image caption:

ਸ਼ਾਬਾਸ਼ ਧੀਏ!....(ਕਹਾਣੀ)

ਮਾਂ ਸਮਝਾ ਦੋ ਇਸ ਕੋ। ਯਹਾਂ ਯੇ ਸੱਭ ਨਹੀਂ ਚਲੇਗਾ। ਮੇਰੇ ਘਰ ਮੇਂ ਇਸੇ ਮੇਰੇ ਕਹਨੇ ਮੇਂ ਹੀ ਰਹਿਨਾ ਪੜ੍ਹੇਗਾ।ਸਾੜੀ ਹੀ ਪਹਿਨਨੀ ਪੜ੍ਹੇਗੀ, ਸੂਟ ਨਹੀਂ ਡਾਲਨਾ- ਇੱਕ ਆਵਾਜ਼।
ਯੇ ਕਲਮੂੰਹੀ ਸੁੰਨਤੀ ਕਹਾਂ ਹੈ ਮੇਰੀ ਬਾਤ। ਕਿਤਨੀ ਵਾਰ ਕਹਾ ਹੈ ਇਸੇ ਕਿ ਯੇ ਤੇਰਾ ਸਸੁਰਾਲ ਹੈ, ਮਾਇਕਾ ਨਹੀਂ। ਤੂੰ ਦੋ ਹਾਥ ਲਗਾ ਇਸੇ ਤੋ ਹੀ ਸਮਝ ਆਏਗੀ ਇਸੇ।- ਦੂਜੀ ਆਵਾਜ਼।
ਠਾਹ-ਠਾਹ ਕਰਕੇ ਦੋ ਚਾਰ ਚਪੇੜਾਂ-ਮੁੱਕੇ ਤੇ ਫ਼ੇਰ ਰੋਣ ਦੀ ਆਵਾਜ਼.... ਮੱਤ ਮਾਰੋ ਮੁਝੇ। ਮੈਨੇ ਕਭੀ ਸਾੜੀ ਨਹੀਂ ਪਹਿਨੀ। ਮੁਝੇ ਆਦਤ ਨਹੀਂ ਹੈ। ਤੀਜੀ ਆਵਾਜ਼ ਜਿਸ ਵਿੱਚ ਤਰਲੇ਼- ਮਿੰਨਤਾਂ ਸਨ।
ਮੈਂ ਕਈ ਦਿਨਾਂ ਤੋਂ ਇਹ ਸੱਭ ਆਵਾਜ਼ਾਂ ਸੁਣ ਰਿਹਾਂ ਸਾਂ। ਇਹ ਮੇਰੇ ਗਵਾਂਢ ਵਿੱਚ ਰਹਿੰਦੇ ਪਰਿਵਾਰ ਦੀਆਂ ਆਵਾਜ਼ਾਂ ਸਨ। ਜੋ ਕਿਸੇ ਹੋਰ ਰਾਜ ਤੋਂ ਆ ਕੇ ਇੱਥੇ ਵਸੇ ਸਨ।ਉਹਨਾਂ ਦੇ ਘਰ ਕੁੱਝ ਦਿਨ ਪਹਿਲਾਂ ਹੀ ਮੁੰਡੇ ਦਾ ਵਿਆਹ ਹੋਇਆ ਸੀ। ਸ਼ਾਇਦ ਇਹ ਨਵੀਂ ਵਿਆਹੀ ਜੋੜੀ ਦਾ ਝਗੜਾ ਸੀ। ਮਨ ਬਹੁਤ ਬੇਚੈਨ ਸੀ। ਜੀਅ ਕਰਦਾ ਕਿ ਜਾ ਕੇ ਪੁੱਛਾਂ ਬਈ ਕੀ ਰੌਲ਼ਾ ਤੁਹਾਡਾ । ਕਾਹਨੂੰ ਹੱਥ ਚੁੱਕਦੇ ਵਿਚਾਰੀ 'ਤੇ? ਪਰ ਫ਼ੇਰ ਸੋਚਦਾਂ ਕਿ ਇਹ ਉਹਨਾਂ ਦੇ ਘਰ ਦਾ ਮਾਮਲਾ ਹੈ।ਅਗਲੇ ਐਵੇਂ ਗਲ਼ ਪੈਣਗੇ। ਮਨ ਮਾਰ ਕੇ ਰਹਿ ਜਾਂਦਾ। ਨਾਲ਼ੇ ਕਦੇ ਕਿਸੇ ਦੇ ਨਿੱਜੀ ਜੀਵਨ ਵਿੱਚ ਦਖ਼ਲ ਦੇਣ ਦੀ ਆਦਤ ਵੀ ਨਹੀਂ ਸੀ।
ਪਰ ਆਹ ਕੀ....? ਅੱਜ ਕੁੱਝ ਹੋਰ ਹੀ ਤਰ੍ਹਾਂ ਦੀਆਂ ਆਵਾਜ਼ਾਂ ਆ ਰਹੀਆਂ ਸਨ...!
