image caption: -ਰਜਿੰਦਰ ਸਿੰਘ ਪੁਰੇਵਾਲ

ਰਾਜ ਸਭਾ ਉਮੀਦਵਾਰਾਂ ਬਾਰੇ ਕੇਜਰੀਵਾਲ ਦਾ ਪੰਜਾਬ ਵਿਰੋਧੀ ਫੈਸਲਾ

ਆਮ ਆਦਮੀ ਪਾਰਟੀ ਨੇ ਪੰਜਾਬ ਵਿਚੋਂ ਰਾਜ ਸਭਾ ਵਿਚ ਜਾਣ ਵਾਲੇ ਆਪਣੇ ਉਮੀਦਵਾਰਾਂ ਆਪ ਆਗੂ ਅਤੇ ਪੰਜਾਬ ਵਿੱਚ ਪਾਰਟੀ ਦੇ ਸਹਿ ਇੰਚਾਰਜ ਰਾਘਵ ਚੱਢਾ, ਸਾਬਕਾ ਕ੍ਰਿਕਟਰ ਹਰਭਜਨ ਸਿੰਘ, ਆਈਆਈਟੀ ਦਿੱਲੀ ਦੇ ਅਸਿਸਟੈਂਟ ਪ੍ਰੋਫੈਸਰ ਸੰਦੀਪ ਪਾਠਕ, ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਚਾਂਸਲਰ ਅਸ਼ੋਕ ਮਿੱਤਲ ਅਤੇ ਪੰਜਾਬ ਦੇ ਉਦਯੋਗਪਤੀ ਸੰਜੀਵ ਅਰੋੜਾ ਤੇ ਮੋਹਰ ਲਗਾ ਦਿੱਤੀ ਹੈ| ਰਾਜ ਸਭਾ ਵਿੱਚ ਪੰਜਾਬ ਦੀਆਂ 7 ਸੀਟਾਂ ਹਨ| ਜਿਨ੍ਹਾਂ ਵਿੱਚੋਂ ਪ੍ਰਤਾਪ ਸਿੰਘ ਬਾਜਵਾ, ਸ਼ਮਸ਼ੇਰ ਸਿੰਘ ਦੂਲੋਂ, ਸੁਖਦੇਵ ਸਿੰਘ ਢੀਂਡਸਾ, ਨਰੇਸ਼ ਗੁਜਰਾਲ ਤੇ ਸ਼ਵੇਤ ਮਲਿਕ ਦਾ ਕਾਰਜਕਾਲ ਖਤਮ ਹੋਣ ਮਗਰੋਂ ਪੰਜ ਸੀਟਾਂ 9 ਅਪ੍ਰੈਲ ਨੂੰ ਖਾਲੀ ਹੋ ਰਹੀਆਂ ਹਨ| ਬਾਕੀ ਦੋ ਸੀਟਾਂ ਲਈ ਬਲਵਿੰਦਰ ਸਿੰਘ ਭੂੰਦੜ ਅਤੇ ਅੰਬਿਕਾ ਸੋਨੀ ਦਾ ਕਾਰਜਕਾਲ 4 ਜੁਲਾਈ ਨੂੰ ਖਤਮ ਹੋਵੇਗਾ ਅਤੇ ਇਨ੍ਹਾਂ ਸੀਟਾਂ ਲਈ ਲਈ ਚੋਣਾਂ ਵੀ ਬਾਅਦ ਵਿਚ ਹੋਣਗੀਆਂ|
ਆਪ  ਪਾਰਟੀ ਵੱਲੋਂ ਨਾਵਾਂ ਦੇ ਐਲਾਨ ਤੋਂ ਬਾਅਦ ਗਿੱਦੜਬਾਹਾ ਤੋਂ ਕਾਂਗਰਸੀ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ, ਭੁਲੱਥ ਤੋਂ ਕਾਂਗਰਸ ਵਿਧਾਇਕ ਸੁਖਪਾਲ ਸਿੰਘ ਖਹਿਰਾ, ਕਾਂਗਰਸੀ ਵਿਧਾਇਕ ਪ੍ਰਗਟ ਸਿੰਘ, ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ, ਬਸਪਾ ਪੰਜਾਬ ਦੇ ਪ੍ਰਧਾਨ ਜਸਬੀਰ ਸਿੰਘ ਗੜੀ  ਨੇ ਵੱਖ-ਵੱਖ ਬਿਆਨਾਂ ਰਾਹੀਂ ਕਿਹਾ ਕਿ ਗੈਰ ਪੰਜਾਬੀਆਂ ਨੂੰ ਰਾਜ ਸਭਾ ਲਈ ਉਮੀਦਵਾਰ ਬਣਾਉਣਾ ਪੰਜਾਬ ਦੇ ਲੋਕਾਂ ਵੱਲੋਂ ਦਿੱਤੀ ਬਹੁਮਤ ਦੀ ਬੇਇਜ਼ਤੀ ਹੈ|
ਕੇਜਰੀਵਾਲ ਨੂੰ ਯਾਦ ਰਖਣਾ ਚਾਹੀਦਾ ਹੈ ਕਿ ਪੰਜਾਬ ਦੂਜੇ ਸੂਬਿਆਂ ਨਾਲੋਂ ਵੱਖਰਾ ਸੂਬਾ ਹੈ ਅਤੇ ਇਸ ਦੇ ਸਿਆਸੀ ਮਸਲੇ ਵੀ ਵੱਖਰੇ ਹਨ| ਇਸ ਲਈ ਪਾਰਟੀ ਨੂੰ ਇਸ ਸੰਦਰਭ ਵਿਚ ਆਪਣੇ ਫੈਸਲੇ ਦੀ ਪੜਚੋਲ ਕਰਨ ਦੀ ਲੋੜ ਹੈ| ਸੁਆਲ ਇਹ ਹੈ ਕਿ ਪੰਜਾਬ ਦੇ ਜੋ ਗੰਭੀਰ ਮਸਲੇ ਅਤੇ ਚਿੰਤਾਵਾਂ ਹਨ ਕੀ ਇਹ ਪੰਜੇ ਉਮੀਦਵਾਰ ਰਾਜ ਸਭਾ ਵਿਚ ਚੁੱਕਣਗੇ ਜਾਂ ਫਿਰ ਦਿੱਲੀ ਦੇ ਮਸਲਿਆਂ ਨੂੰ ਪਹਿਲ ਦਿੱਤੀ ਜਾਵੇਗੀ? ਪੰਜਾਬ ਦੂਜੇ ਸੂਬਿਆਂ ਨਾਲੋਂ ਵੱਖਰਾ ਸੂਬਾ ਹੈ| ਇਸ ਦੇ ਸਿਆਸੀ ਮਸਲੇ ਵੱਖਰੇ ਹਨ| ਇਸ ਲਈ ਜਿਸ ਸੂਬੇ ਦੀਆਂ ਸਿਆਸੀ ਗਤੀਵਿਧੀਆਂ ਵੱਖਰੀਆਂ ਹੋਣ ਉਸ ਸੂਬੇ ਦੀਆਂ ਚਿੰਤਾਵਾਂ, ਮਸਲੇ ਵੀ ਵੱਖਰੇ ਹੀ ਹੁੰਦੇ ਹਨ|ਪੰਜਾਬ ਦੇ ਮੁੱਦੇ ਹਸਪਤਾਲਾਂ ਅਤੇ ਸਕੂਲਾਂ ਤੱਕ ਹੀ ਸੀਮਤ ਨਹੀਂ ਹਨ ਬਲਕਿ ਇਸ ਦੇ ਮਸਲੇ ਗੰਭੀਰ ਅਤੇ ਸੰਵੇਦਨਸ਼ੀਲ ਹਨ| ਮੁਖ ਮਸਲਾ ਪੰਜਾਬ ਦੀ ਖੁਦਮੁਖਤਿਆਰੀ ,ਹਸਤੀ ਤੇ ਵਾਜੂਦ ਦਾ ਮਸਲਾ ਹੈ|
