਹਨ| ਬੰਕਰਾਂ ਦੇ ਬਾਹਰ ਬਰਫ਼ ਪਈ ਹੋਈ ਹੈ ਅਤੇ ਬੰਬਾਰੀ ਕਾਰਨ ਬੱਚਿਆਂ ਦੀ ਜਾਨ ਖਤਰੇ ਵਿੱਚ ਹੈ| ਕੀਵ ਦੇ ਪੂਰੇ ਮੈਟਰੋ ਸਟੇਸ਼ਨ ਵਿਚ ਦੋ ਸੌ ਤੋਂ ਵੱਧ ਭਾਰਤੀ ਵਿਦਿਆਰਥੀ ਸ਼ਰਨ ਲੈ ਕੇ ਬੈਠੇ ਹਨ| ਉੁਨ੍ਹਾਂ ਕੋਲ ਜਿੰਨਾ ਵੀ ਖਾਣ-ਪੀਣ ਦਾ ਸਾਮਾਨ ਸੀ, ਉਹ ਹੁਣ ਖਤਮ ਹੋ ਚੁੱਕਾ ਹੈ| ਹਵਾਈ ਅੱਡੇ ਤੇ ਸੜਕੀ ਮਾਰਗ ਤੇ ਹਮਲਿਆਂ ਦਾ ਖਤਰਾ ਵਧੇਰੇ ਹੈ| ਉਨ੍ਹਾਂ ਨੂੰ ਕੀਵ ਤੋਂ ਪੱਛਮੀ ਯੂਰਪ ਦੇ ਦੇਸ਼ਾਂ ਚ ਲਿਜਾਣ ਲਈ ਸਿਰਫ ਰੇਲ ਦੀ ਸਹੂਲਤ ਹੈ| ਸ਼ਹਿਰ ਵਿਚ ਭਾਰੀ ਬੰਬਾਰੀ ਹੋ ਰਹੀ ਹੈ, ਜਿਸ ਕਾਰਨ ਉਹ ਬਾਹਰ ਨਹੀਂ ਨਿਕਲ ਪਾ ਰਹੇ| ਉਨ੍ਹਾਂ ਕੋਲ ਜ਼ਿਆਦਾ ਗਰਮ ਕੱਪੜੇ ਨਹੀਂ ਹਨ| ਯੂਕਰੇਨ ਦੇ ਲਵੀਵ ਸ਼ਹਿਰ ਵਿਚ ਪੋਲੈਂਡ ਦੀ ਸਰਹੱਦ ਤੇ ਬੈਠੇ ਭਾਰਤੀ ਨਾਗਰਿਕਾਂ ਨੂੰ ਯੂਕਰੇਨ ਦੇ ਅਧਿਕਾਰੀ ਜ਼ਲੀਲ ਕਰਕੇ ਕੁਟਮਾਰ ਕਰਕੇ ਕਹਿ ਰਹੇ ਸਨ, ਸਾਡੇ ਦੇਸ਼ ਵਿਚ ਸਭ ਤੋਂ ਵੱਧ ਭਾਰਤੀ ਵਿਦਿਆਰਥੀ ਮੈਡੀਕਲ ਦੀ ਪੜ੍ਹਾਈ ਕਰਦੇ ਹਨ| ਫਿਰ ਵੀ ਭਾਰਤ ਨੇ ਰੂਸ ਦਾ ਸਾਥ ਦਿੱਤਾ ਹੈ| ਹੁਣ ਤੁਹਾਡਾ ਸਾਡੇ ਨਾਲ ਕੋਈ ਵਾਸਤਾ ਨਹੀਂ| ਤੁਸੀਂ ਸ਼ਰਾਫਤ ਨਾਲ ਪਿੱਛੇ ਚਲੇ ਜਾਓ, ਜੇ ਰੌਲਾ ਪਾਇਆ ਤਾਂ ਗੋਲੀ ਮਾਰ ਦਿਆਂਗੇ|
ਇਹ ਗੱਲ ਯੂਕਰੇਨ ਦੀ ਕੀਵ ਯੂਨੀਵਰਸਿਟੀ ਵਿਚ ਐੱਮਬੀਬੀਐੱਸ ਦੀ ਪੜ੍ਹਾਈ ਕਰਨ ਗਏ ਅੰਮ੍ਰਿਤਸਰ ਦੇ ਜਗਜੀਤ ਸਿੰਘ, ਜਲੰਧਰ ਦੇ ਜੁਗਰਾਜ ਸਿੰਘ, ਬਟਾਲਾ ਦੇ ਹਰਜਿੰਦਰ ਸਿੰਘ, ਜਲੰਧਰ ਦੇ ਲਸਾੜਾ ਪਿੰਡ ਦੇ ਵਾਸੀ ਕਮਲਜੀਤ ਸਿੰਘ ਤੇ ਪਟਿਆਲਾ ਦੇ ਗੁਰਫਤੇਹ ਸਿੰਘ ਨੇ  ਦੱਸੀ| ਉਹ ਉਥੇ ਪੋਲੈਂਡ ਵਿਚ ਸ਼ਰਨ ਲੈਣ ਲਈ ਬੈਠੇ ਹੋਏ ਹਨ| ਯੂਕਰੇਨ ਦਾ ਬਾਰਡਰ ਪਾਰ ਕਰਕੇ ਤਿੰਨ ਸੌ ਦੇ ਲਗਪਗ ਭਾਰਤੀ ਵਿਦਿਆਰਥੀ ਰੋਮਾਨੀਆ ਪਹੁੰਚਣ ਵਿਚ ਕਾਮਯਾਬ ਹੋ ਗਏ ਹਨ|  ਉਹਨਾਂ ਨੂੰ ਰੋਮਾਨੀਆ ਦੇ ਇਕ ਸੁਰੱਖਿਅਤ ਸ਼ੈਲਟਰ ਹਾਊਸ ਵਿਚ ਠਹਿਰਾਇਆ ਗਿਆ ਹੈ| ਇਥੇ ਉਹ ਪੂਰੀ ਤਰ੍ਹਾਂ ਸੁਰੱਖਿਅਤ ਹਨ| ਉਨ੍ਹਾਂ ਦੇ ਖਾਣ-ਪੀਣ ਦਾ ਵੀ ਪ੍ਰਬੰਧ ਹੋ ਚੁੱਕਾ ਹੈ| ਹੁਣ ਬਸ ਭਾਰਤ ਦੀ ਫਲਾਈ ਦੀ ਉਡੀਕ ਹੈ| ਹੁਣੇ ਜਿਹੇ ਕੇਂਦਰ ਸਰਕਾਰ ਨੇ ਆਪਣੇ ਮੰਤਰੀਆਂ ਨੂੰ ਗੁਆਂਢੀ ਦੇਸ਼ਾਂ ਵਿਚ ਜਾਣ ਲਈ ਕਿਹਾ ਹੈ ਤਾਂ ਕਿ ਵਿਦਿਆਰਥੀਆਂ ਨੂੰ ਗੁਆਂਢੀ ਦੇਸ਼ਾਂ ਰਾਹੀਂ ਭਾਰਤ ਲਿਆਂਦਾ ਜਾ ਸਕੇ| ਸੁਆਲ ਇਹ ਹੈ ਕਿ ਉਸ ਵੇਲੇ ਵਿਦਿਆਰਥੀਆਂ ਨੂੰ ਵਾਪਸ ਕਿਉਂ ਨਹੀਂ ਲਿਆਂਦਾ ਗਿਆ ਜਦੋਂ ਜੰਗ ਦੀ ਸੰਭਾਵਨਾ ਬਣੀ ਹੋਈ ਸੀ| ਜੋ ਵਿਦਿਆਰਥੀ ਦੇਸ਼ ਵਾਪਸ ਪਹੁੰਚੇ ਹਨ, ਉਨ੍ਹਾਂ ਤੋਂ ਕਈ ਗੁਣਾ ਜ਼ਿਆਦਾ ਕਿਰਾਇਆ ਲਿਆ ਗਿਆ|
ਹੁਣ ਤੱਕ ਏਅਰ ਇੰਡੀਆ ਦੀਆਂ ਛੇ ਉਡਾਣਾਂ ਰਾਹੀਂ 1,396 ਭਾਰਤੀਆਂ ਨੂੰ ਮੁਲਕ ਵਾਪਸ ਲਿਆਂਦਾ ਗਿਆ ਸੀ| ਹੁਣੇ ਜਿਹੇ ਏਅਰ ਇੰਡੀਆ ਦੀਆਂ ਬੁਖਾਰੈਸਟ (ਰੋਮਾਨੀਆ) ਅਤੇ ਬੁਡਾਪੈਸਟ (ਹੰਗਰੀ) ਤੋਂ ਆਈਆਂ ਦੋ ਉਡਾਣਾਂ ਰਾਹੀਂ 489 ਹੋਰ ਭਾਰਤੀਆਂ ਨੂੰ ਮੁਲਕ ਲਿਆਂਦਾ ਗਿਆ ਸੀ| ਕੁਝ ਹੋਰ ਪ੍ਰਾਈਵੇਟ ਕੰਪਨੀਆਂ ਸਪਾਈਸਜੈੱਟ, ਇੰਡੀਗੋ ਅਤੇ ਏਅਰ ਇੰਡੀਆ ਐਕਸਪ੍ਰੈੱਸ ਨੇ ਵੀ ਦੋ ਸ਼ਹਿਰਾਂ ਵਿਚ ਆਪਣੇ ਜਹਾਜ਼ ਭੇਜੇ ਹਨ ਤਾਂ ਜੋ ਭਾਰਤੀਆਂ ਨੂੰ ਯੂਕਰੇਨ ਵਿਚੋਂ ਸੁਰੱਖਿਅਤ ਵਾਪਸ ਲਿਆਂਦਾ ਜਾ ਸਕੇ| ਯੂਕਰੇਨ ਦਾ ਹਵਾਈ ਖੇਤਰ ਬੰਦ ਹੋਣ ਕਾਰਨ ਭਾਰਤ ਨੇ ਰੋਮਾਨੀਆ ਤੇ ਹੰਗਰੀ ਲਈ ਉਡਾਣਾਂ ਸ਼ੁਰੂ ਕੀਤੀਆਂ ਹਨ ਜਿਥੇ ਵੱਡੀ ਗਿਣਤੀ ਵਿਚ ਭਾਰਤੀ, ਯੂਕਰੇਨ ਤੋਂ ਪਹੁੰਚ ਰਹੇ ਹਨ| ਸੂੂੂਚਨਾ ਮੁਤਾਬਕ ਅਜੇ ਵੀ ਕਰੀਬ 14 ਹਜ਼ਾਰ ਭਾਰਤੀ, ਜਿਨ੍ਹਾਂ ਵਿਚ ਜ਼ਿਆਦਾਤਰ ਵਿਦਿਆਰਥੀ ਹਨ, ਯੂਕਰੇਨ ਵਿਚ ਫਸੇ ਹੋਏ ਹਨ| ਜ਼ਿਕਰਯੋਗ ਹੈ ਕਿ ਭਾਰਤ ਦੇ ਵੱਖ-ਵੱਖ ਸੂਬਿਆਂ ਤੋਂ 18 ਤੋਂ 20 ਹਜ਼ਾਰ ਵਿਦਿਆਰਥੀ ਯੂਕਰੇਨ ਵਿਚ ਮੈਡੀਕਲ ਦੀ ਪੜ੍ਹਾਈ ਕਰ ਰਹੇ ਹਨ| ਇਨ੍ਹਾਂ ਸਾਰਿਆਂ ਦਾ ਖਾਸ ਤੌਰ &rsquoਤੇ ਜੋ ਕੀਵ ਤੇ ਖਾਰਕੀਵ ਵਰਗੇ ਸ਼ਹਿਰਾਂ ਵਿਚ ਪਡ ਰਹੇ ਸਨ, ਦਾ ਭਵਿੱਖ ਹਨੇਰੇ ਵਿਚ ਹੈ|
ਯਾਦ ਰਹੇ ਕਿ ਯੂਕਰੇਨ ਵਿਚ ਐੱਮਬੀਬੀਐੱਸ ਕਰਨ ਵਾਲੇ ਵਿਦਿਆਰਥੀਆਂ ਨੂੰ ਭਾਰਤ ਵਿਚ ਆ ਕੇ ਮੈਡੀਕਲ ਕੌਂਸਲ ਆਫ਼ ਇੰਡੀਆ ਦਾ ਇਮਤਿਹਾਨ ਪਾਸ ਕਰਨਾ ਪੈਂਦਾ ਹੈ| ਜਾਣਕਾਰੀ ਅਨੁਸਾਰ ਹਰ ਸਾਲ ਯੂਕਰੇਨ ਤੋਂ ਆਏ 4000 ਵਿਦਿਆਰਥੀ ਇਹ ਇਮਤਿਹਾਨ ਦਿੰਦੇ ਹਨ ਪਰ ਪਾਸ ਬਹੁਤ ਘੱਟ ਹੁੰਦੇ ਹਨ| ਇਸ ਦੇ ਬਾਵਜੂਦ ਭਾਰਤ ਤੋਂ ਹਜ਼ਾਰਾਂ ਵਿਦਿਆਰਥੀ ਯੂਕਰੇਨ ਦੀਆਂ ਯੂਨੀਵਰਸਿਟੀਆਂ ਵਿਚ ਦਾਖ਼ਲਾ ਲੈਂਦੇ ਹਨ| ਇਸ ਦੇ ਦੋ ਮੁੱਖ ਕਾਰਨ ਹਨ: ਪਹਿਲਾ, ਉੱਥੇ ਮੈਡੀਕਲ, ਇੰਜਨੀਅਰਿੰਗ ਅਤੇ ਹੋਰ ਖੇਤਰਾਂ ਵਿਚ ਪੜ੍ਹਾਈ &rsquoਤੇ ਖ਼ਰਚਾ ਭਾਰਤ ਦੇ ਨਿੱਜੀ ਖੇਤਰ ਦੇ ਵਿਦਿਅਕ ਅਦਾਰਿਆਂ ਤੋਂ ਕਿਤੇ ਘੱਟ ਹੈ ਦੂਸਰਾ, ਦਾਖ਼ਲੇ ਲਈ ਵਿਦਿਆਰਥੀਆਂ ਨੂੰ ਵੱਖਰਾ ਇਮਤਿਹਾਨ ਦੇਣ ਦੀ ਜ਼ਰੂਰਤ ਨਹੀਂ ਹੈ| ਮੂਲ ਸਮੱਸਿਆ ਸਰਕਾਰਾਂ ਵੱਲੋਂ ਜਨਤਕ ਖੇਤਰ ਵਿਚ ਮੈਡੀਕਲ ਕਾਲਜ ਨਾ ਬਣਾਉਣ ਤੋਂ ਹੀ ਪੈਦਾ ਹੋਈ ਹੈ| ਬਹੁਤ ਸਾਰੇ ਸੂਬਿਆਂ ਵਿਚ ਨਿੱਜੀ ਖੇਤਰ ਦੇ ਹਸਪਤਾਲਾਂ ਅਤੇ ਮੈਡੀਕਲ ਕਾਲਜਾਂ ਲਈ ਸਸਤੇ ਭਾਅ ਜ਼ਮੀਨ ਦਿੱਤੀ ਗਈ ਪਰ ਇਹ ਹਸਪਤਾਲ ਅਤੇ ਕਾਲਜ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹਨ| ਭਾਰਤ ਸਰਕਾਰ ਦਾ ਇਹਨਾਂ ਨਿਜੀ ਸੰਸਥਾਵਾਂ ਉਪਰ ਕੰਟਰੋਲ ਨਹੀਂ ਹੈ| ਨਾ ਇਥੇ ਰੁਜਗਾਰ ਹੈ ਨਾ ਸਸਤੀ ਵਿਦਿਆ| ਸਰਕਾਰਾਂ ਨੂੰ ਮੈਡੀਕਲ ਵਿੱਦਿਆ ਦੇ ਖੇਤਰ ਵਿਚ ਵੱਡੀ ਪੱਧਰ &rsquoਤੇ ਨਿਵੇਸ਼ ਕਰਨਾ ਚਾਹੀਦਾ ਹੈ ਤਾਂ ਜੋ ਵਿਦਿਆਰਥੀ ਆਪਣੇ ਦੇਸ ਵਿਚ ਪੜ੍ਹ ਸਕਣ|
-ਰਜਿੰਦਰ ਸਿੰਘ ਪੁਰੇਵਾਲ