ਤੁਹਾਡੀ ਐਸੀ ਦੀ ਤੈਸੀ! ਤੁਸੀਂ ਸਮਝ ਕੀ ਰੱਖਿਆ ਮੈਨੂੰ। ਮੈਂ ਕਿੰਨੇ ਦਿਨਾਂ ਤੋਂ ਕਹਿ ਰਹੀ ਹਾਂ ਕਿ ਮੈਂ ਪੰਜਾਬ 'ਚ ਜੰਮੀ- ਪਲੀ ਹਾਂ, ਸਾੜੀ ਨਹੀਂ ਪਾ ਹੁੰਦੀ ਮੇਰੇ ਤੋਂ, ਸੂਟ ਪਾਉਂਦੀ ਹਾਂ ਹਮੇਸ਼ਾਂ ਤੋਂ। ਸੋਚਿਆ ਸੀ ਕਿ ਆਦਤ ਪਾ ਲਵਾਂਗੀ ਹੌਲ਼ੀ-ਹੌਲ਼ੀ। ਪਰ ਹੁਣ ਨਹੀਂ.... ਹੁਣ ਸੂਟ ਹੀ ਪਾਊਂ। ਆਜੋ ਕਿਹੜਾ ਹੱਥ ਲਾਊ ਮੈਨੂੰ। ਪੁਲਿਸ ਨੂੰ ਇੱਕ ਫ਼ੋਨ ਕਰੂੰ, ਸਾਰਾ ਟੱਬਰ ਚੱਕੀ ਪੀਸੂ ਜੇਲ੍ਹ 'ਚ..... .....।
ਮੇਰੇ ਕੋਲੋਂ ਰਿਹਾ ਨਾ ਗਿਆ। ਕਾਹਲ਼ੀ ਨਾਲ਼ ਛੱਤ ਤੇ ਚੜ੍ਹਿਆ ਤਾਂ ਦੇਖ ਕੇ ਹੈਰਾਨ ਹੋ ਗਿਆ ਕਿ ਜਿਹੜੀ ਕੁੜੀ ਇੰਨੇ ਦਿਨਾਂ ਤੋਂ ਰੋਜ਼ ਕੁੱਟ ਖਾਂਦੀ ਸੀ, ਅੱਜ ਉਹ ਹੱਥ ਵਿੱਚ ਕੜਛੀ ਫ਼ੜੀ ਚੰਡੀ ਦੇਵੀ ਦਾ ਅਵਤਾਰ ਲੱਗ ਰਹੀ ਸੀ ਤੇ ਬਾਕੀ ਪੂਰਾ ਪਰਿਵਾਰ ਹੱਥ ਜੋੜਕੇ ਖੜ੍ਹਾ ਸੀ।ਮੈਨੂੰ ਬਹੁਤ ਖੁਸ਼ੀ ਹੋਈ ਕਿ ਉਹ ਕਿੰਨੀ ਸੋਹਣੀ ਪੰਜਾਬੀ ਬੋਲਦੀ ਸੀ ਤੇ ਸ਼ਾਇਦ ਪੰਜਾਬ ਦੇ ਪਾਣੀ ਨੇ ਹੀ ਉਸ ਵਿੱਚ ਬਹਾਦਰੀ ਤੇ ਜੋਸ਼ ਭਰਿਆ ਹੈ। ਦਿਲੋਂ ਦਿਲ ਦੁਆਵਾਂ ਦਿੰਦਿਆਂ ਪਤਾ ਨਹੀਂ ਕਦੋਂ ਮੇਰੇ ਕੋਲੋ ਉੱਚੀ ਦੇਣੀ ਕਹਿ ਹੋ ਗਿਆ " ਸ਼ਾਬਾਸ਼ ਧੀਏ! ਸ਼ਾਬਾਸ਼!"ਅਚਾਨਕ ਮੇਰੇ ਵੱਲ ਦੇਖ ਕੇ ਸਾਰਾ ਟੱਬਰ ਅੰਦਰ ਜਾ ਵੜਿਆ ਤੇ ਮੈਂ ਵੀ ਹੇਠਾਂ ਉੱਤਰ ਆਇਆ। ਪਰ ਹੁਣ ਮੈਨੂੰ ਇੰਝ ਲੱਗ ਰਿਹਾ ਸੀ ਕਿ ਇੰਨੇ ਦਿਨਾਂ ਦਾ ਬੋਝ ਜੋ ਮਨ ਤੇ ਪਿਆ ਹੋਇਆ ਸੀ ਅੱਜ ਉੱਤਰ ਗਿਆ। ਕਾਸ਼! ਇਸੇ ਤਰ੍ਹਾਂ ਸਾਰੀਆਂ ਧੀਆਂ ਆਪਣੀ ਅਣਖ ਜਗਾ ਲੈਣ ਤੇ ਗਲਤ ਦਾ ਵਿਰੋਧ ਕਰਨਾ ਸਿੱਖ ਲੈਣ।

ਮਨਜੀਤ ਕੌਰ ਧੀਮਾਨ, ਸ਼ੇਰਪੁਰ, ਲੁਧਿਆਣਾ। ਸੰ:9464633059