image caption: ਜਥੇਦਾਰ ਮਹਿੰਦਰ ਸਿੰਘ ਖਹਿਰਾ ਯੂ ਕੇ

ਮਾਰਚ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਨਮੋਸ਼ੀ ਭਰੀ ਹਾਰ ਪੰਜਾਬੀ ਪਾਰਟੀ ਦੀ ਹੋਈ ਹੈ, ਅਕਾਲੀ ਦਲ ਦੀ ਨਹੀਂ !

ਜੇ ਸਿੱਖ ਕੌਮ ਦੀ ਵਿਲੱਖਣ ਹੋਂਦ ਹਸਤੀ ਬਚਾਉਣੀ ਹੈ ਤਾਂ ਮਸਲਾ ਕੇਵਲ ਸ਼੍ਰੋਮਣੀ ਅਕਾਲੀ ਦੀ ਹੋਂਦ ਬਚਾਉਣ ਦਾ ਹੀ ਨਹੀਂ ਸਗੋਂ ਪੰਜਾਬ ਵਿੱਚ ਖ਼ਾਲਸਾ ਪੰਥ ਦੇ ਖੁਰਦੇ ਜਾ ਰਹੇ ਵਜੂਦ ਨੂੰ ਬਚਾਉਣ ਲਈ ਪੰਥ ਦੀ ਪੁਨਰ ਸੁਰਜੀਤੀ ਦੀ ਲੋੜ ਹੈ । ਪਿਛਲੇ ਹਫ਼ਤੇ ਯੂ।ਕੇ। ਤੋਂ ਡਰਬੀ ਤੋਂ ਛੱਪਦੇ 24-3-2022 ਪੰਜਾਬ ਟਾਈਮਜ਼ ਦੇ ਅੰਕ 2919 ਦੇ ਸਫ਼ਾ 11 ਉੱਤੇ ਖ਼ਬਰ ਛਪੀ ਹੈ : ਬਾਦਲ ਦੀ ਹਾਰ &lsquoਤੇ ਜਥੇਦਾਰ ਅਕਾਲ ਤਖ਼ਤ ਨਿਰਾਸ਼, ਕਿਹਾ - ਅਕਾਲੀ ਦਲ ਦਾ ਖਾਤਮਾ ਸਿੱਖਾਂ ਲਈ ਘਾਤਕ, ਖ਼ਬਰ ਦੇ ਸ਼ੁਰੂ ਵਿੱਚ ਲਿਖਿਆ ਹੈ ਕਿ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਹੋਈ ਹਾਰ ਤੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਵੱਡੀ ਚਿੰਤਾ ਪ੍ਰਗਟ ਕਰਦਿਆਂ ਆਖਿਆ ਹੈ ਕਿ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਹਾਰ ਸਿੱਖਾਂ ਲਈ ਬਹੁਤ ਘਾਤਕ ਹੈ । ਅਕਾਲੀ ਦਲ ਦਾ ਖ਼ਤਮ ਹੋਣਾ ਸਿੱਖ ਪੰਥ ਤੇ ਦੇਸ਼ ਲਈ ਘਾਤਕ ਹੈ । ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਮੌਜੂਦਾ ਸਥਿਤੀ ਲਈ ਸ੍ਰੀ ਅਕਾਲ ਤਖ਼ਤ ਸਾਹਿਬ &lsquoਤੇ ਲਗਾਤਾਰ ਫੋਨ ਤੇ ਈ: ਮੇਲ ਵਿਦੇਸ਼ਾਂ ਤੋਂ ਆ ਰਹੇ ਹਨ ਕਿ ਅਕਾਲੀ ਦਲ ਨੇ ਦੇਸ਼ ਨੂੰ ਅਜ਼ਾਦ ਕਰਵਾਉਣ ਵਿੱਚ ਅਹਿਮ ਰੋਲ ਅਦਾ ਕੀਤਾ ਹੈ । ਹੁਣ ਸਮਾਂ ਆ ਗਿਆ ਹੈ ਕਿ ਜਿੰਨੇ ਵੀ ਅਕਾਲੀ ਦਲ ਦੇ ਧੜੇ ਹਨ, ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਬੈਠ ਕੇ ਇਸ ਸਬੰਧ ਵਿੱਚ ਵਿਚਾਰ ਕਰਨ । ਅੱਗੇ ਇਸ ਖ਼ਬਰ ਵਿੱਚ ਵੱਖ-ਵੱਖ ਸਿੱਖ ਸੰਸਥਾਵਾਂ ਤੇ ਪੰਥਕ ਆਗੂਆਂ ਅਤੇ ਦਲਾਂ ਦੇ ਆਗੂਆਂ ਨੇ ਗਿਆਨੀ ਹਰਪ੍ਰੀਤ ਸਿੰਘ ਦੇ ਉਕਤ ਬਿਆਨ ਤੇ ਆਪਣਾ ਆਪਣਾ ਪ੍ਰਤੀਕਰਮ ਦਿੱਤਾ ਹੈ । ਗੁਰੂ ਨਾਨਕ ਸਾਹਿਬ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਮੇਂ ਕਾਰਜਕਾਰੀ ਜਥੇਦਾਰ ਅਕਾਲ ਤਖ਼ਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਸੰਸਾਰ ਭਰ ਵਿੱਚ ਵੱਸਦੇ ਨਾਨਕ ਨਾਮ ਲੇਵਾ ਅਤੇ ਨਿਰਮਲ ਬੁੱਧ ਖ਼ਾਲਸਾ ਜੀ ਦੇ ਨਾਂ 12 ਨਵੰਬਰ 2019 ਨੂੰ ਆਪਣੇ ਦਸਖ਼ਤਾਂ ਹੇਠ ਸੰਦੇਸ਼ ਜਾਰੀ ਕੀਤਾ ਸੀ (ਉਸ ਦੀ ਕਾਪੀ ਦਾਸ ਪਾਸ ਮੌਜੂਦ ਹੈ) ਵਿਚਾਰਨ ਯੋਗ ਤੱਥ ਇਹ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਦਾ ਅਜੋਕਾ ਬਿਆਨ ਉਸ ਸੰਦੇਸ਼ ਨਾਲ ਬਿਲਕੁੱਲ ਮੇਲ ਨਹੀਂ ਖਾਂਦਾ । ਸਗੋਂ ਅਕਾਲ ਤਖ਼ਤ ਦੇ ਰੁਤਬੇ ਨੂੰ ਢਾਹ ਲਾਉਣ ਵਾਲਾ ਹੈ । ਇਸ ਵਿੱਚ ਦੋ ਰਾਵਾਂ ਨਹੀਂ ਹਨ ਕਿ ਸਿੱਖ ਪੰਥ ਦੀ ਰਾਜਸੀ ਨੁਮਾਇੰਦਗੀ ਕਰਨ ਵਾਲੀ ਮੁੱਖ ਧਿਰ ਤਾਂ ਸ਼੍ਰੋਮਣੀ ਅਕਾਲੀ ਦਲ ਹੀ ਹੁੰਦਾ ਸੀ, ਪਰ ਅਕਾਲੀ ਦਲ ਦੀ ਮੁੱੁਖ ਧਿਰ (ਅਕਾਲੀ ਦਲ ਬਾਦਲ) ਨੇ ਸਿੱਖ ਕੌਮ ਦੀ ਵਿਲੱਖਣ ਤੇ ਸੁਤੰਤਰ ਹਸਤੀ ਨੂੰ ਦਾਅ &lsquoਤੇ ਲਾ ਕੇ ਹਿੰਦੀ, ਹਿੰਦੂ, ਹਿੰਦੋਸਤਾਨ ਦੇ ਨਾਅਰੇ ਮਾਰਨ ਵਾਲੀਆਂ ਧਿਰਾਂ ਅੱਗੇ ਆਤਮ ਸਮਰਪਣ ਕਰਕੇ ਅਕਾਲੀ ਦਲ ਨੂੰ ਪੰਜਾਬੀ ਪਾਰਟੀ ਬਣਾ ਦਿੱਤਾ ਅਤੇ ਆਪੇ ਹੀ ਬਣਾਏ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਪਾਲਿਸੀ ਪ੍ਰੋਗਰਾਮ ਦੇ ਮਤੇ (ਅਨੰਦਪੁਰ ਦਾ ਮਤਾ) ਨੂੰ ਪੂਰੀ ਤਰ੍ਹਾਂ ਪਿੱਠ ਦੇ ਕੇ ਸਿੱਖਾਂ ਦੀ ਵੱਖਰੀ ਪਛਾਣ ਤੋਂ ਮੂੰਹ ਮੋੜ ਲਿਆ । ਆਪਣੀ ਕੌਮ ਦੀ ਹਸਤੀ ਮਿਟਾ ਕੇ ਪੰਜਾਬੀ ਪਾਰਟੀ ਤਹਿਤ ਕੀਤੀ ਰਾਜਨੀਤੀ ਸਿੱਖ ਕੌਮ ਲਈ ਘਾਤਕ ਸਿੱਧ ਹੋਈ ਹੈ, ਭਾਵ ਪੰਜਾਬ ਵਿਧਾਨ ਸਭਾ 2022 ਦੀਆਂ ਚੋਣਾਂ ਵਿੱਚ ਹਾਰ ਪੰਜਾਬੀ ਪਾਰਟੀ ਦੀ ਹੋਈ ਹੈ ਨਾ ਕਿ ਅਕਾਲੀ ਦਲ ਦੀ । (ਨੋਟ, ਅਨੰਦਪੁਰ ਸਾਹਿਬ ਦਾ ਮਤਾ ਜਿਹੜਾ ਅਕਾਲੀ ਦਲ ਵੱਲੋਂ ਆਪ ਭਾਰਤ ਸਰਕਾਰ ਨੂੰ ਸੌਂਪਿਆ ਗਿਆ ਸੀ ਉਹ ਇੰਝ ਹੈ : ਸ਼੍ਰੋਮਣੀ ਅਕਾਲੀ ਦੇ ਪਾਲਿਸੀ-ਪ੍ਰੋਗਰਾਮ ਦਾ ਮਤਾ ਜਿਸ ਨੂੰ ਤਿਆਗ ਕੇ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬੀ ਪਾਰਟੀ ਬਣਾਈ ਸੀ ਉਸ ਦੀ ਕਾਪੀ ਵੀ ਦਾਸ ਪਾਸ ਮੌਜੂਦ ਹੈ ।)
