image caption:

ਵਿਸਾਖੀ ਦੇ ਤਿਉਹਾਰ ਦੀ ਧਾਰਮਿਕ, ਇਤਿਹਾਸਕ ਤੇ ਆਰਥਿਕ ਮਹੱਤਤ

-ਭਵਨਦੀਪ ਸਿੰਘ ਪੁਰਬਾ
(ਮੁੱਖ ਸੰਪਾਦਕ: &lsquoਮਹਿਕ ਵਤਨ ਦੀ ਲਾਈਵ&rsquo ਬਿਓਰੋ)

ਵਿਸਾਖੀ ਦੇਸ਼ਾਂ-ਵਿਦੇਸ਼ਾਂ ਵਿਚ, ਭਾਰਤ ਦੇ ਹੋਰ ਕਈ ਹਿੱਸਿਆਂ ਵਿਚ ਅਤੇ ਸਾਰੇ ਪੰਜਾਬ ਵਿੱਚ ਬਹੁਤ ਲੋਕਪ੍ਰਿਆ ਤਿਉਹਾਰ ਹੈ। ਬੇਸ਼ੱਕ ਹੋਰ ਕਈ ਤਿਉਹਾਰ ਹਨ ਪਰ ਵਿਸਾਖੀ ਦੀ ਆਪਣੀ ਵੱਖਰੀ ਹੀ ਪਛਾਣ ਹੈ। ਤਿਉਹਾਰ ਕਿਸੇ ਦੇਸ਼ ਜਾਂ ਕੌਮ ਦਾ ਧਾਰਮਿਕ ਜਾਂ ਇਤਿਹਾਸਕ ਵਿਰਸਾ ਹੁੰਦਾ ਹੈ। ਪਰੰਤੂ ਵਿਸਾਖੀ ਦੇ ਤਿਉਹਾਰ ਦੀ ਮਹੱਤਤਾ ਧਾਰਮਿਕ ਹੈ, ਇਤਿਹਾਸਕ ਵੀ ਹੈ ਅਤੇ ਆਰਥਿਕ ਵੀ ਹੈ।
ਆਰਥਿਕ ਪੱਖ ਵਿਚਾਰਿਏ ਤਾਂ ਸਾਡੇ ਜਿਹਨ ਵਿਚ ਸ਼ਰਬਤੀ ਦਾਣਿਆਂ ਨਾਲ ਲੱਦੀਆਂ ਕਣਕਾਂ ਝੂੰਮਦੀਆਂ ਦਿਸਦੀਆਂ ਹਨ। ਕਿਸਾਨ ਦੀ ਛੇ ਮਹੀਨਿਆਂ ਦੀ ਮਿਹਨਤ ਨਾਲ ਪੁੱਤਾਂ ਵਾਂਗ ਪਾਲੀਆਂ ਇਹ ਕਣਕਾਂ ਕਟਾਈ ਲਈ ਤਿਆਰ ਹੁੰਦੀਆਂ ਹਨ। ਕਿਸਾਨ ਦੀਆਂ ਅੱਖਾਂ ਵਿਚ ਸਜੋਏ ਉਦਾਸ ਜਿਹੇ ਖੁਸ਼ੀਆਂ ਭਰੇ ਸੁਪਨੇ ਪੂਰੇ ਹੋਣ ਦਾ ਵੇਲਾ ਆ ਗਿਆ ਹੁੰਦਾ ਹੈ। ਮਸ਼ੀਨੀ ਯੁੱਗ ਕਰਕੇ ਕਣਕਾਂ ਦੀ ਕਟਾਈ-ਗਹਾਈ ਸਿਰਫ ਕੁਝ ਦਿਨਾਂ ਵਿਚ ਹੀ ਪੂਰੀ ਹੋ ਜਾਂਦੀ ਹੈ। ਕਈ ਵਾਰ ਕਿਸਾਨ ਆੜ੍ਹਤੀਆਂ ਨਾਲ ਹਿਸਾਬ ਕਰਕੇ ਖਾਲੀ ਪੱਲਾ ਝਾੜਦਾ ਘਰ ਆ ਜਾਂਦਾ ਹੈ। ਸਾਰੇ ਦੇਸ਼ ਦਾ ਢਿੱਡ ਭਰਨ ਵਾਲਾ ਆਪਣੇ ਬੱਚਿਆਂ ਦਾ ਢਿੱਡ ਵੀ ਨਹੀਂ ਭਰ ਸਕਦਾ। ਕਰਜਾਈ ਕਿਸਾਨ ਦੇ ਪੈਰ ਕਿਵੇਂ ਢੋਲ ਦੇ ਡਗੇ ਤੇ ਥਿਰਕਣਗੇ। ਜਿਹੜੇ ਕਿਸਾਨ ਕਰਜੇ ਦੀ ਮਾਰ ਨਾ ਝੱਲਦੇ ਹੋਏ ਖੁਦਕੁਸੀਆ ਕਰ ਗਏ ਉਨ੍ਹਾ ਵਾਸਤੇ ਤਾਂ ਸਭ ਕੁਝ ਖਤਮ ਹੋ ਹੀ ਗਿਆਂ ਪਰ ਮਗਰ ਵਿਲਕਦੇ ਨਿਆਣਿਆ ਲਈ ਵੀ ਵਿਸਾਖੀ ਦੀਆਂ ਕਾਹਦੀਆਂ ਖੁਸੀਆਂ। ਨਸ਼ਿਆ ਦੀ ਮਾਰ ਹੇਠ ਰੁੜ ਰਹੀ ਜਵਾਨੀ, ਬੇਰੁਜਗਾਰੀ, ਕੁਰਅਪਸ਼ਨ ਤੇ ਧੀਆਂ ਭੈਣਾ ਦੀਆਂ ਲੁਟੀਆਂ ਜਾ ਰਹੀਆਂ ਇੱਜਤਾ! ਅਜਿਹੇ ਹਾਲਾਤਾ ਵਿੱਚ ਵਿਸ਼ਾਖੀਆ ਦੇ ਮੇਲੇ ਨਹੀਂ ਸੋਭਦੇ ਸਗੋਂ ਵਿਸਾਖੀ ਦੇ ਦੂਸਰੇ ਪੱਖ ਤੇ ਪਹਿਰਾ ਦੇਣ ਦੀ ਲੋੜ ਹੈ। ਉਹ ਪੱਖ ਜਿਹੜਾ ਸਾਨੂੰ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਮਹਾਰਾਜ ਨੇ ਦਿਖਾਇਆ ਸੀ।
ਵਿਸਾਖੀ ਦਾ ਦੂਜਾ ਪੱਖ ਚਾਹੇ ਆਪਾ ਧਾਰਮਿਕ ਕਹਿ ਲਈਏ ਪਰ ਅਸਲ ਵਿੱਚ ਗੁਰੂ ਜੀ ਨੇ ਸਾਨੂੰ ਸਾਡੀ ਹੋਦ ਲਈ ਲੜਨਾ ਸਿਖਾਇਆ ਸੀ। ਜੁਲਮ ਦੇ ਖਿਲਾਫ ਤਲਵਾਰ ਚੁੱਕਣੀ ਸਿਖਾਈ ਸੀ। ਜੁਲਮ ਚਾਹੇ ਕਿਸੇ ਵੀ ਕਿਸਮ ਦਾ ਹੋਵੇ। ਇਸੇ ਲਈ ਵਿਸਾਖੀ ਵਾਲੇ ਦਿਨ ਦਸਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਨਿਤਾਣੀ ਤੇ ਲਿਤਾੜੀ ਹੋਈ ਕੌਮ ਨੂੰ ਅੰਮ੍ਰਿਤ ਛਕਾ ਪਾਹੁਲ ਪਿਲਾਕੇ ਗਿਦੜੋਂ ਸ਼ੇਰ ਬਣਾ ਦਿੱਤਾ। ਪੰਜ ਪਿਆਰੇ ਸਾਜਕੇ ਕੌਮ ਨੂੰ ਇਕ ਵਿਲੱਖਣ ਸ਼ਾਨ ਦਿੱਤੀ। ਇਹ ਪੰਜੇ ਸਿੰਘ ਵੱਖ-ਵੱਖ ਜਾਤਾਂ ਵਿਚੋਂ ਅਤੇ ਵੱਖ-ਵੱਖ ਪ੍ਰਾਂਤਾਂ ਵਿਚ ਲੈ ਕੇ ਕੌਮ ਨੂੰ ਨਵੀਂ ਸੇਧ ਦਿੱਤੀ। ਗੁਰੂ ਜੀ ਨੇ ਜਾਤ-ਪਾਤ ਅਤੇ ਪ੍ਰਾਂਤਾਂ ਨੂੰ ਇਕੋ ਰੂਪ ਕਰ ਦਿੱਤਾ। ਸਿੰਘ ਬਣਾ ਦਿੱਤੇ ਇਥੇ ਹੀ ਬਸ ਨਹੀਂ ਗੁਰੂ ਜੀ ਨੇ ਪੰਜ ਪਿਆਰਿਆਂ ਨੂੰ ਬੇਨਤੀ ਕਰਕੇ ਉਨ੍ਹਾਂ ਤੋਂ ਅੰਮ੍ਰਿਤ ਛਕਿਆ। ਇਸ ਤਰ੍ਹਾਂ ਗੁਰੂ-ਚੇਲੇ ਦੇ ਭੇਦ ਨੂੰ ਵੀ ਖਤਮ ਕਰ ਦਿੱਤਾ। ਇਸ ਤਰ੍ਹਾਂ ਦੀ ਮਿਸਾਲ ਦੁਨੀਆਂ ਵਿਚ ਕਿਧਰੇ ਵੀ ਨਹੀਂ ਮਿਲਦੀ। ਪਰ ਅੱਜ ਅਸੀਂ ਇਨ੍ਹਾਂ ਅਸੂਲਾਂ ਤੋਂ ਮੁਨਕਰ ਹੋ ਕੇ ਫਿਰ ਜਾਤਾਂ ਪਾਤਾਂ ਵਿਚ ਵੰਡੇ ਗਏ ਹਾਂ। ਇਥੋਂ ਤੱਕ ਕਿ ਗੁਰਦੁਆਰਿਆਂ ਮੰਦਰਾਂ ਆਦਿ ਦੇ ਨਾਂ ਵੀ ਧਰਮਾਂ-ਜਾਤਾਂ-ਪਾਤਾਂ ਦੇ ਨਾਂ ਤੇ ਰੱਖ ਲਏ ਹਨ। ਜਿਵੇਂ ਇਹ ਰਾਮਗੜ੍ਹੀਆਂ ਦਾ ਗੁਰਦੁਆਰਾ ਹੈ, ਇਹ ਰਾਮਦਾਸੀਆਂ ਦਾ ਗੁਰਦੁਆਰਾ ਹੈ ਅਤੇ ਇਹ ਟਾਂਕਸ਼ਤਰੀਆਂ ਦਾ ਹੈ। ਅਸੀਂ ਵਿਸਾਖੀ ਦੇ ਮਹੱਤਵ ਨੂੰ ਵੀ ਤਾਂ ਸਮਝ ਸਕਦੇ ਹਾਂ ਜੇਕਰ ਅਸੀਂ ਜਾਤ-ਪਾਤ ਤੋਂ ਉੱਪਰ ਉਠਕੇ ਰਲਕੇ ਦਿਲੋਂ ਇਕ ਹੋ ਕੇ ਇਸ ਤਿਉਹਾਰ ਨੂੰ ਮਨਾਈਏ।
ਵਿਸਾਖੀ ਦਾ ਤੀਸਰਾ ਇਤਿਹਾਸਕ ਪੱਖ ਵਟਕੀਏ ਤਾਂ ਇਤਫਾਕ ਨਾਲ ਇਸੇ ਹੀ ਦਿਨ ਅੰਮ੍ਰਿਤਸਰ ਵਿਚ ਜਲਿ੍ਹਆਂ ਵਾਲੇ ਬਾਗ ਵਿਚ ਇਕੱਠੇ ਹੋਏ ਮਾਸੂਮ ਲੋਕਾਂ ਨੂੰ ਗੋਲੀਆਂ ਨਾਲ ਭੁੰਨਿਆ ਗਿਆ ਸੀ। ਇਸ ਘਟਨਾ ਦੀ ਕਲਪਨਾ ਕਰਕੇ ਇਨਸਾਨੀ ਰੂਹ ਕੰਬ ਉੱਠਦੀ ਹੈ। ਉਹ ਰਾਜ ਕਰਨ ਦੀ ਖਾਤਰ ਲੋਕਾਂ ਤੇ ਅੱਤਿਆਚਾਰ ਕਰਦੇ ਰਹੇ। ਜੇ ਅੱਜ ਅਸੀਂ ਆਪਣੇ ਹੀ ਦੇਸ਼ ਵਿਚ ਝਾਤ ਮਾਰਦੇ ਹਾਂ ਤਾਂ ਉਸ ਤੋਂ ਵੀ ਘਿਨਾਉਣੇ ਕਾਰੇ ਹੋ ਰਹੇ ਹਨ। ਅੱਜ ਮਨੁੱਖਤਾ ਬਾਰੇ ਸੋਚਣ ਦੀ ਲੋੜ ਹੈ। ਹੰਕਾਰ ਨੂੰ ਸਾੜਨ ਦੀ ਲੋੜ ਹੈ ਨਫ਼ਰਤ ਨੂੰ ਕਤਲ ਕਰਨ ਦੀ ਲੋੜ ਹੈ।