image caption: ਜਥੇਦਾਰ ਮਹਿੰਦਰ ਸਿੰਘ ਖਹਿਰਾ ਯੂ ਕੇ

ਮੁਗਲ ਹਕੂਮਤ ਦੀ ਸੱਤ ਸੌ ਸਾਲਾਂ ਦੀ ਗੁਲਾਮੀ ਦੇ ਸੰਗਲ ਤੋੜ ਕੇ ਪੰਜਾਬ ਨੂੰ ਮੁਗਲੀਆ ਹਕੂਮਤ ਕੋਲੋਂ ਅਜ਼ਾਦ ਕਰਾਉਣ ਵਾਲੇ ਕਿਸਾਨਾਂ ਦੇ ਮਸੀਹੇ ਬਾਬਾ ਬੰਦਾ ਸਿੰਘ ਬਹਾਦਰ ਦੀ ਫੋਟੋ ਪੰਜਾਬ ਵਿਧਾਨ ਸਭਾ ਵਿੱਚ ਲੱਗਣੀ ਚਾਹੀਦੀ ਹੈ ।

ਸੰਨ 1947 ਤੋਂ ਪਹਿਲਾਂ ਦੇ ਪੰਜਾਬ ਦੇ ਇਤਿਹਾਸ ਨੂੰ ਛੇਆਂ ਹਿੱਸਿਆਂ ਵਿੱਚ ਵੰਡਿਆ ਜਾ ਸਕਦਾ ਹੈ । ਪਹਿਲਾ ਪੜਾਅ : ਪੂਰਬ ਵੈਦਕ ਕਾਲ, ਦੂਜਾ ਪੜਾਅ : ਵਿਦੇਸ਼ੀ ਹਮਲੇ । ਤੀਜਾ ਪੜਾਅ : ਪਠਾਣਾਂ ਅਤੇ ਮੁਗਲਾਂ ਦਾ ਇਸਲਾਮੀ ਰਾਜ । ਚੌਥਾ ਪੜਾਅ : ਗੁਰੂ ਨਾਨਕ ਤੋਂ ਗੁਰੂ ਗੋਬਿੰਦ ਸਿੰਘ ਤੱਕ ਦਾ ਗੁਰੂ ਕਾਲ, ਖ਼ਾਲਸਾ ਪੰਥ ਦੀ ਸਾਜਨਾ ਅਤੇ ਗੁਰੂ ਗ੍ਰੰਥ, ਗੁਰੂ ਪੰਥ ਨੂੰ ਗੁਰਆਈ । ਪੰਜਵਾਂ ਪੜਾਅ : ਸਿੱਖ ਇਨਕਲਾਬ ਬਾਬਾ ਬੰਦਾ ਸਿੰਘ ਬਹਾਦਰ ਤੋਂ ਸ਼ੇਰਿ-ਪੰਜਾਬ ਮਹਾਰਾਜਾ ਰਣਜੀਤ ਸਿੰਘ ਤੱਕ । ਛੇਵਾਂ ਪੜਾਅ : ਅੰਗ੍ਰੇਜ਼ੀ ਰਾਜ ।
ਗੁਰੂ ਨਾਨਕ ਪਾਤਸ਼ਾਹ ਨੇ ਅਕਾਲ ਨਮਿਤ ਸਿਆਸੀ ਇਲਹਾਮ : ਜੈਸੀ ਮੈ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ ॥ ਪਾਪ ਕੀ ਜੰਞ ਲੈ ਕਾਬਲਹੁ ਧਾਇਆ ਜੋਰੀ ਮੰਗੈ ਦਾਨੁ ਵੇ ਲਾਲੋ ॥ ਸਰਮੁ ਧਰਮੁ ਦੁਇ ਛਪਿ ਖਲੋਏ ਕੂੜ ਫਿਰੇ ਪਰਧਾਨ ਵੇ ਲਾਲੋ ॥ ਕਾਜੀਆਂ ਬਾਮਣਾਂ ਦੀ ਗਲ ਥਕੀ ਅਗਦੁ ਪੜੈ ਸੈਤਾਨੁ ਵੇ ਲਾਲੋ ॥ ਦਾ ਅਗਾਜ਼ ਕੀਤਾ । ਗੁਰੂ ਨਾਨਕ ਸਾਹਿਬ ਜੀ ਦੇ ਦਸ ਜੋਤਿ ਸਰੂਪ ਗੁਰਆਈ ਦੇ 239 (1469 ਤੋਂ 1708) ਸਾਲਾਂ ਦੇ ਸਿੱਖ ਤੋ ਰਾਜਨੀਤਕ ਜਥੇਬੰਦਕ ਗਣਰਾਜ ਵਿੱਚਲੀ ਪੰਚ ਪ੍ਰਣਾਲੀ ਦੀ ਗੁਣ ਤੰਤਰੀ ਲੋਕ-ਰਾਜ ਦੇ ਅਗਾਜ਼ ਹੋਣ ਤੱਕ ਇਸ ਧਰਤੀ ਤੇ ਕੋਈ ਵੀ ਧਰਤੀ ਦਾ ਮੂਲ ਨਿਵਾਸੀ ਮੁੜ ਰਾਜ ਨਾ ਕਰ ਸਕਿਆ । ਮੁੜ ਰਾਜ ਪ੍ਰਾਪਤੀ ਤੇ ਰਾਜ ਸਿੰਘਾਸਨ &lsquoਤੇ ਬੈਠਣ ਦੀ ਇੱਛਾ ਅਤੇ ਦ੍ਰਿੜ੍ਹਤਾ ਪੰਥ ਖ਼ਾਲਸੇ ਰਾਹੀਂ ਇਸ ਧਰਤੀ ਦੇ ਵਸਨੀਕਾਂ ਵਿੱਚ ਜਾਗਦੀ ਹੈ । 
1001 ਤੋਂ ਲੈ ਕੇ 1709 ਤੱਕ ਇਸ ਧਰਤੀ ਤੇ ਖ਼ਾਲਸਾ ਪੰਥ ਤੋਂ ਬਿਨਾਂ ਕਿਸੇ ਵੀ ਹਿੰਦੂ ਜਾਂ ਪੰਜਾਬੀ ਨੇ ਰਾਜ ਸੱਤਾ ਤੇ ਕਬਜ਼ਾ ਕਰਨ ਦਾ ਸੁਪਨਾ ਤੱਕ ਨਾ ਵੇਖਿਆ । ਇਹ ਪੰਥ ਖ਼ਾਲਸੇ ਦੀ ਸਰਕਾਰ-ਏ-ਖ਼ਾਲਸਾ ਹੀ ਸੀ, ਜਿਸ ਰਾਹੀਂ ਇਸ ਧਰਤੀ ਤੋਂ ਪਠਾਣਾਂ ਤੇ ਮੁਗਲਾਂ ਦੀ ਹਕੂਮਤ ਖ਼ਤਮ ਕਰਕੇ ਖ਼ਾਲਸਾ ਲੋਕ ਗਣਰਾਜ ਦਾ ਖ਼ਾਲਸਤਾਈ ਮਾਡਲ ਦਰਬਾਰ-ਏ-ਖ਼ਾਲਸਾ ਰਾਹੀਂ ਪ੍ਰਗਟ ਕਰਦਾ ਹੈ ਅਤੇ ਇਸ ਧਰਤੀ &lsquoਤੇ ਖ਼ਾਲਸੇ ਦਾ, ਸਿੱਖ ਕੌਮੀਅਤਾ ਦਾ ਰਾਜ ਸਥਾਪਤ ਕਰਦਾ ਹੈ । (ਹਵਾਲਾ ਪੁਸਤਕ : ਖਾਲਸਤਾਨ, ਉਸ ਦਾ ਸੰਕਲਪ ਤੇ ਪ੍ਰਣਾਲੀ)
12 ਮਈ 1710 ਨੂੰ ਚੱਪੜ ਚਿੜੀ ਦੇ ਮੈਦਾਨ ਵਿੱਚ ਸਰਹੰਦ ਦੇ ਸੂਬੇਦਾਰ ਵਜੀਦ ਖ਼ਾਨ ਦੀਆਂ ਫੌਜਾਂ ਨਾਲ ਬੰਦਾ ਸਿੰਘ ਬਹਾਦਰ ਦੀ ਜਰਨੈਲੀ ਹੇਠ ਖ਼ਾਲਸੇ ਨੇ ਲਹੂ ਡੋਲ੍ਹਵੀਂ ਲੜਾਈ ਲੜੀ, ਇਸ ਲੜਾਈ ਵਿੱਚ ਸੂਬਾ ਸਰਹੰਦ ਵਜੀਦ ਖ਼ਾਨ ਮਾਰਿਆ ਗਿਆ, ਜਿੱਤ ਖ਼ਾਲਸਾ ਪੰਥ ਦੀ ਹੋਈ । ਬੰਦਾ ਸਿੰਘ ਨੇ ਖ਼ਾਲਸਾ ਰਾਜ ਸਥਾਪਤ ਕਰ ਲਿਆ । 27 ਮਈ 1710 ਨੂੰ ਦਰਬਾਰੇ-ਖ਼ਾਲਸਾ ਦੀ ਪਹਿਲੀ ਸੰਸਦ ਦੀ ਸਥਾਪਨਾ ਰਾਹੀਂ, ਵਿਸ਼ਵ ਵਿੱਚ ਪਹਿਲੇ ਲੋਕ ਤੰਤਰੀ ਗਣਰਾਜ ਦੀ ਨੀਂਹ ਬਾਬਾ ਬੰਦਾ ਸਿੰਘ ਬਹਾਦਰ ਨੇ ਰੱਖੀ । 27 ਮਈ 1710 ਤੋਂ ਲਾਗੂ ਨਾਨਕ ਸ਼ਾਹੀ ਖ਼ਾਲਸਾ ਪ੍ਰਣਾਲੀ ਦੀ ਵਿਹਾਰਕ ਸੱਤਾ ਦੇ ਚਮਤਕਾਰੀ ਕੰਮ ਆਪਣੇ ਆਪ ਵਿੱਚ ਖਾਲਸਤਾਨੀ ਲੋਕਤਾਂਤਰਿਕ ਵਿਧਾਨਿਕ ਪ੍ਰਣਾਲੀ ਵਿਵਸਥਾ ਅਤੇ ਪ੍ਰਬੰਧਕੀ ਨਿਜਾਮ ਲਈ ਲੋਕਤਾਂਤਰਿਕ ਢੰਗ ਨਾਲ ਸ: ਬਾਜ਼ ਸਿੰਘ ਨੂੰ ਸਰਹਿੰਦ ਦਾ ਪਹਿਲਾ ਹਾਕਮ ਜਾਂ ਗਵਰਨਰ ਚੁਣਿਆ ਗਿਆ । ਇੰਝ ਲੋਕਤਾਂਤਰਿਕ ਸੰਸਦੀ ਪ੍ਰਣਾਲੀ ਰਾਹੀਂ ਪੰਥ ਖ਼ਾਲਸੇ ਦੇ ਪਹਿਲੇ ਦਰਬਾਰ ਨੇ ਦੁਨੀਆਂ ਦਾ ਪਹਿਲਾ ਸੰਸਦੀ ਤੇ ਜਮਹੂਰੀ ਹਾਕਮ ਬਾਜ਼ ਸਿੰਘ ਨੂੰ ਚੁਣਿਆ । ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਵਿੱਚ ਖ਼ਾਲਸਾ ਰਾਜ ਨੇ ਮੁਲਕ ਵਿੱਚ ਇਕ ਸਮਾਨ ਨਿਆਏ, ਬਰਾਬਰਤਾ ਅਤੇ ਸਰਬ-ਸਾਂਝੀਵਾਲਤਾ ਨੂੰ ਹਕੀਕੀ ਤੌਰ ਤੇ ਲਾਗੂ ਕਰਨ ਦਾ ਫੁਰਮਾਨ ਜਾਰੀ ਕੀਤਾ, ਸਰਬ ਧਰਮਾਂ ਦੀ, ਸੱਤ ਫਿਰਕਿਆਂ ਦੀ, ਸਭ ਜਾਤਾਂ ਦੀ ਸਹਿ ਹੋਂਦ ਨੂੰ ਉਨ੍ਹਾਂ ਦੀ ਮੌਲਿਕਤਾ ਦੇ ਅੰਤਰਗਤ ਸਵਿਕਾਰਿਆ ਗਿਆ ਅਤੇ ਆਪੋ ਆਪਣੇ ਵਿਸ਼ਵਾਸ਼ ਨੂੰ ਸੁਤੰਤਰ ਰੂਪ ਵਿੱਚ ਅਜ਼ਾਦਾਨਾ ਤੌਰ &lsquoਤੇ ਮੰਨਣ ਅਤੇ ਕਿਸੇ ਇਕ ਦੂਜੇ ਦੇ ਧਾਰਮਿਕ ਜਜ਼ਬਾਤਾਂ ਨੂੰ ਠੇਸ ਨਾ ਪਹੁੰਚਾਣ ਦਾ ਪ੍ਰਬੰਧ ਜਾਰੀ ਕੀਤਾ ਗਿਆ । ਇਸ ਦਾ ਪ੍ਰਤੱਖ ਪ੍ਰਮਾਣ ਹੈ ਕਿ ਨਾ ਤਾਂ ਸਰਹਿੰਦ ਦੀ ਕੋਈ ਮਸੀਤ ਢਾਹੀ ਗਈ ਤੇ ਨਾ ਹੀ ਧਰਮ ਦੇ ਆਧਾਰ ਤੇ ਹਿੰਦੂ ਮੁਸਲਮਾਨ ਜਾਂ ਹੋਰ ਕਿਸੇ ਨਾਲ ਵਿਤਕਰਾ ਕੀਤਾ ਗਿਆ ਤੇ ਨਾ ਹੀ ਖ਼ਾਲਸੇ ਵੱਲੋਂ ਸਰਕਾਰੇ, ਦਰਬਾਰੇ ਨੌਕਰੀਆਂ ਤੇ ਕੋਈ ਬੰਦਿਸ਼ ਲਾਈ ਗਈ । ਉਸ ਸਮੇਂ ਪੂਰੀ ਦੁਨੀਆਂ ਵਿੱਚ ਜ਼ਿੰਮੀਂਦਾਰੀ ਅਤੇ ਜਗੀਰਦਾਰੀ ਪ੍ਰਥਾ ਲਾਗੂ ਸੀ । ਬਾਬਾ ਬੰਦਾ ਸਿੰਘ ਬਹਾਦਰ ਨੇ ਖ਼ਾਲਸੇ ਦੇ ਪਹਿਲੇ ਦਰਬਾਰ ਵਿੱਚ ਹੀ ਸੰਸਦੀ ਵਿਧਾਨਿਕਤਾ ਨੂੰ ਅਪਨਾਉਂਦੇ ਹੋਏ ਇਸ ਪ੍ਰਥਾ ਦਾ ਹਮੇਸ਼ਾ ਲਈ ਅੰਤ ਕਰ ਦਿੱਤਾ । ਦਰਬਾਰੇ ਖ਼ਾਲਸਾ ਨੇ 1710 ਈ: ਵਿੱਚ ਸਰਕਾਰ-ਏ-ਖ਼ਾਲਸਾ ਦੇ ਹੁਕਮ ਨਾਲ ਰਾਜਾਸ਼ਾਹੀ ਅਤੇ ਤਾਨਾਸ਼ਾਹੀ ਦਾ ਖਾਤਮਾ ਕਰਕੇ ਸੰਸਦੀ ਲੋਕਤੰਤਰ ਦੀ ਸੱਤਾ ਦੀ ਬਹਾਲੀ ਹੋਈ । ਦੁਨੀਆਂ ਵਿੱਚ ਪਹਿਲੀ ਵਾਰੀ ਜਿਥੇ ਇਹ ਸਭ ਕੁਝ ਪ੍ਰਗਟ ਹੋਇਆ ਉਥੇ ਇਹ ਚਮਤਕਾਰੀ ਅਮਲ ਬਰਾਬਰਤਾ ਦੇ ਆਧਾਰ &lsquoਤੇ ਇਕ ਸਮਾਨ ਰੂਪ ਵਿੱਚ ਜਾਰੀ ਕੀਤਾ ਗਿਆ ਕਿ ਜਿਹੜਾ ਵਿਅਕਤੀ ਜ਼ਮੀਨ ਵਾਹੁੰਦਾ ਹੈ ਉਹ ਹੀ ਉਸ ਧਰਤੀ ਦਾ ਅਸਲ ਮਾਲਕ ਹੋਵੇਗਾ । ਇੰਝ ਨਾਗਰਿਕਾਂ ਨੂੰ ਆਪੋ ਆਪਣੀ ਧਰਤੀ ਦੇ ਅਸਲ ਮਾਲਕ ਅਤੇ ਆਪਣੀ ਮਿਹਨਤ ਅਤੇ ਉਜਰਤ ਦਾ ਹੱਕਦਾਰ ਬਣਾਇਆ ਗਿਆ । ਕਿਸਾਨਾਂ ਲਈ ਇਹ ਸਮਾਂ ਬਹੁਤ ਵਧੀਆ ਸੀ । ਸਹੀ-ਉਲ ਅਖ਼ਬਾਰ ਦਾ ਕਰਤਾ ਲਿਖਦਾ ਹੈ ਕਿ ਬਾਦਸ਼ਾਹ ਦੇ ਵੇਲੇ ਹਰ ਉਹ ਆਦਮੀ ਜੋ ਪੁਰਾਣੇ ਸਮੇਂ ਤੋਂ ਜੋ ਕਈ ਕਈ ਪਰਗਣਿਆਂ ਦਾ ਮਾਲਕ ਤੁਰਿਆ ਆਉਂਦਾ ਸੀ, ਜਿੰਮੀਂਦਾਰ ਕਹਾਉਂਦਾ ਸੀ, ਇਹ ਕਿਸਾਨਾਂ ਨੂੰ ਆਪਣੀ ਮਰਜ਼ੀ ਨਾਲ ਰੱਖ ਅਤੇ ਕੱਢ ਸਕਦਾ ਸੀ । ਸਾਰੇ ਪੰਜਾਬ ਦੇਸ਼ ਵਿੱਚ ਹਲ-ਵਾਹਕਾਂ ਦੀ ਹਾਲਤ ਬਹੁਤ ਮਾੜੀ ਸੀ । ਜਿੰਮੀਂਦਾਰ ਨਜ਼ਾਮ ਨੂੰ ਜੜੋਂ੍ਹ ਪੁੱਟ ਕੇ ਹਲ-ਵਾਹਕਾਂ ਨੂੰ ਜ਼ਮੀਨਾਂ ਦੇ ਮਾਲਕ ਬਣਾਉਣ ਦਾ ਸਿਹਰਾ ਬਾਬਾ ਬੰਦਾ ਸਿੰਘ ਬਹਾਦਰ ਦੇ ਸਿਰ ਬੱਝਦਾ ਹੈ । ਹਿੰਦੂ ਧਰਮ ਵਿੱਚ ਜਿਨ੍ਹਾਂ ਲੋਕਾਂ ਨੂੰ ਸ਼ੂਦਰ ਤੇ ਨੀਵੀਂ ਜਾਤ ਦੇ ਸਮਝਿਆ ਜਾਂਦਾ ਸੀ, ਬੰਦਾ ਸਿੰਘ ਬਹਾਦਰ ਨੇ ਖੰਡੇ-ਬਾਟੇ ਦੀ ਪਹੁਲ ਦੀ ਮਰਿਯਾਦਾ ਦੁਆਰਾ ਉਨ੍ਹਾਂ ਨੂੰ ਖ਼ਾਲਸਾ ਪੰਥ ਵਿੱਚ ਸ਼ਾਮਿਲ ਕਰਕੇ ਉਨ੍ਹਾਂ ਨੂੰ ਉੱਚ ਜਾਤੀਆਂ ਦੇ ਸਰਦਾਰ ਬਣਾ ਕੇ ਖ਼ਾਲਸਾ ਰਾਜ ਦੇ ਹਿੱਸੇਦਾਰ ਬਣਾਇਆ ਅਤੇ ਫੌਜ ਵਿੱਚ ਭਰਤੀ ਦਿੱਤੀ ਅਤੇ ਕਿਸੇ ਵੀ ਤਰ੍ਹਾਂ ਦੇ ਵਿਤਕਰੇ ਤੋਂ ਸੁਤੰਤਰ ਪ੍ਰਫੁੱਲਤਾ ਲਈ ਅਜ਼ਾਦਾਨਾ ਵਾਤਾਵਰਣ ਦਾ ਨਿਰਮਾਣ ਕੀਤਾ । (ਨੋਟ - ਭਾਰਤ ਦੀ ਮੌਜੂਦਾ ਭਾਜਪਾ ਸਰਕਾਰ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਲਈ ਵਰਣ-ਆਸ਼ਰਮ ਵੰਡ ਵਾਲਾ ਮਨੂੰ ਸਿਮਰਤੀ ਦਾ ਵਿਧਾਨ ਲਾਗੂ ਕਰਨ ਜਾ ਰਹੀ ਹੈ, ਜੋ ਖ਼ਾਲਸਾਈ ਪ੍ਰਣਾਲੀ ਦੇ ਬਿਲਕੁੱਲ ਉਲਟ ਹੈ, ਹੁਣ ਫੈਸਲਾ ਲੋਕਾਂ ਨੇ ਕਰਨਾ ਹੈ ਕਿ ਉਨ੍ਹਾਂ ਨੂੰ ਖਾਲਸਤਾਨੀ ਸਿਧਾਂਤਾਂ ਵਾਲਾ ਖਾਲਸਤਾਨ ਚਾਹੀਦਾ ਹੈ ਜਾਂ ਹਿੰਦੂ ਰਾਸ਼ਟਰ)
27 ਮਈ 1710 ਦੀ ਦਰਬਾਰੇ ਖ਼ਾਲਸਾ ਦੀ ਇਸ ਸੰਸਦ ਨੇ ਦੁਨੀਆਂ ਭਰ ਵਿੱਚ ਲੋਕਤਾਂਤਰਿਕ, ਲੋਕ ਕ੍ਰਾਂਤੀ (ਪੀਪਲ ਰੈਵੂਲੇਸ਼ਨ) ਨੂੰ ਜਨਮ ਦਿੱਤਾ । ਇਸ ਦਾ ਅਮਲ ਦੁਨੀਆਂ ਵਿੱਚ ਪਹਿਲੀ ਵਾਰ ਅਮਲੀ ਅਤੇ ਵਿਹਾਰਕ ਤੌਰ ਤੇ ਖ਼ਾਲਸੇ ਰਾਹੀਂ ਸਰਹਿੰਦ ਦੀ ਧਰਤੀ ਤੇ ਅਪਣਾਇਆ ਗਿਆ, ਜਿਸ ਨੂੰ ਇਤਿਹਾਸ ਵਿੱਚ ਸਿੱਖ ਇਨਕਲਾਬ ਕਿਹਾ ਜਾਂਦਾ ਹੈ । ਕਿਸੇ ਰਾਜ ਵਾਸਤੇ ਉਹਦਾ ਆਪਣਾ ਮੁਲਕ, ਆਪਣੀ ਰਾਜਧਾਨੀ, ਆਪਣਾ ਝੰਡਾ, ਆਪਣੀ ਫੌਜ, ਆਪਣਾ ਬਾਦਸ਼ਾਹ, ਆਪਣਾ ਸਿੱਕਾ, ਆਪਣੀ ਮੋਹਰ ਹੋਣੀ ਜਰੂਰੀ ਹੁੰਦੀ ਹੈ । ਬੰਦਾ ਸਿੰਘ ਬਹਾਦਰ ਕੋਲ ਗੁਰੂ ਗੋਬਿੰਦ ਸਿੰਘ ਦਾ ਬਖ਼ਸ਼ਿਆ ਨਗਾਰਾ ਤੇ ਝੰਡਾ (ਨਿਸ਼ਾਨ ਸਾਹਿਬ) ਪਹਿਲਾਂ ਹੀ ਮੌਜੂਦ ਸੀ । ਹੁਣ ਉਸ ਨੇ ਰਾਜ ਦੀ ਸਦੀਵੀ ਪੱਕੀ ਨਿਸ਼ਾਨੀ ਗੁਰੂ ਨਾਨਕ-ਗੁਰੂ ਗੋਬਿੰਦ ਸਿੰਘ ਦੇ ਨਾਉਂ &lsquoਤੇ ਸਿੱਕਾ ਭੀ ਜਾਰੀ ਕਰ ਦਿੱਤਾ, ਜਿਸ ਉੱਤੇ ਉਸ ਵੇਲੇ ਦੇ ਰਿਵਾਜ ਅਨੁਸਾਰ ਇਨ੍ਹਾਂ ਫ਼ਾਰਸੀ ਸ਼ਬਦਾਂ ਦਾ ਠੱਪਾ ਲਾਇਆ ਗਿਆ :
ਸਿੱਕਾ ਜ਼ਦ ਥਰ ਹਰ ਦੋ ਆਲਮ ਤੇਗ਼ਿ ਨਾਨਕ ਵਾਹਿਬ ਅਸਤ
ਫ਼ਤਿਹ ਗੋਬਿੰਦ ਸਿੰਘ ਸ਼ਾਹਿ-ਸ਼ਾਹਾਨ ਫ਼ਜ਼ਲਿ ਸੱਚਾ ਸਾਹਿਬ ਅਸਤ
ਅਰਥਾਤ :
ਸਿੱਕਾ ਮਾਰਿਆ ਦੋ ਜਹਾਨ ਉੱਤੇ, ਬਖ਼ਸ਼ਾਂ ਬਖ਼ਸ਼ੀਆਂ ਨਾਨਕ ਦੀ ਤੋਰ ਨੇ ਜੀ ।
ਫ਼ਤਿਹ ਸ਼ਾਹੀ ਸ਼ਾਹਾਨ ਗੋਬਿੰਦ ਸਿੰਘ ਜੀ, ਮਿਹਰਾਂ ਕੀਤੀਆਂ ਸੱਚੇ ਰੱਬ ਏਕ ਨੇ ਜੀ ।
ਬਾਦਸ਼ਾਹੀ ਸਿੱਕਿਆਂ ਦੀ ਤਰ੍ਹਾਂ ਇਸ ਦੇ ਪਿਛਲੇ ਪਾਸੇ ਰਾਜਧਾਨੀ ਦੀ ਉਸਤਤਿ ਦੇ ਇਹ ਸ਼ਬਦ ਸਨ :
ਜ਼ਰਬ ਬ-ਆਮਨੁ-ਦਹਿਰ, ਮੁਸੱਵਰਤ ਸ਼ਹਿਰ, ਜ਼ੀਨਤੁ-ਤਖ਼ਤੁ, ਮੁਬਾਰਕ ਬਖ਼ਤ ਅਰਥਾਤ :