ਅਕਾਲੀ ਦਲ ਜਿਸ ਨੂੰ ਕਿ ਸਿੱਖਾਂ ਦੀ ਪਾਰਟੀ ਵੀ ਕਿਹਾ ਜਾਂਦਾ ਹੈ, ਇਸ ਵੱਲੋਂ ਲੋਕ ਸਭਾ ਅਤੇ ਰਾਜ ਸਭਾ ਲਈ ਭੇਜੇ ਗਏ ਮੈਂਬਰ ਪੰਜਾਬ ਦੇ ਮਸਲੇ ਨਹੀਂ ਚੁਕ ਸਕੇ|ਪਰ ਉਹਨਾਂ ਕਦੇ ਗੈਰ ਪੰਜਾਬੀ ਵਿਅਕਤੀ ਰਾਜ ਸਭਾ ਵਿਚ ਨਹੀਂ ਭੇਜੇ| ਕਾਂਗਰਸ ਪਾਰਟੀ ਦਾ ਵੀ ਇਹੀ ਇਤਿਹਾਸ ਰਿਹਾ ਹੈ| ਯਾਦ ਰਹੇ ਕਿ ਗੁਰਚਰਨ ਸਿੰਘ ਟੌਹੜਾ ਅਤੇ ਪ੍ਰਤਾਪ ਸਿੰਘ ਬਾਜਵਾ ਹੀ ਅਜਿਹੇ ਆਗੂ ਰਹੇ ਹਨ ਜਿੰਨ੍ਹਾਂ ਨੇ ਪੰਜਾਬ ਦੇ ਮਸਲਿਆਂ ਨੂੰ ਕੇਂਦਰ ਵਿਚ ਚੁੱਕਣ ਲਈ ਆਪਣੀ ਪੂਰੀ ਵਾਹ ਲਗਾਈ ਹੈ|ਹੁਣ ਤੱਕ ਕਈ ਅਜਿਹੇ ਰਾਜ ਸਭਾ ਮੈਂਬਰ ਪੰਜਾਬ ਦੀ ਨੁਮਾਇੰਦਗੀ ਤਾਂ ਕਰ ਚੁੱਕੇ ਹਨ ਪਰ ਅਸੀਂ ਉਨ੍ਹਾਂ ਤੋਂ ਜਾਣੂ ਨਹੀਂ ਹਾਂ ਕਿਉਂਕਿ ਉਨ੍ਹਾਂ ਦੀ ਕਾਰਗੁਜ਼ਾਰੀ ਜ਼ੀਰੋ ਹੈ| ਸ਼ਵੇਤ ਮਲਿਕ, ਸ਼ਮਸ਼ੇਰ ਸਿੰਘ, ਸੁਖਦੇਵ ਸਿੰਘ ਢੀਂਡਸਾ, ਅੰਬੀਕਾ ਸੋਨੀ, ਬਲਵਿੰਦਰ ਸਿੰਘ ਭੁੰਦੜ ਅਜਿਹੇ ਹੀ ਕੁਝ ਰਾਜ ਸਭਾ ਮੈਂਬਰਾਂ ਦੇ ਨਾਮ ਹਨ ਜਿਨ੍ਹਾਂ ਦੀ ਕਾਰਗੁਜ਼ਾਰੀ ਨਾਂਹ ਦੇ ਬਰਾਬਰ ਰਹੀ ਹੈ| ਕੇਜਰੀਵਾਲ ਵੀ ਅਜਿਹਾ ਤਜਰਬਾ ਕਰ ਰਹੇ ਹਨ| 
ਸਮੂਹ ਪੰਜਾਬੀ ਇਸ ਫੈਸਲੇ ਨਾਲ ਬਿਲਕੁੱਲ ਵੀ ਸੰਤੁਸ਼ਟ ਨਹੀਂ ਹਨ| ਇਸ ਦਾ ਸਬੂਤ ਸ਼ੋਸ਼ਲ ਮੀਡੀਆ ਆਪ ਦੇ ਇਸ ਸਟੈਂਡ ਦੇ ਵਿਰੋਧ ਵਿਚ ਭਰਿਆ ਹੋਇਆ ਹੈ| ਆਪ ਪਾਰਟੀ ਨੂੰ ਇਸ ਬਾਰੇ ਪੁਨਰ ਵਿਸ਼ਲੇਸ਼ਣ ਕਰਨਾ ਚਾਹੀਦਾ ਹੈ|
-ਰਜਿੰਦਰ ਸਿੰਘ ਪੁਰੇਵਾਲ