image caption: -ਰਜਿੰਦਰ ਸਿੰਘ ਪੁਰੇਵਾਲ

ਗਿਆਨਵਾਪੀ ਮਸਜਿਦ ਭਗਵਿਆਂ ਦੇ ਨਿਸ਼ਾਨੇ ਉਪਰ

ਪਹਿਲਾਂ ਉੱਤਰ ਪ੍ਰਦੇਸ਼ ਦੇ ਸ਼ਹਿਰ ਅਯੁੱਧਿਆ ਵਿਚ ਬਾਬਰੀ ਮਸਜਿਦ ਤੇ ਹੁਣ ਵਾਰਾਨਸੀ (ਲਖਨਊ) ਵਿਚ ਗਿਆਨਵਾਪੀ ਮਸਜਿਦ ਨੂੰ ਲੈ ਕੇ ਦੇਸ਼ ਭਰ ਵਿਚ  ਭਗਵਿਆਂ ਵਲੋਂ ਖਤਰਨਾਕ ਫ਼ਿਰਕੂ ਮਾਹੌਲ ਬਣਾਇਆ ਜਾ ਰਿਹਾ ਹੈ| ਯਾਦ ਰਹੇ ਕਿ ਬਾਬਰੀ ਮਸਜਿਦ ਦਾ ਮਸਲਾ ਵੀ 100 ਸਾਲ ਤੋਂ ਵੀ ਵਧੇਰੇ ਸਮੇਂ ਤੱਕ ਚੱਲਿਆ ਸੀ ਤੇ ਭਗਵਿਆਂ ਵਲੋਂ ਦੰਗਿਆਂ ਦੀ ਫਿਰਕੂ ਖੇਡ ਖੇਡੀ ਗਈ ਸੀ| ਭਾਵੇਂ ਉਸ ਸਮੇਂ ਕੇਂਦਰ ਵਿਚ ਕਾਂਗਰਸ ਦੀ ਹਕੂਮਤ ਸੀ ਪਰ ਭਾਜਪਾ ਭਗਵੇਂ ਸੰਗਠਨਾਂ ਨੇ ਭੀੜਾਂ ਜੁਟਾ ਕੇ ਦਸੰਬਰ 1992 ਨੂੰ ਬਾਬਰੀ ਮਸਜਿਦ ਨੂੰ ਢਾਹ ਦਿੱਤਾ ਸੀ, ਜਿਸ ਨਾਲ ਪੂਰੇ ਦੇਸ਼ ਵਿਚ ਫ਼ਿਰਕੂ ਫ਼ਸਾਦ ਭੜਕ ਗਏ ਸਨ| 
ਬਾਬਰੀ ਮਸਜਿਦ ਬਾਰੇ ਸੁਪਰੀਮ ਕੋਰਟ ਦਾ ਫ਼ੈਸਲਾ ਵੀ ਇਕ ਪਾਸੜ ਸੀ| ਇਸ ਨਾਲ ਭਗਵਿਆਂ ਦੇ ਫਾਸ਼ੀਵਾਦ ਦੀ ਜਿਤ ਹੋਈ ਹੈ| ਮੋਦੀ ਰਾਜ ਦੌਰਾਨ ਅਜਿਹੇ ਹਿੰਸਕ ਭਗਵੇਂ ਬਿਰਤਾਂਤ ਜਾਰੀ ਹਨ| ਬਾਬਰੀ ਮਸਜਿਦ ਤੋਂ ਬਾਅਦ ਹੁਣ ਵਾਰਾਨਸੀ ਵਿਚ ਗਿਆਨਵਾਪੀ ਮਸਜਿਦ ਦੇ ਮਸਲੇ ਨੂੰ  ਹਵਾ ਦਿੱਤੀ ਜਾ ਰਹੀ ਹੈ, ਇਹ ਹਵਾ ਮੁਲਕ ਲਈ ਖਤਰਨਾਕ ਸਾਬਤ ਹੋਵੇਗੀ| 
ਸੁਪਰੀਮ ਕੋਰਟ ਨੇ ਗਿਆਨਵਾਪੀ ਮਾਮਲੇ ਵਿਚ ਸੰਤੁਲਨ ਬਣਾਉਣ ਦੀ ਕਵਾਇਦ ਹੇਠ ਨਿਰਦੇਸ਼ ਦਿੰਦਿਆਂ ਕਿਹਾ ਕਿ ਮਸਜਿਦ ਵਿਚ ਉਸ ਥਾਂ ਨੂੰ ਸੁਰੱਖਿਅਤ ਕੀਤਾ ਜਾਵੇ, ਜਿਸ ਥਾਂ ਤੇ ਸ਼ਿਵਲਿੰਗ ਮਿਲਣ ਬਾਰੇ ਕਿਹਾ ਗਿਆ ਹੈ| ਇਸ ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ ਲੋਕਾਂ ਨੂੰ ਨਮਾਜ਼ ਅਦਾ ਕਰਨ ਤੋਂ ਨਾ ਰੋਕਿਆ ਜਾਵੇ| ਸੁਪਰੀਮ ਕੋਰਟ ਦਾ ਇਹ ਆਦੇਸ਼ ਉਸ ਵੇਲੇ ਆਇਆ ਹੈ, ਜਦੋਂ ਵਾਰਾਨਸੀ ਦੀ ਅਦਾਲਤ ਚ ਵੀ ਇਸ ਮਾਮਲੇ ਤੇ ਕਾਰਵਾਈ ਜਾਰੀ ਹੈ| ਸੁਪਰੀਮ ਕੋਰਟ ਨੇ ਵਾਰਾਨਸੀ ਕੋਰਟ ਦੀ ਮਸਜਿਦ ਸੀਲ ਕਰਨ ਦੇ ਆਦੇਸ਼ ਨੂੰ ਸੀਮਿਤ ਕਰਦਿਆਂ ਸ਼ਿਵਲਿੰਗ ਵਾਲਾ ਖ਼ੇਤਰ ਸੁਰੱਖਿਅਤ ਕਰਨ ਤੱਕ ਸੀਮਿਤ ਕਰ ਦਿੱਤਾ, ਹਾਲਾਂਕਿ ਸਰਬਉੱਚ ਅਦਾਲਤ ਨੇ ਵਾਰਾਨਸੀ ਕੋਰਟ ਦੀ ਕਾਰਵਾਈ ਤੇ ਕੋਈ ਰੋਕ ਨਹੀਂ ਲਗਾਈ ਹੈ| ਸਰਬਉੱਚ ਅਦਾਲਤ ਨੇ ਮਸਜਿਦ ਕਮੇਟੀ ਦੀ ਪਟੀਸ਼ਨ ਤੇ ਹਿੰਦੂ ਧਿਰ ਅਤੇ ਯੂ. ਪੀ. ਸਰਕਾਰ ਨੂੰ ਨੋਟਿਸ ਜਾਰੀ ਕਰਕੇ ਵੀਰਵਾਰ ਭਾਵ 19 ਮਈ ਤੱਕ ਜਵਾਬ ਮੰਗਿਆ ਹੈ| 
ਜਸਟਿਸ ਡੀ. ਵਾਈ. ਚੰਦਰਚੂੜ ਅਤੇ ਪੀ. ਐਸ. ਨਰਸਿਮ੍ਹਾ ਦੇ ਬੈਂਚ ਨੇ ਸੁਣਵਾਈ ਕਰਦਿਆਂ ਕਿਹਾ ਕਿ ਇਹ ਮਾਮਲਾ ਮਾਲਕਾਨਾ ਹੱਕ ਦਾ ਨਹੀਂ, ਸਗੋਂ ਪੂਜਾ ਕਰਨ ਦੀ ਇਜਾਜ਼ਤ ਮੰਗਣ ਦਾ ਹੈ| ਜਸਟਿਸ ਚੰਦਰਚੂੜ ਨੇ ਨਿਰਦੇਸ਼ ਦਿੰਦਿਆਂ ਕਿਹਾ ਕਿ ਜੇਕਰ ਸ਼ਿਵਿਲੰਗ ਮਿਲਿਆ ਹੈ ਤਾਂ ਸਾਨੂੰ ਸੰਤੁਲਨ ਬਣਾਉਣਾ ਹੋਵੇਗਾ| ਅਦਾਲਤ ਨੇ ਡੀ. ਐਮ. ਨੂੰ ਨਿਰਦੇਸ਼ ਦਿੰਦਿਆਂ ਉਸ ਥਾਂ ਦੀ ਸੁਰੱਖਿਆ ਕਰਨ ਨੂੰ ਕਿਹਾ, ਨਾਲ ਹੀ ਇਹ ਵੀ ਕਿਹਾ ਕਿ ਮੁਸਲਮਾਨਾਂ ਨੂੰ ਨਮਾਜ਼ ਤੋਂ ਨਾ ਰੋਕਿਆ ਜਾਵੇ| ਹਾਲਾਂਕਿ ਅਦਾਲਤ ਵਲੋਂ ਇਕ ਵਾਰ ਵਿਚ 20 ਲੋਕਾਂ ਨੂੰ ਨਮਾਜ਼ ਅਦਾ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ| ਪਹਿਲਾਂ ਬਹਿਸ ਦੌਰਾਨ ਮੁਸਲਮਾਨ ਧਿਰ ਦੀ ਪੈਰਵੀ ਕਰ ਰਹੇ ਹੁਜੈਫਾ ਅਹਿਮਦੀ ਨੇ ਸੁਪਰੀਮ ਕੋਰਟ ਦੇ ਇਸ ਫ਼ੈਸਲੇ ਦਾ ਹਵਾਲਾ ਦਿੱਤਾ, ਜਿਸ ਵਿਚ ਕਿਹਾ ਗਿਆ ਸੀ ਕਿ 15 ਅਗਸਤ 1947 ਦੇ ਸਮੇਂ ਜੋ ਧਰਮ ਸਥਾਨ ਜਿਨ੍ਹਾਂ ਹਾਲਤਾਂ ਵਿਚ ਸਨ, ਉਨ੍ਹਾਂ ਨੂੰ ਬਦਲਿਆ ਨਹੀਂ ਜਾ ਸਕਦਾ| ਅਹਿਮਦੀ ਨੇ ਵਾਰਾਨਸੀ ਕੋਰਟ ਵਲੋਂ ਦਿੱਤੇ ਨਿਰਦੇਸ਼ਾਂ ਨੂੰ ਗ਼ੈਰ ਕਾਨੂੰਨੀ ਕਰਾਰ ਦਿੰਦਿਆਂ ਕਿਹਾ ਕਿ ਜੇਕਰ ਮਸਜਿਦ ਦੇ ਅਹਾਤੇ ਨੂੰ ਸੀਲ ਕਰ ਦਿੱਤਾ ਜਾਵੇਗਾ ਤਾਂ ਸਥਿਤੀ ਜਿਉਂ ਦੀ ਤਿਉਂ ਰੱਖਣ ਦੇ ਨਿਰਦੇਸ਼ ਦੀ ਉਲੰਘਣਾ ਹੋਵੇਗੀ|
ਅਯੁੱਧਿਆ ਮਾਮਲੇ ਨਾਲ ਵੀ ਜੁੜੇ ਰਹੇ ਹਨ ਸੁਣਵਾਈ ਕਰਨ ਵਾਲੇ ਦੋਵੇਂ ਜੱਜ
ਇਹ ਅਸਧਾਰਨ ਸੰਯੋਗ ਹੀ ਹੈ ਕਿ ਵਾਰਾਨਸੀ ਦੀ ਗਿਆਨਵਾਪੀ ਮਸਜਿਦ ਦੇ ਸਰਵੇਖਣ ਖ਼ਿਲਾਫ਼ ਦਾਇਰ ਪਟੀਸ਼ਨ ਦੀ ਸੁਣਵਾਈ ਕਰਨ ਵਾਲੇ ਸੁਪਰੀਮ ਕੋਰਟ ਦੀ ਬੈਂਚ ਦੇ ਦੋਵੇਂ ਜੱਜ ਇਸੇ ਤਰ੍ਹਾਂ ਦੇ ਇਕ ਹੋਰ ਵਿਵਾਦ ਰਾਮ ਜਨਮਭੂਮੀ-ਬਾਬਰੀ ਮਸਜਿਦ ਦੇ ਮਾਮਲੇ ਨਾਲ ਵੀ ਜੁੜੇ ਰਹੇ ਹਨ| ਜਸਟਿਸ ਡੀ.ਵਾਈ. ਚੰਦਰਚੂੜ ਤੇ ਜਸਟਿਸ ਪੀ.ਐਸ. ਨਰਸਿਮ੍ਹਾ ਤੇ ਆਧਾਰਿਤ ਬੈਂਚ ਵਲੋਂ ਗਿਆਨਵਾਪੀ ਸਰਵੇਖਣ ਖ਼ਿਲਾਫ਼ ਮੁਸਲਮਾਨ ਧਿਰ ਵਲੋਂ ਦਾਇਰ ਪਟੀਸ਼ਨ ਦੀ ਸੁਣਵਾਈ ਕੀਤੀ ਜਾ ਰਹੀ ਹੈ|ਸਪਸ਼ਟ ਦਿਖਾਈ ਦੇ ਰਿਹਾ ਕਿ ਅਦਾਲਤਾਂ ਸਿਆਸੀ ਪ੍ਰਭਾਵ ਅਧੀਨ ਕਾਰਵਾਈ ਕਰ ਰਹੀਆਂ ਹਨ| ਉੱਧਰ ਮਸਜਿਦ ਦੀ ਮੈਨੇਜਮੈਂਟ ਕਮੇਟੀ ਦੇ ਬੁਲਾਰੇ ਨੇ ਸ਼ਿਵਲਿੰਗ ਦੇ ਮਿਲਣ ਦੇ ਦਾਅਵੇ ਨੂੰ ਖਾਰਜ ਕਰ ਦਿੱਤਾ| ਉਸ ਨੇ ਕਿਹਾ ਕਿ ਜੋ ਹਿੱਸਾ ਮਿਲਿਆ ਹੈ ਉਹ ਮਸਜਿਦ ਵਿਚ ਲੱਗੇ ਫੁਹਾਰੇ ਦਾ ਹੀ ਇਕ ਹਿੱਸਾ ਹੈ ਅਤੇ ਹਿੰਦੂ ਧਿਰ ਦੇ ਵਕੀਲ ਨੇ ਪੂਰੀ ਜਾਣਕਾਰੀ ਸੁਣੇ ਬਿਨਾਂ ਹੀ ਇਸ ਦਾ ਐਲਾਨ ਕਰ ਦਿੱਤਾ| ਅਸਲ ਵਿਚ ਭਗਵੇਂਵਾਦ ਦੀ ਸਿਆਸੀ ਖੇਡ ਵਿਚ ਮੁਸਲਮਾਨ ਭਾਈਚਾਰਾ ਨਿਸ਼ਾਨੇ ਉਪਰ ਹੈ|
-ਰਜਿੰਦਰ ਸਿੰਘ ਪੁਰੇਵਾਲ