image caption: ਰਜਿੰਦਰ ਸਿੰਘ ਪੁਰੇਵਾਲ

ਬਾਦਲ ਦਲ ਤੇ ਕਾਂਗਰਸ ਦੀ ਹਾਰ ਤੇ ਨਵੀਂ ਆਪ ਸਰਕਾਰ ਦੀਆਂ ਚੁਣੌਤੀਆਂ

ਪੰਜਾਬ ਦੇ ਇਤਿਹਾਸ ਨੇ ਨਵੀਂ ਸਿਆਸੀ ਤਬਦੀਲੀ ਵਲ ਮੌੜਾ ਕਟਿਆ ਹੈ| ਪਿਛਲੇ 70 ਸਾਲਾਂ ਤੋਂ ਕਾਂਗਰਸ ਅਤੇ ਅਕਾਲੀ ਦਲ ਸਤਾ ਉਪਰ ਬਿਰਾਜਮਾਨ ਰਹੇ|ਦੋਹਾਂ ਪਾਰਟੀਆਂ ਤੋਂ ਸਤੇ ਪੰਜਾਬੀਆਂ ਨੇ ਇਸ ਵਾਰ ਸੱਤਾ ਆਮ ਆਦਮੀ ਪਾਰਟੀ ਦੇ ਹੱਥਾਂ ਵਿਚ ਸੌਂਪੀ ਹੈ ਅਤੇ ਭਗਵੰਤ ਸਿੰਘ ਮਾਨ ਪੰਜਾਬ ਦੇ ਨਵੇਂ ਮੁੱਖ ਮੰਤਰੀ ਬਣੇ ਹਨ| ਐਗਜ਼ਿਟ ਪੋਲਾਂ ਦੁਆਰਾ ਲਾਏ ਗਏ ਅਨੁਮਾਨ ਸਹੀ ਸਾਬਤ ਹੋਏ ਹਨ ਅਤੇ ਆਪ 92 ਸੀਟਾਂ &rsquoਤੇ ਜੇਤੂ ਹੋਈ ਹੈ| ਇਹ ਪੰਜਾਬ ਦੇ ਸਿਆਸੀ ਇਤਿਹਾਸ ਵਿਚ ਵਡੀ ਜਿਤ ਦਰਜ ਕੀਤੀ ਗਈ ਹੈ| ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਮੁੱਖ ਮੰਤਰੀ ਉਮੀਦਵਾਰ ਬਣਾਉਣ ਨਾਲ ਕਾਂਗਰਸ ਨੂੰ ਦਲਿਤ ਭਾਈਚਾਰੇ ਨੇ ਸਹਿਯੋਗ ਨਹੀਂ ਦਿੱਤਾ| ਜੱਟ ਵੋਟ ਆਪ ਦੇ ਹਕ ਵਿਚ ਭੁਗਤ ਗਈ| ਜਾਤੀ ਦੇ ਆਸਰੇ  ਕਾਂਗਰਸ ਦਾ ਇਹਨਾਂ ਚੋਣਾਂ ਦੌਰਾਨ ਬੇੜਾ ਡੁਬ ਗਿਆ| ਆਪਣੇ ਕਾਰਜਕਾਲ ਦੌਰਾਨ ਰੇਤਾ ਚੌਰੀ, ਨਸ਼ੇ, ਗੁਰੂ ਗਰੰਥ ਸਾਹਿਬ ਦੀ ਬੇਅਦਬੀ ਨਾ ਰੋਕ ਸਕਿਆ| ਕਾਂਗਰਸ 18 ਸੀਟਾਂ ਤਕ ਸਿਮਟ ਗਈ| ਕਾਂਗਰਸ ਦੇ ਪ੍ਰਮੁੱਖ ਆਗੂ ਚਰਨਜੀਤ ਸਿੰਘ ਚੰਨੀ, ਨਵਜੋਤ ਸਿੰਘ ਸਿੱਧੂ, ਮਨਪ੍ਰੀਤ ਸਿੰਘ ਬਾਦਲ, ਓਮ ਪ੍ਰਕਾਸ਼ ਸੋਨੀ, ਰਜਿੰਦਰ ਕੌਰ ਭੱਠਲ ਆਦਿ ਚੋਣਾਂ ਹਾਰ ਗਏ ਹਨ| ਕਾਂਗਰਸ ਸੁਪਰੀਮੋ ਸੋਨੀਆ ਨੇ ਹਾਰ ਦਾ ਸਾਰਾ ਭਾਂਡਾ ਨਵਜੋਤ ਸਿਧੂ ਕੋਲੋਂ ਅਸਤੀਫਾ ਲੈਕੇ ਸਿਧੂ ਸਿਰ ਭੰਨਿਆ| ਨੈਸ਼ਨਲ ਕਾਂਗਰਸ ਪਾਰਟੀ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੇ ਵਿਧਾਨ ਸਭਾ ਚੋਣਾਂ ਵਿਚ ਮਿਲੀ ਹਾਰ ਕਾਰਨ ਬੀਤੇ ਦਿਨੀਂ ਪੰਜ ਸੂਬਿਆਂ ਦੇ ਪਾਰਟੀ ਪ੍ਰਧਾਨਾਂ ਤੋਂ ਅਸਤੀਫ਼ੇ ਦੀ ਮੰਗ ਕੀਤੀ ਸੀ| ਇਸ ਦੇ ਕਾਰਣ ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ| ਸਿੱਧੂ ਦੇ ਅਸਤੀਫ਼ੇ ਤੋਂ ਬਾਅਦ ਪਾਰਟੀ ਵਿਚ ਸੂਬਾ ਪ੍ਰਧਾਨ ਦੀ ਕਮਾਨ ਕਿਸੇ ਹਿੰਦੂ ਚਿਹਰੇ ਨੂੰ ਮਿਲ ਸਕਦੀ ਹੈ| ਜਦ ਕਿ ਹਾਰ ਲਈ ਸਭ ਪੰਜਾਬੀ ਕਾਂਗਰਸੀ ਆਗੂ ਜਿੰਮੇਵਾਰ ਹਨ ਜੋ ਇਕ ਦੂਜੇ ਨੂੰ ਹਰਾਉਣ ਦੀ ਕੋਸ਼ਿਸ਼ ਕਰਦੇ ਰਹੇ| ਹਾਈਕਮਾਂਡ ਨੇ ਪੰਜਾਬ ਮੁਦਿਆਂ ਵਲ ਧਿਆਨ ਨਹੀਂ ਦਿਤਾ ਜੋ ਕਾਂਗਰਸ ਦੀ ਹਾਰ ਦਾ ਕਾਰਣ ਬਣਿਆ| ਖਾਲਸਾ ਪੰਥ ਨੂੰ ਆਪਣੀ ਰਾਜਨੀਤੀ ਵਿਚੋਂ ਗੁਆਕੇ ਸ਼੍ਰੋਮਣੀ ਬਾਦਲ ਅਕਾਲੀ ਦਲ  ਸਿਰਫ਼ ਚਾਰ ਸੀਟਾਂ ਤਕ ਸਿਮਟ ਗਿਆ| ਇਸ ਦੇ ਸਾਰੇ ਮਹਾਂਰਥੀ ਆਗੂ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ ਆਦਿ ਸਭ ਹਾਰ ਗਏ| ਪ੍ਰਕਾਸ਼ ਸਿੰਘ ਬਾਦਲ ਤੇ ਕੈਪਟਨ ਅਮਰਿੰਦਰ ਸਿੰਘ ਵਰਗੇ ਮਹਾਰਥੀ ਸਿਆਸਤਦਾਨਾਂ ਦੀਆਂ ਹਾਰਾਂ ਇਹ ਸੁਨੇਹਾ ਦਿੰਦੀਆਂ ਹਨ ਕਿ ਲੋਕ ਪਾਵਰ ਫੁਲ ਹਨ ਤੇ ਉਹਨਾਂ ਨੂੰ ਇਨਸਾਫ਼ ਦਿਤੇ ਬਿਨਾਂ ਰਾਜ ਨਹੀਂ ਕੀਤਾ ਜਾ ਸਕਦਾ| ਆਪ ਦੀ ਜਿਤ ਦਾ ਕਾਰਣ ਜਨਤਾ ਕਾਂਗਰਸ ਤੇ ਬਾਦਲ ਦਲ ਤੋਂ ਸੰਤੁਸ਼ਟ ਨਹੀਂ ਹੈ|
ਪਿਛਲੇ ਤਿੰਨ ਦਹਾਕਿਆਂ ਦੌਰਾਨ ਕਾਂਗਰਸ ਅਤੇ ਅਕਾਲੀ ਦਲ ਦੀਆਂ ਸਰਕਾਰਾਂ ਸਮੇਂ ਪੰਜਾਬ ਅਧੋਗਤੀ ਵੱਲ ਵਧਿਆ ਹੈ ਸਿਹਤ ਅਤੇ ਵਿੱਦਿਅਕ ਢਾਂਚਾ ਕਮਜ਼ੋਰ ਹੋ ਚੁੱਕਿਆ ਹੈ ਲੋਕ ਦਫ਼ਤਰਾਂ ਅਤੇ ਥਾਣਿਆਂ ਵਿਚ ਖ਼ੁਆਰ ਹੋ ਰਹੇ ਹਨ ਸਰਕਾਰੀ ਅਧਿਕਾਰੀਆਂ ਦਾ ਵਤੀਰਾ ਲੋਕਾਂ ਨੂੰ ਅਪਮਾਨਿਤ ਕਰਨ ਵਾਲਾ ਹੈ ਰਿਸ਼ਵਤਖੋਰੀ ਸਿਖ਼ਰਾਂ &rsquoਤੇ ਹੈ ਨਸ਼ਿਆਂ ਦੇ ਫੈਲਾਉ &rsquoਤੇ ਕੋਈ ਰੋਕ ਨਹੀਂ ਲੱਗੀ| ਇਨ੍ਹਾਂ ਕਾਰਨਾਂ ਕਰ ਕੇ ਲੋਕ ਇਹ ਸਮਝਦੇ ਹਨ ਕਿ ਉਨ੍ਹਾਂ ਨੇ ਤਾਂ ਆਪਣੀ ਜ਼ਿੰਦਗੀ ਕਿਵੇਂ ਨਾ ਕਿਵੇਂ ਇਨ੍ਹਾਂ ਹਾਲਾਤ ਵਿਚ ਗੁਜ਼ਾਰ ਲਈ ਪਰ ਉਨ੍ਹਾਂ ਨੂੰ ਆਪਣੇ ਬੱਚਿਆਂ ਨੂੰ ਅਜਿਹੇ ਹਾਲਾਤ ਤੋਂ ਬਚਾਉਣਾ ਚਾਹੀਦਾ ਹੈ ਉਹ ਆਪਣੀ ਸੰਤਾਨ ਨੂੰ ਕੈਨੇਡਾ, ਆਸਟਰੇਲੀਆ, ਨਿਊਜ਼ੀਲੈਂਡ ਜਾਂ ਹੋਰ ਦੇਸ਼ਾਂ ਵਿਚ ਪਰਵਾਸ ਕਰਵਾ ਦੇਣਾ ਚਾਹੁੰਦੇ ਹਨ| &lsquoਆਪ&rsquo ਨੂੰ ਇਨ੍ਹਾਂ ਬਹੁ-ਪਰਤੀ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ|
