image caption: ਜਥੇਦਾਰ ਮਹਿੰਦਰ ਸਿੰਘ ਖਹਿਰਾ ਯੂ ਕੇ

ਨਾਦਰਾਂ ਅਬਦਾਲੀਆਂ, ਫਰਸ਼ੀਅਰਾਂ ਅਤੇ ਔਰੰਗਜ਼ੇਬਾਂ ਦੇ ਅਣਗਿਣਤ ਘੇਰੇ ਦੇਸ ਪੰਜਾਬ ਨੇ ਦੇਖੇ ਵੀ ਤੇ ਹੰਢਾਏ ਵੀ ਹਨ

ਸਤਿਕਾਰ ਯੋਗ ਸੰਪਾਦਕ ਜੀਉ,
ਵਾਹਿਗੁਰੂ ਜੀ ਕਾ ਖ਼ਾਲਸਾ
ਵਾਹਿਗੁਰੂ ਜੀ ਕੀ ਫਤਹਿ
  ਪਿਛਲੇਰੇ ਹਫ਼ਤੇ 28-4-2022 ਪੰਜਾਬ ਟਾਈਮਜ਼ ਦੇ ਅੰਕ ਨੰ: 2924 ਦੇ ਪੰਨਾ 44 ਉੱਤੇ ਇਕ ਲੇਖ : ਖਤਰੇ ਵਿੱਚ ਹੈ ਸਿੱਖਾਂ ਦਾ ਘੱਟ-ਗਿਣਤੀ ਦਾ ਦਰਜਾ ਤੇ ਸਚੋ ਸਚ ਵੇ ਦਸ ਜੋਗੀਆ ਦੇ ਸਿਰਲੇਖ ਹੇਠ ਛਪਿਆ ਹੈ, ਲੇਖਕ ਦਾ ਨਾਂਅ ਨਹੀਂ ਹੈ । ਇਸ ਲੇਖ ਦੇ ਦੂਜੇ ਹਿੱਸੇ ਦਾ ਉਪ-ਸਿਰਲੇਖ ਹੈ, ਦੇਸ ਪੰਜਾਬ ਦੀ ਘੇਰਾ ਬੰਦੀ ਤੇ ਗੁਰੂ ਦਾ ਪੰਥ ਜਿਸ ਵਿੱਚ ਲੇਖਕ ਜੀ ਲਿਖਦੇ ਹਨ ਕਿ ਇਤਿਹਾਸ ਵਿੱਚ ਦੇਸ ਪੰਜਾਬ ਨੂੰ ਹਜ਼ਾਰਾਂ ਵਾਰ ਘੇਰੇ ਪਏ ਹਨ । ਹਾਕਮਾਂ ਅਤੇ ਦੁਸ਼ਮਣਾਂ ਦੇ ਘੇਰਿਆਂ ਦੌਰਾਨ ਹੀ ਦੇਸ ਪੰਜਾਬ ਵੱਧਦਾ ਫੁੱਲਦਾ ਰਿਹਾ ਹੈ ਅਤੇ ਦੁਸ਼ਮਣਾਂ ਨੂੰ ਉਨ੍ਹਾਂ ਦੀ ਔਕਾਤ ਦਿਖਾਉਂਦਾ ਰਿਹਾ ਹੈ । ਨਾਦਰਾਂ ਅਬਦਾਲੀਆਂ, ਫਰਸ਼ੀਅਰਾਂ ਅਤੇ ਔਰੰਗਜ਼ੇਬਾਂ ਦੇ ਅਣਗਿਣਤ ਘੇਰੇ ਦੇਸ ਪੰਜਾਬ ਨੇ ਦੇਖੇ ਵੀ ਤੇ ਹੰਢਾਏ ਵੀ ਹਨ ਅਤੇ ਆਪਣੇ ਬਾਹੂਬਲ ਨਾਲ ਤੋੜੇ ਵੀ ਹਨ । ਹਾਲੇ ਕੱਲ੍ਹ ਦੀਆਂ ਗੱਲਾਂ ਹਨ ਜਦੋਂ ਦੇਸ ਪੰਜਾਬ (ਨੋਟ-ਗੁਰੂ ਦੇ ਪੰਥ) ਨੇ ਵਕਤ ਦੇ ਹਾਕਮਾਂ ਦੇ ਲੱਖਾਂ ਦੇ ਘੇਰਿਆਂ ਨੂੰ ਤੋੜਿਆ ਸੀ ਅਤੇ ਆਪਣੇ ਗੁਰੂ ਦੀ ਬਖ਼ਸ਼ਿਸ਼ ਦੇ ਲੋਕ ਗੀਤ ਇਸ ਧਰਤੀ ਤੇ ਗਾਏ ਸਨ । ਨਵੇਂ ਹਾਕਮ ਵੀ ਹੁਣ ਪੁਰਾਣਿਆਂ ਦੇ ਰਾਹ ਤੁਰ ਪਏ ਹਨ । ਦੇਸ ਪੰਜਾਬ ਤਾਂ ਹਰ ਰੋਜ਼ ਸਵੇਰੇ ਸ਼ਾਮ ਉਨ੍ਹਾਂ ਸਿੰਘਾਂ-ਸਿੰਘਣੀਆਂ ਨੂੰ ਯਾਦ ਕਰਕੇ ਵਾਹਿਗੁਰੂ ਵੀ ਆਖਦਾ ਹੈ, ਜਿਨ੍ਹਾਂ ਨੇ ਧਰਮ ਅਤੇ ਕੌਮ ਲਈ ਅਕਹਿ ਜੁਲਮ ਸਹਿ ਕੇ ਸ਼ਹਾਦਤ ਦਿੱਤੀ ਅਤੇ ਆਪਣੇ ਗੁਰੂ ਤੋਂ ਇਹ ਵਰ ਵੀ ਮੰਗਦਾ ਹੈ ਕਿ ਸਾਨੂੰ ਵੀ ਉਸ ਰਸਤੇ ਤੇ ਚੱਲਣ ਦਾ ਬਲ ਬਖ਼ਸ਼ਣ । ਇਸ ਲੇਖ ਦੀਆਂ ਉਕਤ ਸਤਰਾਂ : ਦੇਸ ਪੰਜਾਬ ਅਤੇ ਗੁਰੂ ਦਾ ਪੰਥ ਅੱਜ ਖ਼ਾਲਸਾ ਪੰਥ ਲਈ ਗੰਭੀਰ ਚਿੰਤਨ ਦਾ ਵਿਸ਼ਾ ਹੈ । ਪਹਿਲਾ ਨੁਕਤਾ ਇਹ ਹੈ ਕਿ ਲੇਖਕ ਫਰਸ਼ੀਅਰਾਂ, ਔਰੰਗਜ਼ੇਬਾਂ, ਨਾਦਰਾਂ ਅਬਦਾਲੀਆਂ ਨੂੰ ਹਰਾਉਣ ਤੋਂ ਬਾਅਦ ਸਿੱਧਾ ਅਜੋਕੇ ਪੰਜਾਬੀ ਸੂਬੇ ਦੇ ਨਵੇਂ ਹਾਕਮਾਂ ਤੱਕ ਪਹੁੰਚ ਗਿਆ । ਗੁਰੂ ਦੇ ਪੰਥ ਵੱਲੋਂ ਅਬਦਾਲੀ ਨੂੰ ਭਜਾਉਣ ਤੋਂ ਬਾਅਦ ਪੰਜਾਬ &lsquoਤੇ ਸਿੱਖ ਮਿਸਲਾਂ ਦਾ ਰਾਜ ਤੇ ਫਿਰ 1849 ਤੱਕ ਸ਼ੇਰੇ-ਪੰਜਾਬ ਰਣਜੀਤ ਸਿੰਘ ਦੇ ਸਰਕਾਰ-ਏ-ਖ਼ਾਲਸਾ ਦੇ ਰਾਜ ਦਾ ਜ਼ਿਕਰ ਲੇਖਕ ਕਿਉਂ ਨਹੀਂ ਕਰਦਾ ? ਤੇ ਫਿਰ ਅੰਗ੍ਰੇਜ਼ੀ ਰਾਜ ਦਾ ਰਾਜ ਕਾਲ 1947 ਤੱਕ ਦੇ ਦੇਸ ਪੰਜਾਬ ਦਾ ਜ਼ਿਕਰ ਵੀ ਲੇਖਕ ਨਹੀਂ ਕਰਦਾ । ਦੂਸਰਾ ਗੁਰੂ ਦੇ ਪੰਥ ਦੀਆਂ ਜਿੱਤਾਂ ਨੂੰ ਦੇਸ ਪੰਜਾਬ ਦੀਆਂ ਜਿੱਤਾਂ ਸਿੱਧ ਕਰਨਾ ਵੀ ਇਤਿਹਾਸਕ ਤੱਥਾਂ ਨਾਲ ਖਿਲਵਾੜ ਕਰਨ ਵਾਲੀ ਗੱਲ ਹੈ, ਇਸ ਨੂੰ ਸਾਜਿਸ਼ ਵੀ ਕਿਹਾ ਜਾ ਸਕਦਾ ਹੈ। ਜਾਪਦਾ ਹੈ ਕਿ ਲੇਖਕ ਮੌਜੂਦਾ ਪੰਜਾਬ ਵਿੱਚ ਗੁਰੂ ਦੇ ਪੰਥ ਦੀ ਅੱਡਰੀ ਤੇ ਸੁਤੰਤਰ ਹੋਂਦ ਹਸਤੀ ਨੂੰ ਮੰਨਣ ਤੋਂ ਇਨਕਾਰੀ ਹੈ । ਦਾਸ ਆਪਣੇ ਕੋਲੋਂ ਕੁਝ ਨਹੀਂ ਲਿਖ ਰਿਹਾ, ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਪੰਥ ਪ੍ਰਵਾਣਿਤ ਸਿੱਖ ਰਹਿਤ ਮਰਿਯਾਦਾ ਦੇ ਪੰਨਾ 27 ਉੱਤੇ ਗੁਰੂ-ਪੰਥ ਦੀ ਪ੍ਰੀਭਾਸ਼ਾ ਹੇਠ ਲਿਖੇ ਅਨੁਸਾਰ ਦਰਜ ਹੈ : ਗੁਰੂ-ਪੰਥ, ਤਿਆਰ-ਬਰ-ਤਿਆਰ ਸਿੰਘਾਂ ਦੇ ਸਮੁੁੱਚੇ ਸਮੂਹ ਨੂੰ ਗੁਰੂ ਪੰਥ ਆਖਦੇ ਹਨ । ਇਸ ਦੀ ਤਿਆਰੀ ਦਸਾਂ ਗੁਰੂ ਸਾਹਿਬਾਨ ਨੇ ਕੀਤੀ ਅਤੇ ਦਸਮ ਗੁਰੂ ਜੀ ਨੇ ਇਸ ਦਾ ਅੰਤਮ ਸਰੂਪ ਬੰਨ੍ਹਦੇ ਗੁਰਿਆਈ ਸੌਂਪੀ । ਤੀਸਰਾ ਨੁਕਤਾ ਹੈ ਕਿ ਲੇਖਕ ਜੀ ਲਿਖਦੇ ਹਨ, ਦੇਸ ਪੰਜਾਬ ਤਾਂ ਹਰ ਰੋਜ਼ ਸਵੇਰੇ ਸ਼ਾਮ ਉਨ੍ਹਾਂ ਸਿੰਘਾਂ ਸਿੰਘਣੀਆਂ ਨੂੰ ਯਾਦ ਕਰਕੇ ਵਾਹਿਗੁਰੂ ਵੀ ਆਖਦਾ ਹੈ ਜਿਨ੍ਹਾਂ ਧਰਮ ਅਤੇ ਕੌਮ ਲਈ ਅਕਹਿ ਜੁਲਮ ਸਹਿ ਕੇ ਸ਼ਹਾਦਤ ਦਿੱਤੀ ਅਤੇ ਆਪਣੇ ਗੁਰੂ ਤੋਂ ਇਹ ਵੀ ਮੰਗਦਾ ਹੈ ਕਿ ਸਾਨੂੰ ਵੀ ਉਸ ਰਸਤੇ ਤੇ ਚੱਲਣ ਦਾ ਬਲ ਬਖ਼ਸ਼ਣ । ਸਿੰਘਾਂ ਸਿੰਘਣੀਆਂ ਦੀ ਜਿਸ ਅਰਦਾਸ ਦਾ ਜ਼ਿਕਰ ਲੇਖਕ ਨੇ ਕੀਤਾ ਹੈ ਉਸ ਅਰਦਾਸ ਵਿੱਚ ਤਾਂ ਗੁਰੂ ਕੋਲੋਂ ਇਹ ਵਰ ਵੀ ਮੰਗਿਆ ਜਾਂਦਾ ਹੈ ਕਿ ਜਹਾਂ ਜਹਾਂ ਖ਼ਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ, ਦੇਗ ਤੇਗ ਫ਼ਤਹ ਬਿਰਦ ਕੀ ਪੈਜ, ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ, ਖ਼ਾਲਸੇ ਜੀ ਦੇ ਬੋਲ ਬਾਲੇ, ਬੋਲੋ ਜੀ ਵਾਹਿਗੁਰੂ । ਦੇਸ ਪੰਜਾਬ ਉਹ ਸੀ ਜਿਹੜਾ ਸ਼ੇਰੇ ਪੰਜਾਬ ਰਣਜੀਤ ਸਿੰਘ ਨੇ ਚਾਰ ਦੇਸ਼ਾਂ ਦੀਆਂ ਹੱਦਾਂ ਦਾ ਪੁਨਰਗਠਨ ਕਰਕੇ ਨਵਾਂ ਇਤਿਹਾਸ ਸਿਰਜਿਆ ਸੀ । ਅੰਤ ਵਿੱਚ ਜਸਵੰਤ ਸਿੰਘ ਕੰਵਲ ਦੇ ਇਨ੍ਹਾਂ ਸ਼ਬਦਾਂ ਨਾਲ ਸਮਾਪਤੀ ਕਰਦਾ ਹਾਂ : ਪੰਜਾਬ ਦੇ ਸਿੱਖੀ ਸਿਦਕ ਨੂੰ ਜ਼ਿੰਦਗੀ ਮੌਤ ਦਾ ਅਜਿਹਾ ਜਾਨ ਮਾਰੂ ਇਮਤਿਹਾਨ ਪੁਰਾਣੀਆਂ ਜੁਗ ਗਰਦੀਆਂ ਵਿੱਚ ਨਹੀਂ ਪਿਆ ਸੀ ।
   ਅੰਦਰਲੇ ਤੇ ਬਾਹਰਲੇ ਦੁਸ਼ਮਣ ਸਾਡੇ ਸੱਚੇ ਸੁੱਚੇ ਸਿਧਾਂਤਕ ਗੁਰੂ ਵਿਰਸੇ ਦੀਆਂ ਜੜ੍ਹਾਂ ਪੁੱਟ ਕੇ ਆਪਣੀਆਂ ਬੋਦੀਆਂ ਤੇ ਕੰਡਿਆਲੀਆਂ ਕੀਮਤਾਂ ਸਾਡੇ ਵਿਹੜੇ ਵਿੱਚ ਲਾ ਰਹੇ ਹਨ । ਸਾਡਾ ਸਿੱਖ ਸਿਧਾਂਤ ਜਿਨ੍ਹਾਂ ਅੱਜ ਦੇ ਜਨਹਿਤ ਅਵਤਾਰ ਸਾਇੰਸ ਦਾ ਸਾਥੀ ਹੈ, ਹੋਰ ਕੋਈ ਵੀ ਧਰਮ ਸਿਧਾਂਤ ਨਹੀਂ । 
ਭੁੱਲਾਂ ਚੁੱਕਾਂ ਦੀ ਖਿਮਾਂ
ਗੁਰੂ ਪੰਥ ਦਾ ਦਾਸ,
ਜਥੇਦਾਰ ਮਹਿੰਦਰ ਸਿੰਘ ਖਹਿਰਾ
* * * * * * *