image caption: ਜਥੇਦਾਰ ਮਹਿੰਦਰ ਸਿੰਘ ਖਹਿਰਾ ਯੂ ਕੇ

ਸ਼੍ਰੋਮਣੀ ਕਮੇਟੀ ਨੂੰ ਗੁਰੂ ਕੇ ਲਾਲ, ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੂੰ ਖ਼ਾਲਸਾ ਪੰਥ ਵੱਲੋਂ ਪ੍ਰਾਪਤ, ਸੁਲਤਾਨੁਲ-ਕੌਮ-ਕੌਮ ਦਾ ਬਾਦਸ਼ਾਹ ਦੀ ਪਦਵੀ ਨਾਲ ਛੇੜ-ਛਾੜ ਨਹੀਂ ਕਰਨੀ ਚਾਹੀਦੀ ।

  ਬਲਵਿੰਦਰ ਸਿੰਘ ਪ੍ਰੋਫੈਸਰ ਨੇ ਸਿੱਖ ਹਿਸਟਰੀ ਬੱੁਕ ਕਲਬ ਤੇ ਹੇਠ ਲਿਖੇ ਅਨੁਸਾਰ ਇਹ ਪੋਸਟ ਪਾਈ ਹੈ : ਮੈਨੂੰ ਸ਼੍ਰੋਮਣੀ ਕਮੇਟੀ ਦੇ ਇਸ ਟਾਈਟਲ, ਦੇਸ਼-ਧਰਮ ਦਾ ਰਾਖਾ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਉੱਪਰ ਸਖ਼ਤ ਇਤਰਾਜ਼ ਹੈ । ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੂੰ ਦੇਸ਼-ਧਰਮ ਨਾਲ ਜੋੜਨਾ ਰਾਸ਼ਟਰਵਾਦ ਦੀ ਮਿੱਥ ਦਾ ਬਿਰਤਾਂਤ ਹੈ, ਜੋ ਹਿੰਦੂਤਵ ਦੀ ਸੋਚ ਦੇ ਅਧੀਨ ਹੈ । ਸ: ਜੱਸਾ ਸਿੰਘ ਆਹਲੂਵਾਲੀਆ ਖ਼ਾਲਸਾ ਰਾਜ ਦੇ ਮੋਢੀ ਸਨ । ਦਾਸ ਪ੍ਰੋ: ਬਲਵਿੰਦਰ ਪਾਲ ਸਿੰਘ ਜੀ ਦੀ ਉਕਤ ਟਿੱਪਣੀ ਨਾਲ ਪੂਰੀ ਤਰ੍ਹਾਂ ਸਹਿਮਤ ਹੈ, ਕਿਉਂਕਿ ਆਰ।ਐੱਸ।ਐੱਸ। ਤੇ ਉਸ ਦੇ ਸਿਆਸੀ ਵਿੰਗ ਭਾਜਪਾ ਦੀ ਮੌਜੂਦਾ ਸਰਕਾਰ ਨੇ ਡੰਕੇ ਦੀ ਚੋਟ ਤੇ ਹਿੰਦੂ ਰਾਸ਼ਟਰ ਬਣਾਉਣ ਦਾ ਐਲਾਨ ਕੀਤਾ ਹੋਇਆ ਹੈ । ਪਰ ਉਨ੍ਹਾਂ ਨੂੰ ਹਿੰਦੂ ਰਾਸ਼ਟਰ ਦੇ ਲਈ ਇਤਿਹਾਸ ਵਿੱਚੋਂ ਰੋਲ ਮਾਡਲ ਬਣਾਉਣ ਲਈ ਕੋਈ ਹਿੰਦੂ ਸ਼ਾਸ਼ਕ ਨਹੀਂ ਲੱਭ ਰਿਹਾ ਜੋ ਕਿ ਬਹੁਤ ਜ਼ਰੂਰੀ ਹੁੰਦਾ ਹੈ, ਇਸ ਮੰਤਵ ਲਈ ਖ਼ਾਲਸਾ ਰਾਜ ਦੇ ਉਸਰਈਏ, ਸੁਲਤਾਨੁਲ-ਕੌਮ ਸ: ਜੱਸਾ ਸਿੰਘ ਆਹਲੂਵਾਲੀਏ ਨੂੰ ਇਕ ਕੇਸਾਧਾਰੀ ਹਿੰਦੂ ਸ਼ਾਸ਼ਕ ਵਜੋਂ ਪੇਸ਼ ਕਰਨ ਲਈ ਆਰ।ਐੱਸ।ਐੱਸ। ਤੇ ਭਾਜਪਾ ਸਰਕਾਰ ਸ਼੍ਰੋਮਣੀ ਕਮੇਟੀ ਦੇ ਰਾਹੀਂ ਆਪਣਾ ਮੰਤਵ ਪੂਰਾ ਕਰਨਾ ਚਾਹੁੰਦੀ ਹੈ । ਇਸ ਕਰਕੇ ਹੀ ਸ਼੍ਰੋਮਣੀ ਕਮੇਟੀ ਨੇ ਸ: ਜੱਸਾ ਸਿੰਘ ਆਹਲੂਵਾਲੀਏ ਬਾਰੇ ਛੱਪਵਾਈ ਕਿਤਾਬ ਦਾ ਟਾਈਟਲ, ਦੇਸ਼-ਧਰਮ ਦਾ ਰਾਖਾ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਲਿਖਵਾਇਆ ਹੈ । ਸ਼੍ਰੀ ਨਰਿੰਦਰ ਮੋਦੀ ਵੀ ਸਿੱਖ ਗੁਰੂ ਸਾਹਿਬਾਨ ਨੂੰ ਰਾਸ਼ਟਰਵਾਦ ਨਾਲ ਜੋੜਨ ਲਈ ਅਜਿਹੇ ਬਿਆਨ ਦੇ ਰਿਹਾ ਹੈ ਕਿ ਦਸੇ ਗੁਰੂ-ਸਾਹਿਬਾਨ ਨੇ ਰਾਸ਼ਟਰ ਨੂੰ ਉੱਪਰ ਰੱਖਿਆ ਅਤੇ ਭਾਰਤ ਨੂੰ ਇਕ ਸੂਤਰ ਵਿੱਚ ਪਰੋਇਆ, ਪਰ ਇਹ ਸੱਚ ਨਹੀਂ ਹੈ । ਕਿਉਂਕਿ ਗੁਰੂ ਨਾਨਕ ਅਤੇ ਉਨ੍ਹਾਂ ਦੇ ਨੌਵਾਂ ਉੱਤਰਾਧਿਕਾਰੀਆਂ ਦੀ ਵਿਚਾਰਧਾਰਾ ਮਨੁੱਖਤਾਵਾਦੀ ਤੇ ਬ੍ਰਹਿਮੰਡੀ ਹੈ । ਰਾਸ਼ਟਰਵਾਦ ਇਕ ਬਹੁਤ ਛੋਟਾ ਜਿਹਾ ਸੰਕਲਪ ਹੈ । ਸ਼੍ਰੀ ਨਰਿੰਦਰ ਮੋਦੀ ਦਾ ਇਹ ਕਹਿਣਾ ਕਿ ਦਸੇ ਸਿੱਖ ਗੁਰੂਆਂ ਨੇ ਰਾਸ਼ਟਰ ਨੂੰ ਉੱਤੇ ਰੱਖਿਆ, ਅਜਿਹੀ ਗੱਲ ਕਰਨਾ ਗੁਰੂ ਸਾਹਿਬਾਨ ਨੂੰ ਨੀਵਾਂ ਦਿਖਾਉਣ ਵਾਲੀ ਗੱਲ ਹੈ । ਪਰ ਕੌਣ ਕਹੇ ਰਾਣੀਏ ਅੱਗਾ ਢੱਕ ? ਆਰ। ਐੱਸ। ਐੱਸ। ਤੇ ਭਾਜਪਾ ਸਰਕਾਰ ਇਕ ਪਾਸੇ ਤਾਂ ਸਿੱਖ ਧਰਮ ਦੇ ਨਿਆਰੇ ਪਣ ਅਤੇ ਸਿੱਖ ਕੌਮ ਦੀ ਅਡੱਰੀ ਤੇ ਸੁਤੰਤਰ ਹੋਂਦ ਹਸਤੀ ਨੂੰ ਖਤਮ ਕਰਨ ਲਈ ਸਿੱਖੀ ਦੀਆਂ ਜੜ੍ਹਾਂ ਵਿੱਚ ਤੇਲ ਦੇ ਰਹੀ ਹੈ ਤੇ ਦੂਜੇ ਪਾਸੇ ਸਿੱਖ ਪੰਥ ਨੂੰ ਹਿੰਦੂ ਧਰਮ ਦੀ ਤਾਕਤ ਐਲਾਨ ਰਹੀ ਹੈ, ਸਿੱਖਾਂ ਨੂੰ ਆਪਣੇ ਵੱਡੇ ਭਰਾ ਵੀ ਕਹਿੰਦੀ ਹੈ ਤੇ ਅਤਿਵਾਦੀ ਆਖ ਕੇ ਜੇਲ੍ਹਾਂ ਵਿੱਚ ਵੀ ਡਕਦੀ ਹੈ । ਸਿੱਖੀ ਦਾ ਨਿਸ਼ਾਨਾ ਮਨੁੱਖੀ ਅਧਿਕਾਰਾਂ ਦੀ ਰੱਖਿਆ ਕਰਨਾ ਤੇ ਸਾਂਝੀਵਾਲਤਾ ਦਾ ਸੰਕਲਪ ਪੈਦਾ ਕਰਨਾ ਹੈ ਜੋ ਸਰਬੱਤ ਦੇ ਭਲੇ ਅਤੇ ਸਰਬੱਤ ਦੀ ਅਜ਼ਾਦੀ ਦਾ ਪੈਗ਼ਾਮ ਹੈ । ਉਕਤ ਸਿੱਖੀ ਦਾ ਪੈਗ਼ਾਮ ਸਿੱਖ ਰਾਸ਼ਟਰ ਦੇ ਰਾਹੀਂ ਹੀ ਦਿੱਤਾ ਜਾ ਸਕਦਾ ਹੈ । ਹਿੰਦੂ ਰਾਸ਼ਟਰ ਦੇ ਰਾਹੀਂ ਸਰਬੱਤ ਦੇ ਭਲੇ ਅਤੇ ਸਰਬੱਤ ਦੀ ਅਜ਼ਾਦੀ ਦਾ ਪੈਗ਼ਾਮ ਨਹੀਂ ਦਿੱਤਾ ਜਾ ਸਕਦਾ । ਹਿੰਦੂ ਰਾਸ਼ਟਰ ਤੋਂ ਭਾਵ ਮਨੂੰ ਸਮ੍ਰਿਤੀ ਅਨੁਸਾਰ ਮਨੁੱਖਤਾ ਨੂੰ ਚਾਰ ਜਾਤਾਂ ਵਿੱਚ ਵੰਡ ਕੇ ਨੀਵੀਆਂ ਜਾਤਾਂ ਉੱਤੇ ਬ੍ਰਾਹਮਣ ਰਾਜ ਕਰੇਗਾ । ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਦੀ ਸ਼ਹੀਦੀ ਨੂੰ ਰਾਸ਼ਟਰਵਾਦ ਦੇ ਹੱਕ ਵਿੱਚ ਭੁਗਤਾਉਣ ਲਈ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਵੀ 25 ਦਸੰਬਰ 2016 ਨੂੰ ਅਜੀਤ ਅਖ਼ਬਾਰ ਵਿੱਚ, ਸਾਕਾ ਸਰਹਿੰਦ : ਨਿੱਕੀਆਂ ਜਿੰਦਾਂ ਦਾ ਵੱਡਾ ਸਾਕਾ ਦੇ ਸਿਰਲੇਖ ਹੇਠ ਇਕ ਲੇਖ ਲਿਖਿਆ ਸੀ, ਜਿਸ ਦਾ ਸਾਰਅੰਸ਼ ਸੀ, ਸਾਹਿਬਜ਼ਾਦਿਆਂ ਨੇ ਆਪਣੇ ਸੀਸ ਭੇਟ ਕਰਕੇ, ਭਾਰਤ ਦਾ ਸੀਸ ਉੱਚਾ ਕਰ ਦਿੱਤਾ । ਬਿਰਧ ਉਮਰੇ ਮਾਤਾ ਗੁਜਰੀ ਜੀ ਵੀ ਠੰਡੇ ਬੁਰਜ ਵਿੱਚ ਤਸੀਹੇ ਝੱਲਦੇ ਹੋਏ ਸ਼ਹੀਦੀ ਪਾ ਗਏ । ਇਹ ਸ਼ਹੀਦੀ ਭਾਰਤ ਅਤੇ ਦੁਨੀਆਂ ਦੇ ਇਤਿਹਾਸ ਵਿੱਚ, ਸੱਚ-ਹੱਕ, ਧਰਮ, ਮਨੁੱਖੀ ਅਤੇ ਰਾਸ਼ਟਰੀ ਗੌਰਵ ਲਈ ਕਿਸੇ ਇਸਤਰੀ ਦੀ ਨਵੇਕਲੀ ਸ਼ਹੀਦੀ ਸੀ । ਪ੍ਰੋ: ਬਡੂੰਗਰ ਸਾਹਬ ਇਨ੍ਹਾਂ ਸ਼ਹਾਦਤਾਂ ਨਾਲ ਜਿਹੜੇ ਭਾਰਤ ਦਾ ਸਿਰ ਉੱਚਾ ਹੋਇਆ ਦੱਸ ਰਹੇ ਹਨ, ਇਹ ਉਹੀ ਭਾਰਤ ਹੈ, ਜਿਸ ਦੇ ਰਾਸ਼ਟਰਵਾਦੀਆਂ ਨੂੰ ਜਦੋਂ ਅਕਾਲ ਤਖ਼ਤ ਸਾਹਿਬ ਦੇ ਢਾਹੇ ਜਾਣ ਦੀ ਖ਼ਬਰ ਮਿਲੀ ਸੀ ਤਾਂ ਉਹ ਲੱਡੂ ਵੰਡ ਕੇ ਭੰਗੜੇ ਪਾਉਣ ਲੱਗ ਪਏ ਸਨ । ਇਹ ਉਹੀ ਦੇਸ਼ ਹੈ ਜਿਹੜਾ ਹਰ ਵੇਲੇ ਸਿੱਖੀ ਅਤੇ ਸਿੱਖਾਂ ਦਾ ਮਲੀਆਮੇਟ ਕਰਨ ਨੂੰ ਤਿਆਰ ਰਹਿੰਦਾ ਹੈ, ਅਤੇ ਇਹ ਉਹੀ ਹਿੰਦੂ ਧਰਮ ਹੈ ਜਿਸ ਬਾਰੇ ਆਰ।ਐੱਸ।ਐੱਸ। ਦਾ ਮੌਜੂਦਾ ਮੁਖੀ ਮੋਹਨ ਭਾਗਵਤ ਐਲਾਨੀਆ ਕਹਿੰਦਾ ਹੈ ਕਿ ਹਿੰਦੂ ਧਰਮ ਦੇ ਵਿੱਚ ਹੋਰ ਪੰਥਾਂ ਨੂੰ ਹਜ਼ਮ ਕਰ ਜਾਣ ਦੀ ਤਾਕਤ ਹੈ (ਖਾਸ ਕਰ ਖ਼ਾਲਸਾ ਪੰਥ ਨੂੰ) ਇਹ ਹਾਜ਼ਮਾ ਥੋੜ੍ਹਾ ਵਿਗੜ ਗਿਆ ਸੀ ਜਿਸ ਦੇ ਸਿੱਟੇ ਅਸੀਂ ਹੁਣ ਭੁਗਤ ਰਹੇ ਹਾਂ, ਇਹ ਹਾਜ਼ਮਾ ਹੁਣ ਫਿਰ ਠੀਕ ਕੀਤਾ ਜਾਵੇਗਾ । ਅਜਿਹੇ ਦੇਸ਼, ਅਜਿਹੇ ਧਰਮ ਜਿਸ ਦਾ ਜ਼ਿਕਰ ਉੱਪਰ ਕੀਤਾ ਗਿਆ ਹੈ, ਦੇ ਨਾਲ ਗੁਰੂ ਕੇ ਲਾਲ ਅਤੇ ਸੁਲਤਾਨੁਲ-ਕੌਮ ਸ: ਜੱਸਾ ਸਿੰਘ ਆਹਲੂਵਾਲੀਏ ਦਾ ਨਾਂਅ ਜੋੜਨ ਦਾ ਅਰਥ ਹੈ, ਪੰਥ ਦੀ ਜਮਾਂਦਰੂ ਅਜ਼ਾਦ ਹਸਤੀ ਨੂੰ ਖਤਮ ਕਰਨਾ । ਸ: ਜੱਸਾ ਸਿੰਘ ਆਹਲੂਵਾਲੀਏ ਦਾ ਨਾਂਅ ਸਿੱਖ ਇਤਿਹਾਸ ਵਿੱਚ ਤਿੰਨ ਤਰ੍ਹਾਂ ਆਉਂਦਾ ਹੈ (1) ਗੁਰੂ ਕਾ ਲਾਲ (2) ਬੰਦੀ ਛੋੜ ਜੱਸਾ ਸਿੰਘ (3) ਸੁਲਤਾਨ-ਉਲ-ਕੌਮ ਜੱਸਾ ਸਿੰਘ ਆਹਲੂਵਾਲੀਆ । ਜੱਸਾ ਸਿੰਘ ਆਹਲੂਵਾਲੀਆ ਦੇ ਪਿਤਾ ਬੱਦਰ ਸਿੰਘ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਹਜੂਰੀ ਸਿੱਖਾਂ ਪਾਸੋਂ ਅੰਮ੍ਰਿਤ ਛਕਿਆ ਸੀ । ਭਾਈ ਬੱਦਰ ਸਿੰਘ ਦੀ ਸ਼ਾਦੀ ਪਿੰਡ ਹੱਲੋ-ਸਾਧੋ ਦੇ ਸਰਦਾਰ ਬਾਘ ਸਿੰਘ ਦੀ ਭੈਣ ਜੀਵਨ ਕੌਰ ਨਾਲ ਹੋਈ । ਜੀਵਨ ਕੌਰ ਜੀ ਸਿੱਖੀ ਵਿੱਚ ਬੜੇ ਪਰਪੱਕ ਅਤੇ ਗੁਰਮੁੱਖੀ ਪੜ੍ਹੇ ਹੋਏ ਸਨ । ਕੀਰਤਨ ਨਾਲ ਆਪ ਨੂੰ ਖਾਸ ਪ੍ਰੇਮ ਸੀ ਤੇ ਦੁਤਾਰਾ ਬਹੁਤ ਅੱਛਾ ਵਜਾਉਂਦੇ ਸਨ । ਸਵੇਰੇ ਸ਼ਾਮ ਗੁਰਬਾਣੀ ਦਾ ਪਾਠ ਕਰਨਾ ਅਤੇ ਕੀਰਤਨ ਚੌਂਕੀ ਲਾਉਣਾ ਆਪ ਦਾ ਹਰ ਰੋਜ਼ ਦਾ ਨਿਤਨੇਮ ਸੀ ।
ਵਿਆਹ ਤੋਂ ਕਾਫੀ ਚਿਰ ਬਾਅਦ ਤੱਕ ਬੱਦਰ ਸਿੰਘ ਅਤੇ ਜੀਵਨ ਕੌਰ ਦੇ ਘਰ ਸੰਤਾਨ ਨਹੀਂ ਸੀ ਹੋਈ । ਇਸ ਲਈ ਪਤੀ-ਪਤਨੀ ਅਰਦਾਸ ਕਰਨ ਲਈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸੇਵਾ ਵਿੱਚ ਹਾਜ਼ਰ ਹੋਏ । ਗੁਰੂ ਗੋਬਿੰਦ ਸਿੰਘ ਜੀ ਨੇ ਅਸੀਸ ਦਿੱਤੀ ਕਿ : ਵਾਹਿਗੁਰੂ ਅਕਾਲ ਪੁਰਖ ਦੀ ਅਰਾਧਨਾ ਕਰੋ, ਸਾਧ ਸੰਗਤ ਦੀ ਸੇਵਾ ਕਰੋ, ਗੁਰੂ ਨਾਨਕ ਦਾ ਧਿਆਨ ਧਰੋ, ਗੁਰੂ ਅੰਗ ਸੰਗ ਹੈ, ਤੁਹਾਡਾ ਪੁੱਤਰ ਗੁਰੂ ਕਾ ਲਾਲ ਹੋਵੇਗਾ । ਦਸ਼ਮੇਸ਼ ਪਿਤਾ ਜੋਤੀ ਸਮਾ ਗਏ । ਪਰ ਉਨ੍ਹਾਂ ਦਾ ਬਚਨ, ਸੰਮਤ ਬਸਾਖ ਸੁਦੀ 15 ਪੂਰਣਮਾਸ਼ੀ, 3 ਮਈ ਸੰਨ 1718 ਈ: ਨੂੰ ਪੂਰਾ ਹੋਇਆ ਜਦੋਂ ਗੁਰੂ ਕੇ ਲਾਲ ਜੱਸਾ ਸਿੰਘ ਦਾ ਜਨਮ ਹੋਇਆ । (ਹਵਾਲਾ ਪੁਸਤਕ, ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਲੇਖਕ ਡਾ: ਗੰਡਾ ਸਿੰਘ)
(2) ਬੰਦੀ ਛੋੜ ਜੱਸਾ ਸਿੰਘ ਆਹਲੂਵਾਲੀਆ : ਸੰਨ 1761 ਈ: ਨੂੰ ਅਹਿਮਦ ਸ਼ਾਹ ਅਬਦਾਲੀ ਨੇ ਪਾਣੀਪਤ ਦੇ ਮੈਦਾਨ ਵਿੱਚ ਮਰਹੱਟਿਆਂ ਨੂੰ ਬੁਰੀ ਤਰ੍ਹਾਂ ਹਰਾਇਆ ਤੇ ਕੋਈ ਤੀਹ ਹਜ਼ਾਰ ਦੇ ਲਗਪਗ ਮਰਹੱਟੇ ਪੁਰਸ਼ ਅਤੇ ਇਸਤਰੀਆਂ ਨੂੰ ਬੰਦੀਵਾਨ ਬਣਾ ਕੇ ਅਫ਼ਗਾਨਿਸਤਾਨ ਵੱਲ ਮੁੜ ਪਿਆ । ਜਦੋਂ ਇਹ ਖ਼ਬਰ ਸਰਦਾਰ ਜੱਸਾ ਸਿੰਘ ਆਹਲੂਵਾਲੀਏ ਨੂੰ ਮਿਲੀ ਤਾਂ ਉਹ ਹਜ਼ਾਰ ਕੁ ਸਿਰਲੱਥ ਸਿੱਖ ਸੂਰਮਿਆਂ ਨੂੰ ਨਾਲ ਲੈ ਕੇ ਅਹਿਮਦ ਸ਼ਾਹ ਅਬਦਾਲੀ ਦੇ ਡੇਰੇ ਤੇ ਟੁੱਟ ਪਿਆ । ਇਸ ਸਮੇਂ ਜਿਹੜੇ ਵੀ ਅਫ਼ਗਾਨੀ ਨੇ ਰਾਹ ਰੋਕਣ ਦੀ ਕੋਸ਼ਿਸ਼ ਕੀਤੀ ਉਸ ਨੂੰ ਤਲਵਾਰ ਦੀ ਧਾਰ ਤੋਂ ਪਾਰ ਕੀਤਾ ਤੇ ਆਪ ਰਵਾਂ ਰਵੀਂ ਸਿੱਧਾ ਉਥੇ ਜਾ ਪਹੁੰਚਾ ਜਿਥੇ ਅਬਦਾਲੀ ਨੇ ਮਰਹੱਟੇ ਪੁਰਸ਼ ਤੇ ਇਸਤਰੀਆਂ ਨੂੰ ਡੱਕਿਆ ਹੋਇਆ ਸੀ । ਜੱਸਾ ਸਿੰਘ ਆਹਲੂਵਾਲੀਏ ਨੇ ਸਿੱਖ ਸੂਰਮਿਆਂ ਨੂੰ ਹੁਕਮ ਦਿੱਤਾ ਕਿ ਇਨ੍ਹਾਂ ਦੀ ਬੰਦ ਖਲਾਸੀ ਕਰਕੇ ਸਭ ਨੂੰ ਆਪਣੇ ਨਾਲ ਲੈ ਚੱਲੋ । ਇਹ ਸਭ ਕੁਝ ਇੰਨੀ ਤੇਜ਼ੀ ਨਾਲ ਕੀਤਾ ਗਿਆ ਕਿ ਜਦ ਤੱਕ ਅਬਦਾਲੀ ਦੀ ਫੌਜ ਨੂੰ ਪਤਾ ਲੱਗਾ ਤਦੋਂ ਤੱਕ ਜੱਸਾ ਸਿੰਘ ਆਹਲੂਵਾਲੀਆ ਤੇਜ਼ ਹਨੇਰੀ ਵਾਂਗੂੰ ਮਰਹੱਟੇ ਪੁਰਸ਼, ਇਸਤਰੀਆਂ ਬੰਦੀਵਾਨਾਂ ਨੂੰ ਛੁਡਾ ਕੇ ਲੈ ਗਿਆ । ਇਹ ਕਰਤੱਵ ਸਰਦਾਰ ਜੱਸਾ ਸਿੰਘ ਆਹਲੂਵਾਲੀਏ ਨੇ ਆਪਣਾ ਸੀਸ ਤਲੀ ਤੇ ਰੱਖ ਕੇ ਕੀਤਾ ਸੀ । ਮਰਹੱਟਿਆਂ ਉੱਪਰ ਕੀਤੇ ਇਸ ਮਹਾਨ ਉਪਕਾਰ ਦੇ ਕਾਰਨ ਆਪ ਜੀ ਦਾ ਨਾਮ ਬੰਦੀ ਛੋੜ ਵਜੋਂ ਵੀ ਪ੍ਰਸਿੱਧ ਹੋਇਆ (ਹਵਾਲਾ ਪੁਸਤਕ, ਖ਼ਾਲਸਾ ਰਾਜ ਦੇ ਉਸਰਈਏ, ਲੇਖਕ, ਬਾਬਾ ਪ੍ਰੇਮ ਸਿੰਘ ਹੋਤੀ ਮਰਦਾਨ)
(3) ਸਰਦਾਰ ਜੱਸਾ ਸਿੰਘ ਆਹਲੂਵਾਲੀਏ ਨੂੰ ਸੁਲਤਾਨੁਲ-ਕੌਮ ਦੀ ਪੱਦਵੀ ਸਤੰਬਰ 1761 ਨੂੰ ਸਿੰਘਾਂ ਨੇ ਲਾਹੌਰ ਉੱਤੇ ਕਬਜ਼ਾ ਕਰ ਲਿਆ । ਲਾਹੌਰ ਉੱਤੇ ਕਬਜ਼ਾ ਹੁੰਦੇ ਸਾਰ ਹੀ ਦਲ ਖ਼ਾਲਸਾ (ਜਿਸ ਦਾ ਮੁਖੀ ਜੱਸਾ ਸਿੰਘ ਆਹਲੂਵਾਲੀਆ ਸੀ) ਦੇ ਸਰਦਾਰਾਂ ਨੂੰ ਮਾਤਾ ਸੁੰਦਰ ਕੌਰ ਅਤੇ ਨਵਾਬ ਕਪੂਰ ਸਿੰਘ ਜੀ ਦੇ ਭਵਿੱਖ ਸ਼ਬਦ ਯਾਦ ਆ ਗਏ ਜੋ ਉਨ੍ਹਾਂ ਨੇ ਅਨਭੋਲ ਹੀ ਸਰਦਾਰ ਜੱਸਾ ਸਿੰਘ ਸਬੰਧੀ ਉਚਾਰੇ ਹੋਏ ਸਨ । ਮਾਤਾ ਸੁੰਦਰ ਕੌਰ ਜੀ ਨੇ ਜੱਸਾ ਸਿੰਘ ਨੂੰ ਦਿੱਲੀ ਤੋਂ ਵਿਦਾ ਕਰਨ ਵੇਲੇ ਅਸੀਸ ਦਿੱਤੀ ਸੀ ਕਿ : ਤੇਰੇ ਔਰ ਤੇਰੀ ਸੰਤਾਨ ਦੇ ਆਗੇ ਆਸਿਆਂ ਵਾਲੇ ਚੌਬਦਾਰ ਚੱਲਿਆ ਕਰਨਗੇ । ਅਤੇ ਨਵਾਬ ਕਪੂਰ ਸਿੰਘ ਨੇ ਇਕ ਵਾਰੀ ਜੱਸਾ ਸਿੰਘ ਨੂੰ ਧੀਰਜ ਦਿੰਦੇ ਹੋਏ ਕਿਹਾ ਸੀ : ਮੈਨੂੰ ਇਸ ਗਰੀਬ-ਨਿਵਾਜ ਪੰਥ ਨੇ ਨਵਾਬ ਬਣਾ ਦਿੱਤਾ ਹੈ, ਤੈਨੂੰ ਕੀ ਪਤਾ ਪਾਤਸ਼ਾਹ ਹੀ ਬਣਾ ਦੇਣ ! ਇਹ ਮਹਾਨ ਵਾਕ ਖਾਲੀ ਭੀ ਕਿਵੇਂ ਜਾ ਸਕਦੇ ਸਨ ? ਖ਼ਾਲਸਾ ਦਲ, ਜਿਸ ਦਾ ਮੁਖੀ ਜੱਸਾ ਸਿੰਘ ਸੀ, ਇਸ ਵੇਲੇ ਜਿੱਤਾਂ ਅਤੇ ਖੁਸ਼ੀਆਂ ਦੇ ਘਰ ਵਿੱਚ ਸੀ, ਸਰਦਾਰ ਜੱਸਾ ਸਿੰਘ ਨੇ ਪੰਜਾਬ ਦੀ ਰਾਜਧਾਨੀ ਉਨ੍ਹਾਂ ਦੇ ਚਰਨਾਂ &lsquoਤੇ ਲਿਆ ਨਿਵਾਈ ਸੀ ਅਤੇ ਪੰਥ ਦੀ ਸ਼ਾਨ ਨੂੰ ਚਾਰ ਚੰਨ ਲਾਏ ਸਨ । ਇਸ ਲਈ ਖ਼ਾਲਸਾ ਪੰਥ ਨੇ ਆਪਣੇ ਸੇਵਕ ਨੂੰ ਰਾਜਧਾਨੀ ਵਿੱਚ ਉੱਚੀ ਤੋਂ ਉੱਚੀ, ਸੁਲਤਾਨੁਲ-ਕੌਮ ਪੰਥ ਦੇ ਪਾਦਸ਼ਾਹ ਦੀ ਪਦਵੀ ਨਾਲ ਨਿਵਾਜਿਆ ਅਤੇ ਸ਼ੁਕਰਾਨੇ ਵਜੋਂ ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਦੇ ਨਾਉਂ ਖ਼ਾਲਸਾ ਜੀ ਦਾ ਸਿੱਕਾ ਜਾਰੀ ਕੀਤਾ, ਜਿਸ ਵਿੱਚ ਫਾਰਸੀ ਦਾ ਉਹ ਬੰਦ ਉਕਰਿਆ ਗਿਆ ਜੋ ਮਈ ਸੰਨ 1710 ਵਿੱਚ ਸਰਹੰਦ ਦੀ ਫਤਹਿ ਤੋਂ ਬਾਅਦ ਬਾਬਾ ਬੰਦਾ ਸਿੰਘ ਨੇ ਆਪਣੀ ਮੋਹਰ ਪਰ ਉਕਰਵਾਇਆ ਸੀ (ਹਵਾਲਾ ਪੁਸਤਕ - ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਲੇਖਕ ਡਾ ਗੰਡਾ ਸਿੰਘ ਪੰਨਾ 108-109)
ਆਰ।ਐੱਸ।ਐੱਸ। ਪੂਰੀ ਬੇਈਮਾਨੀ ਨਾਲ ਖ਼ਾਲਸਾ ਰਾਜ ਦੇ ਮੋਢੀ ਜੱਸਾ ਸਿੰਘ ਆਹਲੂਵਾਲੀਏ ਨੂੰ ਰਾਸ਼ਟਰਵਾਦੀ ਨਾਇਕ ਸਿੱਧ ਕਰਨਾ ਚਾਹੁੰਦੀ ਹੈ । ਅਸੀਂ ਸ਼੍ਰੋਮਣੀ ਕਮੇਟੀ ਨੂੰ ਨਿਮਰਤਾ ਸਾਹਿਤ ਬੇਨਤੀ ਕਰਦੇ ਹਾਂ ਕਿ ਬਲਵਿੰਦਰ ਸਿੰਘ ਪ੍ਰੋਫੈਸਰ ਦੀ ਟਿੱਪਣੀ ਦਾ ਗੰਭੀਰਤਾ ਨਾਲ ਨੋਟਿਸ ਲੈਂਦਿਆਂ ਹੋਇਆਂ, ਦੇਸ਼ ਧਰਮ ਦਾ ਰਾਖਾ, ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੇ ਟਾਈਟਲ ਬਾਰੇ ਪੁਨਰ-ਵਿਚਾਰ ਕਰ ਲੈਣੀ ਚਾਹੀਦੀ ਹੈ । ਪ੍ਰੋ: ਬਲਵਿੰਦਰ ਪਾਲ ਸਿੰਘ, ਗੁਰੂ ਨਾਨਕ ਦਾ ਧਰਮ ਯੁੱਧ, ਜਗਤੁ ਜਲੰਦਾ ਰਖਿ ਲੈ, ਗੁਰਮਤਿ ਇਨਕਲਾਬ, ਜਬੈ ਬਾਣ ਲਾਗਯੋ ਵਰਗੀਆਂ ਖੋਜ ਭਰਪੂਰ ਪੁਸਤਕਾਂ ਪੰਥ ਦੀ ਝੋਲੀ ਪਾ ਚੁੱਕੇ ਹਨ । ਅਤੇ ਇਨ੍ਹਾਂ ਦਿਨਾਂ ਵਿੱਚ ਉਨ੍ਹਾਂ ਦੀ ਇਕ ਹੋਰ ਪੁਸਤਕ, ਬੰਦਾ ਸਿੰਘ ਬਹਾਦਰ ਦਾ ਖ਼ਾਲਸਾ ਰਾਜ ਵੀ ਛੱਪ ਚੁੱਕੀ ਹੈ ।
ਸ਼੍ਰੋਮਣੀ ਕਮੇਟੀ ਸਿੱਖ ਪੰਥ ਦੀ ਸਿਰਮੌਰ ਸੰਸਥਾ ਹੈ, ਇਸ ਕਰਕੇ ਸਿੱਖ ਧਰਮ ਦੇ ਨਿਆਰੇ ਪਣ ਅਤੇ ਸਿੱਖ ਪੰਥ ਦੀ ਵਿਲੱਖਣ ਤੇ ਅਡੱਰੀ ਹੋਂਦ ਹਸਤੀ ਨੂੰ ਕਾਇਮ ਰੱਖਣ ਦੀ ਜ਼ਿੰਮੇਵਾਰੀ ਵੀ ਇਸੇ ਸੰਸਥਾ ਦੀ ਬਣਦੀ ਹੈ । ਸ਼੍ਰੋਮਣੀ ਕਮੇਟੀ ਸੋਸ਼ਲ ਮੀਡੀਆ ਉੱਪਰ ਸਿੱਖ ਧਰਮ ਤੇ ਸਿੱਖ ਇਤਿਹਾਸ ਬਾਰੇ ਸਵਾਲ-ਜੁਆਬ ਵਾਲਾ ਇਕ ਵਿੰਗ ਸਥਾਪਤ ਕਰ ਸਕਦੀ ਹੈ, ਤਾਂ ਕਿ ਸਿੱਖ ਧਰਮ ਵਿੱਚ ਪਾਈਆਂ ਜਾ ਰਹੀਆਂ ਦੁਬਿਧਾਵਾਂ ਅਤੇ ਸਿੱਖ ਇਤਿਹਾਸ ਦੀ ਕੀਤੀ ਜਾ ਰਹੀ ਗਲਤ ਪੇਸ਼ਕਾਰੀ ਬਾਰੇ ਦੇਸ਼, ਵਿਦੇਸ਼ ਦੀਆਂ ਸਿੱਖ ਸੰਗਤਾਂ ਨੂੰ ਜਾਗਰੂਕ ਕੀਤਾ ਜਾ ਸਕੇ । 
ਭੁੱਲਾਂ ਚੁੱਕਾਂ ਦੀ ਖਿਮਾਂ
ਗੁਰੂ ਪੰਥ ਦਾ ਦਾਸ
ਜਥੇਦਾਰ ਮਹਿੰਦਰ ਸਿੰਘ ਖਹਿਰਾ ਯੂ ਕੇ