ਪੰਜਾਬ ਦੀ ਇਤਿਹਾਸਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਪਰਿਵਾਰਵਾਦ ਦਾ ਸ਼ਿਕਾਰ ਹੋ ਕੇ ਮਜ਼ਬੂਤ ਖੇਤਰੀ ਪਾਰਟੀ ਬਣਨ ਦੀ ਰਾਹ ਤੋਂ ਭਟਕ ਚੁੱਕੀ ਹੈ| ਉਸ ਨੇ ਆਪਣੇ ਸ਼ਾਨਦਾਰ ਇਤਿਹਾਸ ਵਿਚ ਲੋਕਾਂ ਲਈ ਲੜਨ ਦੀਆਂ ਕਾਇਮ ਕੀਤੀਆਂ ਰਵਾਇਤਾਂ ਨੂੰ ਤਿਲਾਂਜਲੀ ਦੇ ਦਿੱਤੀ ਹੈ| ਅਕਾਲੀ ਦਲ ਅਤੇ ਕਾਂਗਰਸ ਨੇ ਪੰਜਾਬ ਵਿਚ ਅਜਿਹੀ ਸਿਆਸੀ ਜਮਾਤ ਪੈਦਾ ਕੀਤੀ ਹੈ ਜਿਸ ਦਾ ਮਕਸਦ ਲੋਕ ਸੇਵਾ ਨਾ ਹੋ ਕੇ ਦੌਲਤ ਕਮਾਉਣਾ ਅਤੇ ਸੱਤਾ ਵਿਚ ਬਣੇ ਰਹਿਣਾ ਹੈ| ਇਹੀ ਇਹਨਾਂ ਦੀ ਹਾਰ ਦਾ ਕਾਰਣ ਹੈ| ਬਾਦਲ ਦਲ ਪੁਨਰ ਜੀਵਤ ਹੋਵੇ ਕਹਿਣਾ ਬਹੁਤ ਮੁਸ਼ਕਲ ਹੈ ਪਰ ਅਕਾਲੀ ਦਲ ਦੀ ਪੁਨਰ ਸੁਰਜੀਤੀ ਦੀ ਵਡੀ ਸੰਭਾਵਨਾ ਹੈ| ਇਸ ਤੋਂ ਬਿਨਾਂ ਪੰਜਾਬ ਤੇ ਪੰਥ ਦਾ ਭਵਿਖ ਨਹੀਂ| ਕਾਂਗਰਸ ਦੀ ਹਾਈਕਮਾਂਡ ਦਾ ਪਰਿਵਾਰਵਾਦ ਕਾਂਗਰਸ ਦੇ ਵਿਕਾਸ ਅਗੇ ਰੁਕਾਵਟ ਹੈ| ਜਿੱਥੋਂ ਤਕ ਆਪ ਪਾਰਟੀ ਦਾ ਸੁਆਲ ਹੈ ਇਸਦੇ ਅਗੇ ਵਡੇ ਚੈਲਿੰਜ ਹਨ|
ਸੂਬੇ ਦੇ ਮੁੱਖ ਮੰਤਰੀ ਵਜੋਂ ਕਾਰਜਭਾਰ ਸੰਭਾਲਣ ਵਾਲੇ ਨਵੇਂ ਮੁੱਖ ਮੰਤਰੀ ਭਗਵੰਤ ਮਾਨ ਲਈ ਤੁਰੰਤ ਹੱਲ ਕੀਤੇ ਜਾਣ ਵਾਲੇ ਮਸਲਿਆਂ ਦੀ ਪੰਡ ਕਾਫ਼ੀ ਭਾਰੀ ਨਜ਼ਰ ਆ ਰਹੀ ਹੈ| ਮੁੱਖ ਮੰਤਰੀ ਭਗਵੰਤ ਮਾਨ ਵਲੋਂ  ਖਟਕੜ ਕਲਾਂ ਸਹੁੰ ਚੁੱਕਣ ਤੋਂ ਬਾਅਦ ਚੰਡੀਗੜ੍ਹ ਵਿਖੇ ਪੰਜਾਬ ਸਿਵਲ ਸਕੱਤਰੇਤ ਵਿਚ ਕੰਮਕਾਜ ਵੀ ਸੰਭਾਲ ਲਿਆ ਜਾਵੇਗਾ| ਨਵੇਂ ਸਰਕਾਰ ਲਈ ਸਟੇਟ ਹੈੱਕੁਆਟਰ ਤੇ ਜ਼ਿਲ੍ਹਾ ਪੱਧਰ ਤੇ ਮਗਰਲੀ ਕਾਂਗਰਸ ਵਲੋਂ ਨਿਯੁਕਤ ਢਾਂਚੇ ਦੀ ਥਾਂ ਪਾਰਟੀ ਵਲੋਂ ਆਪਣੀ ਸੋਚ ਅਨੁਸਾਰ ਕੰਮ ਕਰ ਸਕਣ ਵਾਲੇ ਅਧਿਕਾਰੀਆਂ ਦੀ ਚੋਣ ਤੇ ਪ੍ਰਸ਼ਾਸਨਿਕ ਰੱਦੋ ਬਦਲ ਵੀ ਇਕ ਵੱਡੀ ਚੁਣੌਤੀ ਹੈ, ਜਦੋਂ ਕਿ ਪਾਰਟੀ ਨੂੰ ਰਾਜ ਦੀ ਅਫ਼ਸਰਸ਼ਾਹੀ ਸੰਬੰਧੀ ਕੋਈ ਬਹੁਤਾ ਤਜਰਬਾ ਜਾਂ ਜਾਣਕਾਰੀ ਵੀ ਨਹੀਂ ਹੈ| 31 ਮਾਰਚ ਤੋਂ ਪਹਿਲਾਂ ਸੂਬੇ ਦਾ ਬਜਟ ਪਾਸ ਨਾ ਕਰਵਾ ਸਕਣ ਕਾਰਨ ਸਰਕਾਰ ਲਈ ਜ਼ਰੂਰੀ ਹੋਵੇਗਾ ਕਿ ਅਗਲੇ 2-3 ਮਹੀਨਿਆਂ ਲਈ ਵਿੱਤੀ ਮੰਗਾਂ ਤੇ ਖ਼ਜ਼ਾਨਾ ਬਿੱਲ ਨੂੰ ਵੀ ਪਾਸ ਕਰਵਾਇਆ ਜਾਵੇਗਾ| ਸਰਕਾਰ ਨੂੰ ਸੂਬੇ ਵਿਚ ਨਸ਼ਿਆਂ ਦੇ ਪਸਾਰ ਨੂੰ ਖ਼ਤਮ ਕਰਨ ਤੇ ਬੇਅਦਬੀਆਂ ਵਰਗੇ ਸੰਵੇਦਨਸ਼ੀਲ ਮੁੱਦਿਆਂ ਨੂੰ ਹਲ ਜਰੂਰ ਕਰਨਾ ਪਵੇਗਾ| ਦਰਿਆਈ ਪਾਣੀਆਂ ਅਤੇ ਚੰਡੀਗੜ੍ਹ ਵਰਗੇ ਅੰਤਰਰਾਜੀ ਮਸਲਿਆਂ ਤੇ ਹੁਣ ਸਰਕਾਰ ਵਿਚ ਆਉਣ ਤੋਂ ਬਾਅਦ ਕੀ ਸਟੈਂਡ ਲਵੇਗੀ ਉਹ ਵੀ ਵੇਖਣ ਵਾਲੀ ਗੱਲ ਹੋਵੇਗੀ| 
ਇਸ ਮੌਕੇ ਉਨ੍ਹਾਂ ਨੂੰ ਬੇਰੁਜ਼ਗਾਰੀ ਦੇ ਖ਼ਾਤਮੇ ਤੇ ਅਰਥ-ਵਿਵਸਥਾ ਦੇ ਵਿਕਾਸ ਦੇ ਨਾਲ-ਨਾਲ ਪੰਜਾਬ ਵਿਚੋਂ ਹਿੰਸਕ ਵਾਰਦਾਤਾਂ ਤੇ ਹੋਰ ਅਪਰਾਧਾਂ ਦਾ ਸਦਾ ਲਈ ਖ਼ਾਤਮਾ ਕਰਨ ਦਾ ਸੰਕਲਪ ਵੀ ਲੈਣਾ ਪਵੇਗਾ| ਪਿਛਲੇ ਕੁਝ ਦਿਨਾਂ ਤੋਂ ਕਤਲਾਂ ਤੇ ਹੋਰ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਤੋਂ ਇਲਾਵਾ ਗਊਆਂ ਦੇ ਸਿਰ ਤੇ ਧੜ ਵੱਖੋ-ਵੱਖਰੇ ਮਿਲਣ ਦੀਆਂ ਘਟਨਾਵਾਂ ਨੇ ਸਭ ਦਾ ਧਿਆਨ ਖਿੱਚਿਆ ਹੈ| ਜਲੰਧਰ ਜ਼ਿਲ੍ਹੇ ਵਿਚ ਨਕੋਦਰ ਲਾਗਲੇ ਪਿੰਡ ਮੱਲ੍ਹੀਆਂ ਖੁਰਦ ਵਿਚ ਸੋਮਵਾਰ ਸ਼ਾਮੀਂ ਕਬੱਡੀ ਦੇ ਕੌਮਾਂਤਰੀ ਖਿਡਾਰੀ ਸੰਦੀਪ ਸਿੰਘ ਨੰਗਲ ਅੰਬੀਆਂ ਦਾ ਕਤਲ ਹੋ ਗਿਆ, ਜਦਕਿ ਟੂਰਨਾਮੈਂਟ ਚੱਲ ਰਿਹਾ ਸੀ| ਇਹ ਬੇਹੱਦ ਮੰਦਭਾਗੀ ਘਟਨਾ ਹੈ| ਪੂਰੀ ਦੁਨੀਆ &rsquoਚ ਪੰਜਾਬ ਦਾ ਨਾਂ ਰੌਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਤਾਂ ਪੂਰਾ ਮਾਣ-ਸਨਮਾਨ ਮਿਲਣਾ ਚਾਹੀਦਾ ਹੈ ਪਰ ਇੱਥੇ ਤਾਂ ਪੁਰਾਣੀਆਂ ਰੰਜ਼ਿਸ਼ਾਂ ਕਾਰਨ ਜਾਂ ਗੈਂਗਸਟਰਾਂ ਦੀਆਂ ਸਾਜ਼ਿਸ਼ਾਂ ਕਾਰਨ ਉਨ੍ਹਾਂ ਨੂੰ ਇੰਜ ਹਿੰਸਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ| ਜਿਹੜਾ ਪੰਜਾਬ ਗੁਰਾਂ ਦੇ ਨਾਂ &rsquoਤੇ ਜਿਊਂਦਾ ਹੈ, ਉਸ ਧਰਤੀ ਤੇ ਅਜਿਹੇ ਸਮਾਜ-ਵਿਰੋਧੀ ਅਨਸਰਾਂ ਦੀ ਮੌਜੂਦਗੀ ਆਪਣੇ-ਆਪ ਵਿਚ ਸ਼ਰਮਨਾਕ ਹੈ| 
ਖੇਡ ਮੇਲਿਆਂ ਵਿਚ ਗੁੰਡਾਗਰਦੀ ਨਾ-ਕਾਬਿਲੇ-ਬਰਦਾਸ਼ਤ ਹੈ| ਅਕਸਰ ਅਜਿਹੀਆਂ ਖ਼ਬਰਾਂ ਵੀ ਆਉਂਦੀਆਂ ਰਹੀਆਂ ਹਨ ਕਿ ਬਹੁਤ ਸਾਰੇ ਗੈਂਗਸਟਰ ਵੀ ਕਬੱਡੀ ਕੱਪਾਂ ਦੇ ਸਪਾਂਸਰ ਰਹੇ ਹਨ| 
-ਰਜਿੰਦਰ ਸਿੰਘ ਪੁਰੇਵਾਲ