ਅਕਾਲ ਤਖ਼ਤ ਦੀ ਦੁਰਵਰਤੋਂ ਪਹਿਲਾਂ ਵੀ ਹੁੰਦੀ ਆਈ ਹੈ ਅਤੇ ਜਾਗਦੀ ਸਿੱਖ ਕੌਮ ਉਸ ਦੀ ਭਰਪੂਰ ਨਿਖੇਧੀ ਵੀ ਕਰਦੀ ਆਈ ਹੈ, ਪਰ ਮੋਗਾ ਕਾਨਫਰੰਸ (1996) ਜਦੋਂ ਪਝੱਤਰ (75) ਸਾਲਾ ਅਕਾਲੀ ਦਲ ਸਿੱਖਾਂ ਦੀ ਨੁਮਾਇੰਦਗੀ ਕਰਦਾ-ਕਰਦਾ ਥੱਕ ਹਾਰ ਗਿਆ ਤਾਂ ਉਸ ਨੇ ਪੰਜਾਬੀ ਪਾਰਟੀ ਦਾ ਨਵਾਂ ਅਵਤਾਰ ਧਾਰ ਲਿਆ ਤੇ ਸਿੱਖਾਂ ਦੀ ਨੁਮਾਇੰਦਗੀ ਤੋਂ ਕਿਨਾਰਾ ਕਰ ਲਿਆ । ਅਜਿਹਾ ਕਰਨਾ ਨਾ ਸਮੇਂ ਦੀ ਲੋੜ ਸੀ ਤੇ ਨਾ ਆਸੇ ਪਾਸੇ ਦੇ ਸਿਆਸੀ ਵਾਤਾਵਰਣ ਦੀ । ਇਹ ਲੋੜ ਸੀ ਇਕ ਸਿਆਸਤਦਾਨ (ਪ੍ਰਕਾਸ਼ ਸਿੰਘ ਬਾਦਲ) ਦੀ ਜੋ ਸਿੱਖੀ ਨੂੰ ਤਿਲਾਂਜਲੀ ਦੇ ਕੇ ਏਸ ਨੂੰ ਦੁਸ਼ਮਣ (ਆਰ।ਐੱਸ।ਐੱਸ।) ਦੇ ਰਹਿਮੋਕਰਮ ਉੱਤੇ ਛੱਡ ਕੇ ਨਵਾਂ ਮਾਹੌਲ ਸਿਰਜਣ ਜਾ ਰਿਹਾ ਸੀ, ਜਿਸ ਵਿੱਚ ਉਸ ਦਾ ਅਤੇ ਉਸ ਦੇ ਪਰਿਵਾਰ ਦਾ ਜਾਤੀ ਭਲਾ ਸੀ । ਜੇ ਸਿੱਖ ਪੰਥ ਦੀ ਲੋੜ ਵੱਲ ਵੇਖਿਆ ਜਾਂਦਾ ਤਾਂ ਸੰਪਰਦਾਇਕ ਹਿੰਦੂਤਵ &lsquoਤੇ ਉੱਠਦੇ ਉਭਾਰ ਵਿੱਚ ਸਿੱਖੀ ਦੇ ਕਲਿਆਣਕਾਰੀ ਉਪਦੇਸ਼ਾਂ ਨੂੰ ਮਹਿਫੂਜ਼ ਰੱਖਣ ਅਤੇ ਅੱਗੇ ਵਧਾਉਣ ਲਈ ਅਕਾਲੀ ਦਲ ਦੀ ਵੱਡੀ ਲੋੜ ਸੀ । ਪ੍ਰਕਾਸ਼ ਸਿੰਘ ਬਾਦਲ ਨੇ ਪਹਿਲਾਂ ਤਾਂ ਅਕਾਲ ਤਖ਼ਤ ਦਾ ਸੇਵਾਦਾਰ ਥਾਪਣ ਲਈ ਕੌਮੀ ਸਰਬਸੰਮਤੀ ਨੂੰ ਸ਼ਰੇਆਮ ਨਕਾਰ ਦਿੱਤਾ । ਅਰਥਾਤ ਪੰਥਕ ਸੂਰਤ ਵਿੱਚ ਜਥੇਦਾਰ ਨੂੰ ਚੁਨਣ ਦੀ ਪੰਥਕ ਵਿਧੀ ਹੀ ਖਤਮ ਕਰ ਦਿੱਤੀ । ਹਾਲਾਤ ਇਥੋਂ ਤੱਕ ਪਹੁੰਚ ਗਏ ਕਿ ਜਥੇਦਾਰ ਕੇਵਲ ਇਕ ਆਦਮੀ (ਪ੍ਰਕਾਸ਼ ਸਿੰਘ ਬਾਦਲ) ਵੱਲੋਂ ਥਾਪੇ ਜਾਣ ਲੱਗ ਪਏ, ਪ੍ਰਚੱਲਤ ਬੋਲੀ ਵਿੱਚ ਇਹ ਲਿਫਾਫਿਆਂ ਵਿੱਚੋਂ ਨਿਕਲਣ ਲੱਗੇ । ਇਨ੍ਹਾਂ ਨੂੰ ਅਹੁਦਾ ਮੁਕਤ ਕਰਨ ਲਈ ਪ੍ਰਥਮੈ ਅਸਤੀਫਾ ਪਾਛੈ ਇਸ਼ਨਾਨ ਦੀ ਯੁਕਤੀ ਵਰਤੀ ਜਾਂਦੀ ਰਹੀ ਹੈ । (ਨੋਟ, ਇਥੇ ਇਹ ਵੀ ਜ਼ਿਕਰਯੋਗ ਹੈ ਜਦੋਂ ਪ੍ਰਕਾਸ਼ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਪੰਜਾਬੀ ਪਾਰਟੀ ਬਣਾਉਣ ਦਾ ਐਲਾਨ ਕੀਤਾ ਤਾਂ ਅਕਾਲ ਤਖ਼ਤ ਦੇ ਤੱਤਕਾਲੀਨ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਨੇ ਕਾਬਜ਼ ਅਕਾਲੀ ਧੜੇ ਨੂੰ ਹੁਕਮ ਕੀਤਾ ਸੀ ਕਿ ਉਹ ਆਪਣੇ ਨਾਂਅ ਨਾਲ ਅਕਾਲੀ ਦਲ ਸ਼ਬਦ ਦੀ ਵਰਤੋਂ ਨਾ ਕਰੇ ਕਿਉਂਕਿ ਮੋਗਾ ਕਾਨਫਰੰਸ ਤੋਂ ਬਾਅਦ ਉਸ ਨੇ ਆਪਣੇ ਧੜੇ ਵੱਲੋਂ ਅਕਾਲੀ ਹੋਣ ਅਤੇ ਸਿਖਾਂ ਦੀ ਨੁਮਾਇੰਦਾ ਜਥੇਬੰਦੀ ਹੋਣ ਦਾ ਦਾਅਵਾ ਛੱਡ ਦਿੱਤਾ ਹੈ ਅਤੇ ਆਪਣੇ ਆਪ ਨੂੰ ਪੰਜਾਬੀ ਪਾਰਟੀ ਵਿੱਚ ਤਬਦੀਲ ਕਰ ਲਿਆ ਹੈ, ਏਸ ਸਬੰਧੀ ਇਕ ਖ਼ਬਰ ਅਖ਼ਬਾਰਾਂ ਵਿੱਚ ਛਪੀ ਸੀ ਜਿਸ ਦੀ ਤਸਵੀਰ ਸਬੂਤ ਵਜੋਂ ਨਾਲ ਭੇਜ ਰਿਹਾ ਹਾਂ, ਜਥੇਦਾਰ ਗਿਆਨੀ ਜੋਗਿੰਦਰ ਸਿੰਘ ਪਾਸੋਂ ਉਹ ਚਿੱਠੀ ਅਖ਼ਬਾਰ ਵਿੱਚ ਛਪਣ ਤੋਂ ਬਾਅਦ ਪੰਜਾਬੀ ਪਾਰਟੀ ਉਰਫ਼ ਅਕਾਲੀ ਦਲ ਦੇ ਪ੍ਰਧਾਨ ਨੇ ਫੌਰਨ ਅਸਤੀਫਾ ਲੈ ਲਿਆ ਸੀ) ਲਿਫਾਫਾ ਕਲਚਰ ਦੀ ਵਿਧੀ ਰਾਹੀਂ ਅਕਾਲ ਤਖ਼ਤ &lsquoਤੇ ਠੋਸੇ ਸੇਵਾਦਾਰ (ਜਥੇਦਾਰ) ਨੂੰ ਪਾਰਟੀ ਪ੍ਰਧਾਨ ਵੱਲੋਂ ਦਿਖਾਵੇ ਲਈ ਅਸੀਮ ਧਾਰਮਿਕ ਸ਼ਕਤੀਆਂ ਬਖ਼ਸ਼ ਦਿੱਤੀਆਂ ਜਾਂਦੀਆਂ ਰਹੀਆਂ ਹਨ ਜੋ ਨਾ ਸਿੱਖ ਪਰੰਪਰਾ, ਨਾ ਪੰੰਥ ਪ੍ਰਵਾਨਿਤ ਰਹਿਤ ਮਰਿਯਾਦਾ ਤੇ ਨਾ ਹੀ ਸ਼੍ਰੋਮਣੀ ਕਮੇਟੀ ਦਾ ਵਿਧਾਨ ਉਸ ਨੂੰ ਦਿੰਦਾ ਹੈ । ਇਸ ਕਰਕੇ ਲੋਕ ਦਿਖਾਵੇ ਵਜੋਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਇਉਂ ਸੁਪਰੀਮ ਹੋਣਾ ਗੁਰੂ ਗ੍ਰੰਥ ਅਤੇ ਗੁਰੂ ਖ਼ਾਲਸਾ ਪੰਥ ਦੀ ਗੁਰਆਈ ਦੇ ਐਨ ਵਿਰੋਧ ਵਿੱਚ ਖੜ੍ਹਾ ਨਜ਼ਰ ਆ ਰਿਹਾ ਹੈ । ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਗੁਰੂ ਗ੍ਰੰਥ, ਗੁਰੂ ਪੰਥ ਦੇ ਸਿੱਖੀ ਵਿਧਾਨ ਦੀ ਪੂਰੀ ਜਾਣਕਾਰੀ ਹੈ ਇਸ ਕਰਕੇ ਉਨ੍ਹਾਂ ਨੂੰ ਆਪਣੀ ਨੈਤਿਕ ਜ਼ਿੰਮੇਵਾਰੀ ਸਮਝਦਿਆਂ ਹੋਇਆਂ ਆਪਣਾ ਅਸਤੀਫਾ ਗੁਰੂ ਪੰਥ ਨੂੰ ਸੌਂਪ ਦੇਣਾ ਚਾਹੀਦਾ ਹੈ । ਪੰਥ ਪ੍ਰਵਾਨਿਤ ਸਿੱਖ ਰਹਿਤ ਮਰਿਯਾਦਾ ਵਿੱਚ ਪੰਥਕ ਰਹਿਣੀ ਦੇ ਸਿਰਲੇਖ ਹੇਠ ਗੁਰੂ ਪੰਥ ਦਾ ਸਰੂਪ ਇਸ ਪ੍ਰਕਾਰ ਦਰਜ ਹੈ : ਗੁਰੂ ਪੰਥ : ਤਿਆਰ-ਬਰ-ਤਿਆਰ ਸਿੰਘਾਂ ਦੇ ਸਮੁੱਚੇ ਸਮੂਹ ਨੂੰ ਗੁਰੂ ਪੰਥ ਆਖਦੇ ਹਨ । ਇਸ ਦੀ ਤਿਆਰੀ ਦਸਾਂ ਗੁਰੂ ਸਾਹਿਬਾਨ ਨੇ ਕੀਤੀ ਅਤੇ ਦਸਮ ਗੁਰੂ ਜੀ ਨੇ ਇਸ ਦਾ ਅੰਤਿਮ ਸਰੂਪ ਬੰਨਕੇ ਗੁਰਆਈ ਸੌਂਪੀ । ਪੰਥ ਸਮੂਹਿਕ ਸਿੱਖ ਚੇਤਨਾ ਦੀ ਸੰਗਯਾ ਹੈ, ਇਸ ਕਰਕੇ ਪੰਥ ਨੂੰ ਧੜਿਆਂ ਵਿੱਚ ਗ੍ਰਹਿਣ ਨਹੀਂ ਕੀਤਾ ਜਾ ਸਕਦਾ । ਸਿੱਖ ਧਰਮ ਦੀ ਸਿਆਸੀ ਅਤੇ ਧਾਰਮਿਕ ਰੁਚੀ ਦੇ ਸੰਗਮ ਦਾ ਨਾਂਅ ਪੰਥ ਹੈ, ਪੰਥ ਕੋਈ ਨਿਰੋਲ ਧਾਰਮਿਕ ਸੰਸਥਾ ਦਾ ਨਾਂਅ ਨਹੀਂ ਅਤੇ ਨਾ ਹੀ ਕਿਸੇ ਇਕ ਸਮੇਂ ਦੀ ਲੋੜ ਪੂਰੀ ਕਰਨ ਦਾ । ਪੰਥ ਉਨ੍ਹਾਂ ਮਰਜੀਵੜਿਆਂ ਦਾ ਇਕੱਠ ਹੈ, ਜਿਨ੍ਹਾਂ ਦੀਨ, ਦੁਨੀ ਦੇ ਮਾਲਕ ਦੱਸ ਗੁਰੂ ਸਾਹਿਬਾਨ ਵੱਲੋਂ ਦਰਸਾਏ ਆਸ਼ਿਆਂ ਤੇ ਨਿਸ਼ਾਨਿਆਂ (ਰਾਜ ਕਰੇਗਾ ਖ਼ਾਲਸਾ) ਨੂੰ ਪ੍ਰਵਾਨ ਕਰ ਲਿਆ ਹੈ ਅਤੇ ਉਨ੍ਹਾਂ ਨਿਸ਼ਾਨਿਆਂ ਤੇ ਆਸ਼ਿਆਂ ਦੀ ਪੂਰਤੀ ਲਈ ਆਪਾ ਵਾਰਨ ਲਈ ਤੱਤਪਰ ਹਨ ਅਤੇ ਨਿੱਜੀ ਘਾਲਣਾ ਦੇ ਨਾਲ ਨਾਲ ਸਮੂਹਿਕ ਘਾਲਣਾ ਨੂੰ ਵੀ ਆਪਣਾ ਫਰਜ ਸਮਝਦੇ ਹਨ । ਅੰਤ ਵਿੱਚ ਪੰਜਾਬ ਵਿੱਚੋਂ ਖ਼ਾਲਸਾ ਪੰਥ ਦੀ ਖੁਰਦੀ ਜਾ ਰਹੀ ਵਿਲੱਖਣ ਤੇ ਸੁਤੰਤਰ ਹੋਂਦ ਹਸਤੀ ਨੂੰ ਬਚਾਉਣ ਅਤੇ ਬੰਦਾ ਸਿੰਘ ਬਹਾਦਰ ਵਾਲਾ ਖ਼ਾਲਸਾ ਰਾਜ ਸਥਾਪਤ ਕਰਨ ਲਈ ਗੁਰੂ ਪੰਥ ਦੀ ਪੁਨਰ ਸੁਰਜੀਤੀ ਦੀ ਲੋੜ ਹੈ, ਕਿਉਂਕਿ ਬਹੁਸੰਮਤੀ ਨਾਲ ਫੈਸਲੇ ਲੈਣ ਵਾਲਾ ਵੋਟ ਤੰਤਰ ਅਥਵਾ ਅਖੌਤੀ ਲੋਕ ਤੰਤਰ ਗੁਰੂ ਗ੍ਰੰਥ ਗੁਰੂ ਪੰਥ ਦੇ ਸਿੱਖੀ ਵਿਧਾਨ ਨਾਲ ਮੇਲ ਨਹੀਂ ਖਾਂਦਾ । ਖ਼ਾਲਸਾ ਪੰਥ ਦਾ ਰਾਜਸੀ ਨਿਸ਼ਾਨਾ ਨਿਸ਼ਚੇ ਤੌਰ ਤੇ ਸਾਹਿਬ ਦਸਮ ਪਾਤਸ਼ਾਹ ਦੇ ਆਦੇਸ਼ਾਂ, ਸਿੱਖ ਇਤਿਹਾਸ ਦੇ ਪੰਨਿਆਂ ਅਤੇ ਖ਼ਾਲਸਾ ਪੰਥ ਦੇ ਮਨ ਮੰਦਰ ਵਿੱਚ ਉਕਰਿਆ ਹੋਇਆ ਚੱਲਿਆ ਆ ਰਿਹਾ ਹੈ, ਜਿਸ ਦਾ ਮਨੋਰਥ ਖ਼ਾਲਸਾ ਜੀ ਦੇ ਬੋਲ ਬਾਲੇ ਅਤੇ ਝੂਲਤੇ ਨਿਸ਼ਾਨ ਰਹੇਂ ਪੰਥ ਮਹਾਰਾਜ ਕੇ ਹੈ । ਵੈਸੇ ਵੀ ਪੰਜਾਬ ਜੀਂਦਾਂ ਗੁਰਾਂ ਦੇ ਨਾਂਅ &lsquoਤੇ ਦੀ ਵਿਆਖਿਆ ਵੀ ਇਹੀ ਬਣਦੀ ਹੈ ਕਿ ਗੁਰੂ ਗ੍ਰੰਥ ਗੁਰੂ ਪੰਥ ਨੂੰ ਪਿੱਠ ਦੇ ਕੇ ਪੰਜਾਬ ਵਿੱਚ ਕੋਈ ਵੀ ਰਾਜਨੀਤਕ ਪਾਰਟੀ ਜ਼ਿਆਦਾ ਦੇਰ ਤੱਕ ਰਾਜ ਨਹੀਂ ਕਰ ਸਕਦੀ । ਸਿੱਖ ਪੰਥ ਨੇ ਪਠਾਣਾਂ ਅਤੇ ਮੁਗ਼ਲਾਂ ਦੀਆਂ ਦੋ ਸ਼ਹਿਨਸ਼ਾਹੀਆਂ ਦੀਆਂ ਗੋਡਣੀਆਂ ਲੁਆ ਕੇ ਪੰਜਾਬ ਦੇਸ ਉੱੇਤੇ ਰਾਜ ਕੀਤਾ ਹੋਇਆ ਹੈ ਕਿਉਂਕਿ ਪੰਜਾਬ ਦੇਸ ਸਿੱਖਾਂ ਦਾ ਹੋਮਲੈਂਡ ਹੈ । (ਹਵਾਲਾ ਪੁਸਤਕਾਂ : (1) ਹੁਕਮਨਾਮੇ, ਆਦੇਸ਼, ਸੰਦੇਸ਼, ਸ੍ਰੀ ਅਕਾਲ ਤਖ਼ਤ ਸਾਹਿਬ ਲੇਖਕ ਰੂਪ ਸਿੰਘ, (2) ਖ਼ਾਲਸੇ ਦੀ ਵਾਸੀ ਲੇਖਕ ਪ੍ਰਿੰ: ਸਤਿਬੀਰ ਸਿੰਘ, (3) ਕੂੜ ਨਿਖੁਟੇ ਨਾਨਕਾ Eੜਕਿ ਸਚਿ ਰਹੀ ਲੇਖਕ ਸ: ਗੁਰਤੇਜ ਸਿੰਘ, (4) ਬਿਖੁ ਮਹਿ ਅੰਮ੍ਰਿਤ ਲੇਖਕ ਸਿਰਦਾਰ ਕਪੂਰ ਸਿੰਘ, (5) ਮਤੇ ਅਨੰਦਪੁਰ ਨਾਲ ਗ਼ਦਾਰੀ ਅਕਾਲੀਆਂ ਦੀ ਲੇਖਕ ਅਤਿੰਦਰ ਪਾਲ ਸਿੰਘ)
ਭੁੱਲਾਂ ਚੁੱਕਾਂ ਦੀ ਖਿਮਾਂ
ਗੁਰੂ ਪੰਥ ਦਾ ਦਾਸ
ਜਥੇਦਾਰ ਮਹਿੰਦਰ ਸਿੰਘ ਖਹਿਰਾ
ਯੂ।ਕ