ਜਾਰੀ ਹੋਇਆ ਸੰਸਾਰ ਦੇ ਸ਼ਾਂਤੀ-ਅਸਥਾਨ, ਸ਼ਹਿਰਾਂ ਦੀ ਮੂਰਤਿ, ਧੰਨਭਾਗੀ ਰਾਜਧਾਨੀ ਤੋਂ ।
ਬੰਦਾ ਸਿੰਘ ਬਹਾਦਰ ਨੇ ਸਰਕਾਰੀ ਮੋਹਰ ਵੀ ਬਣਾਈ ਤੇ ਜਿਥੇ ਕਿਧਰੇ ਭੀ ਬੰਦਾ ਸਿੰਘ ਦੀਆਂ ਮੋਹਰਾਂ ਲੱਗੀਆਂ ਹੋਈਆਂ ਹਨ, ਉਨ੍ਹਾਂ ਦੇ ਇਹ ਹੀ ਸ਼ਬਦ ਹਨ :
ਦੇਗੋ ਤੇਗ਼ੋ ਫ਼ਤਿਹ E ਨੁਸਰਤਿ ਬੇ-ਦਿਰੰਗ
ਯਾਫ਼ਤ ਅਜ ਨਾਨਕ ਗੁਰੂ ਗੋਬਿੰਦ ਸਿੰਘ
ਅਰਥਾਤ :
ਦੇਗ ਤੇਗ ਜਿੱਤ ਸੇਵ ਨਿਰਾਲਮ,
ਗੁਰੂ ਨਾਨਕ-ਗੋਬਿੰਦ ਸਿੰਘ ਤੋਂ ਪਾਈ ।
ਦੱਸਵੇਂ ਨਾਨਕ ਗੁਰੂ ਗੋਬਿੰਦ ਸਿੰਘ ਵੱਲੋਂ ਵਰੋਸਾਇਆ ਪੰਥ ਖ਼ਾਲਸੇ ਦਾ ਪਹਿਲਾ ਜਰਨੈਲ ਬੰਦਾ ਸਿੰਘ ਬਹਾਦਰ ਹੀ ਸੀ, ਜਿਸ ਨੇ ਖ਼ਾਲਸੇ ਨੂੰ ਅਡੋਲ ਕੌਮੀਅਤ ਦਾ ਸਬਕ ਪੜ੍ਹਾਇਆ ਅਤੇ ਖ਼ਾਲਸੇ ਨੂੰ ਖ਼ਾਲਸਾ ਰਾਜ ਦੀ ਪ੍ਰਾਪਤੀ ਲਈ ਹਉਮੈ ਅਤੇ ਨਿੱਜਵਾਦ ਤੋਂ ਉੱਤੇ ਉੱਠ ਕੇ ਆਪਾ ਵਾਰ ਦੇਣਾ ਸਿਖਾਇਆ । ਇਹ ਬੰਦਾ ਸਿੰਘ ਬਹਾਦਰ ਹੀ ਸੀ ਜਿਸ ਦੇ ਰਾਹੀਂ ਖ਼ਾਲਸੇ ਦੀਆਂ ਜਿੱਤਾਂ ਦਾ ਰਸਤਾ ਖੁੱਲ੍ਹਾ । ਗੁਰੂ ਨਾਨਕ ਦੀ ਨਾਦੀ ਸੰਤਾਨ ਖ਼ਾਲਸੇ ਨੇ ਜੋ ਸੁਤੰਤਰਤਾ ਦੀ ਚੰਗਿਆੜੀ ਸੁਲਗਾਈ ਸੀ, ਬੰਦਾ ਸਿੰਘ ਬਹਾਦਰ ਨੇ ਉਸ ਨੂੰ ਐਸੀ ਹਵਾ ਝੱਲੀ ਜੋ ਬੁਝਾਈ ਨਾ ਜਾ ਸਕੀ, ਸਗੋਂ ਭਾਂਬੜ ਵਾਂਗ ਮੱਚ ਉੱਠੀ ਅਤੇ ਪੰਜਾਬ ਨੂੰ ਮੁਗਲਾਂ ਤੇ ਅਫ਼ਗਾਨਾਂ ਕੋਲੋਂ ਅਜ਼ਾਦ ਕਰਵਾ ਕੇ ਹੀ ਠੰਡੀ ਹੋਈ । ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਲਗਪਗ 50 ਸਾਲ ਬਾਅਦ ਸਿੱਖ ਮਿਸਲਾਂ ਨੇ ਪੂਰੇ ਪੰਜਾਬ (ਲਹਿੰਦੇ ਚੜ੍ਹਦੇ ਪੰਜਾਬ) ਉੱੇਤੇ ਖ਼ਾਲਸਾ ਰਾਜ ਸਥਾਪਿਤ ਕਰ ਲਿਆ । ਖ਼ਾਲਸੇ ਦੀ ਸਾਜਨਾ (1699) ਤੋਂ ਪੂਰੇ ਸੌ ਸਾਲ ਬਾਅਦ 1799 ਨੂੰ ਸ਼ੇਰਿ ਪੰਜਾਬ ਰਣਜੀਤ ਸਿੰਘ ਨੇ ਲਾਹੌਰ ਦੇ ਤਖ਼ਤ ਉੱਤੇ ਅਫ਼ਗਾਨਾਂ ਤੇ ਮੁਗਲਾਂ ਦਾ ਝੰਡਾ ਲਾਹ ਕੇ ਖ਼ਾਲਸਾਈ ਨਿਸ਼ਾਨ ਝੁਲਾ ਦਿੱਤਾ ਸੀ । ਖ਼ਾਲਸਾ ਪੰਥ ਦੀ ਵਿਰਾਸਤ, ਗੁਰੂ ਗ੍ਰੰਥ, ਗੁਰੂ ਪੰਥ ਸਿੱਖਾਂ ਦੇ ਵਿਲੱਖਣ ਤੇ ਸੁਤੰਤਰ ਹੋਂਦ ਹਸਤੀ ਨੂੰ ਕਾਇਮ ਰੱਖਣ ਵਿੱਚ ਅਹਿਮ ਰੋਲ ਅਦਾ ਕਰਦੇ ਆਏ ਹਨ । ਅੱਜ ਪੰਜਾਬ ਅੰਦਰ ਸਿੱਖਾਂ ਦੀ ਸੰਕਟ ਮਈ ਸਥਿਤੀ ਦਾ ਸਿੱਖ ਇਤਿਹਾਸ ਦੇ ਸੰਦਰਭ ਵਿੱਚ ਵਿਸ਼ਲੇਸ਼ਣ ਕਰਨਾ ਜਰੂਰੀ ਹੈ, ਕਿਉਂਕਿ ਜਿਨ੍ਹਾਂ ਕੌਮਾਂ ਨੂੰ ਆਪਣੀ ਵਿਰਾਸਤ ਦਾ ਅਹਿਸਾਸ ਨਹੀਂ ਹੁੰਦਾ, ਉਨ੍ਹਾਂ ਕੌਮਾਂ ਦਾ ਭਵਿੱਖ ਵੀ ਗੁਲਾਮੀ ਦੇ ਹਨੇਰਿਆਂ ਵਿੱਚ ਗੁਆਚ ਜਾਂਦਾ ਹੈ । ਆਉ ਪੰਥ ਤੇ ਪੰਜਾਬ ਦੀ ਹੋਂਦ ਨੂੰ ਬਚਾਉਣ ਲਈ ਬਾਬਾ ਬੰਦਾ ਸਿੰਘ ਬਹਾਦਰ ਦੇ ਪੰਜਾਬ ਦੇ ਵਿਰਸੇ ਦੇ ਵਾਰਿਸ ਬਣੀਏ । ਅੰਤ ਵਿੱਚ ਹਰਿੰਦਰ ਸਿੰਘ ਮਹਿਬੂਬ ਦੀ ਕਵਿਤਾ : ਸਿੱਖ ਸ਼ਹੀਦ ਦੀ ਅਰਦਾਸ ਦੀਆਂ ਇਨ੍ਹਾਂ ਸਤਰਾਂ ਨਾਲ ਸਮਾਪਤੀ ਕਰਦਾ ਹਾਂ : ਜਾਪੇ ਸਾਡੇ ਸਿਰਾਂ ਕੋਈ ਰੋਸ ਤੁਹਾਡਾ, ਤੂੰ ਬਹੁੜੀਂ ਕਲਗੀ ਵਾਲਿਆ ਕੋਈ ਦੇਸ ਨ ਸਾਡਾ, ਸੁਪਨਾ ਪੁਰੀ ਅਨੰਦ ਦਾ - ਬੇ-ਨੂਰ ਦੁਰਾਡਾ ।
ਭੁੱਲਾਂ ਚੁੱਕਾਂ ਦੀ ਖਿਮਾਂ,
ਗੁਰੂ ਪੰਥ ਦਾ ਦਾਸ,
ਜਥੇਦਾਰ ਮਹਿੰਦਰ ਸਿੰਘ ਖਹਿਰਾ ਯੂ ਕੇ